ਮੈਕਾਲੇ ਨੇ ਅੰਗਰੇਜ਼ੀ ਅਤੇ ਅੰਗਰੇਜ਼ੀਅਤ ਨੂੰ ਸ੍ਰੇਸ਼ਠਤਾ ਦੇ ਬੋਧ ਦੇ ਰੂਪ ਵਿਚ ਸਥਾਪਤ ਕਰਨ ਦੀ ਜੋ ਮੁਹਿੰਮ ਛੇੜੀ, ਉਸ ਨੇ ਭਾਰਤ ਦਾ ਬਹੁਤ ਨੁਕਸਾਨ ਕੀਤਾ। ਭਾਰਤ ਨੂੰ ਆਪਣੀ ਪ੍ਰਾਚੀਨ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਪੁਨਰ-ਸਥਾਪਤ ਕਰਨ ਲਈ 2014 ਵਿਚ ਨਰਿੰਦਰ ਮੋਦੀ ਦੇ ਸੱਤਾ ਸੰਭਾਲਣ ਤੱਕ ਉਡੀਕ ਕਰਨੀ ਪਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਦੇਸ਼ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਸੰਕਲਪ ਲਿਆ ਹੈ। ਇਸ ਸੰਕਲਪ ਦੀ ਪੂਰਤੀ ਕਰਨ ਲਈ ਉਨ੍ਹਾਂ ਨੇ ਪੰਜ ਪ੍ਰਣ ਲੈਣ ਦਾ ਸੱਦਾ ਦਿੱਤਾ ਹੈ ਜਿਨ੍ਹਾਂ ਵਿੱਚੋਂ ਇਕ ਪ੍ਰਣ ਬਸਤੀਵਾਦੀ ਮਨੋਦਸ਼ਾ ਤੋਂ ਛੁਟਕਾਰਾ ਪਾਉਣਾ ਵੀ ਹੈ। ਇਸ ਸਿਲਸਿਲੇ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਅਗਲੇ ਦਸ ਸਾਲਾਂ ਵਿਚ ਥਾਮਸ ਬਾਬਿੰਗਟਨ ਮੈਕਾਲੇ ਦੀ ਵਿਰਾਸਤ ਨੂੰ ਤਿਲਾਂਜਲੀ ਦੇਣੀ ਹੋਵੇਗੀ। ਦਰਅਸਲ, ਮੈਕਾਲੇ ਕੁਝ ਹੋਰ ਨਹੀਂ, ਸਗੋਂ ਅੰਗਰੇਜ਼ੀਅਤ ਦਾ ਇਕ ਪ੍ਰਤੀਕ ਹੈ। ਇਸ ਪ੍ਰਤੀਕ ਤੋਂ ਮੁਕਤੀ ਪਾਉਣ ਦੀ ਪ੍ਰਧਾਨ ਮੰਤਰੀ ਹਾਲ ਹੀ ਵਿਚ ਦੋ ਵਾਰ ਚਰਚਾ ਵੀ ਕਰ ਚੁੱਕੇ ਹਨ। ਇੱਥੋਂ ਤੱਕ ਕਿ ਅਯੁੱਧਿਆ ਵਿਚ ਰਾਮ ਮੰਦਰ ਵਿਖੇ ਲਹਿਰਾਉਣ ਵਾਲੇ ਸਮਾਰੋਹ ਵਿਚ ਵੀ ਉਨ੍ਹਾਂ ਨੇ ਇਸ ਸੰਕਲਪ ਦਾ ਜ਼ਿਕਰ ਕੀਤਾ।
ਮੈਕਾਲੇ ਅੰਗਰੇਜ਼ ਰਾਜ ਵਿਚ ਜਨਤਕ ਸਿੱਖਿਆ ਦਾ ਨਿਰਦੇਸ਼ਕ ਸੀ। ਅੰਗਰੇਜ਼ੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਅਤੇ ਭਾਰਤੀ ਭਾਸ਼ਾਵਾਂ, ਸੰਸਕ੍ਰਿਤੀ ਅਤੇ ਸੱਭਿਆਚਾਰ ਦੀਆਂ ਸ਼ਕਤੀਆਂ ਨੂੰ ਨਸ਼ਟ ਕਰਨ ਲਈ ਮੈਕਾਲੇ ਨੇ 1835 ਵਿਚ ਇਕ ਵਿਸਥਾਰਤ ਯੋਜਨਾ ਬਣਾਈ। ਬ੍ਰਿਟਿਸ਼ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਇਸ ਯੋਜਨਾ ਤਹਿਤ ਦੇਸ਼ ਭਰ ਵਿਚ ਕਾਨਵੈਂਟ ਸਕੂਲਾਂ ਦਾ ਹੜ੍ਹ ਆ ਗਿਆ ਅਤੇ ਖੇਤਰੀ ਭਾਸ਼ਾਵਾਂ ਵਿਚ ਸਿੱਖਿਆ ਦੀ ਅਣਦੇਖੀ ਹੁੰਦੀ ਗਈ।
