ਬਿਨਾਂ ਸ਼ੱਕ, ਉਸ ਖਾਤੇ ਦੀ ਹਕੀਕਤ ਬਾਰੇ ਅੱਜ ਨਹੀਂ ਤਾਂ ਭਲਕ ਨੂੰ ਪਤਾ ਲੱਗ ਹੀ ਜਾਣਾ ਹੈ। ਸਾਰੀ ਸਟੇਟ ਮਸ਼ੀਨਰੀ ਲਈ ਧਮਕੀ ਬਣ ਕੇ ਪੁੱਜੀਆਂ ਇਨ੍ਹਾਂ ਈਮੇਲਾਂ ਨੇ ਬੱਚਿਆਂ ਦੀ ਵਿੱਦਿਆ ਪ੍ਰਾਪਤੀ ਦੇ ਅਮਲ ਵਿਚ ਤਾਂ ਖ਼ਲਲ ਪਾਇਆ ਹੈ, ਨਾਲ ਹੀ ਉਨ੍ਹਾਂ ਦੇ ਮਾਪਿਆਂ ਤੇ ਹੋਰ ਪਰਿਵਾਰਕ ਜੀਆਂ ਦੀ ਨੀਂਦ ਉਡਾ ਦਿੱਤੀ ਹੈ।

ਅੰਮ੍ਰਿਤਸਰ ਵਿਚ 8 ਸਕੂਲਾਂ ਨੂੰ ਬੰਬ ਨਾਲ ਉਡਾ ਦੇਣ ਸਬੰਧੀ ਈਮੇਲਾਂ ਪ੍ਰਾਪਤ ਹੋਣ ਮਗਰੋਂ ਜਿੱਥੇ ਗੁਰੂ-ਨਗਰੀ ਦੇ ਬਾਸ਼ਿੰਦੇ ਹੈਰਾਨ-ਪਰੇਸ਼ਾਨ ਨੇ, ਓਥੇ ਹੀ ਸਾਰਾ ਪੰਜਾਬ ਦੰਗ ਰਹਿ ਗਿਆ ਹੈ। ਦਰਅਸਲ, ਇੱਕੋ ਵੇਲੇ ਇਹੋ-ਜਿਹੀਆਂ ਤਿੰਨ ਈਮੇਲਾਂ ਪ੍ਰਾਪਤ ਹੋਣਾ ਸੱਚਮੁੱਚ ਕਿਸੇ ਖ਼ਤਰੇ ਦੀ ਘੰਟੀ ਹੋ ਸਕਦੀਆਂ ਨੇ।
ਸਵਾਲ ਇਹ ਵੀ ਹੈ ਕਿ ਕੀ ਇਹ ਈਮੇਲਾਂ ਕਿਸੇ ਨੇ ਡਰਾਉਣ-ਧਮਕਾਉਣ ਲਈ ਕੀਤੀਆਂ ਨੇ? ਜਾਂ ਸੱਚਮੁੱਚ ਕਿਸੇ ਅਗਾਊਂ ਖ਼ਤਰੇ ਦੀ ਚਿਤਾਵਨੀ ਹਨ? ਇਸ ਬਾਬਤ ਸੱਚਾਈ ਤਾਂ ਤਫ਼ਤੀਸ਼ ਮਗਰੋਂ ਹੀ ਸਾਹਮਣੇ ਆ ਸਕੇਗੀ। ਹਾਲ ਦੀ ਘੜੀ ਏਨਾ ਜ਼ਰੂਰ ਹੈ ਕਿ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੇ ਇਨ੍ਹਾਂ ਨੂੰ ਚੁਣੌਤੀ ਵਾਂਗ ਲਿਆ ਹੈ। ਅੰਮ੍ਰਿਤਸਰ ਕਿਉਂਕਿ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਹੈ, ਇਸ ਲਈ ਇੱਥੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਨੂੰ ਹਲਕੇ ਵਿਚ ਹਰਗਿਜ਼ ਨਹੀਂ ਲਿਆ ਜਾ ਸਕਦਾ।
