ਨਾਨਕਿਆਂ ਦੇ ਪਿੰਡ ਵਿਚ ਅਸੀਂ ਸਿਰਫ਼ ਮੇਜਰ ਸਾਹਿਬ ਦੇ ਘਰ ਦੀਆਂ ਦੋਹਤੀਆਂ ਨਹੀਂ ਸਾਂ ਸਗੋਂ ਸਾਰੇ ਪਿੰਡ ਦੀਆਂ ਦੋਹਤੀਆਂ ਸਾਂ। ਹਰ ਕੋਈ ਬੜਾ ਹੀ ਪਿਆਰ ਕਰਦਾ। ਕਿਸੇ ਦੇ ਖੇਤ ਵਿੱਚੋਂ ਮੂਲੀਆਂ ਪੁੱਟ ਲੈਂਦੇ ਜਾਂ ਕੁਝ ਹੋਰ ਨੁਕਸਾਨ ਕਰ ਦਿੰਦੇ ਤਾਂ ਕੋਈ ਕੁਝ ਨਹੀਂ ਸੀ ਕਹਿੰਦਾ। ਅੱਗੋਂ ਹੱਸ ਕੇ ਕਹਿ ਦਿੰਦੇ ਕਿ ਕੋਈ ਨਾ, ਨਿਆਣੇ ਨਾਨਕੇ ਆਏ ਹਨ।

ਨਾਨਕਿਆਂ ਦੀਆਂ ਯਾਦਾਂ ਜ਼ਿੰਦਗੀ ਦੀਆਂ ਸਭ ਤੋਂ ਪਿਆਰੀਆਂ ਯਾਦਾਂ ਹੁੰਦੀਆਂ ਹਨ। ਮੇਰੇ ਨਾਨਕੇ ਪਿੰਡ ਰਾਏਪੁਰ ਰਸੂਲਪੁਰ ਹਨ। ਨਿੱਕੇ ਹੁੰਦਿਆਂ ਸਾਰੀਆਂ ਛੁੱਟੀਆਂ ਹਮੇਸ਼ਾ ਨਾਨਕੇ ਜਾ ਕੇ ਬਿਤਾਈਆਂ। ਨਾਨੀ ਦੇ ਚਾਹ-ਪੱਤੀ ਵਾਲੇ ਡੱਬੇ ਵਿਚ ਪੈਸੇ ਹੁੰਦੇ ਸਨ। ਜਦੋਂ ਵੀ ਕੋਈ ਚੀਜ਼ ਵਿਕਣੀ ਆਉਣੀ, ਅਸੀਂ ਨਾਨੀ ਤੋਂ ਪੈਸੇ ਮੰਗਣੇ ਤੇ ਉਨ੍ਹਾਂ ਨੇ ਚਾਹ-ਪੱਤੀ ਵਾਲਾ ਡੱਬਾ ਖੋਲ੍ਹ ਕੇ ਪੈਸੇ ਸਾਨੂੰ ਦੇ ਦੇਣੇ। ਅਸੀਂ ਬਾਈ ਦੀ ਹੱਟੀ ਤੋਂ ਸਾਮਾਨ ਲਿਆ ਕੇ ਖਾ ਲੈਣਾ। ਮੈਨੂੰ ਤਾਂ ਇੰਜ ਲੱਗਦਾ ਹੁੰਦਾ ਸੀ ਜਿੱਦਾਂ ਬਾਈ ਸਾਨੂੰ ਮੁਫ਼ਤ ਵਿਚ ਚੀਜ਼ਾਂ ਦਿੰਦਾ ਸੀ। ਇਹ ਤਾਂ ਕਈ ਸਾਲ ਬਾਅਦ ਪਤਾ ਲੱਗਿਆ ਕਿ ਉੱਥੇ ਹਿਸਾਬ ਚੱਲਦਾ ਸੀ ਤੇ ਨਾਨਾ ਜੀ ਮਹੀਨੇ ਦੇ ਮਹੀਨੇ ਉਸ ਨੂੰ ਪੈਸੇ ਦਿੰਦੇ ਸਨ। ਇਹ ਵੀ ਬੜੀ ਪਿਆਰੀ ਜਿਹੀ ਖ਼ੁਸ਼ਫਹਿਮੀ ਸੀ ਕਿ ਬਾਈ ਸਾਨੂੰ ਮੁਫ਼ਤ ਵਿਚ ਚੀਜ਼ਾਂ ਦਿੰਦਾ ਸੀ। ਕਈ ਵਾਰ ਘਰਦਿਆਂ ਨੇ ਦਾਣੇ ਭੁਨਾਉਣ ਭੇਜ ਦੇਣਾ। ਉੱਥੇ ਰੇਤ ਵਿਚ ਜਦੋਂ ਦਾਣੇ ਭੁੱਜਣੇ ਤੇ ਖਿੱਲਾਂ ਬਣਨੀਆਂ ਤਾਂ ਉਨ੍ਹਾਂ ਨੂੰ ਦੇਖ ਕੇ ਬੜਾ ਮਜ਼ਾ ਆਉਣਾ। ਦਾਣਿਆਂ ਦੀ ਟੋਕਰੀ ਲਈ ਜਦੋਂ ਵਾਪਸ ਆਉਣਾ ਤਾਂ ਰਾਹ ਵਿਚ ਹੀ ਦਾਣੇ ਖਾਣੇ ਸ਼ੁਰੂ ਕਰ ਦੇਣੇ।
ਨਾਨੀ ਨੇ ਮੱਝਾਂ ਲਈ ਬੱਕਲੀਆਂ ਬਣਾ ਕੇ ਰੱਖ ਲੈਣੀਆਂ। ਅਸੀਂ ਕੌਲੀ ਵਿਚ ਬੱਕਲੀਆਂ ਪਾ ਕੇ ਉਸ ਵਿਚ ਸ਼ੱਕਰ ਪਾ ਕੇ ਖਾ ਲੈਣੀ। ਨਾਨੀ ਨੇ ਬਥੇਰਾ ਕਹਿਣਾ ਕਿ ਸਾਰੀਆਂ ਨਾ ਖਾਇਆ ਕਰੋ, ਮੱਝ ਜੋਗੀਆਂ ਵੀ ਰਹਿਣ ਦਿਉ ਪਰ ਅਸੀਂ ਪੰਜ ਨਿਆਣੇ ਕਿੱਥੇ ਕਾਬੂ ਆਉਂਦੇ। ਪੰਜ ’ਚ ਇਕ ਮੈਂ ਤੇ ਚਾਰ ਮੇਰੀਆਂ ਮਾਸੀਆਂ ਦੀਆਂ ਕੁੜੀਆਂ ਸਨ। ਸਵੇਰੇ ਉੱਠਦੇ ਹੀ ਚੁੱਲ੍ਹੇ ’ਚ ਪਾਥੀਆਂ ਨਾਲ ਅੱਗ ਬਾਲਣੀ ਤੇ ਚਾਹ ਬਣਾਉਣੀ। ਚਾਹ ਦੀ ਭਰੀ ਪਤੀਲੀ ਵਿੱਚੋਂ ਚਾਹ ਪੀਣ ਦਾ ਸਵਾਦ ਹੀ ਵੱਖਰਾ ਸੀ।
ਇਕ ਵਾਰ ਮੇਰਾ ਮਾਸੜ ਇੰਗਲੈਂਡ ਤੋਂ ਆਇਆ ਹੋਇਆ ਸੀ। ਜਦੋਂ ਕੁਲਫੀ ਵਾਲਾ ਮੱਖਣ ਆਇਆ ਤਾਂ ਅਸੀਂ ਨਾਨੀ ਤੋਂ ਪੈਸੇ ਮੰਗਣ ਲੱਗੇ। ਮਾਸੜ ਨੇ ਮੱਖਣ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਸਾਰੇ ਨਿਆਣਿਆਂ ਨੂੰ ਕੁਲਫੀਆਂ ਦੇ। ਜਿੰਨੇ ਆਂਢ-ਗੁਆਂਢ ਦੇ ਨਿਆਣੇ ਸਨ, ਸਾਰੇ ਇਕੱਠੇ ਹੋ ਗਏ। ਅਸੀਂ ਸਾਰਿਆਂ ਨੇ ਦੋ-ਦੋ ਕੁਲਫੀਆਂ ਖਾਧੀਆਂ। ਜਿੰਨੇ ਦਿਨ ਮਾਸੜ ਰਿਹਾ, ਅਸੀਂ ਬੜੀਆਂ ਮੌਜਾਂ ਮਾਣੀਆਂ। ਉਸ ਦੇ ਲਈ ਪਕੌੜੇ ਬਣਨੇ ਤਾਂ ਸਾਨੂੰ ਵੀ ਨਾਲ ਮਿਲ ਜਾਣੇ। ਮਾਸੜ ਨੇ ਖਾਣ-ਪੀਣ ਨੂੰ ਵੱਖਰਾ ਕੁਝ ਲੈ ਦੇਣਾ।