ਮੈਕਾਲੇ ਦੀ ਰਣਨੀਤੀ ਕਈ ਪਹਿਲੂਆਂ ’ਤੇ ਕੇਂਦਰਿਤ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸੰਸਕ੍ਰਿਤ ਇਕ 'ਵਿਆਰਥ' ਭਾਸ਼ਾ ਹੈ ਅਤੇ ਇਸ ਨੂੰ ਛੱਡ ਦੇਣਾ ਚਾਹੀਦਾ ਹੈ। ਇਸ ਦੀ ਬਜਾਏ ਭਾਰਤੀਆਂ ਨੂੰ ਅੰਗਰੇਜ਼ੀ ਸਿਖਾਈ ਜਾਣੀ ਚਾਹੀਦੀ ਹੈ ਕਿਉਂਕਿ ਇਹ ਇਕ ਉੱਚਤਮ ਸੱਭਿਅਤਾ ਦੀ ਭਾਸ਼ਾ ਹੈ ਅਤੇ ਵਿਗਿਆਨ, ਇਤਿਹਾਸ, ਦਰਸ਼ਨ ਆਦਿ ਵਿਚ ਆਧੁਨਿਕ ਗਿਆਨ ਦੀ ਕੁੰਜੀ ਹੈ। ਮੈਕਾਲੇ ਮੁਤਾਬਕ ਭਾਰਤੀ ਭਾਸ਼ਾਵਾਂ ਵਿਚ 'ਨਾ ਤਾਂ ਸਾਹਿਤਕ ਅਤੇ ਨਾ ਹੀ ਵਿਗਿਆਨਕ ਜਾਣਕਾਰੀ' ਹੈ ਅਤੇ ਉਹ 'ਫ਼ਜ਼ੂਲ ਅਤੇ ਸ਼ਿਸ਼ਟਾਚਾਰ ਤੋਂ ਰਹਿਤ' ਹਨ। ਉਨ੍ਹਾਂ ਨੇ ਕਿਹਾ ਕਿ ਸੰਸਕ੍ਰਿਤ ਅਤੇ ਅਰਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਉਪਲਬਧ ਸਾਹਿਤ ਦਾ ਅਧਿਐਨ ਕਰਨ ਤੋਂ ਬਾਅਦ ਮੈਂ ਇਹ ਸਿੱਟਾ ਕੱਢਿਆ ਕਿ 'ਕਿਸੇ ਚੰਗੀ ਯੂਰਪੀ ਲਾਇਬ੍ਰੇਰੀ ਦੀ ਇਕ ਬੁੱਕ ਸ਼ੈਲਫ ਭਾਰਤ ਅਤੇ ਅਰਬ ਦੇ ਸਮੁੱਚੇ ਸਥਾਨਕ ਸਾਹਿਤ ਤੋਂ ਵੱਧ ਮੁੱਲਵਾਨ ਹੈ।'
ਮੈਕਾਲੇ ਦਾ ਮੰਨਣਾ ਸੀ ਕਿ ਸੰਸਕ੍ਰਿਤ ਵਿਚ ਉਪਲਬਧ ਪੁਸਤਕਾਂ ਤੋਂ ਇਕੱਠੀ ਕੀਤੀ ਗਈ ਇਤਿਹਾਸਕ ਜਾਣਕਾਰੀ ਇੰਗਲੈਂਡ ਦੇ ਪ੍ਰਾਇਮਰੀ ਸਕੂਲਾਂ ਦੀ ਮਾਮੂਲੀ ਸਮੱਗਰੀ ਦੇ ਸਾਹਮਣੇ ਵੀ ਕਿਤੇ ਨਹੀਂ ਠਹਿਰਦੀ। ਸਪਸ਼ਟ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ ਸੀ ਕਿ ਭਾਰਤੀਆਂ ਨੇ ਸਿਫ਼ਰ ਦੀ ਖੋਜ ਕੀਤੀ ਸੀ। ਭਾਰਤ ਵਿਚ ਆਰੀਆਭੱਟ ਅਤੇ ਭਾਸਕਰਾਚਾਰੀਆ ਜਿਹੇ ਅਦਭੁਤ ਗਣਿਤ ਮਾਹਿਰ ਅਤੇ ਖਗੋਲ ਸ਼ਾਸਤਰੀ ਸਨ।
