ਮਾਂ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਹਰ ਸੰਗਰਾਂਦ ਨੂੰ ਗੁਰੂਘਰ ਲੈ ਕੇ ਜਾਂਦੀ। ਸਾਨੂੰ ਮੰਦਰ ਜਾਣ ਤੋਂ ਬਗੈਰ ਨਾਸ਼ਤਾ ਨਹੀਂ ਮਿਲਦਾ। ਮਾਂ ਵੀ ਦਾਦੀ ਵਾਂਗ ਘਰ ਦੇ ਬੂਹੇ ਅੱਗੇ ਖੜ੍ਹੇ ਜਾਨਵਰਾਂ ਨੂੰ ਪਾਣੀ ਪਿਲਾਉਂਦੀ ਅਤੇ ਘਾਹ ਪਾਉਂਦੀ। ਜਿਸ ਥਾਂ ’ਤੇ ਵੀ ਕੋਈ ਲੰਗਰ ਲੱਗਦਾ ਜਾਂ ਫਿਰ ਕੋਈ ਧਰਮ ਕਰਮ ਦਾ ਕੰਮ ਹੁੰਦਾ, ਮਾਂ ਉਸ ਵਿਚ ਆਪਣੇ ਪਰਿਵਾਰ ਦੀ ਕਮਾਈ ’ਚੋਂ ਕੱਢੇ ਦਸਵੰਧ ’ਚੋਂ ਕੁਝ ਨਾ ਕੁਝ ਜ਼ਰੂਰ ਭੇਜਦੀ।

.jpg)
-ਪ੍ਰਿੰਸੀਪਲ ਵਿਜੈ ਕੁਮਾਰ
ਮੈਂ ਆਪਣੀ ਦਾਦੀ ਵੇਖੀ ਤਾਂ ਨਹੀਂ ਪਰ ਉਸ ਵੱਲੋਂ ਘਰ ਵਿਚ ਪਾਈਆਂ ਗਈਆਂ ਪਿਰਤਾਂ ਵੇਖ ਕੇ ਮੈਂ ਉਸ ਰੱਬ ਨੂੰ ਅਰਜ਼ੋਈ ਕਰਦਾ ਹਾਂ ਕਿ ਮੈਂ ਜਦ ਵੀ ਮਨੁੱਖ ਦੀ ਜੂਨੀ ਵਿਚ ਜਨਮ ਲਵਾਂ, ਮੇਰਾ ਜਨਮ ਇਸੇ ਪਰਿਵਾਰ ਵਿਚ ਹੋਵੇ। ਮੇਰੀ ਦਾਦੀ ਸਿੱਖ ਸੋਢੀ ਪਰਿਵਾਰ ਦੀ ਧੀ ਸੀ। ਉਹ ਜਪੁਜੀ ਸਾਹਿਬ ਦਾ ਪਾਠ ਕਰਦੀ ਹੁੰਦੀ ਸੀ। ਮੈਂ ਆਪਣੀ ਮਾਂ ਦੇ ਮੂੰਹੋਂ ਇਹ ਸ਼ਬਦ ਸੁਣੇ ਸਨ ਕਿ ਜਦੋਂ ਉਹ ਵਿਆਹ ਕੇ ਇਸ ਘਰ ਵਿਚ ਆਈ ਤਾਂ ਸਾਡੇ ਘਰ ਦੇ ਅੱਗੇ ਗਾਊਆਂ, ਸਾਨ੍ਹਾਂ, ਕੁੱਤਿਆਂ ਅਤੇ ਹੋਰ ਕਈ ਜਾਨਵਰਾਂ ਦਾ ਡੇਰਾ ਲੱਗਿਆ ਰਹਿੰਦਾ ਸੀ।
