ਵਿਆਹੁਤਾ ਰਿਸ਼ਤਿਆਂ ’ਚ ਸਾਥੀ ਦੇ ਨਾਲ ਬੇਵਫ਼ਾਈ ਤੇ ਆਜ਼ਾਦ ਲਿਵ-ਇਨ-ਰਿਲੇਸ਼ਨਸ਼ਿਪ ਨੂੰ ਪ੍ਰਗਤੀਸ਼ੀਲ ਸਮਾਜ ਦੀ ਨਿਸ਼ਾਨੀ ਦੱਸਿਆ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਅਜਿਹੇ ਦਰਸ਼ਨ ਵੱਲ ਆਕਰਸ਼ਿਤ ਹੋ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਇਸ ਦੇ ਲੰਬੇ ਸਮੇਂ ਦੇ ਨਤੀਜਿਆਂ ਦਾ ਪਤਾ ਨਹੀਂ ਹੈ।

ਸੁਪਰੀਮ ਕੋਰਟ ਦੀ ਇਹ ਹਾਲੀਆ ਟਿੱਪਣੀ ਚਰਚਾ ਦਾ ਵਿਸ਼ਾ ਬਣੀ ਕਿ ‘ਕਿਸੇ ਸਬੰਧ ਦੇ ਖ਼ਤਮ ਹੋ ਜਾਣ ਜਾਂ ਸਿਰਫ਼ ਨਾਪਸੰਦ ਹੋ ਜਾਣ ਨਾਲ ਉਸ ਨੂੰ ਬਾਅਦ ’ਚ ਜਬਰ ਜਨਾਹ ਦੇ ਰੂਪ ’ਚ ਤਬਦੀਲ ਨਹੀਂ ਕੀਤਾ ਜਾ ਸਕਦਾ। ਵਿਆਹ ਦੇ ਝੂਠੇ ਵਾਅਦੇ ’ਤੇ ਲਗਾਏ ਗਏ ਜਬਰ ਜਨਾਹ ਦੇ ਦੋਸ਼ ਤਦ ਮਨਜ਼ੂਰ ਹੋਣਗੇ, ਜਦ ਉਹ ਸਪੱਸ਼ਟ ਤੇ ਪੁਖ਼ਤਾ ਸਬੂਤ ਸਮੇਤ ਹੋਣਗੇ। ਬਾਲਗਾਂ ਵਿਚਾਲੇ ਸਹਿਮਤੀ ਨਾਲ ਬਣੇ ਸਬੰਧ ਦਾ ਟੁੱਟ ਜਾਣਾ ਮਰਦ ਦੇ ਖ਼ਿਲਾਫ਼ ਜਬਰ ਜਨਾਹ ਦੇ ਅਪਰਾਧਕ ਮਾਮਲੇ ਦਾ ਆਧਾਰ ਨਹੀਂ ਬਣ ਸਕਦਾ।’
ਔਰੰਗਾਬਾਦ ਦੇ ਇਕ ਵਕੀਲ ’ਤੇ ਜਬਰ ਜਨਾਹ ਦੇ ਮਾਮਲੇ ਨੂੰ ਰੱਦ ਕਰਦੇ ਹੋਏ ਜਸਟਿਸ ਬੀਵੀ ਨਾਗਰਤਨਾ ਤੇ ਜਸਟਿਸ ਆਰ. ਮਹਾਦੇਵਨ ਦੇ ਬੈਂਚ ਨੇ ਇਹ ਵੀ ਕਿਹਾ, ‘ਹਰ ਵਿਗੜੇ ਹੋਏ ਸਬੰਧ ਨੂੰ ਜਬਰ ਜਨਾਹ ਦੇ ਅਪਰਾਧ ’ਚ ਤਬਦੀਲ ਕਰਨਾ ਨਾ ਸਿਰਫ਼ ਅਪਰਾਧ ਦੀ ਗੰਭੀਰਤਾ ਨੂੰ ਘੱਟ ਕਰਦਾ ਹੈ, ਬਲਕਿ ਮੁਲਜ਼ਮ ’ਤੇ ਅਮਿੱਟ ਕਲੰਕ ਤੇ ਗੰਭੀਰ ਬੇਇਨਸਾਫ਼ੀ ਵੀ ਥੋਪਦਾ ਹੈ। ਅਪਰਾਧਕ ਨਿਆ ਪ੍ਰਣਾਲੀ ਦੀ ਅਜਿਹੀ ਦੁਰਵਰਤੋਂ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ।’ ਇਹ ਪਹਿਲਾ ਮੌਕਾ ਨਹੀਂ ਹੈ ਕਿ ਅਦਾਲਤ ਨੇ ਲਿਵ-ਇਨ ’ਚ ਰਹਿ ਰਹੇ ਜੋੜਿਆਂ ’ਤੇ ਅਜਿਹੀ ਤਲਖ਼ ਟਿੱਪਣੀ ਕੀਤੀ ਹੋਵੇ। ਜੂਨ 2025 ’ਚ ਸ਼ਾਨੇ ਆਲਮ ਬਨਾਮ ਉੱਤਰ ਪ੍ਰਦੇਸ਼ ਰਾਜ ਮਾਮਲੇ ’ਚ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਸੀ ਕਿ ‘ਲਿਵ-ਇਨ ਸਬੰਧ ਭਾਰਤੀ ਮੱਧ ਵਰਗੀ ਸਮਾਜ ਦੀਆਂ ਕਦਰਾਂ-ਕੀਮਤਾਂ ਦੇ ਉਲਟ ਹੈ ਤੇ ਇਹ ਅਕਸਰ ਕਾਨੂੰਨੀ ਵਿਵਾਦ ਦਾ ਕਾਰਨ ਬਣਦੇ ਹਨ, ਜਿਸ ਦਾ ਔਰਤਾਂ ’ਤੇ ਉਲਟ ਅਸਰ ਪੈਂਦਾ ਹੈ।’
ਅਜੇ ਭਾਰਤੀ ਸਮਾਜਿਕ, ਸੱਭਿਆਚਾਰਕ ਵਿਵਸਥਾ ਅਜਿਹੇ ਇਨਫੈਕਸ਼ਨ ਕਾਲ ’ਚੋਂ ਲੰਘ ਰਹੀ ਹੈ, ਜਿੱਥੇ ਕਥਿਤ ਨਾਰੀਵਾਦੀ ਸਮੂਹ ਇਹ ਸਿੱਧ ਕਰਨ ’ਚ ਲੱਗੇ ਹਨ ਕਿ ਔਰਤ ਦੀ ਅਸਲੀ ਆਜ਼ਾਦੀ ਵਿਆਹ ਤੋਂ ਮੁਕਤੀ ’ਚ ਹੈ। ਇਹੀ ਕਾਰਨ ਹੈ ਕਿ ਦੇਸ਼ ’ਚ ਅਜਿਹੀਅਾਂ ਲੜਕੀਆਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ, ਜੋ ਵਿਆਹ ਨੂੰ ਬੰਧਨ ਤੇ ਰੂੜੀਵਾਦੀ ਧਾਰਨਾ
ਮੰਨ ਕੇ ਉਸ ਨੂੰ ਨਕਾਰ ਰਹੀਆਂ ਹਨ ਤੇ ਉਸ ਦੇ ਬਦਲ ’ਚ ਲਿਵ-ਇਨ ਰਿਲੇਸ਼ਨਸ਼ਿਪ ਨੂੰ ਮਹੱਤਵ ਦੇ ਰਹੀਆਂ ਹਨ।
ਅੱਜ ਦੀ ਭਾਰਤੀ ਨੌਜਵਾਨ ਪੀੜ੍ਹੀ ਆਪਣੇ ਆਪ ਨੂੰ ਆਧੁਨਿਕ ਮੰਨਦੇ ਹੋਏ ਰਵਾਇਤੀ ਨਿਯਮਾਂ ਦੀ ਅਣਦੇਖੀ ਕਰ ਕੇ ਲਿਵ-ਇਨ-ਰਿਲੇਸ਼ਨਸ਼ਿਪ ਨੂੰ ਆਜ਼ਾਦ ਸੋਚ ਦਾ ਹਸਤਾਖਰ ਮੰਨ ਕੇ ਆਪਣੇ ਆਪ ਦੀ ਪਿੱਠ ਥਾਪੜਦੀ ਦਿਸਦੀ ਹੈ, ਪਰ ਕੁਝ ਸਮੇਂ ਬਾਅਦ ਉਹ ਆਪਣੇ ਆਪ ਨੂੰ ਅਜਿਹੇ ਚੱਕਰਵਿਊ ’ਚ ਫਸਿਆ ਹੋਇਆ ਦੇਖਦੀ ਹੈ, ਜਿਸ ਤੋਂ ਬਾਹਰ ਨਿਕਲਣਾ ਸੌਖਾ ਨਹੀਂ। ਅਦਨਾਨ ਬਨਾਮ ਉੱਤਰ ਪ੍ਰਦੇਸ਼ ਰਾਜ ਤੇ ਹੋਰ (2023) ਮਾਮਲੇ ’ਚ ਅਦਾਲਤ ਨੇ ਕਿਹਾ ਸੀ, ‘ਪਹਿਲੀ ਨਜ਼ਰ ’ਚ ਲਿਵ-ਇਨ-ਰਿਸ਼ਤਾ ਬਹੁਤ ਆਕਰਸ਼ਕ ਲੱਗਦਾ ਹੈ, ਪਰ ਸਮਾਂ ਬੀਤਣ ’ਤੇ ਅਜਿਹੇ ਜੋੜਿਆਂ ਨੂੰ ਅਹਿਸਾਸ ਹੋਣ ਲੱਗਦਾ ਹੈ ਕਿ ਉਨ੍ਹਾਂ ਦੇ ਰਿਸ਼ਤੇ ਨੂੰ ਸਮਾਜਿਕ ਮਨਜ਼ੂਰੀ ਨਹੀਂ ਮਿਲੀ ਹੈ ਤੇ ਉਹ ਜੀਵਨ ਭਰ ਨਹੀਂ ਚੱਲ ਸਕਦਾ।’
ਮਾਨਵ ਵਿਗਿਆਨੀ ਜੇਡੀ ਅਨਵਿਨ ਇਕ ਵਿਸਥਾਰਤ ਤੇ ਡੂੰਘੀ ਖੋਜ ਤੋਂ ਬਾਅਦ ਇਸ ਨਤੀਜੇ ’ਤੇ ਪੁੱਜੇ ਸਨ ਕਿ ਕਿਸੇ ਵੀ ਸਮਾਜ ਦੇ ਸੱਭਿਆਚਾਰਕ ਪਤਨ ਦੇ ਪਿੱਛੇ ਮੁੱਖ ਕਾਰਨ ਜਿਨਸੀ ਪਰੰਪਰਾ ’ਚ ਢਿੱਲ ਹੈ। ਅਨਵਿਨ ਮੁਤਾਬਕ ਸੱਭਿਆਚਾਰ ਦਾ ਸਿਖਰ ਸਭ ਤੋਂ ਸ਼ਕਤੀਸ਼ਾਲੀ ਤਾਲਮੇਲ ਵਿਆਹ ਤੋਂ ਪਹਿਲਾਂ ਸ਼ੁੱਧਤਾ ਦੇ ਨਾਲ ‘ਪੂਰੀ ਤਰ੍ਹਾਂ ਵਫ਼ਾਦਾਰੀ’ ਸੀ। ਉਹ ਸੱਭਿਆਚਾਰ ਜਿਨ੍ਹਾਂ ਨੇ ਘੱਟੋ-ਘੱਟ ਤਿੰਨ ਪੀੜ੍ਹੀਆਂ ਤੱਕ ਇਸ ਤਾਲਮੇਲ ਨੂੰ ਬਣਾਈ ਰੱਖਿਆ, ਉਹ ਸਾਹਿਤ, ਕਲਾ, ਵਿਗਿਆਨ, ਵਾਸਤੁਕਲਾ ਤੇ ਖੇਤੀ ਸਮੇਤ ਹਰ ਖੇਤਰ ’ਚ ਸਾਰੇ ਤਰ੍ਹਾਂ ਦੇ ਸੱਭਿਆਚਾਰਾਂ ਤੋਂ ਅੱਗੇ ਰਹੇ। ਯਕੀਨੀ ਤੌਰ ’ਤੇ ਉਹ ਨੌਜਵਾਨ ਪੀੜ੍ਹੀ ਜੋ ਨਿੱਜੀ ਆਜ਼ਾਦੀ ਨੂੰ ਹੀ ਵਿਕਾਸ ਤੇ ਆਤਮ-ਸੰਤੁਸ਼ਟੀ ਦਾ ਆਖ਼ਰੀ ਮਾਪਦੰਡ ਮੰਨਦੀ ਹੈ, ਉਸ ਲਈ ਸਮਾਜ, ਸੱਭਿਆਚਾਰ ਤੇ ਸਮੂਹਿਕ ਜ਼ਿੰਮੇਵਾਰੀ ਦਾ ਸਵਾਲ ਅਪ੍ਰਸੰਗਕ ਤੇ ਕਦੀ-ਕਦੀ ਦਮਨਕਾਰੀ ਤੱਕ ਪ੍ਰਤੀਤ ਹੁੰਦਾ ਹੈ।
ਜੇ ਲਿਵ-ਇਨ ਸਬੰਧਾਂ ਨੂੰ ਵਿਆਹ ਦੀ ਤੁਲਨਾ ’ਚ ਵੱਧ ਸੁਰੱਖਿਅਤ, ਆਜ਼ਾਦ ਤੇ ਆਧੁਨਿਕ ਬਦਲ ਮੰਨਿਆ ਜਾਵੇ, ਤਾਂ ਇਹ ਵਿਚਾਰਯੋਗ ਹੈ ਕਿ ਅਜਿਹੇ ਸਬੰਧ ਟੁੱਟਣ ਤੋਂ ਬਾਅਦ ਸਾਰੇ ਨੌਜਵਾਨ ਮੁੰਡੇ-ਕੁੜੀਆਂ ਅਪਰਾਧਕ ਦੋਸ਼ਾਂ, ਭਾਵਨਾਤਮਕ ਵਿਵਾਦਾਂ ਤੇ ਕਾਨੂੰਨੀ ਸੰਘਰਸ਼ਾਂ ’ਚ ਕਿਉਂ ਉਲਝ ਜਾਂਦੇ ਹਨ? ਜੇ ਇਹ ਵਿਵਸਥਾ ਅਸਲ ’ਚ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਦੀ, ਤਾਂ ਅਦਾਲਤਾਂ ’ਚ ਅਜਿਹੇ ਮਾਮਲਿਆਂ ਦੀ ਗਿਣਤੀ ਲਗਾਤਾਰ ਨਾ ਵਧਦੀ। ਇਸ ਦਾ ਸਭ ਤੋਂ ਵੱਧ ਵਿਰੋਧ ਤਾਂ ਤਦ ਦਿਸਦਾ ਹੈ, ਜਦ ਲਿਵ-ਇਨ ਨੂੰ ‘ਸਸ਼ਕਤੀਕਰਨ’ ਤੇ ‘ਆਜ਼ਾਦੀ’ ਦਾ ਪ੍ਰਤੀਕ ਮੰਨਣ ਵਾਲੀਆਂ ਲੜਕੀਆਂ ਕੁਝ ਸਾਲਾਂ ਦੇ ਸਹਿ-ਜੀਵਨ ਤੋਂ ਬਾਅਦ ਉਸੇ ਸਾਥੀ ਨਾਲ ਵਿਆਹ ਦੀ ਉਮੀਦ ਕਰਨ ਲੱਗਦੀਆਂ ਹਨ। ਆਜ਼ਾਦੀ ਦੇ ਨਾਂ ’ਤੇ ਵਿਆਹ ਜਿਹੀ ਸੰਸਥਾ ਨੂੰ ਪੁਰਾਤਨ ਜਾਂ ਅੜਿੱਕਾ ਦੱਸਣ ਵਾਲੀਆਂ ਔਰਤਾਂ ਆਖ਼ਰ ਇਸੇ ਵਿਆਹ ਸੰਸਥਾ ’ਚ ਸਥਿਰਤਾ, ਸੁਰੱਖਿਆ ਤੇ ਸਮਾਜਿਕ ਮਨਜ਼ੂਰੀ ਲੱਭਣ ਲੱਗਦੀਆਂ ਹਨ। ਇਹ ਦਰਸਾਉਂਦਾ ਹੈ ਕਿ ਲਿਵ-ਇਨ ਦਾ ਆਕਰਸ਼ਣ ਚਾਹੇ ਹੀ ਸ਼ੁਰੂਆਤ ’ਚ ਆਧੁਨਿਕ ਤੇ ਆਸਾਨ ਲੱਗੇ, ਪਰ ਸਮੇਂ ਦੇ ਨਾਲ ਸਮਾਜਿਕ ਹਕੀਕਤਾਂ ਤੇ ਭਾਵਨਾਤਮਕ ਉਮੀਦਾਂ ਉਨ੍ਹਾਂ ਨੂੰ ਮੁੜ ਉਸੇ ਢਾਂਚੇ ਵੱਲ ਮੁੜਨ ਲਈ ਪ੍ਰੇਰਿਤ ਕਰਦੀਆਂ ਹਨ, ਜਿਸ ਨੂੰ ਉਹ ਪਹਿਲਾਂ ਗ਼ੈਰ-ਜ਼ਰੂਰੀ ਬੰਧਨ ਮੰਨ ਕੇ ਨਾਮਨਜ਼ੂਰ ਕਰ ਚੁੱਕੀਆਂ ਹੁੰਦੀਆਂ ਹਨ।
ਅਦਨਾਨ ਬਨਾਮ ਉੱਤਰ ਪ੍ਰਦੇਸ਼ ਰਾਜ ਤੇ ਤਿੰਨ ਹੋਰ ਦੇ ਮਾਮਲੇ ’ਚ ਹੀ ਇਲਾਹਾਬਾਦ ਹਾਈ ਕੋਰਟ ਨੇ ਤਲਖ਼ ਟਿੱਪਣੀ ’ਚ ਕਿਹਾ ਸੀ, ‘ਵਿਆਹ ਵਿਅਕਤੀ ਨੂੰ ਜੋ ਸੁਰੱਖਿਆ, ਸਮਾਜਿਕ ਮਨਜ਼ੂਰੀ, ਤਰੱਕੀ ਤੇ ਸਥਿਰਤਾ ਪ੍ਰਦਾਨ ਕਰਦਾ ਹੈ, ਉਹ ਲਿਵ-ਇਨ-ਰਿਲੇਸ਼ਨਸ਼ਿਪ ਕਦੀ ਨਹੀਂ ਦੇ ਸਕਦਾ। ਲਿਵ-ਇਨ ਨੂੰ ਇਸ ਦੇਸ਼ ’ਚ ਵਿਆਹ ਸੰਸਥਾ ਦੇ ਪੁਰਾਣੇ ਹੋ ਜਾਣ ਤੋਂ ਬਾਅਦ ਹੀ ਆਮ ਮੰਨਿਆ ਜਾਵੇਗਾ, ਜਿਵੇਂ ਕਈ ਕਥਿਤ ਤੌਰ ’ਤੇ ਵਿਕਸਿਤ ਦੇਸ਼ਾਂ ’ਚ ਵਿਆਹ ਸੰਸਥਾ ਦੀ ਰਾਖੀ ਕਰਨਾ ਉਨ੍ਹਾਂ ਲਈ ਇਕ ਵੱਡੀ ਮੁਸ਼ਕਲ ਬਣ ਗਈ ਹੈ। ਅਸੀਂ ਭਵਿੱਖ ’ਚ ਆਪਣੇ ਲਈ ਵੱਡੀ ਮੁਸ਼ਕਲ ਪੈਦਾ ਕਰਨ ਜਾ ਰਹੇ ਹਾਂ। ਇਸ ਦੇਸ਼ ’ਚ ਵਿਆਹ ਸੰਸਥਾ ਨੂੰ ਖ਼ਤਮ ਕਰਨ ਤੇ ਸਮਾਜ ਨੂੰ ਅਸਥਿਰ ਕਰਨ ਸਮੇਤ ਦੇਸ਼ ਦੀ ਤਰੱਕੀ ’ਚ ਅੜਿੱਕਾ ਪਾਉਣ ਦੀ ਵਿਵਸਥਿਤ ਯੋਜਨਾ ਹੈ। ਕੁਝ ਫਿਲਮਾਂ ਤੇ ਟੀਵੀ ਸੀਰੀਅਲਾਂ ’ਚ ਵਿਆਹ ਸੰਸਥਾ ਦਾ ਖ਼ਾਤਮਾ ਹੋ ਰਿਹਾ ਹੈ।
