ਉਹ ਹਮੇਸ਼ਾ ਸੱਚ ਅਤੇ ਨੈਤਿਕਤਾ ਨੂੰ ਉੱਚਾ ਰੱਖਦੇ ਸਨ। ਉਨ੍ਹਾਂ ਨੇ ਦੁਨੀਆ ਦੇ ਨਾਮਵਰ ਮੀਡੀਆ ਹਾਊਸ ਬੀਬੀਸੀ ਨਾਲ ਲੰਬਾ ਸਫ਼ਰ ਤੈਅ ਕੀਤਾ। 1965 ਵਿਚ ਬੀਬੀਸੀ ਨਾਲ ਜੁੜਨ ਤੋਂ ਬਾਅਦ ਟਲੀ ਨੇ 30 ਸਾਲ ਤੱਕ (1994 ਵਿਚ ਅਸਤੀਫ਼ਾ ਦੇਣ ਤੱਕ) ਭਾਰਤ ਵਿਚ ਕੰਮ ਕੀਤਾ।

ਰੇਡੀਓ ਪੱਤਰਕਾਰੀ ਵਿਚ ਮਾਰਕ ਟਲੀ ਉਨ੍ਹਾਂ ਪੱਤਰਕਾਰਾਂ ਵਿੱਚੋਂ ਇਕ ਸਨ, ਜਿਨ੍ਹਾਂ ਦਾ ਇਕ ਪੱਤਰਕਾਰ ਦੇ ਰੂਪ ਵਿਚ ਦੱਖਣੀ ਏਸ਼ੀਆ, ਵਿਸ਼ੇਸ਼ ਤੌਰ ’ਤੇ ਭਾਰਤ ਕਰਮ ਭੂਮੀ ਬਣਿਆ। ਭਾਰਤ ਵਿਚ ਉਹ ਕਿਸੇ ਵੀ ਲੇਖਕ ਪੱਤਰਕਾਰ ਅਤੇ ਰੇਡੀਓ ਸੰਵਾਦਦਾਤਾ ਤੋਂ ਕਿਤੇ ਜ਼ਿਆਦਾ ਆਪਣੇ ਘਰ ਪਰਿਵਾਰ ਦੇ ਮੈਂਬਰ ਬਣ ਚੁੱਕੇ ਸਨ। ਉਨ੍ਹਾਂ ਨੂੰ ਭਾਰਤ ਦੀ ਇਸ ਧਰਤੀ ਤੋਂ ਬੇਹਦ ਪਿਆਰ ਮਿਲਿਆ ਤੇ ਉਨ੍ਹਾਂ ਨੇ ਵੀ ਭਾਰਤ ਦਾ ਕਰਜ਼ਾ ਚੁਕਾਇਆ।
ਭਾਰਤੀ ਪੱਤਰਕਾਰੀ ਅਤੇ ਭਾਰਤ ਨੂੰ ਸਮਝਣ ਵਾਲੇ ਵਿਦੇਸ਼ੀ ਨਜ਼ਰੀਏ ਦਾ ਇਕ ਅਹਿਮ ਅਧਿਆਇ ਖ਼ਤਮ ਹੋ ਚੁੱਕਾ ਹੈ। ਸਰ ਮਾਰਕ ਟਲੀ, ਜਿਨ੍ਹਾਂ ਨੂੰ ਬੀਬੀਸੀ ਦੀ "ਭਾਰਤ ਦੀ ਆਵਾਜ਼" ਵਜੋਂ ਜਾਣਿਆ ਜਾਂਦਾ ਸੀ, ਦਿੱਲੀ ਦੇ ਮੈਕਸ ਹਸਪਤਾਲ ਸਾਕੇਤ ਵਿਚ ਇਕ ਸੰਖੇਪ ਬਿਮਾਰੀ ਤੋਂ ਬਾਅਦ 90 ਸਾਲ ਦੀ ਉਮਰ ਵਿਚ ਸਦਾ ਲਈ ਸਾਡੇ ਤੋਂ ਵਿਛੜ ਗਏ ਹਨ। ਮਾਰਕ ਟਲੀ ਨੂੰ 21 ਜਨਵਰੀ ਨੂੰ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਸੀ ਅਤੇ 25 ਦੀ ਦੁਪਹਿਰ ਨੂੰ ਉਨ੍ਹਾਂ ਨੇ ਆਖ਼ਰੀ ਸਾਹ ਲਏ।ਅੱਜ ਇਹ ਖ਼ਬਰ ਨਾ ਸਿਰਫ਼ ਇਕ ਪੱਤਰਕਾਰ ਦੀ ਮੌਤ ਬਾਰੇ ਹੈ, ਸਗੋਂ ਇਕ ਯੁੱਗ ਦਾ ਅੰਤ ਹੈ। ਉਸ ਯੁੱਗ ਦਾ ਅੰਤ, ਜਿੱਥੇ ਪੱਤਰਕਾਰੀ ਨਿਰਪੱਖਤਾ, ਡੂੰਘਾਈ ਅਤੇ ਸੰਵੇਦਨਸ਼ੀਲਤਾ ਨਾਲ ਜੁੜੀ ਹੋਈ ਸੀ।
ਮਾਰਕ ਟਲੀ ਨੇ ਭਾਰਤ ਨੂੰ ਰਿਪੋਰਟ ਕਰਨ ਤੋਂ ਇਲਾਵਾ ਇਸ ਨੂੰ ਚੰਗੀ ਤਰ੍ਹਾਂ ਸਮਝਿਆ, ਮਹਿਸੂਸ ਕੀਤਾ ਅਤੇ ਦੁਨੀਆ ਨੂੰ ਉਸ ਦੀ ਅਸਲੀ ਤਸਵੀਰ ਪੇਸ਼ ਕੀਤੀ। ਉਨ੍ਹਾਂ ਦੀ ਆਵਾਜ਼ ਵਿਚ ਭਾਰਤ ਦੀ ਬਹੁਲਤਾ, ਉਸ ਦੇ ਦੁੱਖ-ਦਰਦ ਅਤੇ ਉਸ ਦੀ ਆਸ ਸੁਣਾਈ ਦਿੰਦੀ ਸੀ। ਉਨ੍ਹਾਂ ਦੀ ਭਾਰਤ ਨਾਲ ਜੁੜਾਅ ਦੀ ਸ਼ੁਰੂਆਤ 24 ਅਕਤੂਬਰ 1935 ਨੂੰ ਕੋਲਕਾਤਾ (ਤਦ ਕਲਕੱਤਾ) ਦੇ ਟਾਲੀਗੰਜ ਵਿਚ ਜਨਮ ਨਾਲ ਹੋਈ । ਉਨ੍ਹਾਂ ਦਾ ਬਚਪਨ ਭਾਰਤ ਵਿਚ ਹੀ ਬੀਤਿਆ।
ਸਿਰਫ਼ 4 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਦਾਰਜੀਲਿੰਗ ਦੇ ਬ੍ਰਿਟਿਸ਼ ਬੋਰਡਿੰਗ ਸਕੂਲ ਵਿਚ ਭੇਜ ਦਿੱਤਾ ਗਿਆ ਅਤੇ 9 ਸਾਲ ਦੀ ਉਮਰ ਵਿਚ ਇੰਗਲੈਂਡ ਭੇਜ ਦਿੱਤਾ ਗਿਆ। ਉੱਥੇ ਉਨ੍ਹਾਂ ਨੇ ਟਵਾਈਫੋਰਡ ਸਕੂਲ, ਮਾਰਲਬਰੋ ਕਾਲਜ ਅਤੇ ਕੈਂਬਰਿਜ ਦੇ ਟ੍ਰਿਨਿਟੀ ਹਾਲ ਵਿਚ ਪੜ੍ਹਾਈ ਕੀਤੀ। ਇੱਥੇ ਉਨ੍ਹਾਂ ਨੇ ਧਰਮ ਸ਼ਾਸਤਰ ਵਿਚ ਡਿਗਰੀ ਹਾਸਲ ਕੀਤੀ। ਪਾਦਰੀ ਬਣਨ ਦੀ ਇੱਛਾ ਨਾਲ ਲਿੰਕਨ ਥੀਓਲਾਜੀਕਲ ਕਾਲਜ ਵਿਚ ਦਾਖ਼ਲ ਹੋਏ ਪਰ ਜਲਦੀ ਹੀ ਇਸ ਨੂੰ ਛੱਡ ਦਿੱਤਾ। ਇਹ ਧਾਰਮਿਕ ਅਤੇ ਅਧਿਆਤਮਿਕ ਪਿਛੋਕੜ ਉਨ੍ਹਾਂ ਦੀ ਪੱਤਰਕਾਰੀ ਵਿਚ ਵੀ ਝਲਕਦਾ ਰਿਹਾ।
ਉਹ ਹਮੇਸ਼ਾ ਸੱਚ ਅਤੇ ਨੈਤਿਕਤਾ ਨੂੰ ਉੱਚਾ ਰੱਖਦੇ ਸਨ। ਉਨ੍ਹਾਂ ਨੇ ਦੁਨੀਆ ਦੇ ਨਾਮਵਰ ਮੀਡੀਆ ਹਾਊਸ ਬੀਬੀਸੀ ਨਾਲ ਲੰਬਾ ਸਫ਼ਰ ਤੈਅ ਕੀਤਾ। 