ਤੁਹਾਡੀ ਦਾਦੀ ਉਨ੍ਹਾਂ ਨੂੰ ਰੋਟੀਆਂ ਅਤੇ ਘਾਹ ਦੀਆਂ ਪਾਉਂਦੀ ਰਹਿੰਦੀ ਸੀ। ਸਾਡੇ ਦਰੋਂ ਕਦੇ ਕੋਈ ਖ਼ਾਲੀ ਨਹੀਂ ਜਾਂਦਾ ਸੀ। ਮੇਰੀ ਮਾਂ ਨੇ ਸਾਨੂੰ ਦੱਸਿਆ ਸੀ ਕਿ ਇਕ ਦਿਨ ਮੈਂ ਤੁਹਾਡੀ ਦਾਦੀ ਨੂੰ ਪੁੱਛਿਆ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ? ਉਸ ਨੇ ਅੱਗੋਂ ਜਵਾਬ ਦਿੱਤਾ, ‘ਧੀਏ! ਇਨ੍ਹਾਂ ਬੇਜ਼ੁਬਾਨ ਜਾਨਵਰਾਂ ਦਾ ਸਹਾਰਾ ਮਨੁੱਖ ਹੀ ਹੁੰਦਾ ਹੈ। ਘਰ ਦੇ ਬੂਹੇ ’ਤੇ ਮੰਗਣ ਆਇਆਂ ਨੂੰ ਬਿਨਾਂ ਦਿੱਤਿਆਂ ਖ਼ਾਲੀ ਨਹੀਂ ਮੋੜਨਾ ਚਾਹੀਦਾ।
ਕਹਿੰਦੇ ਨੇ ਇਨ੍ਹਾਂ ਦੀ ਦਿੱਤੀ ਅਸੀਸ ਨਾਲ ਪਰਮਾਤਮਾ ਮਿਹਰਬਾਨ ਹੋ ਜਾਂਦਾ ਹੈ। ਜਿਹੜਾ ਵੀ ਤੁਹਾਡੇ ਦਰ ’ਤੇ ਆਉਂਦਾ ਹੈ, ਉਹ ਇਹ ਆਸ ਲੈ ਕੇ ਆਉਂਦਾ ਹੈ ਕਿ ਮੈਂ ਇਸ ਘਰ ਤੋਂ ਖ਼ਾਲੀ ਨਹੀਂ ਜਾਵਾਂਗਾ। ਪਤਾ ਨਹੀਂ ਉਸ ਅਕਾਲ ਪੁਰਖ ਨੇ ਉਨ੍ਹਾਂ ਕਰਕੇ ਹੀ ਤੁਹਾਨੂੰ ਸਭ ਕੁਝ ਦਿੱਤਾ ਹੈ। ਜੇਕਰ ਸਭ ਕੁਝ ਹੁੰਦਿਆਂ-ਸੁੰਦਿਆਂ ਵੀ ਤੁਸੀਂ ਉਨ੍ਹਾਂ ਨੂੰ ਦੇਣ ਤੋਂ ਨਾਂਹ ਕਰ ਦਿੰਦੇ ਹੋ ਤਾਂ ਇਸ ਧਰਤੀ ’ਤੇ ਤੁਹਾਡੇ ਜਿਹਾ ਕੋਈ ਗੁਨਾਹਗਾਰ ਨਹੀਂ। ਕਹਿੰਦੇ ਨੇ ਜੇਕਰ ਇਨ੍ਹਾਂ ਹੱਥਾਂ ਤੋਂ ਧਰਮ ਕਰਮ ਦਾ ਕੰਮ ਹੁੰਦਾ ਰਹੇ ਤਾਂ ਘਰ ਵਿਚ ਸੁੱਖ-ਸ਼ਾਂਤੀ ਰਹਿੰਦੀ ਹੈ।
ਬਿਮਾਰੀਆਂ ’ਤੇ ਪੈਸੇ ਲੱਗਣ ਨਾਲੋਂ ਤਾਂ ਚੰਗਾ ਹੈ ਕਿ ਇਨ੍ਹਾਂ ਹੱਥਾਂ ਤੋਂ ਕਿਸੇ ਦਾ ਭਲਾ ਹੋ ਜਾਵੇ। ਮਾਂ ਨੇ ਦਾਦੀ ਨੂੰ ਆਪਣਾ ਆਦਰਸ਼ ਮੰਨਦਿਆਂ ਹੋਇਆਂ ਕਿਹਾ, ‘‘ਜਿਸ ਦਿਨ ਮਾਂ ਜੀ ਦਾ ਸੁਰਗਵਾਸ ਹੋਇਆ, ਉਨ੍ਹਾਂ ਨੇ ਮੇਰਾ ਹੱਥ ਆਪਣੇ ਹੱਥ ਵਿਚ ਲੈਂਦਿਆਂ ਹੋਇਆਂ ਕਿਹਾ ਸੀ ਕਿ ਤੂੰ ਮੇਰੀ ਨੂੰਹ ਨਹੀਂ ਸਗੋਂ ਧੀ ਹੈ। ਧੀਆਂ ਮਾਵਾਂ ਦੀ ਗੱਲ ਕਦੇ ਵੀ ਮੋੜਦੀਆਂ ਨਹੀਂ ਹੁੰਦੀਆਂ। ਤੂੰ ਮੇਰੀ ਬਰਸੀ, ਮੇਰਾ ਸ਼ਰਾਧ ਤੇ ਚਵਰਖ ਭਾਵੇਂ ਕਰੀਂ ਜਾਂ ਨਾ, ਪਰ ਇਹ ਧਰਮ ਕਰਮ ਨਾ ਛੱਡੀਂ। ਮੇਰੇ ਪੁੱਤ ਦੀ ਕਮਾਈ ਵਿੱਚੋਂ ਇਹ ਦਸਵੰਧ ਕੱਢਦੀ ਰਹੀਂ। ਜਿਸ ਦਿਨ ਮਾਂ ਜੀ ਨੇ ਸਰੀਰ ਛੱਡਿਆ, ਉਸ ਦਿਨ ਪਿੰਡ ਦੇ ਲੋਕ ਹੀ ਨਹੀਂ ਰੋਂਦੇ ਸਨ ਸਗੋਂ ਉਨ੍ਹਾਂ ਬੇਜ਼ੁਬਾਨ ਜਾਨਵਰਾਂ ਦੀਆਂ ਅੱਖਾਂ ਤੋਂ ਵੀ ਹੰਝੂ ਵਗ ਰਹੇ ਸਨ। ਮੇਰੀ ਮਾਂ ਨੇ ਦਾਦੀ ਦੀ ਉਸ ਨਸੀਹਤ ਨੂੰ ਪੱਲੇ ਬੰਨ੍ਹ ਲਿਆ। ਮੇਰੀ ਮਾਂ ਨੂੰ ਉਨ੍ਹਾਂ ਜਾਨਵਰਾਂ ’ਚੋਂ ਮੇਰੀ ਦਾਦੀ ਨਜ਼ਰ ਆਉਂਦੀ ਸੀ। ਉਸ ਨੇ ਕਦੇ ਵੀ ਉਨ੍ਹਾਂ ਨੂੰ ਭੁੱਖੇ -ਪਿਆਸੇ ਨਹੀਂ ਰਹਿਣ ਦਿੱਤਾ। ਦਰ ’ਤੇ ਹਰ ਕਿਸੇ ਨੂੰ ਖ਼ੈਰ ਪਾਈ।
ਉਸ ਨੇ ਦਾਦੀ ਜੀ ਵੱਲੋਂ ਸ਼ੁਰੂ ਕੀਤੀ ਗਈ ਪਰੰਪਰਾ ਵਿਚ ਵਾਧਾ ਹੀ ਕੀਤਾ। ਜਦੋਂ ਸਾਡੇ ਘਰ ਦੀ ਰਸੋਈ ਵਿਚ ਦੁਪਹਿਰ ਦਾ ਖਾਣਾ ਬਣਦਾ ਤਾਂ ਸਭ ਤੋਂ ਪਹਿਲਾਂ ਕੁੱਤੇ, ਕਾਂ, ਗਾਂ, ਬ੍ਰਾਹਮਣ ਆਦਿ ਦੀ ਰੋਟੀ ਕੱਢੀ ਜਾਂਦੀ। ਸਾਡੇ ਹੱਥਾਂ ਤੋਂ ਕੁੱਤੇ, ਕਾਂ ਅਤੇ ਗਾਂ ਨੂੰ ਰੋਟੀ ਪੁਆਈ ਜਾਂਦੀ। ਮਾਂ ਪੁਜਾਰੀ ਤੇ ਗੁਰੂ ਘਰ ਦੇ ਭਾਈ ਜੀ ਨੂੰ ਗਰਮੀਆਂ ਅਤੇ ਸਰਦੀਆਂ ਦੇ ਕੱਪੜੇ ਇਸ ਭਾਵਨਾ ਨਾਲ ਦਿੰਦੀ ਸੀ ਕਿ ਜੋ ਕੁਝ ਇਸ ਜਨਮ ਵਿਚ ਬੀਜਾਂਗੇ, ਅਗਲੇ ਜਨਮ ਵਿਚ ਉਹੀ ਕੁਝ ਵੱਢਾਂਗੇ।
