ਜਦੋਂ ਵੀ ਪ੍ਰਬੰਧਕੀ ਪੱਖੋਂ ਯੋਗ ਕਿਸੇ ਆਗੂ ਦੀ ਗੱਲ ਚੱਲਦੀ ਹੈ ਤਾਂ ਆਪਣੇ ਸਮੇਂ ਚੀਫ ਖ਼ਾਲਸਾ ਦੀਵਾਨ ਵਰਗੀ ਵੱਡੀ ਸਿੱਖ ਸੰਸਥਾ ਦੇ ਮੁੱਖ ਸੇਵਾਦਾਰ ਸ. ਕ੍ਰਿਪਾਲ ਸਿੰਘ ਦੀ ਯਾਦ ਆਉਂਦੀ ਹੈ ਜੋ ਵਿੱਦਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਯਤਨਸ਼ੀਲ ਇਸ ਸੰਸਥਾ ਦੇ ਲਗਾਤਾਰ 17 ਸਾਲ ਪ੍ਰਧਾਨ ਰਹੇ। ਸਿੱਖ ਕੌਮ ਦਾ ਦਰਦ ਉਨ੍ਹਾਂ ਦੀ ਰਗ-ਰਗ ਵਿਚ ਸਮਾਇਆ ਹੋਇਆ ਸੀ।

ਜਨਮ ਦਿਨ ’ਤੇ ਵਿਸ਼ੇਸ਼
ਜਦੋਂ ਵੀ ਪ੍ਰਬੰਧਕੀ ਪੱਖੋਂ ਯੋਗ ਕਿਸੇ ਆਗੂ ਦੀ ਗੱਲ ਚੱਲਦੀ ਹੈ ਤਾਂ ਆਪਣੇ ਸਮੇਂ ਚੀਫ ਖ਼ਾਲਸਾ ਦੀਵਾਨ ਵਰਗੀ ਵੱਡੀ ਸਿੱਖ ਸੰਸਥਾ ਦੇ ਮੁੱਖ ਸੇਵਾਦਾਰ ਸ. ਕ੍ਰਿਪਾਲ ਸਿੰਘ ਦੀ ਯਾਦ ਆਉਂਦੀ ਹੈ ਜੋ ਵਿੱਦਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਯਤਨਸ਼ੀਲ ਇਸ ਸੰਸਥਾ ਦੇ ਲਗਾਤਾਰ 17 ਸਾਲ ਪ੍ਰਧਾਨ ਰਹੇ। ਸਿੱਖ ਕੌਮ ਦਾ ਦਰਦ ਉਨ੍ਹਾਂ ਦੀ ਰਗ-ਰਗ ਵਿਚ ਸਮਾਇਆ ਹੋਇਆ ਸੀ। ਇਸੇ ਕਰਕੇ ਪੰਜਾਬ ਦੇ ਲੋਕ ਉਨ੍ਹਾਂ ਨੂੰ ਚਿੱਟੀ ਦਸਤਾਰ ਵਾਲਾ ਅਕਾਲੀ ਆਖਦੇ ਸਨ। ਕ੍ਰਿਪਾਲ ਸਿੰਘ ਦਾ ਜਨਮ 17 ਜਨਵਰੀ, 1917 ਨੂੰ ਸਿਆਲਕੋਟ ਜ਼ਿਲ੍ਹੇ ਦੀ ਤਹਿਸੀਲ ਨਾਰੋਵਾਲ ਦੇ ਪਿੰਡ ਸਨਖਤਰਾ (ਲਹਿੰਦਾ ਪੰਜਾਬ) ਵਿਖੇ ਉੱਤਮ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖ ਤੋਂ ਹੋਇਆ ਸੀ। ਬਚਪਨ ਵਿਚ ਹੀ ਉਨ੍ਹਾਂ ਦੇ ਮਾਤਾ-ਪਿਤਾ ਸਦੀਵੀ ਵਿਛੋੜਾ ਦੇ ਗਏ। ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦਾਦੀ ਜੈ ਕੌਰ ਨੇ ਨਿਭਾਈ।
