ਮਨੁੱਖੀ ਜੀਵਨ ਨੂੰ ਸਾਰਥਕ ਬਣਾਓ
ਹਰ ਰੂਹਾਨੀ ਵਿਅਕਤੀ ਲਈ ਇਹ ਵਿਆਪਕ ਨਜ਼ਰੀਆ ਆਦਰਸ਼ ਹੋਣਾ ਚਾਹੀਦਾ ਹੈ। ਗਿਆਨ, ਆਤਮਬਲ ਅਤੇ ਚੜ੍ਹਤ ਦਾ ਭੰਡਾਰ ਇਕੱਠਾ ਕੀਤਾ ਜਾਵੇ ਪਰ ਉਸ ਦਾ ਲਾਭ ਲੋਕਾਂ ਤੇ ਸਮਾਜ ਤੱਕ ਪਹੁੰਚੇ, ਇਹੀ ਗਿਆਨ ਯੱਗ ਦੀ ਹਕੀਕੀ ਸਾਧਨਾ ਹੈ।
Publish Date: Fri, 21 Nov 2025 11:21 PM (IST)
Updated Date: Sat, 22 Nov 2025 07:44 AM (IST)
ਜੀਵਨ ਵਿਚ ਕਮਾਉਣਾ ਜਾਂ ਇਕੱਠਾ ਕਰਨਾ ਜਿੰਨਾ ਜ਼ਰੂਰੀ ਹੈ, ਉਸ ਦੀ ਸੁਚਾਰੂ ਵੰਡ ਵੀ ਓਨੀ ਹੀ ਮਹੱਤਵਪੂਰਨ ਹੈ। ਸਿਰਫ਼ ਸੰਗ੍ਰਹਿ ਕਰਦੇ ਜਾਣ ਨਾਲ ਸੁਵਿਧਾਵਾਂ ਨਹੀਂ, ਸਗੋਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਿਵੇਂ ਭੋਜਨ ਪਕਾਇਆ ਜਾਵੇ ਪਰ ਖਾਧਾ ਨਾ ਜਾਵੇ ਤਾਂ ਉਹੀ ਭੋਜਨ ਆਖ਼ਰਕਾਰ ਬੋਝ ਬਣ ਜਾਂਦਾ ਹੈ। ਉਸੇ ਤਰ੍ਹਾਂ ਜੇ ਜਮ੍ਹਾ ਕੀਤੀਆਂ ਚੀਜ਼ਾਂ ਜਾਂ ਪੂੰਜੀ ਦਾ ਉਪਯੋਗ ਨਾ ਕੀਤਾ ਜਾਵੇ ਤਾਂ ਇਹ ਜੀਵਨ ਨੂੰ ਅਸੰਤੁਲਿਤ ਕਰ ਦਿੰਦੀਆਂ ਹਨ। ਭੌਤਿਕ ਜੀਵਨ ਵਿਚ ਉਤਪਾਦਨ ਅਤੇ ਉਪਭੋਗ ਦਾ ਜਿਵੇਂ ਅਟੁੱਟ ਸਬੰਧ ਹੈ, ਉਸੇ ਤਰ੍ਹਾਂ ਅਧਿਆਤਮਕ ਜੀਵਨ ਵਿਚ ਵੀ ਸਾਧਨਾ, ਸਵਾਧਿਆਏ ਅਤੇ ਉਪਾਸਨਾ ਦਾ ਟੀਚਾ ਉਦੋਂ ਹੀ ਪੂਰਾ ਹੁੰਦਾ ਹੈ ਜਦੋਂ ਅਰਜਿਤ ਕੀਤੇ ਸੱਚੇ ਗਿਆਨ ਦੇ ਵਿਵਹਾਰ ਵਿਚ ਉਤਰ ਕੇ ਸਮਾਜ ਦੇ ਹਿੱਤ ਵਿਚ ਇਸਤੇਮਾਲ ਹੋਵੇ। ਰੂਹਾਨੀ ਪ੍ਰਾਪਤੀ ਨੂੰ ਜੇ ਸਿਰਫ਼ ਆਪਣੀ ਸਿੱਧੀ, ਮੁਕਤੀ ਜਾਂ ਨਿੱਜੀ ਕਲਿਆਣ ਤੱਕ ਸੀਮਤ ਰੱਖਿਆ ਜਾਵੇ ਤਾਂ ਇਹ ਦ੍ਰਿਸ਼ਟੀ ਬਹੁਤ ਹੀ ਸੰਕੀਰਨ ਮੰਨੀ ਜਾਵੇਗੀ।