ਮਾਂ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਹਰ ਸੰਗਰਾਂਦ ਨੂੰ ਗੁਰੂਘਰ ਲੈ ਕੇ ਜਾਂਦੀ। ਸਾਨੂੰ ਮੰਦਰ ਜਾਣ ਤੋਂ ਬਗੈਰ ਨਾਸ਼ਤਾ ਨਹੀਂ ਮਿਲਦਾ। ਮਾਂ ਵੀ ਦਾਦੀ ਵਾਂਗ ਘਰ ਦੇ ਬੂਹੇ ਅੱਗੇ ਖੜ੍ਹੇ ਜਾਨਵਰਾਂ ਨੂੰ ਪਾਣੀ ਪਿਲਾਉਂਦੀ ਅਤੇ ਘਾਹ ਪਾਉਂਦੀ। ਜਿਸ ਥਾਂ ’ਤੇ ਵੀ ਕੋਈ ਲੰਗਰ ਲੱਗਦਾ ਜਾਂ ਫਿਰ ਕੋਈ ਧਰਮ ਕਰਮ ਦਾ ਕੰਮ ਹੁੰਦਾ, ਮਾਂ ਉਸ ਵਿਚ ਆਪਣੇ ਪਰਿਵਾਰ ਦੀ ਕਮਾਈ ’ਚੋਂ ਕੱਢੇ ਦਸਵੰਧ ’ਚੋਂ ਕੁਝ ਨਾ ਕੁਝ ਜ਼ਰੂਰ ਭੇਜਦੀ। ਸਾਨੂੰ ਵੱਡੇ ਹੋ ਕੇ ਪਤਾ ਲੱਗਾ ਕਿ ਮਾਂ ਸਾਡੇ ਕੋਲੋਂ ਗਊਆਂ, ਕਾਵਾਂ ਅਤੇ ਕੁੱਤਿਆਂ ਨੂੰ ਰੋਟੀਆਂ ਕਿਉਂ ਪੁਆਉਂਦੀ ਸੀ? ਸਾਡੇ ਕੋਲੋਂ ਪਿਆਸੇ ਜਾਨਵਰਾਂ ਅੱਗੇ ਪਾਣੀ ਦੀਆਂ ਭਰੀਆਂ ਹੋਈਆਂ ਬਾਲਟੀਆਂ ਕਿਉਂ ਰਖਵਾਉਂਦੀ ਸੀ? ਸਾਡੇ ਕੋਲੋਂ ਹੀ ਘਰ ਦੇ ਬੂਹੇ ’ਤੇ ਆਏ ਸਾਧੂ-ਸੰਤਾਂ ਨੂੰ ਲੰਗਰ ਕਿਉਂ ਦਿਵਾਉਂਦੀ ਸੀ? ਉਹ ਸਾਨੂੰ ਮੰਦਰ ਅਤੇ ਗੁਰੂਘਰ ਕਿਉਂ ਲੈ ਕੇ ਜਾਂਦੀ ਸੀ? ਸਾਡੇ ਕੋਲੋਂ ਧਰਮ ਕਰਮ ਦੇ ਕੰਮ ਕਿਉਂ ਕਰਵਾਉਂਦੀ ਸੀ? ਉਹ ਚਾਹੁੰਦੀ ਸੀ ਕਿ ਸਾਨੂੰ ਵੀ ਦਾਦੀ ਵਾਲੇ ਰਾਹ ’ਤੇ ਆਪਣੇ-ਆਪ ਤੁਰਨ ਦੀ ਆਦਤ ਪੈ ਜਾਵੇ।
