ਮਾਹਿਰਾਂ ਅਨੁਸਾਰ ਅੰਗਦਾਨ ਕਰਨ ਵਾਲੇ ਦੀ ਕਿਡਨੀ 24 ਘੰਟੇ ਵਿਚ ਲੋੜਵੰਦ ਦੇ ਸਰੀਰ ’ਚ ਲਗਾਈ ਜਾ ਸਕਦੀ ਹੈ ਜਦਕਿ ਜਿਗਰ ਨੂੰ 12 ਘੰਟਿਆਂ ਵਿਚ ਬਦਲਣਾ ਪੈਂਦਾ ਹੈ। ਇਸੇ ਤਰ੍ਹਾਂ ਮਨੁੱਖ ਦਾ ਦਿਲ 4 ਤੋਂ 6 ਘੰਟਿਆਂ ’ਚ ਨਵੇਂ ਸਰੀਰ ਵਿਚ ਲਗਾਇਆ ਜਾਂਦਾ ਹੈ।

ਅੰਗਦਾਨ ਜੀਵਨ ਬਚਾਉਣ ਵਾਲਾ ਵਡਮੁੱਲਾ ਕੰਮ ਹੈ। ਇਸ ਤਹਿਤ ਜਿੱਥੇ ਕੋਈ ਵੀ ਇਨਸਾਨ ਸਵੈ-ਇੱਛਾ ਨਾਲ ਆਪਣੇ ਸਰੀਰ ਦੇ ਅੰਗਾਂ ਨੂੰ ਦੂਜਿਆਂ ਦੀ ਮਦਦ ਕਰਨ ਲਈ ਦਾਨ ਕਰ ਸਕਦਾ ਹੈ, ਉੱਥੇ ਹੀ ਕਿਸੇ ਵੀ ਇਨਸਾਨ ਦੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਵੀ ਸਹਿਮਤੀ ਨਾਲ ਮ੍ਰਿਤਕ ਵਿਅਕਤੀ ਦੇ ਅੰਗ ਦਾਨ ਕਰ ਕੇ ਦੂਜਿਆਂ ਨੂੰ ਨਵਾਂ ਜੀਵਨ ਦੇ ਕੇ ਉਨ੍ਹਾਂ ਦੇ ਜੀਵਨ ਦਾ ਚਾਨਣ ਮੁਨਾਰਾ ਬਣਦੇ ਹਨ। ਅੰਗਦਾਨ ਕਰਨਾ ਨਾ ਸਿਰਫ਼ ਜੀਵਨ ਬਚਾਉਣ ਦਾ ਮੌਕਾ ਦਿੰਦਾ ਹੈ ਬਲਕਿ ਇਹ ਲੋਕਾਂ ਨੂੰ ਅੰਧਵਿਸ਼ਵਾਸਾਂ ਵਿੱਚੋਂ ਵੀ ਬਾਹਰ ਕੱਢਦਾ ਹੈ। ਇਸ ਬਾਰੇ ਮਾਹਿਰਾਂ ਵੱਲੋਂ ਜਾਗਰੂਕਤਾ ਪੈਦਾ ਕਰਨਾ ਅਤੇ ਗ਼ਲਤ ਧਾਰਨਾਵਾਂ ਨੂੰ ਦੂਰ ਕਰਨਾ ਸਮੇਂ ਦੀ ਮੁੱਖ ਲੋੜ ਬਣ ਚੁੱਕਿਆ ਹੈ।
ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆ ਵਿਚ ਰੋਜ਼ਾਨਾ 1 ਲੱਖ 80 ਹਾਜ਼ਰ ਮੌਤਾਂ ਹੁੰਦੀਆਂ ਹੈ। ਇਨ੍ਹਾਂ ਵਿੱਚੋਂ ਕਈ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੀ ਮੌਤ ਅੰਗ ਖ਼ਰਾਬ ਹੋਣ ਅਤੇ ਸਮੇਂ ਸਿਰ ਅੰਗ ਨਾ ਮਿਲਣ ਕਾਰਨ ਹੁੰਦੀ ਹੈ। ਇਕ ਸਰਵੇ ਅਨੁਸਾਰ ਸਿਰਫ਼ ਅਮਰੀਕਾ ’ਚ ਰੋਜ਼ਾਨਾ 17 ਲੋਕਾਂ ਦੀ ਮੌਤ ਅੰਗ ਖ਼ਰਾਬ ਹੋਣ ਤੋਂ ਬਾਅਦ ਅੰਗ ਨਾ ਮਿਲਣ ਕਾਰਨ ਹੋ ਜਾਂਦੀ ਹੈ। ਭਾਰਤ ਦੇ ਸਿਹਤ ਮੰਤਰਾਲੇ ਅਨੁਸਾਰ ਇੱਥੇ ਹਰ ਸਾਲ 170000 ਕਿਡਨੀਆਂ ਤੇ 50000 ਜਿਗਰਾਂ ਦੀ ਲੋੜ ਹੁੰਦੀ ਹੈ ਜੋ ਕਿ ਲੋੜਵੰਦ ਮਰੀਜ਼ਾਂ ਲਈ ਬਹੁਤ ਜ਼ਰੂਰੀ ਹੁੰਦੇ ਹਨ ਪਰ ਇਸ ਦੇ ਮੁਕਾਬਲੇ ਜਾਗਰੂਕਤਾ ਦੀ ਕਮੀ ਕਾਰਨ ਅੰਗਦਾਨ ਕਰਨ ਵਾਲਿਆਂ ਦੀ ਗਿਣਤੀ ਇਕ ਲੱਖ ਪਿੱਛੇ ਸਿਰਫ਼ 0.8 ਹੈ ਜੋ ਜ਼ਰੂਰਤ ਦੇ ਮੁਤਾਬਕ ਬਹੁਤ ਘੱਟ ਹੈ ਜਾਂ ਇਸ ਨੂੰ ਨਾਮਾਤਰ ਵੀ ਕਿਹਾ ਜਾ ਸਕਦਾ ਹੈ। ਇਸ ਦਾ ਇਕ ਕਾਰਨ ਜਾਗਰੂਕਤਾ ਦੀ ਕਮੀ ਨੂੰ ਵੀ ਮੰਨਿਆ ਜਾਂਦਾ ਹੈ ਕਿਉਂਕਿ ਅੰਕੜਿਆਂ ਅਨੁਸਾਰ ਇਕ ਲੱਖ ਪਿੱਛੇ ਇਹ ਅਨੁਪਾਤ ਹੈ। ਐੱਨਐੱਚਓ ਮੁਤਾਬਕ ਪਿਛਲੇ ਸਾਲ ਅੰਗਦਾਨ ਦਾ ਰੁਝਾਨ ਵੱਧ ਰਿਹਾ ਅਤੇ ਉਦੋਂ ਭਾਰਤ ’ਚ ਕੁੱਲ 18,900 ਟ੍ਰਾਂਸਪਲਾਂਟ ਹੋਏ। ਮੌਤ ਤੋਂ ਬਾਅਦ ਅੰਗਦਾਨ ਕਾਰਨ ਨਾਲ ਕਈ ਪਰਿਵਾਰਾਂ ਦੇ ਬੁਝਦੇ ਚਿਰਾਗ ਮੁੜ ਰੋਸ਼ਨ ਹੋ ਜਾਂਦੇ ਹਨ।
ਮਾਹਿਰਾਂ ਅਨੁਸਾਰ ਅੰਗਦਾਨ ਕਰਨ ਵਾਲੇ ਦੀ ਕਿਡਨੀ 24 ਘੰਟੇ ਵਿਚ ਲੋੜਵੰਦ ਦੇ ਸਰੀਰ ’ਚ ਲਗਾਈ ਜਾ ਸਕਦੀ ਹੈ ਜਦਕਿ ਜਿਗਰ ਨੂੰ 12 ਘੰਟਿਆਂ ਵਿਚ ਬਦਲਣਾ ਪੈਂਦਾ ਹੈ। ਇਸੇ ਤਰ੍ਹਾਂ ਮਨੁੱਖ ਦਾ ਦਿਲ 4 ਤੋਂ 6 ਘੰਟਿਆਂ ’ਚ ਨਵੇਂ ਸਰੀਰ ਵਿਚ ਲਗਾਇਆ ਜਾਂਦਾ ਹੈ। ਇੰਜ ਇਕ ਅੰਗਦਾਨੀ ਕਈ ਜਾਨਾਂ ਬਚਾ ਸਕਦਾ ਹੈ। ਦਾਨੀ ਵੱਲੋਂ ਦਾਨ ਕੀਤੀਆਂ ਦੋ ਕਿਡਨੀਆਂ ਦੋ ਲੋਕਾਂ ਨੂੰ ਡਾਇਲਸਿਸ ਤੋਂ ਮੁਕਤ ਕਰ ਕੇ ਨਵਾਂ ਜੀਵਨ ਦੇ ਸਕਦੀਆਂ ਹਨ ਅਤੇ ਇਕ ਜਿਗਰ ਨੂੰ ਦੋ ਲੋਕਾਂ ਦੀ ਜਾਨ ਬਚਾਉਣ ਲਈ ਸਾਂਝਾ ਕੀਤਾ ਜਾ ਸਕਦਾ ਹੈ। ਅੱਖਾਂ ਦਾਨ ਕਰਨ ਨਾਲ ਦੋ ਲੋਕਾਂ ਨੂੰ ਰੋਸ਼ਨੀ ਦਿੱਤੀ ਜਾ ਸਕਦੀ ਹੈ। ਜਿੱਥੇ ਪੀੜਤ ਇਨਸਾਨ ਨੂੰ ਨਵਾਂ ਅੰਗ ਮਿਲਣ ਨਾਲ ਨਵੀਂ ਜ਼ਿੰਦਗੀ ਮਿਲਦੀ ਹੈ, ਓਥੇ ਹੀ ਜਾਗਰੂਕਤਾ ਦੀ ਕਮੀ ਕਾਰਨ ਬਹੁਤ ਸਾਰੇ ਲੋਕ ਮ੍ਰਿਤਕ ਸਰੀਰ ਦੇ ਨਾਲ ਹੀ ਅਹਿਮ ਅੰਗਾਂ ਨੂੰ ਵੀ ਮਿੱਟੀ ਕਰ ਦਿੰਦੇ ਹਨ।