ਸਕੂਲ ਵਿਚ ਪੜ੍ਹਦਿਆਂ ਹੀ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਆਪ ਦੀ ਰੁਚੀ ਸਿਆਸੀ ਕਾਰਜਾਂ ਤੇ ਸਮਾਜ ਸੇਵਾ ਵਿਚ ਲੱਗ ਗਈ। ਕੌਮੀ ਪਿਆਰ ਨਾਲ ਲਬਰੇਜ਼ ਕ੍ਰਿਪਾਲ ਸਿੰਘ 18 ਵਰ੍ਹਿਆਂ ਦੀ ਭਰ ਜਵਾਨੀ ਦੀ ਉਮਰ ਵਿਚ ਕਾਂਗਰਸ ਪਾਰਟੀ ਦਾ ਮੈਂਬਰ ਬਣ ਗਿਆ। ਜਦੋਂ ‘ਭਾਰਤ ਛੱਡੋ’ ਅੰਦੋਲਨ ਦੀ ਲਹਿਰ ਪੂਰੇ ਦੇਸ਼ ਵਿਚ ਚੱਲ ਰਹੀ ਸੀ, ਤਾਂ ਉਨ੍ਹਾਂ ਨੇ ਇਸ ਲਹਿਰ ਦਾ ਪ੍ਰਚਾਰ ਤੇ ਪ੍ਰਸਾਰ ਜ਼ੋਰ-ਸ਼ੋਰ ਨਾਲ ਕੀਤਾ। ਇਸ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਛੇ ਮਹੀਨੇ ਦੀ ਕੈਦ ਕੱਟੀ। ਸੰਨ 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤੇ ਪੰਜਾਬ ਦੋ ਟੋਟਿਆਂ ਵਿਚ ਵੰਡਿਆ ਗਿਆ ਉਦੋਂ ਕ੍ਰਿਪਾਲ ਸਿੰਘ 30 ਕੁ ਸਾਲਾਂ ਦੇ ਸਨ ਤੇ ਬਟਵਾਰੇ ਕਾਰਨ ਉਨ੍ਹਾਂ ਦਾ ਹਿਰਦਾ ਵੀ ਵਲੂੰਧਰਿਆ ਗਿਆ। ਉਹ ਲਹਿੰਦੇ ਪੰਜਾਬ ਨੂੰ ਛੱਡ ਕੇ ਚੜ੍ਹਦੇ ਪੰਜਾਬ ਦੇ ਸ਼ਹਿਰ ਗੁਰੂ ਕੀ ਨਗਰੀ ਅੰਮ੍ਰਿਤਸਰ ਆ ਵਸੇ। ਪਾਕਿਸਤਾਨ ਤੋਂ ਲੁੱਟੇ-ਪੁੱਟੇ ਅਤੇ ਬੇਘਰੇ ਲੋਕਾਂ ਦੀ ਪੀੜਾ ਉਨ੍ਹਾਂ ਤੋਂ ਸਹਾਰੀ ਨਾ ਗਈ। ਅੰਮ੍ਰਿਤਸਰ ਪੁੱਜ ਕੇ ਇਕ ਮਸੀਹੇ ਦੀ ਤਰ੍ਹਾਂ ਉਨ੍ਹਾਂ ਬੇਘਰੇ ਲੋਕਾਂ ਨੂੰ ਮੁੜ ਵਸਾਉਣ ਲਈ ਦਿਨ-ਰਾਤ ਇਕ ਕਰ ਦਿੱਤਾ। ਮਾਤਾ-ਪਿਤਾ ਤੋਂ ਵਾਂਝੇ ਇਸ ਨੌਜਵਾਨ ਨੂੰ ਬਚਪਨ ਤੋਂ ਹੁਣ ਤੱਕ ਹੰਢਾਏ ਦੁੱਖਾਂ ਦਾ ਭਲੀਭਾਂਤ ਪਤਾ ਸੀ। ਰਫਿਊਜੀ ਲੋਕਾਂ ਵੱਲੋਂ ਮਿਲਿਆ ਪਿਆਰ ਉਨ੍ਹਾਂ ਨੂੰ ਪੂਰਾ ਜੀਵਨ ਲੋਕ ਸੇਵਾ ਲਈ ਜੁਟ ਜਾਣ ਲਈ ਪ੍ਰੇਰਦਾ ਰਿਹਾ। ਸੰਨ 1948 ਤੋਂ ਇਸੇ ਲੋਕ ਪਿਆਰ ਦਾ ਸਿੱਟਾ ਸੀ ਕਿ ਉਹ ਅੰਮ੍ਰਿਤਸਰ ਸ਼ਹਿਰ ਦੀ ਮਿਊਂਸੀਪਲ ਕਮੇਟੀ ਦੇ ਬਿਨਾਂ ਮੁਕਾਬਲਾ ਮੈਂਬਰ ਬਣਦੇ ਰਹੇ। ਸੰਨ 1972 ਤੋਂ 1975 ਤੱਕ ਮਿਊਂਸੀਪਲ ਕਮੇਟੀ ਦੇ ਪ੍ਰਧਾਨ ਵੀ ਰਹੇ।
ਸੰਨ 1952 ’ਚ ਜਦੋਂ ਇਨ੍ਹਾਂ ਕਾਂਗਰਸ ਪਾਰਟੀ ਵਿਚ ਸਿਧਾਂਤਕ ਵਖਰੇਵਾਂ ਵੇਖਿਆ ਤਾਂ ਪਾਰਟੀ ਛੱਡ ਕੇ ਸੋਸ਼ਲਿਸਟ ਪਾਰਟੀ ਵਿਚ ਸ਼ਾਮਲ ਹੋ ਗਏ। ਸਾਲ 1975 ’ਚ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਦਾ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿਚ ਸਖ਼ਤ ਵਿਰੋਧ ਕੀਤਾ। ਇਸੇ ਵਿਰੋਧ ਕਰਕੇ 19 ਮਹੀਨੇ ਦੀ ਕੈਦ ਕੱਟੀ। ਸੰਨ 1969 ’ਚ ਸੋਸ਼ਲਿਸਟ ਪਾਰਟੀ ਦੀ ਟਿਕਟ ’ਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਸੰਨ 1977 ਅਤੇ 1985 ’ਚ ਜਨਤਾ ਪਾਰਟੀ ਦੀ ਟਿਕਟ ਉੱਤੇ ਦੋ ਵਾਰ ਫਿਰ ਵਿਧਾਇਕ ਬਣੇ ਤੇ 1989 ਦੀਆਂ ਲੋਕ ਸਭਾ ਚੋਣਾਂ ਸਮੇਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਦੇ ਮੈਂਬਰ ਬਣੇ। ਉਨ੍ਹਾਂ ਨੇ ਵਿਧਾਨ ਸਭਾ ਤੇ ਲੋਕ ਸਭਾ ਵਿਚ ਅਨੇਕ ਸਮੱਸਿਆਵਾਂ ਬਾਰੇ ਇਕ ਸਫਲ ਬੁਲਾਰੇ ਤੇ ਸਮਾਜਿਕ ਵਿਗਿਆਨੀ ਵਜੋਂ ਯਾਦਗਾਰੀ ਤਕਰੀਰਾਂ ਕਰ ਕੇ ਸਮੁੱਚੇ ਦੇਸ਼ ਦੇ ਸਿਆਸੀ ਲੋਕਾਂ ਵਿਚ ਆਪਣੀ ਪਛਾਣ ਬਣਾ ਲਈ। ਉਨ੍ਹਾਂ ਦਾ ਹਰ ਭਾਸ਼ਣ ਸ਼ਿਅਰੋ-ਸ਼ਾਇਰੀ ਨਾਲ ਸ਼ਿੰਗਾਰਿਆ ਲੋਕ ਭਾਵਨਾਵਾਂ ਨੂੰ ਬਿਆਨ ਕਰਦਾ ਸੀ। ਕ੍ਰਿਪਾਲ ਸਿੰਘ ਦੀ ਸਿੱਖਾਂ ਦੀ ਧਾਰਮਿਕ, ਸੱਭਿਆਚਾਰਕ, ਆਰਥਿਕ ਅਤੇ ਵਿੱਦਿਅਕ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਵਿਚ ਵਿਸ਼ੇਸ਼ ਰੁਚੀ ਸੀ। ਉਨ੍ਹਾਂ ਨਾਲ ਚੀਫੀਆ ਵਿਸ਼ੇਸ਼ਣ ਸਥਾਈ ਤੌਰ ’ਤੇ ਜੁੜ ਗਿਆ ਸੀ ਕਿਉਂਕਿ ਉਨ੍ਹਾਂ ਨੇ ਜੀਵਨ ਦੇ ਅਹਿਮ 17 ਸਾਲ ਚੀਫ ਖ਼ਾਲਸਾ ਦੀਵਾਨ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਆਦਰਸ਼ ਸੰਸਥਾਵਾਂ ਵਿਚ ਬਦਲਣ ਵਿਚ ਵਿਸ਼ੇਸ਼ ਰੁਚੀ ਵਿਖਾਈ। ਇਨ੍ਹਾਂ ਸੰਸਥਾਵਾਂ ਨੂੰ ਮਾਇਕ ਤੌਰ ’ਤੇ ਮਜ਼ਬੂਤ ਕੀਤਾ, ਵੱਖ-ਵੱਖ ਥਾਵਾਂ ’ਤੇ ਵਿੱਦਿਅਕ-ਕਾਨਫਰੰਸਾਂ ਕਰ ਕੇ ਲੋਕ ਮਨਾਂ ਵਿਚ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ।
ਅੱਜ ਪੰਜਾਬ ਦੇ ਲੋਕ, ਜਿਨ੍ਹਾਂ ਨੇ ਉਨ੍ਹਾਂ ਨੂੰ ਨੇੜਿਓਂ ਤੱਕਿਆ ਹੈ, ਉਨ੍ਹਾਂ ਨੂੰ ਇਕ ਸਫਲ ਬੁਲਾਰੇ ਵਜੋਂ ਯਾਦ ਕਰਦੇ ਹਨ। ਵੀਹ ਅਗਸਤ 2002 ਨੂੰ ਆਪਣੇ ਡਾਕਟਰ ਸਪੁੱਤਰ ਰਣਬੀਰ ਸਿੰਘ ਦੇ ਹੱਥਾਂ ਵਿਚ ਪੰਜਾਬ ਦਾ ਇਹ ਮਹਾਨ ਸਪੂਤ ਲੱਖਾਂ ਗ਼ਰੀਬਾਂ, ਨਿਆਸਰਿਆਂ ਅਤੇ ਲੋੜਵੰਦਾਂ ਦਾ ਮਸੀਹਾ, ਜਲੰਧਰ ਸ਼ਹਿਰ ਵਿਖੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ। ਕ੍ਰਿਪਾਲ ਸਿੰਘ ਹਰ ਮਨੁੱਖ ਦੇ ਦੁੱਖ ਵਿਚ ਸ਼ਰੀਕ ਹੋਣ ਵਾਲਾ, ਬਿਨਾਂ ਕਿਸੇ ਜਾਤ/ਧਰਮ ਦੇ ਵਿਤਕਰੇ, ਹਰ ਕਿਸੇ ਦੇ ਦੁੱਖ ਵੰਡਾਉਣ ਵਾਲਾ ਨਿਰਛਲ ਵਿਅਕਤੀ ਸੀ। ਲੋਕ-ਸੇਵਕ ਵਜੋਂ ਬਣੀ ਪਛਾਣ ਕਰ ਕੇ ਉਹ ਲੋਕ ਮਨਾਂ ਵਿਚ ਅੱਜ ਵੀ ਹਾਜ਼ਰ-ਨਾਜ਼ਰ ਹੈ।
-ਭਗਵਾਨ ਸਿੰਘ ਜੌਹਲ।