ਮਾਸਟਰ ਤਾਰਾ ਸਿੰਘ ਜੀ ਦੀ ਦੇਣ ਅਤੇ ਪੰਥ ਦੀ ਬੇਲਾਗ ਸੇਵਾ ਅਦੁੱਤੀ ਹੈ। ਦੂਸਰੀ ਆਲਮੀ ਜੰਗ ਦੌਰਾਨ 1942 ਵਿਚ ਕਾਂਗਰਸ ਨੇ ‘ਦੇਸ਼ ਛੱਡੋ’ ਦਾ ਨਾਅਰਾ ਦੇ ਕੇ ਫ਼ੌਜੀ ਭਰਤੀ ਦੇ ਬਾਈਕਾਟ ਦਾ ਨਾਅਰਾ ਦਿੱਤਾ। ਦੂਰ-ਅੰਦੇਸ਼ ਮਾਸਟਰ ਤਾਰਾ ਸਿੰਘ ਨੇ ਆਉਣ ਵਾਲੇ ਸਮੇਂ ਦੀ ਨਜ਼ਾਕਤ ਵੇਖਦਿਆਂ ਸਿੱਖਾਂ ਨੂੰ ਵੱਧ ਤੋਂ ਵੱਧ ਫ਼ੌਜ ਵਿਚ ਭਰਤੀ ਹੋਣ ਦਾ ਸੰਦੇਸ਼ ਦਿੱਤਾ। ਇਸ ਸਮੇਂ ਵਿਚ ਬੜੀ ਵੱਡੀ ਗਿਣਤੀ ਵਿਚ ਸਿੱਖ ਫ਼ੌਜ ਵਿਚ ਭਰਤੀ ਹੋਏ।

24 ਜੂਨ 1885 ਨੂੰ ਰਾਵਲਪਿੰਡੀ ਦੇ ਨਿੱਕੇ ਜਿਹੇ ਗਰਾਂ ਹਰਿਆਲ ਵਿਚ ਜਨਮੇ ਮਾਸਟਰ ਤਾਰਾ ਸਿੰਘ ਜੀ ਦੇ ਜਨਮ ਦਾ ਇਹ 138ਵਾਂ ਸਾਲ ਹੈ। ਦੇਸ਼ ਅਤੇ ਕੌਮ ਦੀ ਜੋ ਅਦੁੱਤੀ ਖਿਦਮਤ ਮਾਸਟਰ ਤਾਰਾ ਸਿੰਘ ਨੇ ਕੀਤੀ, ਜਾਪਦਾ ਹੈ ਕਿ ਨਾ ਕੇਵਲ ਦੇਸ਼ ਵੱਲੋਂ ਬਲਕਿ ਸਿੱਖ ਕੌਮ ਵੱਲੋਂ ਵੀ ਆਪਣੇ ਮਹਾਨ ਆਗੂ ਦੇ ਇਤਿਹਾਸਕ ਰੋਲ ਅਤੇ ਦੇਣ ਨੂੰ ਭੁਲਾ ਦਿੱਤਾ ਗਿਆ ਹੈ। ਰਾਜਨੀਤਕ ਧਰਾਤਲ ’ਤੇ ਸਿੱਖ ਕੌਮ ਲਈ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦਾ ਰੁਤਬਾ ਉਹੀ ਹੈ ਜੋ ਪਾਕਿਸਤਾਨ ਲਈ ਉਸ ਦੇ ਬਾਬਾ-ਏ ਕੌਮ ਮੁਹੰਮਦ ਅਲੀ ਜਿਨਾਹ ਅਤੇ ਹਿੰਦੁਸਤਾਨ ਲਈ ਇਸ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਹੈ।