ਪੂਰੀ ਦੁਨੀਆ ਵਿਚ ਅੰਗਦਾਨ ਲਈ ਵੱਖੋ-ਵੱਖਰੀਆਂ ਧਾਰਨਾਵਾਂ ਹਨ। ਇਕ ਪਾਸੇ ਜਿੱਥੇ ਸਮਾਜ ਦਾ ਇਕ ਹਿੱਸਾ ਅੰਗਦਾਨ ਨੂੰ ਮਹਾਦਾਨ ਮੰਨਦੇ ਹੋਏ ਆਪਣੇ-ਆਪ ਨੂੰ ਅੰਗਦਾਨ ਲਈ ਸਮੇਂ ਸਿਰ ਰਜਿਸਟਰ ਕਰ ਦਿੰਦਾ ਹੈ, ਜਦਕਿ ਕੁਝ ਲੋਕ ਅੱਜ ਵੀ ਅੰਧਵਿਸ਼ਵਾਸ ਦੇ ਚੱਲਦੇ ਇਸ ਨੂੰ ਅਗਲੇ ਜਨਮਾਂ ਲਈ ਗ਼ਲਤ ਮੰਨਦੇ ਹਨ। ਜਦਕਿ ਮੌਜੂਦਾ ਸਮੇਂ ਵਿਚ ਇਨ੍ਹਾਂ ਗ਼ਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਸਹੀ ਤਰੀਕੇ ਨਾਲ ਜਾਗਰੂਕ ਕਰਨਾ ਚਾਹੀਦਾ ਹੈ। ਅੰਗਦਾਨੀ ਆਪਣਾ ਨਾਂ ਐੱਨਐੱਚਐੱਸ ਦੇ ਅੰਗਦਾਨ ਕਰਨ ਵਾਲੇ ਰਜਿਸਟਰ ਵਿਚ ਦਰਜ ਕਰਵਾ ਸਕਦਾ ਹੈ। ਲੋੜਵੰਦ ਮਰੀਜ਼ਾਂ ਦੀਆਂ ਅੰਗਾਂ ਦੀਆਂ ਜ਼ਰੂਰਤਾ ਨੂੰ ਪੂਰਾ ਕਰਨ ਲਈ ਸੁਹਿਰਦ ਜਾਗਰੂਕਤਾ ਅਭਿਆਨ ਚਲਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਅੰਗਦਾਨ ਕਰਨ ਲਈ ਆਪਣੇ-ਆਪ ਨੂੰ ਰਜਿਸਟਰ ਕਰਨ ਵਾਲੇ ਨੂੰ ਇਸ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਜੋ ਉਸ ਦੀ ਮੌਤ ਤੋਂ ਬਾਅਦ ਉਸ ਦੀ ਇੱਛਾ ਪੂਰਤੀ ਹੋ ਸਕੇ ਅਤੇ ਲੋੜਵੰਦ ਨੂੰ ਨਵਾਂ ਜੀਵਨ ਮਿਲ ਸਕੇ।
ਇੱਥੇ ਜੈਮਲ ਸਿੰਘ ਵਾਲੀਆ ਦਾ ਜ਼ਿਕਰ ਕਰਨਾ ਬਣਦਾ ਹੈ ਜਿਨ੍ਹਾਂ ਦੇ ਅੰਗਾਂ ਨੇ ਤਿੰਨ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਬੀਤੇ ਦਿਨੀਂ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਨਤਮਸਤਕ ਹੋ ਕੇ ਘਰ ਵਾਪਸ ਜਾ ਰਹੇ 80 ਸਾਲਾ ਜੈਮਲ ਸਿੰਘ ਵਾਲੀਆ ਸੜਕ ਹਾਦਸੇ ’ਚ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਡੀਐੱਮਸੀਐਂਡਐੱਚ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ। ਇਸ ਦੀ ਜਾਣਕਾਰੀ ਮਿਲਣ ’ਤੇ ਉਨ੍ਹਾਂ ਦੇ ਸਪੁੱਤਰ ਡਾ. ਤਜਿੰਦਰਪਾਲ ਸਿੰਘ ਅਸਿਸਟੈਂਟ ਪ੍ਰੋਫੈਸਰ (ਓਕੋ ਐਨੇਸਥੀਸੀਆ) ਡੀਐੱਮਸੀਐਂਡਐੱਚ, ਨੂੰਹ ਡਾ. ਹਰਲੀਨ ਕੌਰ ਸਿਵਲ ਹਸਪਤਾਲ ਖੰਨਾ ਦੇ ਅੱਖਾਂ ਦੇ ਮਾਹਿਰ, ਬੇਟੀ ਈਐੱਸਆਈ ਦੇ ਐਨੇਸਥੀਸੀਆ ਦੇ ਡਾ. ਜਸਪ੍ਰੀਤ ਕੌਰ ਨੇ ਆਪਣੇ ਪਿਤਾ ਦੇ ਅੰਗਦਾਨ ਕਰਨ ਦਾ ਫ਼ੈਸਲਾ ਕੀਤਾ ਅਤੇ ਇਸ ਦੀ ਜਾਣਕਾਰੀ ਵਾਲੀਆ ਦੇ ਪਰਿਵਾਰਕ ਮੈਂਬਰਾਂ ਨੇ ਡੀਐੱਮਸੀਐਂਡਐੱਚ ਦੇ ਪ੍ਰਬੰਧਕਾਂ ਨੂੰ ਦਿੱਤੀ ਜਿਸ ਤੋਂ ਬਾਅਦ ਸਾਰੀ ਕਾਗਜ਼ੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦਾ ਜਿਗਰ ਅਤੇ ਦੋਨੋਂ ਕਿਡਨੀਆਂ ਦਾਨ ਕੀਤੀਆਂ ਗਈਆਂ।
ਡਾ. ਤਜਿੰਦਰਪਾਲ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜੈਮਲ ਸਿੰਘ ਵਾਲੀਆ ਦੇ ਜਿਗਰ ਨਾਲ ਜਬਲਪੁਰ (ਮੱਧ ਪ੍ਰਦੇਸ਼) ਵਾਸੀ 44 ਸਾਲਾ ਮਰੀਜ਼ ਨੂੰ ਨਵੀਂ ਜ਼ਿੰਦਗੀ ਮਿਲੀ। ਇਸੇ ਤਰ੍ਹਾਂ ਉਨ੍ਹਾਂ ਦੀਆਂ ਦੋਨੋਂ ਕਿਡਨੀਆਂ ਮੋਹਾਲੀ ਸਥਿਤ ਫੋਰਟਿਸ ਹਸਪਤਾਲ ਨੂੰ ਦਾਨ ਕੀਤੀਆਂ ਗਈਆਂ ਜਿਸ ਦੇ ਚੱਲਦੇ ਜੈਮਲ ਸਿੰਘ ਵਾਲੀਆ ਦੇ ਸਰੀਰਕ ਤੌਰ ’ਤੇ ਇਸ ਸੰਸਾਰ ਵਿੱਚੋਂ ਚਲੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਅੰਗਾਂ ਨੇ ਤਿੰਨ ਪੀੜਤ ਮਰੀਜ਼ਾਂ ਨੂੰ ਨਵਾਂ ਜੀਵਨ ਦੇ ਦਿੱਤਾ ਹੈ। ਡਾ. ਸਿੰਘ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਦੌਰਾਨ ਸੁਸਾਇਟੀ ਦੀ ਸੇਵਾ ਲਈ ਸਾਨੂੰ ਸਾਰਿਆਂ ਨੂੰ ਅੰਗਦਾਨ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੰਗਦਾਨ ਕਰਨ ਨਾਲ ਅਸੀਂ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਕਈ ਸਰੀਰਾਂ ਵਿਚ ਖ਼ੁਦ ਨੂੰ ਜਿਊਂਦੇ ਰੱਖਣ ਦੇ ਨਾਲ-ਨਾਲ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਵੀ ਨਿਰੋਗ ਜ਼ਿੰਦਗੀ ਜਿਉਣ ਵਿਚ ਸਹਾਈ ਹੁੰਦੇ ਹਾਂ।
-ਸਤਵਿੰਦਰ ਸ਼ਰਮਾ
-ਮੋਬਾਈਲ : 80541-21100