ਏਕਤਾ ਦਾ ਸਬੱਬ ਬਣਨ ਪੰਥਕ ਦਿਹਾੜੇ
ਨੌਵੇਂ ਪਾਤਸ਼ਾਹ ਨੇ ਆਪਣੀ ਸ਼ਹਾਦਤ ਨਾਲ ਇਸ ਖਿੱਤੇ ’ਚ ਧਾਰਮਿਕ ਆਜ਼ਾਦੀ ਦੀ ਬਹੁਤ ਗਹਿਰੀ ਤੇ ਮਜ਼ਬੂਤ ਨੀਂਹ ਰੱਖੀ ਜਿਸ ਉੱਤੇ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਸਿੱਖਿਆਵਾਂ ਨੂੰ ਪ੍ਰਣਾਏ ਹੁੰਦਿਆਂ ਸਮਾਜ ਸਿਰਜਣ ਦੀ ਵੱਡੀ ਲੋੜ ਹੈ। ਇਸ ਗੱਲ ਤੋਂ ਕੋਈ ਵੀ ਮੁੱਕਰ ਨਹੀਂ ਸਕਦਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਤੇ ਜੰਞੂ ਦੀ ਰਾਖੀ ਲਈ ਸ਼ਹਾਦਤ ਦਿੱਤੀ।
Publish Date: Mon, 24 Nov 2025 11:39 PM (IST)
Updated Date: Tue, 25 Nov 2025 07:48 AM (IST)

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਖ਼ਾਲਸਾ ਪੰਥ ਵੱਲੋਂ ਵੱਡੇ ਪੱਧਰ ਉੱਤੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਈ ਜਾ ਰਹੀ ਹੈ। ਇਹ ਸਾਡੀ ਪੀੜ੍ਹੀ ਲਈ ਇਤਿਹਾਸਕ ਮੌਕਾ ਹੈ ਜਦੋਂ ਸ਼ਹੀਦੀ ਸ਼ਤਾਬਦੀ ਦੇ ਨਾਲ-ਨਾਲ ਅਸੀਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਦੀ ਵੀ 350 ਸਾਲਾ ਸ਼ਤਾਬਦੀ ਮਨਾ ਰਹੇ ਹਾਂ।
ਨੌਵੇਂ ਪਾਤਸ਼ਾਹ ਨੇ ਆਪਣੀ ਸ਼ਹਾਦਤ ਨਾਲ ਇਸ ਖਿੱਤੇ ’ਚ ਧਾਰਮਿਕ ਆਜ਼ਾਦੀ ਦੀ ਬਹੁਤ ਗਹਿਰੀ ਤੇ ਮਜ਼ਬੂਤ ਨੀਂਹ ਰੱਖੀ ਜਿਸ ਉੱਤੇ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਸਿੱਖਿਆਵਾਂ ਨੂੰ ਪ੍ਰਣਾਏ ਹੁੰਦਿਆਂ ਸਮਾਜ ਸਿਰਜਣ ਦੀ ਵੱਡੀ ਲੋੜ ਹੈ। ਇਸ ਗੱਲ ਤੋਂ ਕੋਈ ਵੀ ਮੁੱਕਰ ਨਹੀਂ ਸਕਦਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਤੇ ਜੰਞੂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਪੰਡਿਤ ਕਿਰਪਾ ਰਾਮ ਦੀ ਅਗਵਾਈ ’ਚ ਕਸ਼ਮੀਰੀ ਪੰਡਿਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਕੋਲ ਆ ਕੇ ਰੱਖਿਆ ਲਈ ਅਰਜ਼ੋਈ ਕੀਤੀ। ਨੌਂ ਸਾਲ ਦੀ ਉਮਰ ’ਚ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ) ਜੀ ਨੇ ਸਹਿਜ-ਸੁਭਾਅ ਹੀ ਆਪਣੇ ਗੁਰੂ ਪਿਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਨਾਲੋਂ ਸਤਿ ਪੁਰਖ ਅਤੇ ਮਹਾਤਮਾ ਹੋਰ ਕੌਣ ਹੋ ਸਕਦਾ ਹੈ। ਜੇ ਉਸ ਸਮੇਂ ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਇਸ ਦੇਸ਼ ਦਾ ਨਕਸ਼ਾ ਜੋ ਅੱਜ ਹੈ, ਇਹ ਨਾ ਹੁੰਦਾ। ਕੁਝ ਖੱਬੇ-ਪੱਖੀ ਲੋਕ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਕੇਵਲ ਮਨੁੱਖੀ ਅਧਿਕਾਰਾਂ ਨਾਲ ਜੋੜ ਕੇ ਵੇਖਦੇ ਹਨ ਜਦਕਿ ਇਸੇ ਤਰ੍ਹਾਂ ਸੱਜੇ-ਪੱਖੀ ਕੁਝ ਲੋਕ ਇਸ ਅਦੁੱਤੀ ਸਾਕੇ ਨੂੰ ਆਪਣੀ ਧਾਰਮਿਕ ਆਜ਼ਾਦੀ ਦੀ ਰੱਖਿਆ ਵਜੋਂ ਦੇਖਦੇ ਹਨ ਪਰ ਗੁਰੂ ਸਾਹਿਬ ਦਾ ਸਿਧਾਂਤ ਤੇ ਪਰਉਪਕਾਰ ਵਿਸ਼ਵ-ਵਿਆਪੀ ਹੈ ਅਤੇ ਸਾਰੀ ਮਨੁੱਖਤਾ ਨੂੰ ਕਲਾਵੇ ਵਿਚ ਲੈਣ ਵਾਲਾ ਹੈ। ਇਸ ਅਦੁੱਤੀ ਸਾਕੇ ਤੇ ਨੌਵੇਂ ਪਾਤਸ਼ਾਹ ਦੀ ਦੂਰਅੰਦੇਸ਼ੀ ਨੂੰ ਬਿਆਨ ਕਰਨਾ ਇੰਨਾ ਸੁਖਾਲਾ ਨਹੀਂ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਾਹਿਬ ਦੀ ਸ਼ਹਾਦਤ ਲਈ-‘ਕੀਨੋ ਬਡੋ ਕਲੂ ਮਹਿ ਸਾਕਾ।।’ ਲਿਖਿਆ ਹੈ। ਇਸ ਤੁਕ ਨੂੰ ਸਹਿਜੇ ਸਮਝੀਏ ਤਾਂ ਇਸ ਦਾ ਭਾਵ ਹੈ ਕਿ ਗੁਰੂ ਸਾਹਿਬ ਨੇ ਕਲਯੁੱਗ ਵਿਚ ਵੱਡਾ ਸਾਕਾ ਵਰਤਾਇਆ ਹੈ। ਔਰੰਗਜ਼ੇਬ ਦਾ ਰਾਜ ਇਸ ਖਿੱਤੇ ਦੇ ਲੋਕਾਂ ਉੱਤੇ ਕਲਯੁੱਗ ਦਾ ਕਹਿਰ ਢਾਹ ਰਿਹਾ ਸੀ ਜਦੋਂ ਨੌਵੇਂ ਪਾਤਸ਼ਾਹ ਨੇ ਵੱਡੀ ਸ਼ਹਾਦਤ ਦੇ ਕੇ ਜੁਲਮੀ ਰਾਜ ਦੀਆਂ ਜੜ੍ਹਾਂ ਪੁੱਟਣ ਦਾ ਮੁੱਢ ਬੰਨ੍ਹਿਆ। ਸਾਕਾ ਦਾ ਭਾਵ ਹੈ-ਇਕ ਇਤਿਹਾਸਕ ਘਟਨਾ, ਖ਼ਾਸ ਕਰਕੇ ਜਿਸ ’ਚ ਦੁਰਲੱਭ ਬਹਾਦਰੀ ਜਾਂ ਸ਼ਹਾਦਤ ਸ਼ਾਮਲ ਹੋਵੇ। ਇਹ ਸਮਝਣ ਦੀ ਲੋੜ ਹੈ ਕਿ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਤਾਂ ਉਸ ਵੇਲੇ ਵਿਸ਼ਵ ਦੇ ਵੱਖ-ਵੱਖ ਖਿੱਤਿਆਂ ’ਚ ਹਾਕਮੀ ਤਾਕਤ ਦੇ ਵਿਰੋਧ ਦੀ ਸਜ਼ਾ ਸਿਰ ਕਲਮ ਕਰਨ ਦੀ ਹੁੰਦੀ ਸੀ। ਗੁਰੂ ਸਾਹਿਬ ਨੇ ਇਸ ਖਿੱਤੇ ’ਚ ਆਪਣੀ ਸ਼ਹਾਦਤ ਨਾਲ ਇਕ ਐਸੀ ਚੇਤਨਤਾ ਤੇ ਚਿਣਗ ਜਗਾਈ ਜਿਸ ਦਾ ਅਨੰਦ ਅੱਜ ਅਸੀਂ ਸਭ ਮਾਣ ਰਹੇ ਹਾਂ।
ਜਿੱਥੇ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰ ਰਹੇ ਹਾਂ, ਉੱਥੇ ਹੀ ਉਨ੍ਹਾਂ ਦੇ ਤਿੰਨ ਅਨਿੰਨ ਸਿੱਖਾਂ–ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਨੂੰ ਯਾਦ ਕਰਨਾ ਵੀ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਸਿੱਖੀ ਸਿਦਕ ਵਿਚ ਪੱਕੇ ਰਹੇ ਤੇ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦੇ ਸਰੋਤ ਬਣੇ। ਜਿਵੇਂ ਦਸਵੇਂ ਪਾਤਸ਼ਾਹ ਨੇ ਲਿਖਿਆ ਹੈ–ਧਰਮ ਹੇਤਿ ਸਾਕਾ ਜਿਨਿ ਕੀਆ।। ਸੀਸੁ ਦੀਆ ਪਰ ਸਿਰਰੁ ਨ ਦੀਆ।।’–ਉਵੇਂ ਹੀ ਅੱਜ ਲੋੜ ਹੈ ਕਿ ਸਿੱਖ ਆਪਣੇ ਧਰਮ ਵਿਚ ਪਰਪੱਕ ਰਹਿਣ ਤੇ ਸਾਬਤ-ਸੂਰਤ ਸਿੱਖ ਪਛਾਣ ਕਾਇਮ ਰੱਖਣ। ਗੁਰੂ ਸਾਹਿਬ ਸਿੱਖਾਂ ਦੇ ਨਾਲ-ਨਾਲ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਇਹੀ ਸਿੱਖਿਆ ਦਿੰਦੇ ਹਨ ਕਿ ਉਹ ਆਪੋ-ਆਪਣੇ ਧਰਮ ਵਿਚ ਪੱਕੇ ਰਹਿਣ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖੀ ਸਿਧਾਂਤ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹੈ। ਗੁਰੂ ਦਾ ਸਿਧਾਂਤ ਹਮੇਸ਼ਾ ਇਹ ਰਿਹਾ ਹੈ ਕਿ ਦੁਨੀਆ ਵਿਚ ਕਿਤੇ ਵੀ ਕਿਸੇ ਦੀ ਧਾਰਮਿਕ ਆਜ਼ਾਦੀ ਨਾਲ ਕੋਈ ਧੱਕਾ ਨਾ ਕੀਤਾ ਜਾਵੇ, ਕਿਸੇ ਦੀ ਵੀ ਧਾਰਮਿਕ ਪਛਾਣ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜਾਂ ਉਸ ਨੂੰ ਖ਼ਤਮ ਨਾ ਕੀਤਾ ਜਾਵੇ। ਹਰ ਧਰਮ ਦੇ ਲੋਕਾਂ ਨੂੰ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦਾ ਪੂਰਾ ਹੱਕ ਹੈ, ਇਸ ਲਈ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਇਹ ਵੱਡਾ ਸੰਕਲਪ ਵੀ ਹੈ। ਅੱਜ ਜੇ ਸਿੱਖਾਂ ਦੇ ਆਪਣੇ ਹੀ ਦੇਸ਼ ਅੰਦਰ ਕਿਤੇ ਸਿੱਖ ਕਕਾਰ–ਕਿਰਪਾਨ ਜਾਂ ਕੜਾ ਲੁਹਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਦੇਸ਼ ਦੇ ਹਾਕਮਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹਾ ਵਿਤਕਰਾ ਕਰਨ ਵਾਲਿਆਂ ਨੂੰ ਸਜ਼ਾ ਮਿਲੇ, ਦੇਸ਼ ਭਰ ’ਚ ਮਿਸਾਲ ਕਾਇਮ ਹੋਵੇ ਤਾਂ ਜੋ ਦੁਬਾਰਾ ਅਜਿਹਾ ਕੋਈ ਨਾ ਕਰ ਸਕੇ।
ਅਜਿਹਾ ਵਿਤਕਰੇ ਨਾਲ ਭਰਿਆ ਵਰਤਾਰਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਉੱਤੇ ਹਮਲਾ ਹੈ, ਜਿਸ ਨੂੰ ਸਿੱਖ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਵਿਲੱਖਣ ਤੇ ਅੱਡਰੀ ਪਛਾਣ ਦੇ ਕੇ ਨਿਵਾਜਿਆ ਹੈ। ਨੌਵੇਂ ਪਾਤਸ਼ਾਹ ਦੀ ਬਾਣੀ ਵਿਚ ਦਰਜ ਸਿੱਖ ਸਿਧਾਂਤ–‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।। ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।।’ ਨੂੰ ਸਮਝਣ ਦੀ ਲੋੜ ਹੈ। ਸਿੱਖ ਇਸ ਸਿਧਾਂਤ ਉੱਤੇ ਚੱਲਦਿਆਂ ਨਾ ਕਿਸੇ ਨੂੰ ਡਰਾਉਂਦੇ ਹਨ ਤੇ ਨਾ ਕਿਸੇ ਦੇ ਡਰਾਵੇ ਨੂੰ ਮੰਨਦੇ ਹਨ, ਬਲਕਿ ਸਿੱਖ ਨਿਰਭਉ ਤੇ ਨਿਰਵੈਰ ਵਾਲਾ ਜੀਵਨ ਬਤੀਤ ਕਰਦੇ ਹਨ ਪਰ ਜੇ ਕੋਈ ਉਨ੍ਹਾਂ ’ਤੇ ਚੜ੍ਹ ਕੇ ਆਵੇ ਤਾਂ ਉਹ ਉਸ ਦਾ ਜਵਾਬ ਆਪਣੀਆਂ ਰਵਾਇਤਾਂ ਮੁਤਾਬਕ ਦੇਣਾ ਜਾਣਦੇ ਹਨ। ਭਾਰਤ ਅੰਦਰ ਵੱਖ-ਵੱਖ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਵੱਲੋਂ ਵੀ ਨੌਵੇਂ ਪਾਤਸ਼ਾਹ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੁੰਦਿਆਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਚੰਗੀ ਗੱਲ ਹੈ ਕਿ ਦੇਸ਼ ਦੀਆਂ ਹੁਕਮਰਾਨ ਧਿਰਾਂ ਕਿਸੇ ਹੱਦ ਤੱਕ ਨੌਵੇਂ ਪਾਤਸ਼ਾਹ ਦੇ ਪਰਉਪਕਾਰ ਨੂੰ ਯਾਦ ਕਰਦਿਆਂ ਸਮਾਗਮ ਕਰ ਰਹੀਆਂ ਹਨ ਪਰ ਉੱਥੇ ਹੀ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਕੀ ਅੱਜ ਦੇਸ਼ ਦੇ ਹਾਕਮ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਸਿੱਖਾਂ ਨਾਲ ਨਿਆਂਪੂਰਨ ਹਨ ਜਾਂ ਨਹੀਂ।
ਪੰਜਾਬ ਅੰਦਰ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 350 ਸਾਲਾ ਸ਼ਹੀਦੀ ਨੂੰ ਸਮਰਪਿਤ ਹੁੰਦਿਆਂ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ’ਚ ਸੰਗਤ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਕੌਮ ਨੂੰ ਵੰਡਣ ਵਾਲੀ ਦਿਸ਼ਾ ’ਚ ਨਹੀਂ ਹੋਣੇ ਚਾਹੀਦੇ ਸਨ ਤੇ ਸਰਕਾਰਾਂ ਨੂੰ ਸਿੱਖ ਸੰਸਥਾ ਦਾ ਧਾਰਮਿਕ ਸਮਾਗਮਾਂ ’ਚ ਸਹਿਯੋਗ ਕਰਨਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ। ਇਹ ਪੱਖ ਵੀ ਸਰਕਾਰ ਦਾ ਕਮਜ਼ੋਰ ਨਜ਼ਰ ਆਇਆ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੁੰਦਿਆਂ ਸ਼ਤਾਬਦੀ ਮੌਕੇ ਕੋਈ ਵੱਡੀ ਯਾਦਗਾਰ ਜਾਂ ਪ੍ਰਾਜੈਕਟ ਸਥਾਪਤ ਕਰਨ ’ਚ ਪੱਛੜੀ ਰਹੀ ਹੈ। ਕੀ ਇਹ ਕਾਰਗੁਜ਼ਾਰੀ ਗੁਰੂ ਸਾਹਿਬ ਦੇ ਸੰਦੇਸ਼ ਦੀ ਅਣਦੇਖੀ ਤੇ ਸਿੱਖ ਸੰਸਥਾਵਾਂ ਨੂੰ ਬੌਣਾ ਕਰਨ ਦੀ ਹਰਕਤ ਵਜੋਂ ਸਿੱਖ ਇਤਿਹਾਸ ’ਚ ਦਰਜ ਨਹੀਂ ਹੋਵੇਗੀ। ਮੈਂ ਸਿੱਖ ਕੌਮ ਦਾ ਸੇਵਾਦਾਰ ਹੁੰਦਿਆਂ ਮਹਿਸੂਸ ਕਰਦਾ ਹਾਂ ਕਿ ਅਜਿਹੇ ਇਤਿਹਾਸਕ ਦਿਹਾੜੇ ਜਿੱਥੇ ਕੌਮੀ ਏਕਤਾ ਲਈ ਚੰਗੇ ਮੌਕੇ ਹੁੰਦੇ ਹਨ, ਉੱਥੇ ਹੀ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਲਈ ਵੀ ਮੰਥਨ ਦਾ ਸਹੀ ਸਮਾਂ ਹਨ। ਇਹ ਸ਼ਹੀਦੀ ਸ਼ਤਾਬਦੀ ਕਈ ਪੱਖਾਂ ਤੋਂ ਕੌਮ ਨੂੰ ਚਿੰਤਨ ਕਰਨ ਲਈ ਪ੍ਰੇਰਿਤ ਕਰਦੀ ਹੈ। ਅੱਜ ਕੌਮ ਨੂੰ ਦੇਸ਼ ਦੁਨੀਆ ਅੰਦਰ ਕਈ ਚੁਣੌਤੀਆਂ ਦਰਪੇਸ਼ ਹਨ ਜਿਨ੍ਹਾਂ ਦੇ ਸਰਲੀਕਰਨ ਲਈ ਸੋਚਣਾ ਬਣਦਾ ਹੈ। ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਕੌਮ ਲਈ ਬੁਲੰਦ ਆਵਾਜ਼ ਦੀ ਮੰਗ ਕਰ ਰਿਹਾ ਹੈ। ਇਹ ਸਰਕਾਰਾਂ ਲਈ ਵੀ ਸੋਚਣ ਦਾ ਵਿਸ਼ਾ ਹੈ ਕਿ ਕਿਸੇ ਨੂੰ ਕਿੰਨੇ ਸਾਲਾਂ ਤੱਕ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਬੰਦ ਰੱਖਿਆ ਜਾ ਸਕਦਾ ਹੈ। ਜੇ ਸਰਕਾਰ ਨੇ ਸੰਵਿਧਾਨ ਦੀ ਸੱਚੀ ਪਾਲਣਹਾਰ ਬਣਨਾ ਹੈ ਤਾਂ ਇਸ ਸ਼ਹੀਦੀ ਸ਼ਤਾਬਦੀ ਮੌਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਸੰਵਿਧਾਨਕ ਫਰਜ਼ ਨਿਭਾਏ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਇਲਜ਼ਾਮ ਤੋਂ ਬਚੇ।
ਸਰਕਾਰਾਂ ਧਾਰਮਿਕ ਸਰੋਕਾਰਾਂ ਤੇ ਅਕੀਦਿਆਂ ਪ੍ਰਤੀ ਸੰਜੀਦਾ ਹੁੰਦਿਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਆਪਸੀ ਪ੍ਰੇਮ, ਸਤਿਕਾਰ ਤੇ ਇਤਫ਼ਾਕ ਨੂੰ ਆਪਣੀ ਨੀਤੀ ਦਾ ਹਿੱਸਾ ਬਣਾਉਣ ਤੇ ਦੇਸ਼ ਅੰਦਰ ਘੱਟ-ਗਿਣਤੀਆਂ ਨੂੰ ਦਬਾਉਣ ਵਾਲੀਆਂ ਤਾਕਤਾਂ ’ਤੇ ਕਾਰਵਾਈਆਂ ਕਰਨ। ਇਸ ਦਿਹਾੜੇ ’ਤੇ ਮੈਂ ਇਹ ਉਮੀਦ ਰੱਖਦਾ ਹਾਂ ਕਿ ਗੁਰੂ ਸਾਹਿਬ ਦੇ ਸੰਦੇਸ਼ ਦੀ ਰੋਸ਼ਨੀ ’ਚ ਪੂਰੀ ਮਾਨਵਤਾ ਸੁਖਦ ਵਸੇ ਤੇ ਭਵਿੱਖ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਨਿਰਧਾਰਤ ਕਰੇ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਮਗਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਅੱਜ ਲੋੜ ਹੈ ਕਿ ਅਸੀਂ ਉਸ ਖ਼ਾਲਸਈ ਸੋਚ ਨੂੰ ਪ੍ਰਣਾਏ ਹੋਈਏ। ਆਓ! ਦੇਸ਼, ਕੌਮ ਤੇ ਸਮਾਜ ਲਈ ਆਪਣੀ ਜ਼ਿੰਮੇਵਾਰੀ ਸਮਝੀਏ ਤੇ ਹਰ ਬਸ਼ਰ ਦੀ ਖ਼ੁਸ਼ਹਾਲੀ ਲਈ ਅਰਦਾਸ ਕਰੀਏ।
-ਗਿਆਨੀ ਕੁਲਦੀਪ ਸਿੰਘ ਗੜਗੱਜ
-(ਕਾਰਜਕਾਰੀ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ)।