ਮਾਸਟਰ ਤਾਰਾ ਸਿੰਘ 1920 ਤੋਂ ਲੈ ਕੇ 1970 ਤਕ ਦੇ ਪੰਜਾਬ ਦੇ ਇਤਿਹਾਸ ਦੇ ਕੇਂਦਰੀ ਬਿੰਦੂ ਅਤੇ ਸੂਤਰਧਾਰ ਰਹੇ ਹਨ। ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਕਮੇਟੀ ਦੀ ਕਾਇਮੀ, ਦੇਸ਼ ਦੀ ਵੰਡ ਸਮੇਂ ਸਿੱਖ ਕੌਮ ਦੀ ਤੀਸਰੀ ਧਿਰ ਵਜੋਂ ਪ੍ਰਵਾਨਗੀ ਅਤੇ ਬਾਅਦ ਵਿਚ ਪੰਜਾਬੀ ਸੂਬੇ ਦੀ ਜਦੋਜਹਿਦ ਅਤੇ ਆਪਣੇ ਜੀਵਨ ਕਾਲ ਦੀ ਸੰਧਿਆ ਸਮੇਂ ‘ਸਿੱਖ ਹੋਮਲੈਂਡ’ ਦੀ ਪ੍ਰਾਪਤੀ ਲਈ ਜੂਝਣਾ ਮਾਸਟਰ ਜੀ ਦੀ ਜੁਝਾਰੂ ਬਿਰਤੀ ਅਤੇ ਉਨ੍ਹਾਂ ਦੇ ਦਿ੍ਰੜ੍ਹ ਇਰਾਦੇ ਨੂੰ ਦਰਸਾਉਂਦਾ ਹੈ। ਇਸ ਵਿਚ ਅਤਿਕਥਨੀ ਨਹੀਂ ਕਿ ਮਾਸਟਰ ਜੀ ਦੇ ਜੀਵਨ ਕਾਲ ਵਿਚ ਜਿਸ ਕਿਸੇ ਨੇ ਵੀ ਪੰਜਾਬ ਤੇ ਪੰਥਕ ਪਿੜ ਵਿਚ ਕੋਈ ਰੁਤਬਾ ਜਾਂ ਪ੍ਰਵਾਨਗੀ ਪ੍ਰਾਪਤ ਕੀਤੀ ਹੈ ਤਾਂ ਉਹ ਮਾਸਟਰ ਜੀ ਦੀ ਵਿਰੋਧਤਾ ਕਰ ਕੇ ਜਾਂ ਉਨ੍ਹਾਂ ਦੀ ਹਮਾਇਤ ਕਰ ਕੇ ਹੀ ਹਾਸਲ ਕੀਤੀ ਹੈ।
ਮਾਸਟਰ ਤਾਰਾ ਸਿੰਘ ਨੇ ਪੰਥ ਦੇ ਦਿਲਾਂ ’ਤੇ 50 ਸਾਲ ਰਾਜ ਕੀਤਾ। ਕੋਈ ਵੀ ਧਿਰ ਜਾਂ ਸਰਕਾਰ ਨਾ ਤਾਂ ਮਾਸਟਰ ਜੀ ਨੂੰ ਖ਼ਰੀਦ ਸਕੀ ਅਤੇ ਨਾ ਕਦੇ ਉਨ੍ਹਾਂ ਨੂੰ ਡਰਾ ਜਾਂ ਦਬਕਾ ਹੀ ਸਕੀ। ਸਰਦਾਰ ਕਪੂਰ ਸਿੰਘ ਅਨੁਸਾਰ ਮਾਸਟਰ ਜੀ ਦੇ ਜੀਵਨ ਕਾਲ ਦੇ ਅਖ਼ੀਰਲੇ ਸਮੇਂ ਵਿਚ ਕੁਚਾਲਾਂ ਨਾਲ ਆਪਣਿਆਂ ਨੇ ਹੀ ਮਾਸਟਰ ਜੀ ਨੂੰ ਪੰਥਕ ਪਿੜ ਵਿੱਚੋਂ ਦਰ-ਬ-ਦਰ ਕੀਤਾ ਸੀ। ਇਸ ਦੇ ਨਾਲ ਹੀ ਮਾਸਟਰ ਜੀ ਦੀ ਦੇਣ ਅਤੇ ਪੰਥ ਨੂੰ ਆਪਣੇ ਨਿਸ਼ਾਨੇ ਤੋਂ ਭਟਕਾਉਣ ਲਈ ਇਹ ਭੰਡੀ ਪ੍ਰਚਾਰ ਕੀਤਾ ਗਿਆ ਕਿ ਦੇਸ਼ ਦੀ ਵੰਡ ਸਮੇਂ ਸਿੱਖ ਸਟੇਟ ਜਾਂ ਖਾਲਿਸਤਾਨ ਮਿਲਦਾ ਸੀ ਪਰ ਮਾਸਟਰ ਤਾਰਾ ਸਿੰਘ ਨੇ ਨਹੀਂ ਲਿਆ।
ਸੰਨ 1947 ਵਿਚ ਮਾਸਟਰ ਤਾਰਾ ਸਿੰਘ ਨੇ ਲਾਹੌਰ ਕਿਲੇ੍ਹ ’ਤੇ ਲੱਗਾ ਪਾਕਿਸਤਾਨ ਦਾ ਝੰਡਾ ਫਾੜਿਆ ਸੀ। ਡਾਕਟਰ ਅੰਬੇਡਕਰ ਸਿੰਘ ਸਜਣਾ ਚਾਹੁੰਦੇ ਸਨ ਪਰ ਮਾਸਟਰ ਜੀ ਨੇ ਇਹ ਨਹੀਂ ਹੋਣ ਦਿੱਤਾ। ਦੇਸ਼ ਦੀ ਵੰਡ ਸਮੇਂ ਦੀਆਂ ਸਾਰੀਆਂ ਮੀਟਿੰਗਾਂ ਅਤੇ ਗੱਲਬਾਤ ਦੇ ਸਾਰੇ ਦਸਤਾਵੇਜ਼ ਹੁਣ ਮੌਜੂਦ ਹਨ। ਕਿਸੇ ਵੀ ਲਿਖਤ, ਦਸਤਾਵੇਜ਼ ਜਾਂ ਰਿਕਾਰਡ ਵਿਚ ਆਜ਼ਾਦ ਸਿੱਖ ਸਟੇਟ ਜਾਂ ਖਾਲਿਸਤਾਨ ਮਿਲਣ ਜਾਂ ਪੇਸ਼ਕਸ਼ ਦਾ ਕੋਈ ਵੀ ਜ਼ਿਕਰ ਨਹੀਂ ਹੈ। ਦੇਸ਼ ਦੀ ਵੰਡ ’ਤੇ ਗੰਭੀਰਤਾ ਨਾਲ ਖੋਜ ਕਰਨ ਵਾਲੇ ਉੱਘੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਇਸ ਬਾਰੇ ਦੱਸਦੇ ਹਨ ਕਿ ਸਿੱਖ ਸਟੇਟ ਜਾਂ ਖਾਲਿਸਤਾਨ ਨਹੀਂ ਬਲਕਿ ਪਾਕਿਸਤਾਨ ਦੇ ਕਾਇਦੇ ਆਜ਼ਮ ਮੁਹਮੰਦ ਅਲੀ ਜਿਨਾਹ ਵੱਲੋਂ ਸਿੱਖਾਂ ਨੂੰ ਮੁਸਲਿਮ ‘ਨੇਸ਼ਨ’ ਪਾਕਿਸਤਾਨ ਵਿਚ ‘ਸਬ-ਨੇਸ਼ਨ’ ਦੀ ਅਧੀਨਗੀ ਵਾਲੇ ਰੁਤਬੇ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਪੇਸ਼ਕਸ਼ ਵੀ ਲਿਖਤੀ ਨਹੀਂ ਬਲਕਿ ਮੂੰਹ-ਜ਼ੁਬਾਨੀ ਸੀ ਅਤੇ ਮਾਸਟਰ ਜੀ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਕੀ ਦਸ ਸਾਲ ਬਾਅਦ ਜੇ ਸਿੱਖ ਇਸ ਮੁਸਲਿਮ ਸਟੇਟ ਤੋਂ ਬਾਹਰ ਆਉਣਾ ਚਾਹੁਣਗੇ ਤਾਂ ਕੀ ਇਸ ਦੀ ਇਜਾਜ਼ਤ ਹੋਵੇਗੀ। ਜਿਨਾਹ ਦਾ ਸਪਸ਼ਟ ਉੱਤਰ ਸੀ, ‘ਬਿਲਕੁਲ ਨਹੀਂ’।
ਸੋ ਇਹ ਸਿੱਖ ਸਟੇਟ ਜਾਂ ਖਾਲਿਸਤਾਨ ਮਿਲਣ ਅਤੇ ਇਸ ਤੋਂ ਇਨਕਾਰ ਕਰਨ ਦੀ ਗੱਲ ਮਹਿਜ਼ ਸ਼ੋਸ਼ਾ ਅਤੇ ਭੰਡੀ ਪ੍ਰਚਾਰ ਹੈ। ਇਕ ਹੋਰ ਕਹਾਣੀ ਪ੍ਰਚਾਰਿਤ ਕੀਤੀ ਗਈ ਕਿ 3 ਮਾਰਚ 1947 ਨੂੰ ਮਾਸਟਰ ਤਾਰਾ ਸਿੰਘ ਨੇ ਲਾਹੌਰ ਅਸੈਂਬਲੀ ’ਤੇ ਲੱਗਾ ਪਾਕਿਸਤਾਨ ਦਾ ਝੰਡਾ ਫਾੜ ਦਿੱਤਾ ਸੀ। ਮਾਰਚ 1947 ਵਿਚ ਜਦੋਂ ਖਿਜ਼ਰ ਹਯਾਤ ਦੀ ਯੂਨੀਅਨਿਸਟ ਵਜ਼ਾਰਤ ਹਾਰ ਗਈ ਅਤੇ ਉਸ ਦੀ ਬਜਾਏ ਮੁਸਲਿਮ ਲੀਗ ਦੀ ਵਜ਼ਾਰਤ ਬਣਨੀ ਸੀ ਤਾਂ ਉਸ ਵੇਲੇ ਪੰਜਾਬ ਦੀ ਸਾਰੀ ਦੀ ਸਾਰੀ ਹਿੰਦੂ-ਸਿੱਖ ਜਨਤਾ ਅਕਾਲੀ ਦਲ ਅਤੇ ਮਾਸਟਰ ਜੀ ਨੂੰ ਆਪਣਾ ਆਗੂ ਮੰਨ ਚੁੱਕੀ ਸੀ।
ਇਹ ਪੰਥ ’ਤੇ ਇਕ ਗੰਭੀਰ ਸੰਕਟ ਸੀ ਕਿ ਦੇਸ਼ ਦਾ ਬਟਵਾਰਾ ਨਹੀਂ ਬਲਕਿ ਸਿੱਖਾਂ ਦਾ ਬਟਵਾਰਾ ਹੋਣਾ ਸੀ। ਉੱਤਰੀ-ਦੱਖਣੀ ਕੋਰੀਆ, ਪੂਰਬੀ-ਪੱਛਮੀ ਜਰਮਨੀ ਆਦਿ ਦੀ ਤਰਜ਼ ’ਤੇ ਸਿੱਖ ਕੌਮ ਦੋ ਟੁਕੜਿਆਂ ਵਿਚ ਵੰਡੀ ਜਾਣੀ ਸੀ। ਅੱਧੀ ਪਾਕਿਸਤਾਨ ਦੇ ਅਧੀਨ ਅਤੇ ਅੱਧੀ ਹਿੰਦੁਸਤਾਨ ਦੇ ਅਧੀਨ। ਸਿੱਖ ਪੰਥ ਲਈ ਇਹ ਇਕ ਲਗਾਤਾਰ ਕਾਇਮ ਰਹਿਣ ਵਾਲਾ ਘੱਲੂਘਾਰਾ ਸਾਬਿਤ ਹੋਣਾ ਸੀ। ਮਾਸਟਰ ਜੀ ਨੇ ਉਸ ਸਮੇਂ ਪੰਜਾਬ ਦੇ ਬਟਵਾਰੇ ਦੀ ਮੰਗ ਕੀਤੀ। ਕੌਮ ਦੇ ਵਾਹਿਦ ਅਤੇ ਸ਼ੇਰਦਿਲ ਅਤੇ ਦੂਰਅੰਦੇਸ਼ ਆਗੂ ਮਾਸਟਰ ਤਾਰਾ ਸਿੰਘ ਨੇ ਸੰਕਟ ਦੀ ਇਸ ਘੜੀ ਵਿਚ ਲਾਹੌਰ ਅਸੈਂਬਲੀ ਦੇ ਬਾਹਰ ਮੁਸਲਿਮ ਲੀਗ ਹਜੂਮ ਦੇ ਸਾਹਮਣੇ ਆਪਣੀ ‘ਸ੍ਰੀ ਸਾਹਿਬ‘ ਚੁੱਕ ਕੇ ‘ਪਾਕਿਸਤਾਨ ਮੁਰਦਾਬਾਦ’ ਦਾ ਨਾਅਰਾ ਮਾਰਿਆ। ਇਸ ਨਾਲ ਹਾਲਾਤ ਨੇ ਐਸਾ ਪਲਟਾ ਖਾਧਾ ਕਿ ਮੁਸਲਿਮ ਲੀਗ ਦਾ ਪੂਰੇ ਪੰਜਾਬ ਨੂੰ ਪਾਕਿਸਤਾਨ ਦਾ ਹਿੱਸਾ ਬਣਾਉਣ ਦਾ ਸੁਪਨਾ ਚਕਨਾਚੂਰ ਹੋ ਗਿਆ ਅਤੇ ਬਾਊਂਡਰੀ ਕਮਿਸ਼ਨ ਦੁਬਾਰਾ ਬਣਿਆ ਅਤੇ ਪੰਜਾਬ ਦਾ ਬਟਵਾਰਾ ਹੋਇਆ।
ਇਕ ਹੋਰ ਭੰਡੀ-ਪ੍ਰਚਾਰ ਕੀਤਾ ਜਾਂਦਾ ਹੈ ਕਿ ਉਸ ਸਮੇਂ ਬਾਬਾ ਸਾਹਿਬ ਡਾ. ਅੰਬੇਡਕਰ ਕਰੋੜਾਂ ਅਖੌਤੀ ਅਛੂਤਾਂ ਸਮੇਤ ਸਿੱਖ ਬਣਨਾ ਚਾਹੁੰਦੇ ਸਨ ਪਰ ਮਾਸਟਰ ਜੀ ਨੇ ਇਸ ਵਿਚ ਰੁਕਾਵਟ ਪਾਈ। ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਆਪਣੇ ਸਾਰੇ ਫ਼ਰਜ਼ ਅਦਾ ਕਰ ਕੇ ਬੰਬਈ ਵਿਚ ਖਾਲਸਾ ਕਾਲਜ ਬਣਵਾਇਆ, ਭਾਰਤ ਵਿਚ ਕਈ ਥਾਈਂ ਅਲੀਗੜ੍ਹ, ਹਾਪੁੜ, ਏਰਨਾਕੁਲਮ ਆਦਿ ਥਾਵਾਂ ’ਤੇ ਸਿੱਖ ਮਿਸ਼ਨ ਕਾਇਮ ਕੀਤੇ। ਇਸ ਬਾਰੇ ਹੁਣ ਸਾਰੇ ਦਸਤਾਵੇਜ਼ ਮੌਜੂਦ ਹਨ। ਇਸ ਵਿਚ ਵੱਡੀ ਰੁਕਾਵਟ ਬਣੀ ਮਹਾਤਮਾ ਗਾਂਧੀ ਦਾ ਇਹ ਕਹਿਣਾ ਕਿ ਜੇ ਅਛੂਤ ਸਿੱਖ ਬਣ ਗਏ ਤਾਂ ਮੈਂ ਮਰਨ ਵਰਤ ਰੱਖ ਲਵਾਂਗਾ।
