ਚੰਗੀ ਗੱਲ ਇਹ ਹੈ ਕਿ ਉਸ ਦੇ ਭੈਣ-ਭਰਾ ਅੱਜ ਤੀਕ ਵੀ ਉਸ ਦੇ ਪਰਿਵਾਰ ਨੂੰ ਉੱਪਰ ਚੁੱਕਣ ਦੇ ਕੀਤੇ ਕੰਮਾਂ ਦੀ ਕਦਰ ਕਰਦੇ ਹਨ ਅਤੇ ਅਹਿਸਾਨ ਮੰਨਦੇ ਹਨ। ਸੰਨ 1975 ਵਿਚ ਉਸ ਨੂੰ ਸਰਕਾਰੀ ਮਿਡਲ ਸਕੂਲ ਖਤਰਾਏ ਕਲਾਂ ਵਿਚ ਬਤੌਰ ਸੋਸ਼ਲ ਸਟੱਡੀ ਅਧਿਆਪਕ ਪੱਕੀ ਨੌਕਰੀ ਮਿਲ ਗਈ।

ਮਾਸਟਰ ਜੋਗਿੰਦਰ ਬਹੁਤ ਹੀ ਸ਼ਰੀਫ ਅਤੇ ਗ਼ਰੀਬ ਘਰ ਦਾ ਮਿਹਨਤੀ ਵਿਅਕਤੀ ਸੀ। ਜ਼ਮੀਨ ਨਾਮਾਤਰ, ਵੱਡਾ ਪਰਿਵਾਰ ਸੀ ਤੇ ਗੁਜ਼ਾਰਾ ਮਾਲ-ਡੰਗਰ ਦੇ ਵੱਗ ਤੋਂ ਹੀ ਸੀ। ਬਾਪ ਸਿਰੇ ਦਾ ਮਿਹਨਤੀ ਆਦਮੀ ਸੀ ਜੋ 1962 ਵਿਚ ਰੱਬ ਨੂੰ ਪਿਆਰਾ ਹੋ ਗਿਆ। ਛੋਟੇ ਭੈਣ-ਭਰਾਵਾਂ ਦਾ ਸਾਰਾ ਬੋਝ ਜੋਗਿੰਦਰ ਦੇ ਸਿਰ ਆ ਪਿਆ। ਪਿਓ ਦੀ ਤਰ੍ਹਾਂ ਸਿਰੜੀ ਅਤੇ ਮਿਹਨਤੀ ਪੁੱਤਰ ਨੇ ਛੋਟੇ ਭੈਣ-ਭਰਾਵਾਂ ਦੀ ਪਿਓ ਵਾਲੀ ਜ਼ਿੰਮੇਵਾਰੀ ਸੰਭਾਲੀ।
ਅਜਿਹੇ ਹਾਲਾਤ ਵਿਚ ਜਦ ਉਸ ਦੀ ਆਪਣੀ ਉਮਰ ਮਹਿਜ਼ 20 ਸਾਲ ਹੀ ਸੀ ਅਤੇ ਉਹ ਖ਼ੁਦ ਕਾਲਜ ਵਿਚ ਗਿਆਰਵੀਂ ਜਮਾਤ ਦਾ ਵਿਦਿਆਰਥੀ ਹੀ ਸੀ। ਉਸ ਦੇ ਵੀ ਆਪਣੇ ਭਵਿੱਖ ਦੇ ਅਨੇਕ ਸੁਪਨੇ ਸਨ ਪਰ ਉਸ ਨੂੰ ਪਤਾ ਸੀ ਕਿ ਇਸ ਆਰਥਿਕ ਮੰਦਹਾਲੀ ਵਿੱਚੋਂ ਨਿਕਲਣ ਦਾ ਇੱਕੋ-ਇੱਕ ਰਾਹ ਵਿੱਦਿਆ ਹੀ ਹੈ। ਇਹੋ ਜਿਹੇ ਔਖੇ ਸਮੇਂ ਵਿਚ ਰਿਸ਼ਤੇਦਾਰ, ਭੈਣ-ਭਰਾ ਅਤੇ ਆਪਣੇ ਕਹਾਉਂਦੇ ਸਾਰੇ ਲੋਕ ਪਿੱਠ ਕਰ ਲੈਂਦੇ ਹਨ। ਉਸ ਨਾਲ ਵੀ ਇੰਜ ਹੀ ਹੋਇਆ ਪਰ ਉਸ ਨੇ ਹਿੰਮਤ ਨਾ ਹਾਰੀ। ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਨੇੜੇ ਇਕ ਹੋਰ ਆਪਣੇ ਵਰਗੇ ਦੋਸਤ ਨਾਲ ਮਿਲ ਕੇ ਕਿਰਾਏ ’ਤੇ ਰਹਿਣ ਲੱਗਾ।