ਰਿਸ਼ੀਆਂ ਨੇ ਸਦਾ ਕਿਹਾ ਹੈ ਕਿ ਸਾਨੂੰ ਰਾਜ, ਪ੍ਰਸਿੱਧੀ, ਸਵਰਗ ਜਾਂ ਮੋਕਸ਼ ਦੀ ਜ਼ਰੂਰਤ ਨਹੀਂ, ਸਾਨੂੰ ਤਾਂ ਦੂਜਿਆਂ ਦੇ ਦੁੱਖ ਦੂਰ ਕਰਨ ਵਿਚ ਲਗਾਤਾਰ ਲੱਗੇ ਰਹਿਣਾ ਹੈ। ਹਰ ਰੂਹਾਨੀ ਵਿਅਕਤੀ ਲਈ ਇਹ ਵਿਆਪਕ ਨਜ਼ਰੀਆ ਆਦਰਸ਼ ਹੋਣਾ ਚਾਹੀਦਾ ਹੈ। ਗਿਆਨ, ਆਤਮਬਲ ਅਤੇ ਚੜ੍ਹਤ ਦਾ ਭੰਡਾਰ ਇਕੱਠਾ ਕੀਤਾ ਜਾਵੇ ਪਰ ਉਸ ਦਾ ਲਾਭ ਲੋਕਾਂ ਤੇ ਸਮਾਜ ਤੱਕ ਪਹੁੰਚੇ, ਇਹੀ ਗਿਆਨ ਯੱਗ ਦੀ ਹਕੀਕੀ ਸਾਧਨਾ ਹੈ। ਰਿਸ਼ੀ-ਮੁਨੀ ਇਸੇ ਉਦੇਸ਼ ਨਾਲ ਆਪਣੀਆਂ ਪ੍ਰਾਪਤੀਆਂ ਦਾ ਲੋਕ ਭਲਾਈ ਵਿਚ ਵਿਸਥਾਰ ਕਰਦੇ ਸਨ। ਇਸ ਦੇ ਉਲਟ, ਜੇ ਕੋਈ ਸਾਧਕ ਆਪਣੀ ਪ੍ਰਾਪਤੀ ਨੂੰ ਸਿਰਫ਼ ਨਿੱਜੀ ਸਵਾਰਥ ਤੱਕ ਸੀਮਤ ਰੱਖੇ ਤਾਂ ਉਹ ਉਸ ਧਨਾਢ ਤੋਂ ਵੀ ਗਿਆ-ਗੁਜ਼ਰਿਆ ਹੈ ਜੋ ਘੱਟੋ-ਘੱਟ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਤਾਂ ਕਰਦਾ ਹੈ।
ਭਾਰਤੀ ਸੰਸਕ੍ਰਿਤੀ ਵਿਚ ਦਾਨ-ਸੰਸਕ੍ਰਿਤੀ ਇਸ ਲਈ ਮਸ਼ਹੂਰ ਰਹੇ ਹਨ ਕਿ ਸੰਗ੍ਰਹਿ ਕਰਨਾ ਤਦ ਹੀ ਸਾਰਥਕ ਹੈ ਜਦੋਂ ਉਸ ਦਾ ਇਕ ਅੰਸ਼ ਪਰਮਾਰਥ, ਲੋਕ-ਭਲਾਈ ਅਤੇ ਸਮਾਜ ਦੇ ਕਰਜ਼ੇ ਤੋਂ ਮੁਕਤ ਹੋਣ ਵਿਚ ਲਗਾਇਆ ਜਾਵੇ। ਦਰਅਸਲ, ਸੰਗ੍ਰਹਿ ਕਰਨਾ ਇਕ ਸ਼ਰਾਪ ਹੈ ਜੇਕਰ ਉਸ ਦੇ ਨਾਲ ਸਦਉਪਯੋਗ ਅਤੇ ਸਮਾਜ ਉਪਯੋਗੀ ਵਿਤਰਣ ਨਾ ਜੁੜਿਆ ਹੋਵੇ। ਕੁਦਰਤ ਨਿਰੰਤਰ ਦਿੰਦੀ ਹੈ ਅਤੇ ਇਹੀ ਸੰਦੇਸ਼ ਮਨੁੱਖ ਨੂੰ ਵੀ ਅਪਣਾਉਣਾ ਚਾਹੀਦਾ ਹੈ।-ਮੁਕੇਸ਼ ਰਿਸ਼ੀ।