ਨਾਨਾ ਜੀ ਤਾਂ ਪਹਾੜੇ ਸੁਣਾਉਣ ਦੇ ਵੀ ਪੈਸੇ ਦਿੰਦੇ ਸੀ। ਉਹਨੇ ਕਹਿਣਾ, ‘‘ਚਲੋ ਬਈ, ਪਹਾੜੇ ਸੁਣਾਓ।’’ ਜੀਹਨੇ ਵੱਧ ਪਹਾੜੇ ਸੁਣਾਉਣੇ, ਉਸ ਨੂੰ ਪੈਸੇ ਮਿਲਣੇ। ਫਿਰ ਅਸੀਂ ਸਾਰਿਆਂ ਨੇ ਉਸ ਦੀਆਂ ਮਿੰਨਤਾਂ ਕਰਦੇ ਰਹਿਣਾ ਕਿ ਸਾਨੂੰ ਵੀ ਖਾਣ ਨੂੰ ਕੁਝ ਲੈ ਦਿਉ।
ਸਵੇਰ ਵੇਲੇ ਨਾਨੀ ਨੇ ਆਂਡੇ ਉਬਾਲਣੇ ਤੇ ਇਕ-ਇਕ ਆਂਡਾ ਸਾਨੂੰ ਖਾਣ ਨੂੰ ਦੇ ਦੇਣਾ। ਫਿਰ ਦੋ ਆਂਡੇ ਇਕ ਪਲੇਟ ਵਿਚ ਪਾ ਕੇ ਕਹਿਣਾ, ‘‘ਜਾਓ, ਚੁਬਾਰੇ ਵਿਚ ਨਾਨਾ ਜੀ ਨੂੰ ਫੜਾ ਆਓ।’’ ਮੇਰੀ ਮਾਸੀ ਦੀ ਕੁੜੀ ਸੋਨਾ ਅਕਸਰ ਉਹ ਅੰਡੇ ਲੈ ਕੇ ਚੁਬਾਰੇ ਵਿਚ ਜਾਂਦੀ। ਨਾਨਾ ਜੀ ਨੇ ਇਕ ਆਂਡਾ ਉਸ ਨੂੰ ਦੇ ਦੇਣਾ। ਇਸ ਤਰ੍ਹਾਂ ਸੋਨਾ ਦੇ ਦੋ ਹੋ ਜਾਣੇ ਤੇ ਸਾਡਾ ਸਾਰਿਆਂ ਦਾ ਇਕ-ਇਕ। ਪਰ ਇਹ ਗੱਲ ਸਾਨੂੰ ਬਹੁਤ ਬਾਅਦ ਵਿਚ ਪਤਾ ਲੱਗੀ।
ਨਾਨਕਿਆਂ ਦੇ ਪਿੰਡ ਵਿਚ ਅਸੀਂ ਸਿਰਫ਼ ਮੇਜਰ ਸਾਹਿਬ ਦੇ ਘਰ ਦੀਆਂ ਦੋਹਤੀਆਂ ਨਹੀਂ ਸਾਂ ਸਗੋਂ ਸਾਰੇ ਪਿੰਡ ਦੀਆਂ ਦੋਹਤੀਆਂ ਸਾਂ। ਹਰ ਕੋਈ ਬੜਾ ਹੀ ਪਿਆਰ ਕਰਦਾ। ਕਿਸੇ ਦੇ ਖੇਤ ਵਿੱਚੋਂ ਮੂਲੀਆਂ ਪੁੱਟ ਲੈਂਦੇ ਜਾਂ ਕੁਝ ਹੋਰ ਨੁਕਸਾਨ ਕਰ ਦਿੰਦੇ ਤਾਂ ਕੋਈ ਕੁਝ ਨਹੀਂ ਸੀ ਕਹਿੰਦਾ। ਅੱਗੋਂ ਹੱਸ ਕੇ ਕਹਿ ਦਿੰਦੇ ਕਿ ਕੋਈ ਨਾ, ਨਿਆਣੇ ਨਾਨਕੇ ਆਏ ਹਨ।
ਰਾਤ ਨੂੰ ਵਿਹੜੇ ਵਿਚ ਮੰਜੇ ਡਾਹ ਕੇ ਪੈ ਜਾਂਦੇ। ਅਕਸਰ ਨਾਨੀ ਸਾਨੂੰ ਬਾਤਾਂ ਸੁਣਾਉਂਦੀ ਸੀ। ਅਸੀਂ ਜਿੰਨੇ ਦਿਨ ਨਾਨਕੇ ਰਹਿੰਦੇ, ਸਾਰਾ ਦਿਨ ਖੇਡਦੇ ਰਹਿੰਦੇ। ਕਦੇ ਝਿੜਕਾਂ ਨਹੀਂ ਸਨ ਪੈਂਦੀਆਂ। ਸਭ ਬਹੁਤ ਪਿਆਰ ਕਰਦੇ।
ਸਾਹਮਣੇ ਵਾਲੇ ਘਰ ਵਾਲੀ ਮਾਸੀ ਮਿੰਦੋ ਨੂੰ ਤਾਂ ਮੈਂ ਕਦੇ ਵੀ ਨਹੀਂ ਭੁੱਲ ਸਕਦੀ। ਉਸ ਦਾ ਬਣਾਇਆ ਸਾਗ ਕਰਾਰਾ ਹੁੰਦਾ। ਉਹ ਜਿਸ ਦਿਨ ਵੀ ਸਾਗ ਧਰਦੀ, ਕਹਿ ਦਿੰਦੀ ਕਿ ਅੱਜ ਸਾਗ ਲੈ ਜਾਇਓ ਨਿਆਣਿਓ। ਅਸੀਂ ਵਾਰ-ਵਾਰ ਪੁੱਛਣ ਜਾਂਦੇ ਕਿ ਮਾਸੀ ਸਾਗ ਬਣ ਗਿਆ। ਇਕ ਗੱਲ ਇਹ ਵੀ ਸੀ ਕਿ ਮਾਸੀ ਤਾਂ ਉਹ ਸਾਡੇ ਮੰਮੀ ਹੋਰਾਂ ਦੀ ਸੀ, ਪਰ ਕਹਿੰਦੇ ਅਸੀਂ ਵੀ ਉਸ ਨੂੰ ਮਾਸੀ ਹੀ ਸਾਂ।
ਮਾਸੀ ਦਾ ਇਕ ਪੁੱਤ ਤੇ ਨੂੰਹ ਉਸ ਕੋਲ ਰਹਿੰਦੇ ਸਨ। ਕਈ ਵਾਰ ਉਨ੍ਹਾਂ ਮਾਮਾ-ਮਾਮੀ ਦੀ ਬੜੀ ਲੜਾਈ ਹੋਣੀ। ਮਾਮੇ ਨੇ ਮਾਮੀ ਨੂੰ ਚੰਗਾ ਕੁਟਾਪਾ ਚਾੜ੍ਹਨਾ। ਮੈਨੂੰ ਤਾਂ ਇੰਜ ਲੱਗਣਾ ਕਿ ਹੁਣ ਇਨ੍ਹਾਂ ਨੇ ਕਈ ਦਿਨ ਆਪਸ ਵਿਚ ਬੋਲਣਾ ਹੀ ਨਹੀਂ। ਇੰਨੀ ਲੜਾਈ ਤੋਂ ਬਾਅਦ ਥੋੜ੍ਹਾ ਕੋਈ ਕਿਸੇ ਨਾਲ ਬੋਲਦਾ ਪਰ ਜਦੋਂ ਕਿਤੇ ਸ਼ਾਮ ਨੂੰ ਉਨ੍ਹਾਂ ਦੇ ਘਰ ਜਾਣਾ ਤਾਂ ਮਾਮੀ ਨੇ ਰੋਟੀਆਂ ਪਕਾਉਂਦੇ ਹੋਣਾ ਤੇ ਮਾਮੇ ਨੇ ਕੋਲ ਬੈਠ ਕੇ ਖਾਣੀਆਂ। ਮਾਮੀ ਨੇ ਥੋੜ੍ਹਾ ਜਿਹਾ ਮੱਖਣ ਉਸ ਦੇ ਸਾਗ ’ਤੇ ਹੋਰ ਰੱਖ ਦੇਣਾ। ਜੇ ਮਾਮੇ ਨੇ ਮਨ੍ਹਾ ਕਰਨਾ ਤਾਂ ਮਾਮੀ ਨੇ ਕਹਿਣਾ, ‘‘ਕੋਈ ਨਾ, ਕੋਈ ਨਾ, ਖਾ ਲੈ। ਬੰਦਾ ਖਾ-ਪੀ ਕੇ ਹੀ ਤਕੜਾ ਹੁੰਦਾ ਹੈ।’’
ਲੰਬੜਾਂ ਦੇ ਸੁਖਦੇਵ ਦੀ ਕੁੜੀ ਜੱਸਾਂ ਮੇਰੀ ਪੱਕੀ ਸਹੇਲੀ ਹੁੰਦੀ ਸੀ। ਪਰ ਅਸੀਂ ਲੜ ਵੀ ਝੱਟ ਪੈਣਾ। ਇਕ ਵਾਰ ਉਸ ਨੇ ਮੇਰੇ ਦੰਦੀ ਵੱਢੀ ਜਿਸ ਦਾ ਨਿਸ਼ਾਨ ਅਜੇ ਤੱਕ ਹੈ। ਮੈਂ ਤੇ ਮੇਰੀ ਮਾਸੀ ਦੀ ਕੁੜੀ ਸੋਨਾ, ਦੋਵੇਂ ਹੀ ਚਾਹ ਪੀਣ ਦੀਆਂ ਬੜੀਆਂ ਸ਼ੌਕੀਨ ਸਨ। ਇਕ ਵਾਰ ਨਾਨੀ ਨੇ ਚਾਹ ਬਣਾ ਕੇ ਦਿੱਤੀ। ਅਸੀਂ ਆਪੋ-ਆਪਣਾ ਕੱਪ ਲੈ ਕੇ ਬਹਿ ਗਈਆਂ। ਸੋਨੇਾ ਦੀ ਚਾਹ ਵਿਚ ਮੱਖੀ ਪੈ ਗਈ। ਉਸ ਨੇ ਮੱਖੀ ਚਮਚੇ ਨਾਲ ਕੱਢੀ ਤੇ ਮੇਰੀ ਚਾਹ ਵਿਚ ਪਾ ਦਿੱਤੀ। ਮੈਂ ਉਸ ਨੂੰ ਪੁੱਛਿਆ ਕਿ ਇਹ ਕੀ ਕੀਤਾ ਤਾਂ ਉਸ ਨੇ ਜਵਾਬ ਦਿੱਤਾ ਕਿ ਮੇਰੀ ਚਾਹ ਤਾਂ ਖ਼ਰਾਬ ਹੋਈ ਹੈ, ਤੇਰੀ ਵੀ ਹੋ ਜਾਵੇ, ਇਸ ਲਈ ਕੀਤਾ। ਇਸ ਗੱਲ ਤੋਂ ਸਾਡੀ ਲੜਾਈ ਹੋ ਗਈ। ਉਹ ਮੇਰੇ ਨਾਲੋਂ ਤਕੜੀ ਸੀ। ਮੈਂ ਅੱਗੇ-ਅੱਗੇ ਭੱਜਣ ਲੱਗੀ। ਇਕਦਮ ਗੇਟ ਬੰਦ ਕਰਦਿਆਂ ਮੇਰਾ ਹੱਥ ਗੇਟ ਵਿਚ ਆ ਗਿਆ ਤੇ ਨਹੁੰ ਟੁੱਟ ਗਿਆ। ਹੁਣ ਜਦੋਂ ਵੀ ਕਦੇ ਆਪਣੇ ਨਹੁੰ ਨੂੰ ਵੇਖਦੀ ਹਾਂ ਤਾਂ ਸੋਨਾ ਦੀ ਯਾਦ ਆ ਜਾਂਦੀ ਹੈ। ਉਹੀ ਸੋਨਾ ਜਿਸ ਨੂੰ ਮਿਲਿਆਂ ਹੁਣ ਵਰ੍ਹੇ ਬੀਤ ਗਏ ਹਨ। ਉਹ ਇੰਗਲੈਂਡ ਵਿਚ ਹੈ ਤੇ ਮੈਂ ਇੱਥੇ ਪੰਜਾਬ ਵਿਚ।