ਪੜ੍ਹਨ ਵਿਚ ਹੁਸ਼ਿਆਰ ਅਤੇ ਜ਼ਹੀਨ ਹੋਣ ਕਾਰਨ ਇੱਥੇ ਉਸ ਨੂੰ ਇਕ ਜੱਜ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਮਿਲ ਗਿਆ। ਟਿਊਸ਼ਨ ਪੜ੍ਹਾਉਂਦਿਆਂ ਮਾਸਟਰ ਜੋਗਿੰਦਰ ਦੀ ਕਤਲਕਾਂਡ ਦੇ ਭਗੌੜੇ ਵਿਅਕਤੀ ’ਤੇ ਨਜ਼ਰ ਪਈ ਤਾਂ ਜੱਜ ਨੇ ਉਸ ਨੂੰ ਭੇਤ ਗੁਪਤ ਰੱਖਣ ਦੀ ਤਾਕੀਦ ਕੀਤੀ। ਮਾਸਟਰ ਜੋਗਿੰਦਰ ਨੇ ਜੱਜ ਦੇ ਘਰ ਪਨਾਹ ਲਈ ਬੈਠੇ ਮੁਜਰਮ ਦੇ ਭੇਤ ਨੂੰ 15 ਵਰ੍ਹਿਆਂ ਤੱਕ ਢਿੱਡ ਵਿਚ ਰੱਖਿਆ। ਉਸ ਨੇ ਗੁਰਬਤ ਨਾਲ ਘੁਲਦਿਆਂ ਆਪਣੀ ਪੜ੍ਹਾਈ ਮੁਕੰਮਲ ਕੀਤੀ ਅਤੇ ਨਾਲ ਦੀ ਨਾਲ ਆਪਣੇ ਤੋਂ ਛੋਟੇ ਭੈਣ-ਭਰਾਵਾਂ ਨੂੰ ਵੀ ਪੜ੍ਹਾਇਆ।
ਭਾਵੇਂ ਉਸ ਨੇ ਐੱਮਏ ਅੰਗਰੇਜ਼ੀ, ਹਿਸਟਰੀ ਅਤੇ ਬੀਐੱਡ ਵੀ ਕਰ ਲਈ ਸੀ ਪਰ ਨੌਕਰੀ ਦਾ ਆਪਣਾ ਸੰਘਰਸ਼ ਹੁੰਦਾ ਹੈ। ਵੱਖ-ਵੱਖ ਪ੍ਰਾਈਵੇਟ ਸਕੂਲਾਂ ਵਿਚ ਬਹੁਤ ਘੱਟ ਤਨਖ਼ਾਹ ’ਤੇ ਨੌਕਰੀ ਕਰਦਾ ਰਿਹਾ। ਉਸ ਸਮੇਂ ਪ੍ਰਾਈਵੇਟ ਸਕੂਲ ਵੀ ਅੱਜ ਦੀ ਤਰ੍ਹਾਂ ਬਹੁਤਾਤ ਵਿਚ ਨਹੀਂ ਸਨ ਹੁੰਦੇ। ਸਭ ਤੋਂ ਪਹਿਲਾਂ ਉਹ ਪਿੰਡ ਡੁਮੇਲੀ ਜ਼ਿਲ੍ਹਾ ਕਪੂਰਥਲਾ ਦੇ ਇਕ ਪ੍ਰਾਈਵੇਟ ਸਕੂਲ ਵਿਚ ਮਾਸਟਰ ਜਾ ਲੱਗਿਆ। ਉੱਥੋਂ ਉਹ ਆਪਣੇ ਛੋਟੇ ਭੈਣ-ਭਰਾਵਾਂ ਲਈ ਚਿੱਠੀ ਵਿਚ ਪਾ ਕੇ ਕਦੇ 50 ਅਤੇ ਕਦੇ 100 ਰੁਪਈਏ ਮਦਦ ਭੇਜਦਾ ਰਿਹਾ। ਵੱਡੀ ਜਦੋਜਹਿਦ ਤੋਂ ਬਾਅਦ ਪਿੰਡ ਨੇੜੇ ਖੁੱਲ੍ਹੇ ਇਕ ਖ਼ਾਲਸਾ ਸਕੂਲ ਵਿਚ ਥਾਂ ਮਿਲ ਗਈ। ਇਸੇ ਸਕੂਲ ਵਿਚ ਉਹ ਸਾਡੇ ਅੰਗਰੇਜ਼ੀ ਦੇ ਅਧਿਆਪਕ ਬਣ ਕੇ ਆਏ ਅਤੇ ਮੈਨੂੰ ਵੀ ਉਨ੍ਹਾਂ ਤੋਂ ਵਿੱਦਿਆ ਗ੍ਰਹਿਣ ਕਰਨ ਦਾ ਮੌਕਾ ਮਿਲਿਆ। ਇਸ ਸਮੇਂ ਦੌਰਾਨ ਦੀਆਂ ਕਈ ਯਾਦਾਂ ਅੱਜ ਵੀ ਤਰੋਤਾਜ਼ਾ ਹਨ।
ਮੇਰੇ ਪਿਤਾ ਜੀ ਫ਼ੌਜ ਵਿੱਚੋਂ ਰਿਟਾਇਰਡ ਸੂਬੇਦਾਰ ਸਨ। ਜਿਸ ਸਕੂਲ ਵਿਚ ਮੈਂ ਪੜ੍ਹਦਾ ਸੀ ਅਤੇ ਜੋਗਿੰਦਰ ਓਥੇ ਅਧਿਆਪਕ ਲੱਗ ਗਏ ਸਨ। ਮੈਂ ਪੜ੍ਹਾਈ-ਲਿਖਾਈ ਵਿਚ ਠੀਕ-ਠਾਕ ਹੀ ਸੀ ਜਾਂ ਕਹਿ ਲਵੋ ਢਿੱਲਾ-ਮੱਠਾ ਹੀ ਸਾਂ। ਪਿਤਾ ਜੀ ਨੇ ਮੇਰਾ ਵਿਸ਼ੇਸ਼ ਧਿਆਨ ਰੱਖਣ ਲਈ ਮਾਸਟਰ ਜੀ ਨੂੰ ਕਹਿ ਰੱਖਿਆ ਸੀ। ਸਕੂਲ ਸਾਡੇ ਪਿੰਡ ਤੋਂ ਦੋ-ਢਾਈ ਕਿੱਲੋਮੀਟਰ ਦੇ ਫ਼ਾਸਲੇ ’ਤੇ ਇਕ ਇਤਿਹਾਸਕ ਅਸਥਾਨ ਗੁਰੂ ਕਾ ਬਾਗ਼ ਵਿਚ ਸਥਿਤ ਸੀ।
ਸ਼ੁਰੂਆਤ ਦੇ ਦਿਨਾਂ ਵਿਚ ਕੁਝ ਸਮੇਂ ਲਈ ਮਾਸਟਰ ਜੀ ਅਤੇ ਮੈਂ ਇਕੱਠੇ ਇਕ ਹੀ ਸਾਈਕਲ ’ਤੇ ਸਕੂਲ ਜਾਂਦੇ ਰਹੇ। ਇਹ ਮੇਰੇ ਲਈ ਵੀ ਬੜਾ ਕਠਿਨ ਸਮਾਂ ਸੀ ਜਦੋਂ ਬਾਕੀ ਦੋਸਤ ਭਾਵੇਂ ਉਹ ਪੈਦਲ ਜਾ ਰਹੇ ਹੋਣ ਜਾਂ ਸਾਈਕਲਾਂ ’ਤੇ, ਉਹ ਮੌਜ-ਮਸਤੀ ਕਰਦੇ, ਅਠਖੇਲੀਆਂ ਕਰਦੇ ਸਕੂਲ ਵੱਲ ਜਾਂਦੇ ਪਰ ਮੇਰਾ ਤਾਂ ਪੀਰੀਅਡ ਸਕੂਲ ਦੇ ਸਮੇਂ ਤੋਂ ਘੰਟਾ ਭਰ ਪਹਿਲਾਂ ਸ਼ੁਰੂ ਹੋ ਜਾਂਦਾ ਸੀ। ਪਿਛਲੇ ਕਰੀਅਰ ’ਤੇ ਮੇਰਾ ਸਕੂਲ ਦਾ ਬਸਤਾ ਅਤੇ ਅਗਲੇ ਡੰਡੇ ’ਤੇ ਮੈਂ ਬੈਠਦਾ। ਪੇਂਡੂ ਵਿਦਿਆਰਥੀਆਂ ਲਈ ਸਭ ਤੋਂ ਔਖਾ ਅੰਗਰੇਜ਼ੀ ਦਾ ਵਿਸ਼ਾ ਹੀ ਹੁੰਦਾ ਹੈ।
