ਹਾਲ ਹੀ ਵਿਚ ਦਿੱਲੀ ਵਿਚ ਤੰਦੂਰ ਵਿਚ ਕੋਲੇ ਅਤੇ ਲੱਕੜ ਦੇ ਇਸਤੇਮਾਲ ’ਤੇ ਪਾਬੰਦੀ ਲਗਾਈ ਗਈ ਹੈ ਪਰ ਬਾਕੀ ਉੱਤਰੀ ਭਾਰਤ ਵਿਚ ਇਸ ਦਿਸ਼ਾ ਵਿਚ ਕੁਝ ਵੀ ਨਹੀਂ ਕੀਤਾ ਜਾ ਰਿਹਾ। ਇਹੀ ਕਾਰਨ ਹੈ ਕਿ ਦੇਸ਼ ਦੇ ਬਹੁਤ ਸਾਰੇ ਦਿਹਾਤੀ ਇਲਾਕਿਆਂ ਵਿਚ ਵੀ ਹਵਾ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।

ਸੁਪਰੀਮ ਕੋਰਟ ਨੇ ਦਿੱਲੀ-ਐੱਨਸੀਆਰ ਵਿਚ ਪ੍ਰਦੂਸ਼ਣ ਦੀ ਰੋਕਥਾਮ ਵਿਚ ਸੁਸਤੀ ’ਤੇ ਦੁਬਾਰਾ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਕੋਈ ਕੰਮ ਨਹੀਂ ਹੋ ਰਿਹਾ ਹੈ। ਉਸ ਨੇ ਆਪਣੇ ਪਹਿਲੇ ਹੁਕਮ ਵਿਚ ਕੁਝ ਸੋਧਾਂ ਕੀਤੀਆਂ ਅਤੇ ਪੁਰਾਣੇ ਵਾਹਨਾਂ ਨੂੰ ਦੰਡਾਤਮਕ ਕਾਰਵਾਈ ਤੋਂ ਮਿਲੀ ਛੋਟ ਵੀ ਖ਼ਤਮ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦਿੱਲੀ ਅਤੇ ਇਸ ਦੇ ਆਸ-ਪਾਸ ਵਧ ਰਹੇ ਪ੍ਰਦੂਸ਼ਣ ’ਤੇ ਲਗਾਮ ਕੱਸਣ ਲਈ ਕੁਝ ਹੋਰ ਵੀ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਬਾਵਜੂਦ ਇਸ ਵਿਚ ਖ਼ਦਸ਼ਾ ਹੈ ਕਿ ਹਵਾ ਪ੍ਰਦੂਸ਼ਣ ’ਤੇ ਕੋਈ ਪ੍ਰਭਾਵਸ਼ਾਲੀ ਨਿਯੰਤਰਣ ਕੀਤਾ ਜਾ ਸਕੇਗਾ। ਇਸ ਦਾ ਕਾਰਨ ਇਹ ਹੈ ਕਿ ਹਵਾ ਪ੍ਰਦੂਸ਼ਣ ਦਾ ਪੱਧਰ ਇੰਨਾ ਵਧ ਗਿਆ ਹੈ ਕਿ ਹੁਣ ਤਤਕਾਲੀ ਉਪਾਵਾਂ ਨਾਲ ਕੋਈ ਗੱਲ ਸ਼ਾਇਦ ਹੀ ਬਣੇ। ਹਵਾ ਪ੍ਰਦੂਸ਼ਣ ਤੋਂ ਮੁਕਤੀ ਲਈ ਲੰਬੇ ਸਮੇਂ ਦੇ ਉਪਾਵਾਂ ’ਤੇ ਲਗਾਤਾਰ ਕੰਮ ਕਰਨਾ ਪਵੇਗਾ। ਕੁਝ ਸਾਲਾਂ ਤੋਂ ਇਹ ਦੇਖਿਆ ਗਿਆ ਹੈ ਕਿ ਜਦੋਂ ਹਵਾ ਪ੍ਰਦੂਸ਼ਣ ਸਿਰ ਚੁੱਕਦਾ ਹੈ ਤਾਂ ਉਸ ਨਾਲ ਨਿਪਟਣ ਦੇ ਯਤਨ ਕੀਤੇ ਜਾਂਦੇ ਹਨ। ਹਰ ਸਾਲ ਸਰਦੀਆਂ ਸ਼ੁਰੂ ਹੁੰਦੇ ਹੀ ਦਿੱਲੀ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹਵਾ ਪ੍ਰਦੂਸ਼ਣ ਦਾ ਇਕ ਕਾਰਨ ਇਸ ਖੇਤਰ ਦੀ ਭੂਗੋਲਿਕ ਸਥਿਤੀ ਵੀ ਹੈ ਪਰ ਇਸ ਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਜੋ ਕੀਤਾ ਜਾ ਸਕਦਾ ਹੈ, ਉਹ ਇਹ ਹੈ ਕਿ ਪ੍ਰਦੂਸ਼ਣ ਦੇ ਸਾਰੇ ਕਾਰਨਾਂ ਦੇ ਨਿਵਾਰਨ ’ਤੇ ਇਕੱਠਿਆਂ ਹੀ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇ। ਦਿੱਲੀ ਅਤੇ ਇਸ ਦੇ ਆਸ-ਪਾਸ ਪ੍ਰਦੂਸ਼ਣ ਦੇ ਵੱਡੇ ਕਾਰਨਾਂ ਵਿਚ ਵਾਹਨਾਂ ’ਚੋਂ ਹੁੰਦੀ ਧੂੰਏਂ ਦੀ ਨਿਕਾਸੀ ਤੇ ਸੜਕਾਂ ਅਤੇ ਨਿਰਮਾਣ ਸਥਾਨਾਂ ਤੋਂ ਉੱਡ ਰਹੀ ਧੂੜ ਹੈ। ਵਾਹਨਾਂ ਦੇ ਜ਼ਹਿਰੀਲੇ ਉਤਸਰਜਨ ਦਾ ਮੁੱਖ ਕਾਰਨ ਟਰੈਫਿਕ ਜਾਮ ਕਾਰਨ ਉਨ੍ਹਾਂ ਦਾ ਬਹੁਤ ਹੀ ਹੌਲੀ ਰਫ਼ਤਾਰ ਨਾਲ ਚੱਲਣਾ ਹੈ। ਨਾ ਤਾਂ ਟਰੈਫਿਕ ਜਾਮ ਦਾ ਕੋਈ ਹੱਲ ਲੱਭਿਆ ਜਾ ਰਿਹਾ ਹੈ ਅਤੇ ਨਾ ਹੀ ਸੜਕਾਂ ਅਤੇ ਨਿਰਮਾਣ ਸਥਾਨਾਂ ਤੋਂ ਉੱਡ ਰਹੀ ਧੂੜ ਦਾ ਹੱਲ ਕੀਤਾ ਜਾ ਰਿਹਾ ਹੈ। ਇਹ ਸਮਝਣਾ ਚਾਹੀਦਾ ਹੈ ਕਿ ਹਵਾ ਪ੍ਰਦੂਸ਼ਣ ਸਿਰਫ਼ ਦਿੱਲੀ ਅਤੇ ਇਸ ਦੇ ਨੇੜੇ-ਤੇੜੇ ਦੀ ਸਮੱਸਿਆ ਨਹੀਂ ਹੈ। ਹੁਣ ਇਹ ਉੱਤਰੀ ਭਾਰਤ ਦੀ ਸਮੱਸਿਆ ਬਣ ਗਈ ਹੈ। ਸੱਚ ਇਹ ਹੈ ਕਿ ਠੰਢ ਦੇ ਮੌਸਮ ਵਿਚ ਸਾਫ਼ ਹਵਾ ਹੁਣ ਦੇਸ਼ ਦੇ ਕੁਝ ਹਿੱਸਿਆਂ ਵਿਚ ਹੀ ਉਪਲਬਧ ਹੈ। ਇਸ ਦੀ ਵਜ੍ਹਾ ਉਹ ਕਾਰਨ ਹਨ ਜਿਨ੍ਹਾਂ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਜੋ ਹਵਾ ਨੂੰ ਦੂਸ਼ਿਤ ਕਰਦੇ ਹਨ। ਅਧਿਐਨ ਦੱਸਦੇ ਹਨ ਕਿ 80 ਪ੍ਰਤੀਸ਼ਤ ਪ੍ਰਦੂਸ਼ਣ ਧੂੜ ਅਤੇ ਧੂੰਏਂ ਤੋਂ ਹੁੰਦਾ ਹੈ ਅਤੇ ਇਸ ਵਿਚ ਉਹ ਧੂੰਆਂ ਵੀ ਸ਼ਾਮਲ ਹੈ ਜੋ ਲੱਕੜ, ਕੋਲੇ, ਪਾਥੀਆਂ ਆਦਿ ਜਲਾਉਣ ਨਾਲ ਨਿਕਲਦਾ ਹੈ। ਸਮੱਸਿਆ ਇਹ ਹੈ ਕਿ ਕੋਲਾ, ਲੱਕੜ ਅਤੇ ਪਾਥੀਆਂ ਨਾ ਜਲਾਉਣ ਲਈ ਕੋਈ ਉਪਾਅ ਨਹੀਂ ਕੀਤੇ ਜਾ ਰਹੇ। ਇਸੇ ਤਰ੍ਹਾਂ ਪੱਤਿਆਂ ਅਤੇ ਕੂੜੇ ਨੂੰ ਸਾੜਨ ਦਾ ਸਿਲਸਿਲਾ ਵੀ ਖ਼ਤਮ ਨਹੀਂ ਕੀਤਾ ਜਾ ਸਕਿਆ ਹੈ। ਹਾਲ ਹੀ ਵਿਚ ਦਿੱਲੀ ਵਿਚ ਤੰਦੂਰ ਵਿਚ ਕੋਲੇ ਅਤੇ ਲੱਕੜ ਦੇ ਇਸਤੇਮਾਲ ’ਤੇ ਪਾਬੰਦੀ ਲਗਾਈ ਗਈ ਹੈ ਪਰ ਬਾਕੀ ਉੱਤਰੀ ਭਾਰਤ ਵਿਚ ਇਸ ਦਿਸ਼ਾ ਵਿਚ ਕੁਝ ਵੀ ਨਹੀਂ ਕੀਤਾ ਜਾ ਰਿਹਾ। ਇਹੀ ਕਾਰਨ ਹੈ ਕਿ ਦੇਸ਼ ਦੇ ਬਹੁਤ ਸਾਰੇ ਦਿਹਾਤੀ ਇਲਾਕਿਆਂ ਵਿਚ ਵੀ ਹਵਾ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਇਹ ਸਹੀ ਸਮਾਂ ਹੈ ਕਿ ਇਸ ’ਤੇ ਗ਼ੌਰ ਕੀਤਾ ਜਾਵੇ ਕਿ ਖਾਣਾ ਪਕਾਉਣ ਲਈ ਰਸੋਈ ਗੈਸ ਦਾ ਅਸਲ ਵਿਚ ਕਿੰਨਾ ਇਸਤੇਮਾਲ ਹੋ ਰਿਹਾ ਹੈ?