1965 ਵਿਚ ਬੀਬੀਸੀ ਨਾਲ ਜੁੜਨ ਤੋਂ ਬਾਅਦ ਟਲੀ ਨੇ 30 ਸਾਲ ਤੱਕ (1994 ਵਿਚ ਅਸਤੀਫ਼ਾ ਦੇਣ ਤੱਕ) ਭਾਰਤ ਵਿਚ ਕੰਮ ਕੀਤਾ। ਉਹ ਭਾਰਤ-ਪਾਕਿਸਤਾਨ ਜੰਗ 1971 ਦੌਰਾਨ ਭਾਰਤ ਵਿਚ ਬੀਬੀਸੀ ਦੇ ਪੱਤਰਕਾਰ ਸਨ, ਜਿਸ ਨੇ ਬੰਗਲਾਦੇਸ਼ ਦੇ ਜਨਮ ਨੂੰ ਕਵਰ ਕੀਤਾ। ਐਮਰਜੈਂਸੀ (1975-77) ਦੌਰਾਨ ਉਨ੍ਹਾਂ ਨੂੰ ਭਾਰਤ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਸੀ, ਪਰ ਇਸ ਨੇ ਉਨ੍ਹਾਂ ਦੀ ਨਿਰਪੱਖਤਾ ਨੂੰ ਹੋਰ ਮਜ਼ਬੂਤ ਕੀਤਾ।
ਪੰਜਾਬ ਦੀ ਸਭ ਤੋਂ ਵੱਡੀ ਇਤਿਹਾਸਿਕ ਤ੍ਰਾਸਦਿਕ ਘਟਨਾ ਆਪ੍ਰੇਸ਼ਨ ਬਲੂ ਸਟਾਰ (1984), ਜਿਸ ਨੇ ਸਿੱਖ ਭਾਈਚਾਰੇ ਅਤੇ ਭਾਰਤੀ ਰਾਜਨੀਤੀ ਨੂੰ ਝੰਜੋੜਿਆ, ਇੰਦਰਾ ਗਾਂਧੀ ਦੀ ਹੱਤਿਆ (1984), ਭੋਪਾਲ ਗੈਸ ਤ੍ਰਾਸਦੀ (1984), ਰਾਜੀਵ ਗਾਂਧੀ ਦੀ ਹੱਤਿਆ (1991), ਬਾਬਰੀ ਮਸਜਿਦ (1992) ਨੂੰ ਵੀ ਉਨ੍ਹਾਂ ਨੇ ਕਵਰ ਕੀਤਾ। ਮਾਰਕ ਟਲੀ ਨੇ ਇਨ੍ਹਾਂ ਸਾਰੀਆਂ ਘਟਨਾਵਾਂ ਵਿਚ ਰਿਪੋਰਟਿੰਗ ਦੇ ਨਾ ਸਿਰਫ਼ ਤੱਥ ਪੇਸ਼ ਕੀਤੇ, ਸਗੋਂ ਮਨੁੱਖੀ ਪਹਿਲੂ ਨੂੰ ਵੀ ਉਜਾਗਰ ਕੀਤਾ। ਆਪ੍ਰੇਸ਼ਨ ਬਲੂ ਸਟਾਰ ਨੂੰ ਕਵਰ ਕਰਨ ਵਾਲੀਆਂ ਉਨ੍ਹਾਂ ਦੀਆਂ ਰਿਪੋਰਟਾਂ ਨੇ ਦੁਨੀਆ ਨੂੰ ਅੰਦਰੂਨੀ ਹਕੀਕਤ ਨੂੰ ਸਮਝਾਇਆ, ਜਿਸ ਕਾਰਨ ਉਨ੍ਹਾਂ ਨੂੰ ਭਾਰਤ ਵਿਚ ਬਹੁਤ ਮਾਨਤਾ ਮਿਲੀ।
ਟਲੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ 2002 ਵਿਚ ਨਾਈਟਹੁੱਡ (Sir) ਦੀ ਉਪਾਧੀ ਮਿਲੀ ਅਤੇ 2005 ਵਿਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਹ ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ (OCI) ਕਾਰਡ ਧਾਰਕ ਵੀ ਸਨ। ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ, ਜਿਨ੍ਹਾਂ ਨੇ ਭਾਰਤ ਨੂੰ ਡੂੰਘਾਈ ਨਾਲ ਸਮਝਾਇਆ। ਅੰਮ੍ਰਿਤਸਰ: ਮਿਸਿਜ਼ ਗਾਂਧੀਜ਼ ਲਾਸਟ ਬੈਟਲ (1985), ਨੋ ਫੁੱਲ ਸਟਾਪਜ਼ ਇਨ ਇੰਡੀਆ (1988), ਇੰਡੀਆ ਇਨ ਸਲੋ ਮੋਸ਼ਨ (2002), ਇੰਡੀਆਜ਼ ਅਨਐਂਡਿੰਗ ਜਰਨੀ (2008), ਅਪਕੰਟਰੀ ਟੇਲਜ਼ (2017) ਆਦਿ ਉਨ੍ਹਾਂ ਦੀਆਂ ਪ੍ਰਸਿੱਧ ਕਿਤਾਬਾਂ ਹਨ। ਇਨ੍ਹਾਂ ਕਿਤਾਬਾਂ ਵਿਚ ਉਨ੍ਹਾਂ ਨੇ ਭਾਰਤ ਦੀ ਬਹੁਲਤਾ, ਗ਼ਰੀਬੀ, ਧਰਮ ਅਤੇ ਰਾਜਨੀਤੀ ਨੂੰ ਬਿਨਾਂ ਕਿਸੇ ਪੱਖਪਾਤ ਨਾਲ ਪੇਸ਼ ਕੀਤਾ। ਭਾਰਤੀ ਪੱਤਰਕਾਰੀ ਨੂੰ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ। ਟਲੀ ਨੇ ਭਾਰਤੀ ਪੱਤਰਕਾਰੀ ਨੂੰ ਨਵੀਂ ਉਚਾਈ ਦਿੱਤੀ। ਉਹ ਵਿਦੇਸ਼ੀ ਹੋ ਕੇ ਵੀ ਭਾਰਤ ਨੂੰ ਅੰਦਰੂਨੀ ਨਜ਼ਰ ਨਾਲ ਦੇਖਦੇ ਸਨ।
ਉਨ੍ਹਾਂ ਨੇ ਹਮੇਸ਼ਾ ਨਿਰਪੱਖਤਾ ਅਤੇ ਸੱਚ ਨੂੰ ਤਰਜੀਹ ਦਿੱਤੀ, ਭਾਵੇਂ ਇਸ ਨਾਲ ਕਿਸੇ ਵੀ ਸਰਕਾਰ ਜਾਂ ਸਮੂਹ ਨੂੰ ਨਾਰਾਜ਼ਗੀ ਹੋਵੇ। ਮੈਂ ਉਨ੍ਹਾਂ ਦੀ ਆਵਾਜ਼ ਨੂੰ ਬਚਪਨ ਵਿਚ ਸੁਣਿਆ ਅਤੇ ਫਿਰ ਜਦੋਂ ਆਪਣੀ ਬਰਾਂਡਕਾਸਟਿੰਗ ਲਾਈਨ ਦੂਰਦਰਸ਼ਨ ਭਾਰਤ ਵਿਚ ਆਇਆ ਤਾਂ ਕਈ ਵਾਰ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਚੰਡੀਗੜ੍ਹ ਸਟੂਡੀਓ ਵਿਚ ਉਨ੍ਹਾਂ ਨਾਲ ਲੰਬੀ ਗੱਲਬਾਤ ਰਿਕਾਰਡ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਇਸ ਦੁਨੀਆ ’ਚ ਮੈਨੂੰ ਲਗਦਾ ਹੈ ਕਿ ਭਾਰਤ ਨਾਲ ਮੇਰਾ ਕੋਈ ਪਿਛਲਾ ਜਨਮ ਦਾ ਰਿਸ਼ਤਾ ਸੀ। ਇਕ ਅੰਗਰੇਜ਼ ਭਾਰਤੀਆਂ ਨਾਲ ਏਨਾ ਰਲ਼ ਮਿਲ ਜਾਏ, ਇਹ ਇਕ ਵਿਲੱਖਣ ਗੱਲ ਸੀ। ਉਨ੍ਹਾਂ ਦਾ ਸਨੇਹ ਧਾਰਦਾਰ ਹਿੰਦੀ ਅਤੇ ਕਈ ਦੂਜੀਆਂ ਭਾਸ਼ਾਵਾਂ ਨਾਲ ਸੀ। ਉਹ ਪੰਜਾਬੀ ਵੀ ਬੋਲ ਲੈਂਦੇ ਸਨ। ਮੈਨੂੰ ਫ਼ਖ਼ਰ ਹੈ ਕਿ ਮੇਰੀ ਅਜਿਹੇ ਪੱਤਰਕਾਰ ਨਾਲ ਦੋਸਤੀ ਰਹੀ। ਉਹ ਮੇਰੀਆਂ ਯਾਦਾਂ ਵਿਚ ਸਦਾ ਤਾਜ਼ਾ ਰਹਿਣਗੇ।
ਉਨ੍ਹਾਂ ਦੀ ਆਵਾਜ਼ ਰੇਡੀਓ ’ਤੇ ਬਹੁਤ ਪ੍ਰਭਾਵਸ਼ਾਲੀ ਸੀ। ਇਹ ਸਾਦਗੀ, ਸਪੱਸ਼ਟਤਾ ਅਤੇ ਗੰਭੀਰਤਾ ਨਾਲ ਭਰਪੂਰ ਸੀ। ਭਾਰਤ ਵਿਚ ਰਹਿੰਦੇ ਹੋਏ ਉਨ੍ਹਾਂ ਨੇ ਗਿਲੀਅਨ ਰਾਈਟ ਮਾਰਗਰੇਟ ਨਾਲ 2001 ਵਿਚ ਵਿਆਹ ਕੀਤਾ। ਉਨ੍ਹਾਂ ਦੇ ਚਾਰ ਬੱਚੇ ਲੰਡਨ ਵਿਚ ਸਨ, ਪਰ ਭਾਰਤ ਉਨ੍ਹਾਂ ਦਾ ਅਸਲ ਘਰ ਬਣ ਗਿਆ ਸੀ।
ਅੱਜ ਜਦੋਂ ਅਸੀਂ ਉਨ੍ਹਾਂ ਨੂੰ ਅਲਵਿਦਾ ਆਖ ਰਹੇ ਹਾਂ, ਤਾਂ ਯਾਦ ਆਉਂਦਾ ਹੈ ਕਿ ਪੱਤਰਕਾਰੀ ਸਿਰਫ਼ ਖ਼ਬਰਾਂ ਨਹੀਂ, ਸਗੋਂ ਸਮਾਜ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਹੈ। ਮਾਰਕ ਟਲੀ ਨੇ ਇਹ ਕੰਮ ਬਹੁਤ ਸ਼ਾਨਦਾਰ ਢੰਗ ਨਾਲ ਕੀਤਾ। ਉਨ੍ਹਾਂ ਦੀ ਯਾਦ ਭਾਰਤੀ ਪੱਤਰਕਾਰੀ ਵਿਚ ਹਮੇਸ਼ਾ ਜਿਉਂਦੀ ਰਹੇਗੀ। ਇਕ ਨਿਰਪੱਖ, ਸੰਵੇਦਨਸ਼ੀਲ ਅਤੇ ਸੱਚੇ ਪੱਤਰਕਾਰ ਦੇ ਰੂਪ ਵਿਚ ਉਹ ਸਾਡੇ ਦਿਲਾਂ ਵਿਚ ਰਹਿਣਗੇ। ਸਰ ਮਾਰਕ ਟਲੀ ਜੀ ਨੂੰ ਸ਼ਰਧਾਂਜਲੀ। ਭਾਰਤੀਆਂ ਦੀਆਂ ਯਾਦਾਂ ਵਿਚ ਉਹ ਹਮੇਸ਼ਾ ਰਹਿਣਗੇ।
ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ
-ਲੇਖਕ ਉੱਘਾ ਮੀਡੀਆ ਵਿਸ਼ਲੇਸ਼ਕ ਤੇ ਦੂਰਦਰਸ਼ਨ ਦਾ ਸਾਬਕਾ ਉਪਮਹਾਨਿਦੇਸ਼ਕ ਰਿਹਾ ਹੈ।