ਜਦ ਮਾਸਟਰ ਜੀ ਮੈਨੂੰ ਇਕ ਦਿਨ ਪਹਿਲਾਂ ਅੰਗਰੇਜ਼ੀ ਦੇ ਪੀਰੀਅਡ ਦੌਰਾਨ ਕਲਾਸ ਵਿਚ ਪੜ੍ਹਾਏ ਗਏ ਸਬਕ ਬਾਰੇ ਸਵਾਲ ਪੁੱਛਦੇ ਤੇ ਮੈਨੂੰ ਕੋਈ ਜਵਾਬ ਨਾ ਔੜਦਾ। ਮੈਂ ਅੱਗੋਂ ਡੁਨ-ਵੱਟਾ ਬਣਿਆ ਬੈਠਾ ਰਹਿੰਦਾ ਕਿਉਂਕਿ ਮੇਰੀ ਤਾਂ ਸਮਝ ਵਿੱਚ ਕੁਝ ਆਇਆ ਹੀ ਨਹੀਂ ਸੀ ਹੁੰਦਾ। ਮਾਸਟਰ ਜੀ ਨੇ ਕਹਿਣਾ ਕਿ ਮੈਂ ਸੂਬੇਦਾਰ ਸਾਹਿਬ ਨੂੰ ਤੇਰੀ ਸ਼ਿਕਾਇਤ ਲਾਵਾਂਗਾ ਕਿ ਤੂੰ ਪੜ੍ਹਨ ਵੱਲ ਧਿਆਨ ਨਹੀਂ ਦਿੰਦਾ।
ਇਨ੍ਹਾਂ ਪਰਿਵਾਰਕ ਚੁਣੌਤੀਆਂ ਵਿੱਚੋਂ ਲੰਘਦਿਆਂ ਮਾਸਟਰ ਜੋਗਿੰਦਰ ਅਤੇ ਮੈਨੂੰ ਪਿੰਡ ਦੇ ਇਕ ਦਲਿਤ ਫਰੀਡਮ ਫਾਈਟਰ ਬਾਬੇ ਨਾਰਾਇਣ ਦਾ ਸਾਥ ਮਿਲਿਆ। ਭਾਵੇਂ ਉਸ ਦੀ ਕੋਈ ਵੱਡੀ ਰਾਜਨੀਤਕ ਪੁਜ਼ੀਸ਼ਨ ਅਤੇ ਹਸਤੀ ਨਹੀਂ ਸੀ, ਫਿਰ ਵੀ ਬਾਬਾ ਮਾਰਕਸਵਾਦੀ ਪਾਰਟੀ ਲੀਡਰ ਦਲੀਪ ਸਿੰਘ ਟਪਿਆਲਾ ਦਾ ਸਹਿਯੋਗੀ ਸੀ। ਜਗਦੇਵ ਕਲਾਂ ਦੇ ਇਕ ਹੋਰ ਪੁਰਾਣੇ ਕਾਮਰੇਡ ਸੁਰਸ਼ਰਨ ਸਿੰਘ ਨਾਲ ਵੀ ਮਾਸਟਰ ਦਾ ਚੰਗਾ ਸਹਿਚਾਰ ਬਣ ਗਿਆ ਸੀ। ਇਨ੍ਹਾਂ ਦੋਹਾਂ ਸੱਜਣਾਂ ਦੀ ਸੰਗਤ ਕਰਨ ਕਰਕੇ ਮਾਸਟਰ ਨੇ ਆਪਣੇ ਪਰਿਵਾਰ ਦੇ ਸਾਰੇ ਜੀਆਂ ਨੂੰ ਸਰਕਾਰੀ ਨੌਕਰੀਆਂ ਦਿਵਾਈਆਂ।