ਇਕ ਵਾਰ ਅਸੀਂ ਮਾਸੀ ਦੇ ਪਿੰਡ ਗਏ ਸਾਂ ਦੋਲਿਕੇ ਦੂਹੜੇ। ਮਾਸੀ ਕਿਸੇ ਕੰਮ ਸ਼ਹਿਰ ਚਲੀ ਗਈ। ਅਸੀਂ ਵੇਖਿਆ ਕਿ ਖੇਤ ਵਿਚ ਕੰਮ ਕਰਨ ਵਾਲੇ ਸਾਰੇ ਬੰਦੇ ਪਾਣੀ ਵਿਚ ਸ਼ੱਕਰ ਘੋਲ ਕੇ ਪੀ ਰਹੇ ਸਨ। ਬਸ, ਅਸੀਂ ਨਿਆਣਿਆਂ ਨੇ ਪਾਣੀ ਦੀ ਬਾਲਟੀ ਲਈ ਤੇ ਵਿਚ ਸ਼ੱਕਰ ਘੋਲ ਲਈ ਤੇ ਰੱਜ-ਰੱਜ ਕੇ ਪੀ ਲਈ। ਮਾਸੀ ਦੇ ਆਉਂਦਿਆਂ ਨੂੰ ਸਾਰੇ ਮੰਜਿਆਂ ’ਤੇ ਪਏ ਸਨ। ਸਭ ਦਾ ਪੇਟ ਖ਼ਰਾਬ ਹੋ ਗਿਆ ਸੀ। ਅਜਿਹੇ ਪਤਾ ਨਹੀਂ ਕਿੰਨੇ ਉਪੱਦਰ ਅਸੀਂ ਨਾਨਕੇ ਗਿਆਂ ਨੇ ਕੀਤੇ ਸਨ।
ਨਾਨਾ ਜੀ ਫ਼ੌਜ ਵਿੱਚੋਂ ਮੇਜਰ ਰਿਟਾਇਰ ਹੋਏ ਸਨ। ਉਨ੍ਹਾਂ ਨੇ ਕਹਿਣਾ, ‘‘ਹਾਊ ਆਰ ਯੂ ਯੰਗ ਲੇਡੀ।’’ ਉਨ੍ਹਾਂ ਦੀ ਇਹ ਗੱਲ ਸੁਣ ਮੇਰੀ ਰੂਹ ਖਿੜ ਜਾਂਦੀ। ਉਹ ਸਾਨੂੰ ਬਹੁਤ ਪਿਆਰ ਕਰਦੇ ਸਨ। ਇਕ ਵਾਰ ਮੇਰੇ ਤੇ ਸੋਨਾ ਤੋਂ ਉਨ੍ਹਾਂ ਦੀ ਫੋਟੋ ਡਿੱਗ ਕੇ ਟੁੱਟ ਗਈ। ਅਸੀਂ ਦੋਵੇਂ ਜਾ ਕੇ ਭੰਬਾਂ ਵਾਲੇ ਖੂਹ ’ਤੇ ਲੁਕ ਗਈਆਂ। ਮੇਰੀ ਮੰਮੀ ਕਿਤੇ ਗਈ ਹੋਈ ਸੀ। ਜਦ ਤੱਕ ਸ਼ਾਮ ਨੂੰ ਸਾਨੂੰ ਉਹ ਪਿੰਡ ਮੁੜਦੀ ਨਾ ਦਿਸੀ, ਅਸੀਂ ਵਾਪਸ ਨਾ ਆਈਆਂ। ਘਰ ਵਾਪਸ ਜਾਣ ’ਤੇ ਨਾਨਾ ਜੀ ਬਹੁਤ ਗੁੱਸੇ ਹੋਏ। ਅਸੀਂ ਦੱਸ ਦਿੱਤਾ ਕਿ ਸਾਨੂੰ ਡਰ ਲੱਗਦਾ ਸੀ ਕਿ ਅਸੀਂ ਫੋਟੋ ਤੋੜ ਦਿੱਤੀ ਹੈ। ਇਸ ਲਈ ਸਾਨੂੰ ਝਿੜਕਾਂ ਪੈਣਗੀਆਂ। ਝਿੜਕਾਂ ਤੋਂ ਬਚਣ ਲਈ ਅਸੀਂ ਬੀਜੀ ਦਾ ਇੰਤਜ਼ਾਰ ਕਰਦੇ ਸੀ। ਮੇਰੀ ਮੰਮੀ ਨੂੰ ਸਾਰੇ ਹੀ ਬੀਜੀ ਕਹਿੰਦੇ ਸਨ। ਨਾਨਾ ਜੀ ਨੇ ਬੜੇ ਪਿਆਰ ਨਾਲ ਕਿਹਾ ਕਿ ਫੋਟੋ ਹੀ ਤਾਂ ਟੁੱਟੀ ਹੈ, ਮੈਂ ਤਾਂ ਤੁਹਾਡੇ ਕੋਲ ਹੀ ਹਾਂ। ਮੇਰੀ ਨਾਨੀ ਮੈਨੂੰ ਬਹੁਤ ਪਿਆਰ ਕਰਦੀ ਸੀ। ਉਸ ਨੇ ਮੇਰੀਆਂ ਉਂਗਲਾਂ ਆਪਣੇ ਹੱਥ ਵਿਚ ਫੜ ਲੈਣੀਆਂ ਤੇ ਕਹਿਣਾ, ‘‘ਮੇਰੀ ਧੀ ਦੀਆਂ ਉਂਗਲਾਂ ਕਿੰਨੀਆਂ ਸੋਹਣੀਆਂ ਹਨ।’’ ਮੈਨੂੰ ਬਹੁਤ ਹੈਰਾਨੀ ਹੋਣੀ ਕਿ ਮੇਰੀਆਂ ਉਂਗਲਾਂ ਵਿਚ ਕੀ ਸੋਹਣਾ ਹੋ ਸਕਦਾ ਹੈ। ਪਰ ਇਹ ਉਸ ਦੀ ਨਜ਼ਰ ਸੀ। ਨਾਨਾ-ਨਾਨੀ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਵਿੱਚੋਂ ਪਿਆਰ ਦਾ ਇਕ ਸੋਮਾ ਖ਼ਤਮ ਹੋ ਗਿਆ। ਫਿਰ ਸ਼ਾਇਦ ਕਦੇ ਕਿਸੇ ਨੇ ਓਨਾ ਪਿਆਰ ਨਹੀਂ ਕੀਤਾ ਤੇ ਨਾ ਹੀ ਕਦੇ ਕਰੇਗਾ। ਨਾਨਕਿਆਂ ਤੋਂ ਵਾਪਸ ਆਉਣ ਨੂੰ ਜੀਅ ਨਹੀਂ ਸੀ ਕਰਦਾ ਹੁੰਦਾ। ਵਾਪਸ ਆਉਣ ਲੱਗਿਆਂ ਨਾਨੀ ਪਿਆਰ ਦਿੰਦੀ। ਥੋੜ੍ਹੇ ਜਿਹੇ ਪੈਸੇ ਘੁੱਟ ਕੇ ਹੱਥ ਵਿਚ ਫੜਾ ਦਿੰਦੀ। ਨਾਨੀ ਦੇ ਹੱਥ ਦੀ ਉਹ ਛੋਹ ਕਦੇ ਨਹੀਂ ਭੁੱਲੀ। ਘਰ ਆ ਕੇ ਫਿਰ ਕਈ-ਕਈ ਦਿਨ ਦਿਲ ਨਹੀਂ ਸੀ ਲੱਗਦਾ। ਨਾਨਕੇ ਪਿੰਡ ਦੀ ਬਹੁਤ ਯਾਦ ਆਉਂਦੀ। ਉੱਥੇ ਵਰਗਾ ਪਿਆਰ ਕਿਤੇ ਹੋਰ ਨਹੀਂ ਸੀ ਮਿਲਦਾ।
-ਹਰਪ੍ਰੀਤ ਕੌਰ ਸੰਧੂ
-ਮੋਬਾਈਲ : 90410-73310