ਰਾਸ਼ਟਰਪਤੀ ਸ਼ਾਸਨ
ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਪਹਿਲਾਂ ਭਾਜਪਾ ਨੂੰ ਸਭ ਤੋਂ ਵੱਡੀ ਪਾਰਟੀ ਹੋਣ ਕਾਰਨ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ ਪਰ ਕੋਰ ਗਰੁੱਪ ਦੀ ਮੀਟਿੰਗ ਤੋਂ ਬਾਅਦ ਭਾਜਪਾ ਨੇ ਸਰਕਾਰ ਬਣਾਉਣ ਤੋਂ ਨਾਂਹ ਕਰ ਦਿੱਤੀ।
Publish Date: Tue, 12 Nov 2019 09:29 PM (IST)
Updated Date: Wed, 13 Nov 2019 02:30 AM (IST)

ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਵਿਚਾਲੇ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਦਾ ਸਬੱਬ ਬਣੀ ਹੈ। ਦੋਵਾਂ ਪਾਰਟੀਆਂ ਨੇ ਚੋਣਾਂ ਤੋਂ ਪਹਿਲਾਂ ਗੱਠਜੋੜ ਕਰ ਕੇ ਚੋਣ ਲੜੀ ਸੀ। ਦੋਵਾਂ ਨੂੰ ਮਿਲਾ ਕੇ ਸਪਸ਼ਟ ਬਹੁਮਤ ਵੀ ਮਿਲ ਗਿਆ ਸੀ ਪਰ ਸਰਕਾਰ ਬਣਾਉਣ ਦੇ ਮੁੱਦੇ ਉੱਤੇ ਸਹਿਮਤੀ ਨਾ ਹੋਣ ਕਰਕੇ ਇਹ ਹਾਲਾਤ ਬਣੇ ਹਨ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਪਹਿਲਾਂ ਭਾਜਪਾ ਨੂੰ ਸਭ ਤੋਂ ਵੱਡੀ ਪਾਰਟੀ ਹੋਣ ਕਾਰਨ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ ਪਰ ਕੋਰ ਗਰੁੱਪ ਦੀ ਮੀਟਿੰਗ ਤੋਂ ਬਾਅਦ ਭਾਜਪਾ ਨੇ ਸਰਕਾਰ ਬਣਾਉਣ ਤੋਂ ਨਾਂਹ ਕਰ ਦਿੱਤੀ। 288 ਮੈਂਬਰੀ ਵਿਧਾਨ ਸਭਾ 'ਚ ਸ਼ਿਵ ਸੈਨਾ ਦੇ 56 ਅਤੇ ਭਾਜਪਾ ਦੇ 105 ਵਿਧਾਇਕ ਹਨ। ਚੋਣਾਂ ਤੋਂ ਪਹਿਲਾਂ ਹੀ ਤੇਵਰ ਦਿਖਾ ਰਹੀ ਸ਼ਿਵ ਸੈਨਾ ਦੀ ਮੰਗ ਸੀ ਕਿ ਇਸ ਵਾਰ ਢਾਈ-ਢਾਈ ਸਾਲ ਦੇ ਆਧਾਰ ਉੱਤੇ ਵਾਰੀ-ਵਾਰੀ ਦੋਵਾਂ ਪਾਰਟੀਆਂ ਦਾ ਮੁੱਖ ਮੰਤਰੀ ਬਣਾਇਆ ਜਾਵੇ। ਸ਼ਿਵ ਸੈਨਾ ਦਾ ਦਾਅਵਾ ਹੈ ਕਿ ਚੋਣਾਂ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਹੋਈ ਬੈਠਕ 'ਚ ਭਾਜਪਾ ਨੇ ਇਸ 'ਤੇ ਸਹਿਮਤੀ ਪ੍ਰਗਟਾਈ ਸੀ। ਜਦਕਿ ਫੜਨਵੀਸ ਨੇ ਕਿਹਾ ਹੈ ਕਿ ਅਜਿਹੇ ਕਿਸੇ ਫਾਰਮੂਲੇ 'ਤੇ ਕੋਈ ਚਰਚਾ ਨਹੀਂ ਸੀ ਹੋਈ। ਹੁਣ ਸਰਕਾਰ ਬਣਾਉਣ ਲਈ ਰਾਜਪਾਲ ਦੇ ਸਾਹਮਣੇ ਬਹੁਤੇ ਬਦਲ ਨਹੀਂ ਸਨ। ਪਹਿਲਾਂ ਸਭ ਤੋਂ ਵੱਡੀ ਪਾਰਟੀ ਨੂੰ ਬੁਲਾਇਆ ਅਤੇ ਫਿਰ ਸਭ ਤੋਂ ਵੱਡੇ ਗੱਠਜੋੜ ਜਾਂ ਦੂਸਰੇ ਨੰਬਰ ਦੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਣਾ ਸੀ। ਨੈਸ਼ਨਲਿਸਟ ਕਾਂਗਰਸ ਪਾਰਟੀ ਦੀਆਂ 54 ਅਤੇ ਕਾਂਗਰਸ ਦੀਆਂ 44 ਸੀਟਾਂ ਵਾਲਾ ਗੱਠਜੋੜ ਗਿਣਤੀ ਪੱਖੋਂ ਦੂਜੇ ਨੰਬਰ 'ਤੇ ਆਉਂਦਾ ਹੈ। ਰਾਜਪਾਲ ਨੇ ਭਾਜਪਾ ਤੋਂ ਬਾਅਦ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਪਰ ਕਾਂਗਰਸ ਤੇ ਐੱਨਸੀਪੀ ਵੱਲੋਂ ਸਮਰਥਨ ਪੱਤਰ ਨਾ ਮਿਲਣ ਕਰਕੇ ਸ਼ਿਵ ਸੈਨਾ ਨੇ ਰਾਜਪਾਲ ਕੋਲੋਂ ਦੋ ਦਿਨ ਦਾ ਸਮਾਂ ਮੰਗਿਆ। ਰਾਜਪਾਲ ਨੇ ਉਸ ਨੂੰ ਸਮਾਂ ਨਹੀਂ ਦਿੱਤਾ ਅਤੇ ਐੱਨਸੀਪੀ ਨੂੰ ਸੱਦਾ ਦੇ ਦਿੱਤਾ। ਐੱਨਸੀਪੀ ਨੇ ਕਿਹਾ ਕਿ ਉਨ੍ਹਾਂ ਕੋਲ ਮੰਗਲਵਾਰ ਰਾਤ ਸਾਢੇ ਅੱਠ ਵਜੇ ਤਕ ਦਾ ਸਮਾਂ ਸੀ ਪਰ ਮੰਗਲਵਾਰ ਸਵੇਰ ਤੋਂ ਹੀ ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਦੀਆਂ ਅਫ਼ਵਾਹਾਂ ਦਾ ਦੌਰ ਸ਼ੁਰੂ ਹੋ ਗਿਆ। ਦੁਪਹਿਰ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਕੇਂਦਰੀ ਕੈਬਨਿਟ ਦੀ ਬੈਠਕ ਸੱਦ ਲਈ। ਉਦੋਂ ਕਿਹਾ ਗਿਆ ਕਿ ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਏ ਜਾਣ ਦੀ ਸਿਫ਼ਾਰਸ਼ ਕਰ ਦਿੱਤੀ ਗਈ ਹੈ ਜਿਸ ਕਾਰਨ ਇਹ ਬੈਠਕ ਬੁਲਾਈ ਗਈ ਹੈ। ਇਸ ਦੌਰਾਨ ਸ਼ਿਵ ਸੈਨਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ। ਉਸ ਦਾ ਕਹਿਣਾ ਹੈ ਕਿ ਭਾਜਪਾ ਨੂੰ ਰਾਜਪਾਲ ਨੇ ਦੋ ਦਿਨ ਦਾ ਸਮਾਂ ਦਿੱਤਾ ਜਦਕਿ ਸਾਨੂੰ ਇਕ ਦਿਨ ਦਾ। ਬੁੱਧਵਾਰ ਨੂੰ ਇਸ 'ਤੇ ਸੁਪਰੀਮ ਕੋਰਟ ਸੁਣਵਾਈ ਕਰੇਗਾ। ਪੁਰਾਣੀ ਵਿਧਾਨ ਸਭਾ ਦੀ ਮਿਆਦ 9 ਨਵੰਬਰ ਨੂੰ ਖ਼ਤਮ ਹੋ ਗਈ ਸੀ। ਮੁੱਖ ਮੰਤਰੀ ਫੜਨਵੀਸ ਨੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਹੁਣ ਉਹ ਕੰਮ ਚਲਾਊ ਮੁੱਖ ਮੰਤਰੀ ਹਨ। ਕਾਨੂੰਨ ਕਹਿੰਦਾ ਹੈ ਕਿ ਜੇ ਰਾਜਪਾਲ ਨੂੰ ਲੱਗੇ ਕਿ ਸਰਕਾਰ ਨਹੀਂ ਬਣ ਸਕਦੀ ਤਾਂ ਕੇਂਦਰ ਨੂੰ ਰਿਪੋਰਟ ਭੇਜਣ ਤੋਂ ਬਾਅਦ ਸੰਵਿਧਾਨ ਦੀ ਧਾਰਾ 352 ਤਹਿਤ ਰਾਸ਼ਟਰਪਤੀ ਰਾਜ ਲਾਇਆ ਜਾਂਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਤੋਂ ਬਾਅਦ ਸਰਕਾਰ ਨਹੀਂ ਬਣ ਸਕਦੀ। ਜਦੋਂ ਵੀ ਕੋਈ ਦਲ ਜਾਂ ਗੱਠਜੋੜ ਇਹ ਦਾਅਵਾ ਕਰੇ ਕਿ ਉਹ ਸਰਕਾਰ ਬਣਾ ਸਕਦੇ ਹਨ ਤਾਂ ਰਾਸ਼ਟਰਪਤੀ ਸ਼ਾਸਨ ਹਟਾ ਕੇ ਸਰਕਾਰ ਬਣ ਸਕਦੀ ਹੈ। ਇਕੋ ਜਿਹੀ ਵਿਚਾਰਧਾਰਾ ਵਾਲੀਆਂ ਦੋ ਪਾਰਟੀਆਂ ਵਿਚਾਲੇ ਸੱਤਾ ਵਿਚ ਹਿੱਸੇਦਾਰੀ ਦੇ ਝਗੜੇ ਕਾਰਨ ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲੱਗਣਾ ਲੋਕਤੰਤਰ ਲਈ ਠੀਕ ਨਹੀਂ ਹੈ। ਜੇ ਸਰਕਾਰ ਨਹੀਂ ਬਣਦੀ ਤਾਂ ਜਨਤਾ 'ਤੇ ਦੁਬਾਰਾ ਚੋਣਾਂ ਦਾ ਬੋਝ ਪੈ ਜਾਵੇਗਾ।