ਚੰਗੀ ਗੱਲ ਇਹ ਹੈ ਕਿ ਉਸ ਦੇ ਭੈਣ-ਭਰਾ ਅੱਜ ਤੀਕ ਵੀ ਉਸ ਦੇ ਪਰਿਵਾਰ ਨੂੰ ਉੱਪਰ ਚੁੱਕਣ ਦੇ ਕੀਤੇ ਕੰਮਾਂ ਦੀ ਕਦਰ ਕਰਦੇ ਹਨ ਅਤੇ ਅਹਿਸਾਨ ਮੰਨਦੇ ਹਨ। ਸੰਨ 1975 ਵਿਚ ਉਸ ਨੂੰ ਸਰਕਾਰੀ ਮਿਡਲ ਸਕੂਲ ਖਤਰਾਏ ਕਲਾਂ ਵਿਚ ਬਤੌਰ ਸੋਸ਼ਲ ਸਟੱਡੀ ਅਧਿਆਪਕ ਪੱਕੀ ਨੌਕਰੀ ਮਿਲ ਗਈ। ਇੱਥੇ ਹੀ ਉਹ ਗੌਰਮਿੰਟ ਟੀਚਰ ਯੂਨੀਅਨ ਦਾ ਮੈਂਬਰ ਬਣਿਆ ਅਤੇ ਫਿਰ ਯੂਨੀਅਨ ਦਾ ਪ੍ਰੈੱਸ ਸਕੱਤਰ ਵੀ ਬਣ ਗਿਆ।
ਉਹ ਖ਼ੁਦ ਭਾਵੇਂ ਪੱਕੇ ਤੌਰ ’ਤੇ ਸਰਕਾਰੀ ਨੌਕਰੀ ਵਿਚ ਸੀ ਪਰ 1978 ਵਿੱਚ ਸ਼ੁਰੂ ਹੋਏ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੰਘਰਸ਼ ਦਾ ਸਮਰਥਨ ਕਰਨ ਅਤੇ ਸੰਘਰਸ਼ ਵਿਚ ਸ਼ਾਮਲ ਹੋਣ ਕਾਰਨ ਇਕ ਮਹੀਨੇ ਲਈ ਫਿਰੋਜ਼ਪੁਰ ਦੀ ਜੇਲ੍ਹ ਵਿਚ ਕੈਦ ਕੱਟੀ। ਫਿਰ ਉਹ ਲੈਕਚਰਾਰ ਬਣ ਕੇ ਸਰਕਾਰੀ ਸੈਕੰਡਰੀ ਸਕੂਲ ਮਹਿਲ ਜੰਡਿਆਲਾ ਤਾਇਨਾਤ ਹੋਏ ਅਤੇ ਇੱਥੋਂ ਹੀ 30 ਨਵੰਬਰ 2000 ਨੂੰ ਸੇਵਾ ਮੁਕਤ ਹੋ ਗਏ।
ਸੇਵਾ ਮੁਕਤੀ ਤੋਂ ਬਾਅਦ ਵੀ ਉਸ ਨੇ ਸੰਘਰਸ਼ਸ਼ੀਲ ਜੀਵਨ ਨੂੰ ਪਹਿਲ ਦਿੱਤੀ ਅਤੇ ਸੀਪੀਆਈ (ਐੱਮ) ਦੀ ਜ਼ਿਲ੍ਹਾ ਕਮੇਟੀ ਦਾ ਮੈਂਬਰ ਅਤੇ ਕਿਸਾਨ ਸਭਾ ਦਾ ਜ਼ਿਲ੍ਹਾ ਸਕੱਤਰ ਰਿਹਾ। ਉਹ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦਾ ਤਹਿਸੀਲ ਪ੍ਰਧਾਨ ਤੇ ਜ਼ਿਲ੍ਹੇ ਦਾ ਪ੍ਰੈੱਸ ਸੈਕਟਰੀ ਰਿਹਾ। ਪ੍ਰੈੱਸ ਨਾਲ ਹਰ ਰੋਜ਼ ਵਾਹ ਪੈਣ ਕਰਕੇ ਉਹ ਅਖ਼ਬਾਰਾਂ ਵਿਚ ਬਤੌਰ ਲੇਖਕ ਵੀ ਛਪਣ ਲੱਗਾ ਅਤੇ ਲੰਬਾ ਸਮਾਂ ਚਲੰਤ ਮਾਮਲਿਆਂ ’ਤੇ ਲੇਖ ਲਿਖਦਾ ਰਿਹਾ।