ਵਿਆਹੁਤਾ ਰਿਸ਼ਤਿਆਂ ’ਚ ਸਾਥੀ ਦੇ ਨਾਲ ਬੇਵਫ਼ਾਈ ਤੇ ਆਜ਼ਾਦ ਲਿਵ-ਇਨ-ਰਿਲੇਸ਼ਨਸ਼ਿਪ ਨੂੰ ਪ੍ਰਗਤੀਸ਼ੀਲ ਸਮਾਜ ਦੀ ਨਿਸ਼ਾਨੀ ਦੱਸਿਆ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਅਜਿਹੇ ਦਰਸ਼ਨ ਵੱਲ ਆਕਰਸ਼ਿਤ ਹੋ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਇਸ ਦੇ ਲੰਬੇ ਸਮੇਂ ਦੇ ਨਤੀਜਿਆਂ ਦਾ ਪਤਾ ਨਹੀਂ ਹੈ। ਇਕ ਰਿਸ਼ਤੇ ਤੋਂ ਦੂਜੇ ਰਿਸ਼ਤੇ ’ਚ ਜਾਣਾ ਕਿਸੇ ਵੀ ਤਰ੍ਹਾਂ ਤਸੱਲੀਬਖ਼ਸ਼ ਜੀਵਨ ਨਹੀਂ ਹੈ। ਹਰ ਮੌਸਮ ’ਚ ਸਾਥੀ ਬਦਲਣ ਦੀ ਧਾਰਨਾ ਨੂੰ ਸਥਿਰ ਤੇ ਸਿਹਤਮੰਦ ਸਮਾਜ ਦੀ ਪਛਾਣ ਨਹੀਂ ਮੰਨਿਆ ਜਾ ਸਕਦਾ। ਵਿਆਹ ਸੰਸਥਾ ਵਿਅਕਤੀ ਦੇ ਜਵੀਨ ਨੂੰ ਜੋ ਸੁਰੱਖਿਆ ਤੇ ਸਥਿਰਤਾ ਪ੍ਰਦਾਨ ਕਰਦੀ ਹੈ, ਉਹ ਲਿਵ-ਇਨ-ਰਿਲੇਸ਼ਨਸ਼ਿਪ ਨਾਲ ਸੰਭਵ ਨਹੀਂ। ਅਜਿਹੇ ਰਿਸ਼ਤਿਆਂ ਨਾਲ ਪੈਦਾ ਹੋਣ ਵਾਲੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਦਾਲਤ ਦੀ ਇਹ ਟਿੱਪਣੀ ਚਿਤਾਵਨੀ ਦਿੰਦੀ ਹੈ ਕਿ ਜੇ ਨੌਜਵਾਨ ਪੀੜ੍ਹੀ ਆਧੁਨਿਕਤਾ ਦੇ ਨਾਂ ’ਤੇ ਹਕੀਕਤ ਤੋਂ ਅੱਖਾਂ ਬੰਦ ਕਰਦੀ ਰਹੀ, ਤਾਂ ਭਵਿੱਖ ’ਚ ਇਸ ਭੁਲੇਖੇ ਦੀ ਕੀਮਤ ਉਸ ਨੂੰ ਭਾਰੀ ਸਮਾਜਿਕ ਤੇ ਨਿੱਜੀ ਮੁਸ਼ਕਲਾਂ ਦੇ ਰੂਪ ’ਚ ਸਹਿਣ ਕਰਨੀ ਪਵੇਗੀ। ਤਦ ਵਾਪਸੀ ਦਾ ਕੋਈ ਰਾਹ ਵੀ ਬਾਕੀ ਨਹੀਂ ਰਹੇਗਾ।
ਡਾ. ਰਿਤੂ ਸਾਰਸਵਤ
ਲੇਖਿਕਾ ਸਮਾਜ ਸ਼ਾਸਤਰੀ ਹੈ)
-response@jagran.com