ਖਾਲਿਦਾ ਜ਼ਿਆ ਦੀ ਸਿਹਤ ਤੇਜ਼ੀ ਨਾਲ ਵਿਗੜੀ ਹੈ ਤੇ ਉਸ ਦੇ ਪੁੱਤਰ ਤਾਰਿਕ ਰਹਿਮਾਨ ਵੱਲੋਂ ਯੂਕੇ ਵਿਚ ਲੰਮੀ ਜਲਾਵਤਨੀ ਤੋਂ ਬਾਅਦ ਦੇਸ਼ ਪਰਤਣ ਦੀ ਉਮੀਦ ਹੈ। ਹਾਲਾਂਕਿ ਹਸੀਨਾ ਦੀ ਵਤਨ ਵਾਪਸੀ ਮੁਸ਼ਕਿਲ ਹੈ। ਉਸ ਦੀ ਸਰਕਾਰ ਦੀ ਬੇਰਹਿਮ ਕਾਰਵਾਈ ਕਾਰਨ ਪਿਛਲੇ ਸਾਲ ਜੁਲਾਈ-ਅਗਸਤ ਵਿਚ 1400 ਤੋਂ ਵੱਧ ਪ੍ਰਦਰਸ਼ਨਕਾਰੀਆਂ ਦੀ ਜਾਨ ਚਲੀ ਗਈ ਸੀ।

ਪਾਕਿਸਤਾਨ ਤੇ ਬੰਗਲਾਦੇਸ਼ ਜਿਹੜੇ ਕੱਲ੍ਹ ਤੱਕ ‘ਦੁਸ਼ਮਣ’ ਦੇਸ਼ ਸਨ, ਅੱਜ ਦੋਸਤ ਹਨ। ਚੀਨ ਦੋਵਾਂ ਨੂੰ ਫ਼ੌਜੀ ਤੇ ਆਰਥਿਕ ਸਹਿਯੋਗ ਦੇ ਰਿਹਾ ਹੈ। ਬੰਗਲਾਦੇਸ਼ ’ਚ ਆਮ ਚੋਣਾਂ 12 ਫਰਵਰੀ ਨੂੰ ਹੋਣਗੀਆਂ, ਜੋ ਬੰਗਲਾਦੇਸ਼ ਦੇ ਇਤਿਹਾਸ ’ਚ ਇਕ ਹੋਰ ਚੁਣੌਤੀਪੂਰਨ ਅਧਿਆਏ ਦੀ ਸ਼ੁਰੂਆਤ ਕਰਨਗੀਆਂ। ਪਿਛਲੇ ਪੰਜ ਦਹਾਕਿਆਂ ਵਿਚ ਉੱਥੇ ਨਿਰਪੱਖ ਚੋਣਾਂ ਘੱਟ ਹੀ ਦੇਖਣ ਨੂੰ ਮਿਲੀਆਂ ਹਨ। ਬਦਕਿਸਮਤੀ ਨਾਲ ਇਸ ਵਾਰ ਵੀ ਬਰਾਬਰ ਦਾ ਮੁਕਾਬਲਾ ਨਹੀਂ ਹੈ ਕਿਉਂਕਿ ਅੰਤ੍ਰਿਮ ਸਰਕਾਰ ਨੇ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਅਵਾਮੀ ਲੀਗ ਦੀਆਂ ਸਾਰੀਆਂ ਗਤੀਵਿਧੀਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਅਮਲੀ ਤੌਰ ’ਤੇ ਹੁਣ ਦੋ ਧੜਿਆਂ ਦਾ ਹੀ ਮੁਕਾਬਲਾ ਬਣ ਕੇ ਰਹਿ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦਾ ਮੁਕਾਬਲਾ ਕਿਸੇ ਸਮੇਂ ਇਸ ਦੀ ਸਹਿਯੋਗੀ ਧਿਰ ਰਹੀ ਜਮਾਤ-ਏ-ਇਸਲਾਮੀ ਨਾਲ ਹੈ।
ਖਾਲਿਦਾ ਜ਼ਿਆ ਦੀ ਸਿਹਤ ਤੇਜ਼ੀ ਨਾਲ ਵਿਗੜੀ ਹੈ ਤੇ ਉਸ ਦੇ ਪੁੱਤਰ ਤਾਰਿਕ ਰਹਿਮਾਨ ਵੱਲੋਂ ਯੂਕੇ ਵਿਚ ਲੰਮੀ ਜਲਾਵਤਨੀ ਤੋਂ ਬਾਅਦ ਦੇਸ਼ ਪਰਤਣ ਦੀ ਉਮੀਦ ਹੈ। ਹਾਲਾਂਕਿ ਹਸੀਨਾ ਦੀ ਵਤਨ ਵਾਪਸੀ ਮੁਸ਼ਕਿਲ ਹੈ। ਉਸ ਦੀ ਸਰਕਾਰ ਦੀ ਬੇਰਹਿਮ ਕਾਰਵਾਈ ਕਾਰਨ ਪਿਛਲੇ ਸਾਲ ਜੁਲਾਈ-ਅਗਸਤ ਵਿਚ 1400 ਤੋਂ ਵੱਧ ਪ੍ਰਦਰਸ਼ਨਕਾਰੀਆਂ ਦੀ ਜਾਨ ਚਲੀ ਗਈ ਸੀ।ਇਹ ਚੋਣਾਂ ਅਗਸਤ 2024 ਵਿਚ ਹਿੰਸਕ ਝੜਪਾਂ ਤੋਂ ਬਾਅਦ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਹੋਣਗੀਆਂ। ਮੁੱਖ ਸਲਾਹਕਾਰ ਮੁਹੰਮਦ ਯੂਨੁਸ ਦੀ ਅਗਵਾਈ ਵਾਲੇ ਰਾਸ਼ਟਰੀ ਸਹਿਮਤੀ ਕਮਿਸ਼ਨ ਦੇ ਸੰਵਿਧਾਨਕ ਸੁਧਾਰ ਪ੍ਰਸਤਾਵਾਂ ਦੀ ਇਕ ਲੜੀ ਤਹਿਤ ਜਨਤਾ ਦੀ ਰਾਇ ਜਾਨਣ ਲਈ ਵੋਟਿੰਗ ਵਾਲੇ ਦਿਨ, 12 ਫਰਵਰੀ ਨੂੰ ਇਕੋ ਸਮੇਂ ਰਾਇਸ਼ੁਮਾਰੀ ਵੀ ਕਰਵਾਈ ਜਾਵੇਗੀ। ਇਹ ਐਲਾਨ ਮੁੱਖ ਚੋਣ ਕਮਿਸ਼ਨਰ ਦੀ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ 2024 ਵਿਚ ਚੋਣਾਂ ਹੋਈਆਂ ਸਨ। ਉਦੋਂ ਜ਼ਿਆਦਾਤਰ ਪਾਰਟੀਆਂ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਸੀ ਅਤੇ ਵਿਵਾਦਾਂ ਵਿਚਾਲੇ ਹਸੀਨਾ ਨੇ ਇਨ੍ਹਾਂ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ। ਚੋਣਾਂ ਦੇ ਛੇ ਮਹੀਨਿਆਂ ’ਚ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਸਨ ਅਤੇ ਹਿੰਸਕ ਝੜਪਾਂ ਤੋਂ ਬਾਅਦ ਹਸੀਨਾ ਪੰਜ ਅਗਸਤ 2024 ਨੂੰ ਮੁਲਕ ਛੱਡ ਕੇ ਭਾਰਤ ਚਲੀ ਗਈ ਸੀ। ਪਾਕਿਸਤਾਨ ਬੰਗਲਾਦੇਸ਼ ਵਿਚ 40 ‘ਹੈਦਰ’ ਟੈਂਕ ਬਣਾਏਗਾ। ਹਾਲ ਹੀ ਵਿਚ ਪਾਕਿਸਤਾਨ ਦੀ ਡਿਫੈਂਸ ਕੰਪਨੀ ਹੈਵੀ ਇੰਡਸਟਰੀ ਟੈਕਸਲਾ (ਐੱਚਆਈਟੀ) ਨੇ ਬੰਗਲਾਦੇਸ਼ ਲਈ 40 ਹੈਦਰ ਮਾਡਲ ਟੈਂਕ ਅਪਗ੍ਰੇਡ ਕਰਨ ਦਾ ਪ੍ਰਸਤਾਵ ਦਿੱਤਾ ਹੈ। ਪਾਕਿਸਤਾਨ ਬੰਗਲਾਦੇਸ਼ ਨੂੰ ਅਬਦਾਲੀ ਬੈਲਿਸਟਿਕ ਮਿਜ਼ਾਈਲ ਟਰਾਂਸਫਰ ਕਰਨ ਦਾ ਵੀ ਵਿਚਾਰ ਕਰ ਰਿਹਾ ਹੈ, ਜਿਹੜੀ 450 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ।ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਤਖ਼ਤਾ ਪਲਟ ਹੋਣ ਤੋਂ ਬਾਅਦ ਪਿਛਲੇ ਇਕ ਸਾਲ ਤੋਂ ਪਾਕਿਸਤਾਨ ਤੇਜ਼ੀ ਨਾਲ ਬੰਗਲਾਦੇਸ਼ ’ਚ ਰੱਖਿਆ ਸਬੰਧੀ ਦਖ਼ਲ ਦੇ ਰਿਹਾ ਹੈ। ਬੰਗਲਾਦੇਸ਼ ਵਿਚ ਅੰਤ੍ਰਿਮ ਸਰਕਾਰ ਦੇ ਆਉਣ ਨਾਲ ਹੀ ਢਾਕਾ ਦੀ ਵਿਦੇਸ਼ ਰੱਖਿਆ ਨੀਤੀ ਭਾਰਤ ਤੋਂ ਹਟ ਕੇ ਪਾਕਿਸਤਾਨ ਤੇ ਚੀਨ ਵੱਲ ਝੁਕਦੀ ਦਿਖਾਈ ਦੇ ਰਹੀ ਹੈ। ਪਾਕਿਸਤਾਨ ਦੀ ਫ਼ੌਜ ਦੇ ਅਫ਼ਸਰਾਂ ਦੇ ਬੰਗਲਾਦੇਸ਼ੀ ਦੌਰੇ ਵਧ ਗਏ ਹਨ।
ਅਕਤੂਬਰ 2024 ਵਿਚ ਪਾਕਿਸਤਾਨ ਦੇ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਸ਼ਮਸ਼ਾਦ ਮਿਰਜ਼ਾ ਨੇ ਬੰਗਲਾਦੇਸ਼ ਦੇ ਫ਼ੌਜ ਮੁਖੀ ਨਾਲ ਮੁਲਾਕਾਤ ਕੀਤੀ ਜਿਸ ’ਚ ਪ੍ਰੀਖਣ ਤੇ ਟੈਕਨਾਲੋਜੀ ਟਰਾਂਸਫਰ ਬਾਰੇ ਗੱਲਬਾਤ ਹੋਈ। ਅਕਤੂਬਰ 25 ਵਿਚ ਲੈਫਟੀਨੈਂਟ ਜਨਰਲ ਤਬੱਸਮ ਹਬੀਬ, ਡੀਜੀ ਜੁਆਇੰਟ ਸਟਾਫ ਚਾਰ ਦਿਨਾਂ ਦੌਰੇ ’ਤੇ ਢਾਕਾ ਪਹੁੰਚੇ। ਨਵੰਬਰ ਦੀ 26 ਨੂੰ ਸਮੁੰਦਰੀ ਬੇੜਾ ਚਟਗਾਓਂ ਬੰਦਰਗਾਹ ਪੁੱਜਾ ਜਿਸ ਕਰਕੇ ਨੇਵੀ ਫ਼ੌਜੀ ਸਹਿਯੋਗ ਮੁੜ ਸ਼ੁਰੂ ਹੋਇਆ। ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ, ਐੱਚਆਈਟੀ ਅਤੇ ਏਅਰੋਸਪੇਸ ਦੀਆਂ ਟੀਮਾਂ ਨੇ ਕਈ ਦੌਰ ਦੀਆਂ ਰਾਜਨੀਤਕ ਮੀਟਿੰਗਾਂ ਕੀਤੀਆਂ। ਅੱਜ ਭਾਰਤ ਤਿੰਨ ਮੋਰਚਿਆਂ ’ਤੇ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ, ਬੰਗਲਾਦੇਸ਼ ਅਤੇ ਚੀਨ ਸਾਡੀ ਪੱਛਮੀ, ਉੱਤਰੀ ਅਤੇ ਪੂਰਬੀ ਸਰਹੱਦ ’ਤੇ ਤਿੰਨ ਦੁਸ਼ਮਣ ਤਾਕਤਾਂ ਹਨ। ਜਿਵੇਂ-ਜਿਵੇਂ ਭਾਰਤ ਦੀ ਆਰਥਿਕ ਤੇ ਫ਼ੌਜੀ ਤਾਕਤ ਵਧ ਰਹੀ ਹੈ, ਭਾਰਤ ਖ਼ਿਲਾਫ਼ ਪਾਕਿਸਤਾਨ ਦੇ ਸੈਨਾ ਮੁਖੀ ਆਸਿਮ ਮੁਨੀਰ ਨੇ ਸਖ਼ਤ ਕਦਮ ਚੁੱਕੇ ਹਨ। ਮਈ ਦੀ ਭਾਰਤ-ਪਾਕਿ ਜੰਗ ਪਿੱਛੋਂ ਇਨਾਮ ਵਜੋਂ ਮੁਨੀਰ ਨੇ ਫੀਲਡ ਮਾਰਸ਼ਲ ਦੇ ਅਹੁਦੇ ’ਤੇ ਪ੍ਰਮੋਸ਼ਨ ਲੈ ਲਿਆ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੀ ਲੈਣ-ਦੇਣ ਦੀ ਮਾਨਸਿਕਤਾ ਨੂੰ ਸਮਝਦਿਆਂ ਇਸ ਦਾ ਫ਼ਾਇਦਾ ਉਠਾਉਣ ਦਾ ਫ਼ੈਸਲਾ ਕੀਤਾ। ਉਸ ਨੇ ਪਾਕਿਸਤਾਨ ਨੂੰ ਆਰਥਿਕ, ਫ਼ੌਜੀ, ਤੇਲ ਦੀ ਖੋਜ ਕਰਨ ਅਤੇ ਬੰਦਰਗਾਹ ਨੂੰ ਵਿਕਸਤ ਕਰਨ ਦਾ ਭਰੋਸਾ ਦਿੱਤਾ ਅਤੇ ਉਥੇ ਆਪਣੇ ਫ਼ੌਜੀ ਅੱਡੇ ਦਾ ਰਾਹ ਸਾਫ਼ ਕਰ ਲਿਆ। ਸਤੰਬਰ 2022 ਵਿਚ ਜਦੋਂ ਸ਼ਾਹਬਾਜ਼ ਸ਼ਰੀਫ਼ ਨੇ ਮੁਨੀਰ ਨੂੰ ਫ਼ੌਜ ਮੁਖੀ ਬਣਾਇਆ ਸੀ ਉਸੇ ਸਮੇਂ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦੀ ਤਨਜ਼ੀਮਾਂ ਦੇ ਨਿਰਦੇਸ਼ ’ਤੇ ਅਲ ਫਲਾਹ ਯੂਨੀਵਰਸਿਟੀ ਫ਼ਰੀਦਾਬਾਦ (ਹਰਿਆਣਾ) ਦੇ ਡਾਕਟਰਾਂ ਵੱਲੋਂ ਲਾਲ ਕਿਲ੍ਹੇ ’ਤੇ ਹਮਲੇ ਦੀ ਯੋਜਨਾ ਸ਼ੁਰੂ ਹੋਈ ਸੀ। ਮੁਨੀਰ ਨੇ ਪਾਕਿਸਤਾਨ ਸੰਸਦ ਤੋਂ 27ਵਾਂ ਸੰਵਿਧਾਨਕ ਸੋਧ ਬਿੱਲ ਪਾਸ ਕਰਵਾਇਆ ਜੋ ਉਸ ਨੂੰ ਨਵੰਬਰ 2030 ਤੱਕ ਦਾ ਕਾਰਜਕਾਲ ਮੁਹੱਈਆ ਕਰਵਾਏਗਾ। ਇਸ ਤਰ੍ਹਾਂ ਮੁਨੀਰ ਪ੍ਰਵੇਜ਼ ਮੁਸ਼ੱਰਫ਼ ਜਾਂ ਜ਼ਿਆ-ਉਲ-ਹੱਕ ਵਾਂਗ ਮੁਲਕ ਦੇ ਸਿਆਸੀ ਕੰਟਰੋਲ ਨੂੰ ਹੱਥ ਵਿਚ ਲੈਣ ਤੋਂ ਬਿਨਾਂ ਹੀ ਕੰਮ ਕਰੇਗਾ।