ਉਸ ਦੇ ਭਰਾ ਨੇ ਦੱਸਿਆ ਕਿ ਏਨੀਆਂ ਪ੍ਰਾਪਤੀਆਂ ਹੋਣ ਕਾਰਨ ਉਸ ਵਿਚ ਥੋੜ੍ਹਾ ਗਰੂਰ ਵੀ ਆ ਗਿਆ ਸੀ। ਜਿਵੇਂ ਉਹ ਆਪਣੇ ਨਾਂ ਨਾਲ ਜੋਗਿੰਦਰ ਸਿੰਘ ਗਿੱਲ ਆਦਿ ਲਿਖਣ ਦੀ ਥਾਂ ਜੋਗਿੰਦਰ ਸਿੰਘ ਐੱਮਏ ਲਿਖਦਾ ਸੀ। ਇਸ ਤਰ੍ਹਾਂ ਦੀ ਹੀ ਇਕ ਹੋਰ ਘਟਨਾ ਵਰਣਨ ਕਰਨ ਦੇ ਯੋਗ ਹੈ ਕਿ ਇੱਕ ਵਾਰ ਉਸ ਦਾ ਐਕਸੀਡੈਂਟ ਹੋ ਗਿਆ ਤੇ ਮਾਸਟਰ ਜੀ ਨੂੰ ਕਾਫ਼ੀ ਗੰਭੀਰ ਸਿਰ ਦੀ ਸੱਟ ਲੱਗੀ। ਕੁਝ ਸਮਾਂ ਉਹ ਹਸਪਤਾਲ ਵਿਚ ਬੇਹੋਸ਼ੀ ਦੀ ਹਾਲਤ ਵਿਚ ਰਹੇ।
ਜਾਣਕਾਰ ਅਧਿਆਪਕਾਂ ਦਾ ਖ਼ਬਰਸਾਰ ਲਈ ਜਾਣਾ ਸੁਭਾਵਿਕ ਹੀ ਸੀ। ਉਸ ਦੇ ਜਾਣ-ਪਛਾਣ ਵਾਲੇ ਦੋ ਅਧਿਆਪਕ ਮਾਸਟਰ ਸਰਦੂਲ ਸਿੰਘ ਅਤੇ ਦਿਲਬਾਗ ਸਿੰਘ ਮਿਜ਼ਾਜ-ਪੁਰਸ਼ੀ ਲਈ ਹਸਪਤਾਲ ਮਿਲਣ ਗਏ। ਮਾਸਟਰ ਜੋਗਿੰਦਰ ਕਹਿਣ ਲੱਗਾ, ‘‘ਯਾਰ ਸੱਟ ਕਾਹਦੀ ਲੱਗੀ, ਮੇਰਾ ਤਾਂ ਦਿਮਾਗ ਹੀ ਬੰਦ ਹੋ ਗਿਆ ਸੀ। ਹੁਣ ਹਫ਼ਤੇ ਬਾਅਦ ਥੋੜ੍ਹਾ ਠੀਕ ਹੋਇਆ ਹੈ ਅਤੇ ਦਿਮਾਗ ਆਮ ਬੰਦੇ ਵਾਂਗਰ ਜਿੰਨਾ ਕੁ ਤੁਹਾਡਾ ਆਮ ਲੋਕਾਂ ਦਾ ਹੁੰਦਾ ਹੈ, ਹੋ ਤਾਂ ਗਿਆ ਹੈ ਪਰ ਹਾਲੇ ਪਹਿਲਾਂ ਦੀ ਤਰਾਂ ਪੂਰਾ ਨਾਰਮਲ ਨਹੀਂ ਹੋਇਆ।’’ ਖ਼ਬਰ ਲੈਣ ਗਏ ਮਾਸਟਰ ਸ਼ਰਮਿੰਦੇ ਤਾਂ ਹੋਏ ਪਰ ਸ਼ਿਸ਼ਟਾਚਾਰ ਵਜੋਂ ਚੁੱਪ ਹੀ ਰਹੇ ਤੇ ਬਾਹਰ ਆ ਕੇ ਹੱਸਦੇ-ਹੱਸਦੇ ਇੱਕ-ਦੂਜੇ ਨੂੰ ਕਹਿਣ ਲੱਗੇ, ਪਹਿਲਾਂ ਇਹ ਕਿਹੜਾ ਨਿਊਟਨ ਹੁੰਦਾ ਸੀ।
-ਹਰਜੀਤ ਸਿੰਘ ਗਿੱਲ
-ਸੰਪਰਕ : +1 647 542 0007 (ਕੈਨੇਡਾ) , +91 98889 45127 (ਭਾਰਤ)