ਮਾਸਟਰ ਤਾਰਾ ਸਿੰਘ ਜੀ ਦੀ ਦੇਣ ਅਤੇ ਪੰਥ ਦੀ ਬੇਲਾਗ ਸੇਵਾ ਅਦੁੱਤੀ ਹੈ। ਦੂਸਰੀ ਆਲਮੀ ਜੰਗ ਦੌਰਾਨ 1942 ਵਿਚ ਕਾਂਗਰਸ ਨੇ ‘ਦੇਸ਼ ਛੱਡੋ’ ਦਾ ਨਾਅਰਾ ਦੇ ਕੇ ਫ਼ੌਜੀ ਭਰਤੀ ਦੇ ਬਾਈਕਾਟ ਦਾ ਨਾਅਰਾ ਦਿੱਤਾ। ਦੂਰ-ਅੰਦੇਸ਼ ਮਾਸਟਰ ਤਾਰਾ ਸਿੰਘ ਨੇ ਆਉਣ ਵਾਲੇ ਸਮੇਂ ਦੀ ਨਜ਼ਾਕਤ ਵੇਖਦਿਆਂ ਸਿੱਖਾਂ ਨੂੰ ਵੱਧ ਤੋਂ ਵੱਧ ਫ਼ੌਜ ਵਿਚ ਭਰਤੀ ਹੋਣ ਦਾ ਸੰਦੇਸ਼ ਦਿੱਤਾ। ਇਸ ਸਮੇਂ ਵਿਚ ਬੜੀ ਵੱਡੀ ਗਿਣਤੀ ਵਿਚ ਸਿੱਖ ਫ਼ੌਜ ਵਿਚ ਭਰਤੀ ਹੋਏ।
ਇਤਿਹਾਸ ਨੇ ਮਾਸਟਰ ਜੀ ਦੀ ਸੂਝ ਅਤੇ ਨਿਰਣੇ ਦੀ ਗਵਾਹੀ ਦਿੱਤੀ ਹੈ ਕਿ 1947 ਵਿਚ ਦੇਸ਼ ਦੀ ਵੰਡ ਸਮੇਂ ਅਤੇ ਬਾਅਦ ਵਿਚ ਵੀ 1947 ਦੇ ਕਬਾਇਲੀ ਹਮਲੇ ਉਪਰੰਤ 1962, 1965 ਅਤੇ 1971 ਦੀ ਜੰਗ ਦੌਰਾਨ ਜੇ ਕੌਮ ਦਾ ਬਚਾਅ ਹੋਇਆ ਹੈ ਤਾਂ ਉਹ 1942 ਵਿਚ ਵੱਡੀ ਗਿਣਤੀ ਵਿਚ ਸਿੱਖਾਂ ਦੇ ਭਰਤੀ ਹੋਣ ਕਰਕੇ ਹੀ ਹੋਇਆ ਹੈ। ਡਾਕਟਰ ਕਿਰਪਾਲ ਸਿੰਘ ਇਸ ਬਾਰੇ ਦੱਸਦੇ ਹਨ ਕਿ ਇਸ ਸਮੇਂ ਦੀ ਸਿੱਖਾਂ ਦੀ ਭਰਤੀ ਨੇ ਬਹੁਤ ਵੱਡੀ ਗਿਣਤੀ ਵਿਚ ਸਿੱਖ ਜਨਰਲ ਅਤੇ ਉੱਚ ਅਧਿਕਾਰੀ ਕੌਮ ਨੂੰ ਦਿੱਤੇ। ਕੀ ਆਸ ਕੀਤੀ ਜਾਵੇ ਕਿ ਦੇਸ਼ ਅਤੇ ਕੌਮ ਮਾਸਟਰ ਤਾਰਾ ਸਿੰਘ ਪ੍ਰਤੀ ਜਾਣਬੁੱਝ ਕੇ ਪਾਏ ਭਰਮ-ਭੁਲੇਖਿਆਂ ਨੂੰ ਦੂਰ ਕਰੇਗੀ ਅਤੇ ਪੰਥ ਦੇ ਇਸ ਮਹਾਨ ਜਰਨੈਲ ਦੀ ਦੇਣ ਨੂੰ ਯਾਦ ਰੱਖੇਗੀ?
-ਗੁਰਚਰਨਜੀਤ ਸਿੰਘ ਲਾਂਬਾ
-ਸੰਪਰਕ : +1 973 699 0950