ਸੁਪਰੀਮ ਕੋਰਟ ਦੇ ਚੀਫ ਜੱਜ ਵੀ ਗੁਪਤ ਰੂਪ ’ਚ ਮੁਨੀਰ ਦੇ ਕੰਟਰੋਲ ’ਚ ਹੋਣਗੇ। ਹੁਣ ਉਹ ਸੰਵਿਧਾਨਕ ਮਾਮਲਿਆਂ ਦੀ ਸੁਣਵਾਈ ਕਰੇਗਾ ਅਤੇ ਇਸ ਵਿਚ ਸੁਪਰੀਮ ਕੋਰਟ ਦੇ ਅਧਿਕਾਰ ਕਮਜ਼ੋਰ ਹੋਣਗੇ। ਹੁਣ ਉਸ ਨੂੰ ਮੁਸ਼ੱਰਫ ਵਾਂਗ ਤਖ਼ਤਾ ਪਲਟ ਦੀ ਜ਼ਰੂਰਤ ਵੀ ਨਹੀਂ ਹੋਵੇਗੀ, ਕਿਉਂਕਿ ਉਸ ਕੋਲ ਅਸੀਮਤ ਸ਼ਕਤੀਆਂ ਹੋਣਗੀਆਂ। ਮੁਨੀਰ ਜਿੱਥੇ ਪਾਕਿਸਤਾਨ ਦੀ ਅਮਰੀਕਾ ਨਾਲ ਨਵੀਂ ਤੇ ਪੱਕੀ ਹੋ ਰਹੀ ਭਾਈਵਾਲੀ ਨੂੰ ਮਜ਼ਬੂਤ ਕਰ ਰਿਹਾ ਹੈ, ਉਥੇ ਉਹ ਬੀਜਿੰਗ ਦੇ ਉਸ ਉਦੇਸ਼ ਨੂੰ ਵੀ ਪੂਰਾ ਕਰ ਰਿਹਾ ਹੈ ਜਿਸ ਤਹਿਤ ਉਹ ਭਾਰਤ ਨੂੰ ਅੱਤਵਾਦੀ ਹਮਲਿਆਂ ਵਿਚ ਉਲਝਾਈ ਰੱਖਦਾ ਹੈ। ਯੂਨੁਸ ਦੀ ਅੰਤ੍ਰਿਮ ਸਰਕਾਰ ਦੇ ਤਹਿਤ ਬੰਗਲਾਦੇਸ਼ ਇਕ ਵਾਰ ਫਿਰ ਆਪਣੇ 1971 ਤੋਂ ਪਹਿਲਾਂ ਵਾਲੇ ਪੂਰਬੀ ਪਾਕਿਸਤਾਨ ਦੇ ਰੂਪ ਵਿਚ ਪਰਤਦਾ ਦਿਖਾਈ ਦੇ ਰਿਹਾ ਹੈ। ਪਾਕਿਸਤਾਨ-ਬੰਗਲਾਦੇਸ਼ ਦੀ ਫ਼ੌਜੀ ਨੇੜਤਾ ਹੁਣ ਕਾਫ਼ੀ ਵਧ ਚੁੱਕੀ ਹੈ। ਭਾਰਤ ਨਾਲ ਕਿਸੇ ਵੀ ਸੰਘਰਸ਼ ਦੀ ਸਥਿਤੀ ਵਿਚ ਬੰਗਲਾਦੇਸ਼ ਮੂਕ ਦਰਸ਼ਕ ਨਹੀਂ ਹੋਵੇਗਾ। ਉਸ ਕੋਲ ਭਾਰਤ ਨੂੰ ਚੁਣੌਤੀ ਦੇ ਸਕਣ ਦੀ ਸਮਰੱਥਾ ਤਾਂ ਨਹੀਂ ਪਰ ਉਹ ਪਾਕਿਸਤਾਨ ਵੱਲੋਂ ਭੜਕਾਈ ਤੇ ਚੀਨ ਵੱਲੋਂ ਸੰਚਾਲਿਤ ਜੰਗ ਵਿਚ ਭਾਰਤ ਨੂੰ ਪੱਛਮ ਤੇ ਉੱਤਰੀ ਸੀਮਾ ਤੋਂ ਫ਼ੌਜ ਹਟਾ ਕੇ ਬੰਗਲਾਦੇਸ਼ ਸੀਮਾ ’ਤੇ ਤਾਇਨਾਤ ਕਰਨ ਲਈ ਮਜਬੂਰ ਕਰ ਸਕਦਾ ਹੈ। ਉਹ ਭਾਰਤ ਵਿਚ ਸਰਗਰਮ ਭਾਰਤ ਵਿਰੋਧੀ ਅਨਸਰਾਂ ਨੂੰ ਵੀ ਉਕਸਾਅ ਸਕਦਾ ਹੈ। ਖ਼ੈਰ ਚੀਨ, ਪਾਕਿ ਅਤੇ ਬੰਗਲਾਦੇਸ਼ ’ਚ ਨਜ਼ਦੀਕੀਆਂ ਭਾਰਤ ਲਈ ਬਿਨਾਂ ਸ਼ੱਕ ਚਿੰਤਾ ਦਾ ਵਿਸ਼ਾ ਹਨ।
-ਮੁਖ਼ਤਾਰ ਗਿੱਲ
-ਸੰਪਰਕ ਮੋ: 98140 82217