ਵੱਡੀ ਗੱਲ ਇਹ ਹੈ ਕਿ ਪੰਜਾਬ ਨੇ 1978 ਤੋਂ ਲੈ ਕੇ 1993 ਤੱਕ ਅਤਿਅੰਤ ਕਾਲਾ ਦੌਰ ਆਪਣੇ ਪਿੰਡੇ ’ਤੇ ਹੰਢਾਇਆ ਹੋਇਆ ਹੈ ਤੇ ਗੁਮਰਾਹ ਹੋਏ ਹਥਿਆਰਬੰਦ ਨੌਜਵਾਨਾਂ ਦੀ ਦਹਿਸ਼ਤ ਦੇ ਪਰਛਾਵੇਂ ਹੇਠ ਲਗਪਗ ਡੇਢ ਦਹਾਕਾ ਬਿਤਾਇਆ ਹੋਇਆ ਹੈ। ਬੇਸ਼ੱਕ ਉਦੋਂ ਇੰਟਰਨੈੱਟ ਮੀਡੀਆ ਮੌਜੂਦ ਨਹੀਂ ਸੀ ਪਰ ਚਿੱਠੀ-ਪੱਤਰੀ ਦੇ ਉਸ ਦੌਰ ਵਿਚ ਉਦੋਂ ਕਿਸੇ ਨੇ ਦਹਿਸ਼ਤ ਦਾ ਇਹੋ-ਜਿਹਾ ਪੱਖ ਨਹੀਂ ਦੇਖਿਆ ਜਿਵੇਂ ਹੁਣ ਸਾਹਮਣੇ ਆਇਆ ਹੈ।
ਇਹ ਵਿੱਦਿਅਕ ਅਦਾਰੇ ਨੇ, ਇੱਥੇ ਬਾਲ-ਮਨਾਂ ਨੂੰ ਸਿੱਖਿਆ ਦੇ ਕੇ ਲੋਕ-ਪੱਖੀ ਕਿਰਦਾਰ ਘੜਿਆ ਜਾ ਰਿਹਾ ਏ। ਇਨ੍ਹਾਂ ਮਾਸੂਮ ਬੱਚਿਆਂ ਦੇ ਬਹਾਨੇ ਉਨ੍ਹਾਂ ਦੇ ਮਾਪਿਆਂ ਨੂੰ ਡਰਾਉਣਾ ਜਾਂ ਪ੍ਰਸ਼ਾਸਨ ਨੂੰ ‘ਆਪਣੀ ਤਾਕਤ’ ਦਿਖਾਉਣਾ ਕਿਸੇ ਵੀ ਪੱਖੋਂ ਰਣਨੀਤਕ ਪੈਂਤੜਾ ਨਹੀਂ ਮੰਨਿਆ ਜਾ ਸਕਦਾ। ਓਧਰ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੇ ਐੱਸਐੱਸਪੀ (ਦਿਹਾਤੀ) ਨੇ ਭਰੋਸਾ ਦਿੱਤਾ ਹੈ ਕਿ ਈਮੇਲਾਂ ਕਰਨ ਵਾਲਿਆਂ ਦੀ ਪੈੜ ਨੱਪਣ ਲਈ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਦੁਪਹਿਰੇ ਸਵਾ ਕੁ ਇਕ ਵਜੇ ਇਕ-ਇਕ ਕਰ ਕੇ ਪ੍ਰਾਪਤ ਹੋਈਆਂ ਇਨ੍ਹਾਂ (ਤਿੰਨ) ਈਮੇਲਾਂ ਵਿਚ ਇਕ ਸਮਾਨਤਾ ਹੈ ਕਿ ਤਿੰਨੋਂ ਇੱਕੋ ਅਕਾਊਂਟ ਤੋਂ ਕੀਤੀਆਂ ਗਈਆਂ ਸਨ।
ਬਿਨਾਂ ਸ਼ੱਕ, ਉਸ ਖਾਤੇ ਦੀ ਹਕੀਕਤ ਬਾਰੇ ਅੱਜ ਨਹੀਂ ਤਾਂ ਭਲਕ ਨੂੰ ਪਤਾ ਲੱਗ ਹੀ ਜਾਣਾ ਹੈ। ਸਾਰੀ ਸਟੇਟ ਮਸ਼ੀਨਰੀ ਲਈ ਧਮਕੀ ਬਣ ਕੇ ਪੁੱਜੀਆਂ ਇਨ੍ਹਾਂ ਈਮੇਲਾਂ ਨੇ ਬੱਚਿਆਂ ਦੀ ਵਿੱਦਿਆ ਪ੍ਰਾਪਤੀ ਦੇ ਅਮਲ ਵਿਚ ਤਾਂ ਖ਼ਲਲ ਪਾਇਆ ਹੈ, ਨਾਲ ਹੀ ਉਨ੍ਹਾਂ ਦੇ ਮਾਪਿਆਂ ਤੇ ਹੋਰ ਪਰਿਵਾਰਕ ਜੀਆਂ ਦੀ ਨੀਂਦ ਉਡਾ ਦਿੱਤੀ ਹੈ। ਇਹ ਈਮੇਲਾਂ ਸਰਕਾਰ, ਪ੍ਰਸ਼ਾਸਨ ਤੇ ਪੁਲਿਸ ਤੰਤਰ ਦੇ ਨਾਲ-ਨਾਲ ਸਕੂਲਾਂ ਲਈ ਵੀ ਵੱਡੀ ਵੰਗਾਰ ਹਨ। ਇਸ ਤੋਂ ਪਹਿਲਾਂ ਰਾਜਧਾਨੀ ਦਿੱਲੀ ਵਿਚ ਅਜਿਹੀਆਂ ਈਮੇਲਾਂ ਪ੍ਰਾਪਤ ਹੋਈਆਂ ਸਨ ਪਰ ਉਥੇ ਇਹ ਕਾਰਾ ਸ਼ਰਾਰਤੀਆਂ ਦਾ ਨਿਕਲਿਆ ਸੀ।
ਇਸ ਮਾਮਲੇ ਵਿਚ ਸੱਚ ਕੀ ਹੈ? ਇਹ ਤੱਥ ਭਵਿੱਖ ਦੇ ਗਰਭ ਵਿਚ ਹੈ। ਇਨ੍ਹਾਂ ਧਮਕੀ ਭਰੀਆਂ ਈਮੇਲਾਂ ਕਾਰਨ ਸਾਰਿਆਂ ਨੂੰ ਡਰ ਦੀ ਭਾਵਨਾ ਖ਼ੁਦ ’ਤੇ ਭਾਰੂ ਨਹੀਂ ਹੋਣ ਦੇਣੀ ਚਾਹੀਦੀ ਸਗੋਂ ਦੇਸ਼ ਦੀਆਂ ਸੁਰੱਖਿਆ ਏਜੰਸੀਆਂ, ਪੁਲਿਸ ਅਤੇ ਹੋਰ ਸਹਾਇਕ ਬਲਾਂ ਦੀ ਕਾਰਗੁਜ਼ਾਰੀ ’ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਕਿਸੇ ਗੈਂਗਸਟਰ ਜਾਂ ਸ਼ਰਾਰਤੀ ਅਨਸਰ ਦਾ ਕਾਰਾ? ਇਸ ਬਾਰੇ ਭੇਤ ਜਲਦ ਤੋਂ ਜਲਦ ਖੁੱਲ੍ਹ ਜਾਣਾ ਚਾਹੀਦਾ ਹੈ।
ਇਹ ਕਿਸੇ ਇਕ ਜ਼ਿਲ੍ਹੇ ਦੇ ਮਾਸੂਮਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਡਰਾਉਣ ਦਾ ਮਾਮਲਾ ਨਹੀਂ, ਸਗੋਂ ਘੁੱਗ ਵਸਦੇ ਪੰਜਾਬ ਨੂੰ ਡਰਾਉਣ ਦੀ ਹਿਮਾਕਤ ਹੈ। ਸਰਕਾਰ ਨੂੰ ਇਸ ਮਾਮਲੇ ਦੀ ਸੱਚਾਈ ਲੋਕਾਂ ਸਾਹਮਣੇ ਲਿਆ ਕੇ ਕਸੂਰਵਾਰਾਂ ਨੂੰ ਇਹੋ-ਜਿਹੀ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ ਕਿ ਭਵਿੱਖ ਵਿਚ ਕੋਈ ਵੀ ਮਾੜਾ ਅਨਸਰ ਇਸ ਤਰ੍ਹਾਂ ਦਾ ਕਾਰਾ ਕਰਨ ਤੋਂ ਪਹਿਲਾਂ ਇਕ ਵਾਰ ਨਹੀਂ, ਸੌ ਵਾਰ ਸੋਚੇ।