ਮੇਰੀਆਂ ਦੋਵੇਂ ਭੈਣਾਂ ਆਪਣੇ ਸਹੁਰਿਆਂ ਦੇ ਘਰ ਜਾ ਕੇ ਮਾਂ ਅਤੇ ਦਾਦੀ ਵਾਲੇ ਧਰਮ ਕਰਮ ਦੇ ਕੰਮਾਂ ਨੂੰ ਭੁੱਲੀਆਂ ਨਹੀਂ। ਸਾਨੂੰ ਚਾਰੇ ਭਰਾਵਾਂ ਨੂੰ ਤਾਂ ਮਾਂ ਅਤੇ ਦਾਦੀ ਦੇ ਦਸਵੰਧ ਕੱਢਣ ਦੀ ਆਦਤ ਪੈਣੀ ਹੀ ਸੀ ਸਗੋਂ ਮੇਰੀ ਪਤਨੀ ਅਤੇ ਬੱਚੇ ਮੈਥੋਂ ਵੀ ਅੱਗੇ ਨਿਕਲ ਗਏ। ਮੇਰੀ ਪਤਨੀ ਦਾ ਹਰ ਵੇਲੇ ਇਹ ਯਤਨ ਰਹਿੰਦਾ ਹੈ ਕਿ ਆਪ ਤੰਗ ਰਹਿ ਕੇ ਵੀ ਗ਼ਰੀਬ-ਗੁਰਬੇ ਦੀ ਬਣਦੀ ਮਦਦ ਕੀਤੀ ਜਾਵੇ।
ਉਹ ਮੇਰੀ ਤਨਖਾਹ ਅਤੇ ਪੈਨਸ਼ਨ ਦੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਧਰਮ ਕਰਮ ਦੇ ਕੰਮਾਂ ਲਈ ਦਸਵੰਧ ਕੱਢਦੀ ਹੈ। ਉਹ ਵੀ ਕਿਸੇ ਨੂੰ ਆਪਣੇ ਘਰ ਦੇ ਦਰ ਤੋਂ ਖ਼ਾਲੀ ਨਹੀਂ ਜਾਣ ਦਿੰਦੀ। ਮੇਰੇ ਦੋਵੇਂ ਪੁੱਤਰਾਂ ਨੇ ਆਪਣੀ ਦਾਦੀ ਤੋਂ ਆਪਣੀ ਪੜਦਾਦੀ ਦੀਆਂ ਚੰਗੀਆਂ ਗੱਲਾਂ ਸੁਣੀਆਂ ਹੋਈਆਂ ਸਨ। ਅਸੀਂ ਆਪਣੀ ਦਾਦੀ ਨੂੰ ਧਰਮ ਕਰਮ ਦੇ ਕੰਮ ਕਰਦੇ ਵੇਖਦੇ ਰਹੇ ਸਾਂ।
ਵੱਡਾ ਪੁੱਤਰ ਕੈਨੇਡਾ ਜਾ ਕੇ ਵੀ ਆਪਣੀ ਦਾਦੀ ਦੀਆਂ ਪਾਈਆਂ ਪਿਰਤਾਂ ਨੂੰ ਨਹੀਂ ਭੁੱਲਿਆ। ਉਸ ਨੇ ਉੱਥੇ ਜਾ ਕੇ ਵੀ ਗੁਰੂਘਰ ਅਤੇ ਮੰਦਰ ’ਚ ਸੇਵਾ ਕਰਨੀ ਨਹੀਂ ਛੱਡੀ। ਦੋਵੇਂ ਪੁੱਤਰ ਕਿਸੇ ਲੋੜਵੰਦ ਦੀ ਸਹਾਇਤਾ ਕਰਨ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਮੇਰੀ ਦਾਦੀ ਅਤੇ ਮਾਂ ਸੁਰਗ ਵਿਚ ਜਾ ਕੇ ਇਹ ਵੇਖ ਕੇ ਜ਼ਰੂਰ ਖ਼ੁਸ਼ ਹੁੰਦੀਆਂ ਹੋਣਗੀਆਂ ਕਿ ਉਨ੍ਹਾਂ ਦਾ ਦਸਵੰਧ ਦਾ ਬੂਟਾ ਨਿਰੰਤਰ ਵਧ-ਫੁੱਲ ਰਿਹਾ ਹੈ।
-ਮੋਬਾਈਲ : 98726-27136