ਉਹ ਵੀ ਉਦੋਂ, ਜਦੋਂ ਬ੍ਰਿਟਿਸ਼ ਗੁਫਾਵਾਂ ਵਿਚ ਰਹਿਣ ਅਤੇ ਜੰਗਲੀ ਜਾਨਵਰਾਂ ਦੇ ਸ਼ਿਕਾਰ ’ਤੇ ਆਸ਼ਰਿਤ ਸਨ। ਆਰੀਆਭੱਟ ਆਪਣੀ ਜਯਾਮਿਤਿ, ਤ੍ਰਿਕੋਣਮਿਤਿ ਤੋਂ ਇਲਾਵਾ ਧਰਤੀ, ਚੰਦਰਮਾ ਅਤੇ ਗ੍ਰਹਿਆਂ ਦੇ ਵਿਆਸ ਦੀ ਸਟੀਕ ਗਣਨਾ ਲਈ ਜਾਣੇ ਜਾਂਦੇ ਹਨ, ਜੋ ਉਨ੍ਹਾਂ ਨੇ 1,500 ਸਾਲ ਪਹਿਲਾਂ ਕੀਤੀ ਸੀ। ਉਨ੍ਹਾਂ ਨੇ ਸੂਰਜ ਅਤੇ ਚੰਦਰ ਗ੍ਰਹਿਣਾਂ ਦੀ ਵਿਆਖਿਆ ਕੀਤੀ ਅਤੇ ਸਾਲ ਵਿਚ 365 ਦਿਨਾਂ ਦੀ ਸਟੀਕ ਗਿਣਤੀ ਦਾ ਮੁਲਾਂਕਣ ਕੀਤਾ। ਭਾਸਕਰਾਚਾਰੀਆ ਦਿੱਗਜ ਗਣਿਤ ਮਾਹਿਰ ਸਨ। ਉਨ੍ਹਾਂ ਦੀਆਂ ਖੋਜਾਂ ਵਿਚ ਕਲਨ (ਕੈਲਕੁਲਸ) ਅਤੇ ਗ੍ਰਹਿਆਂ ਦੀ ਆਂਡਾਕਾਰ ਸ਼੍ਰੇਣੀ ਸ਼ਾਮਲ ਸੀ ਜੋ ਉਨ੍ਹਾਂ ਨੇ 900 ਸਾਲ ਪਹਿਲਾਂ ਕੀਤੀ ਸੀ। ਮੈਕਾਲੇ ਜਿਹਾ ਅਗਿਆਨੀ ਹੀ ਇਨ੍ਹਾਂ ਉਪਲਬਧੀਆਂ ਦੀ ਅਣਦੇਖੀ ਕਰ ਸਕਦਾ ਸੀ।
ਮੈਕਾਲੇ ਨੇ ਭਾਰਤੀਆਂ ਨੂੰ ਅੰਗਰੇਜ਼ੀ ਦੇ ਰੰਗ ਵਿਚ ਰੰਗਣ ਦੀ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਮੁਹਿੰਮ ਚਲਾਈ। ਉਨ੍ਹਾਂ ਦੀ ਰਣਨੀਤੀ ਇਹ ਸੀ ਕਿ ਅਸੀਂ ਅਜਿਹੇ ਲੋਕਾਂ ਦਾ ਵਰਗ ਤਿਆਰ ਕਰਨਾ ਹੈ ਜੋ ਮੂਲ ਰੂਪ ਵਿਚ ਤਾਂ ਭਾਵੇਂ ਹੀ ਭਾਰਤੀ ਹੋਣ ਪਰ ਉਨ੍ਹਾਂ ਦੇ ਰੰਗ-ਢੰਗ ਪੂਰੀ ਤਰ੍ਹਾਂ ਅੰਗਰੇਜ਼ਾਂ ਵਰਗੇ ਹੋਣ। ਉਨ੍ਹਾਂ ਨੇ ਅੰਗਰੇਜ਼ੀ ਅਤੇ ਅੰਗਰੇਜ਼ੀ ਸੰਸਕ੍ਰਿਤੀ ਨੂੰ ਸ਼੍ਰੇਸ਼ਟਤਾ ਦੇ ਬੋਧ ਦੇ ਤੌਰ ’ਤੇ ਸਥਾਪਤ ਕਰਨ ਦੀ ਮੁਹਿੰਮ ਛੇੜੀ। ਤਤਕਾਲੀ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਨੇ ਮੈਕਾਲੇ ਦੀ ਮੁਹਿੰਮ ਨੂੰ ਪਰਵਾਨ ਚੜ੍ਹਾਉਣ ਲਈ ਮਾਰਚ 1835 ਵਿਚ ਇਕ ਹੁਕਮ ਜਾਰੀ ਕੀਤਾ ਕਿ ਸਰਕਾਰੀ ਧਨ ਦੀ ਵਰਤੋਂ ਸਿਰਫ਼ ਅੰਗਰੇਜ਼ੀ ਭਾਸ਼ਾ ਦੇ ਮਾਧਿਅਮ ਨਾਲ ਪੱਛਮੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਕੀਤੀ ਜਾਵੇਗੀ।
ਹਾਲਾਂਕਿ ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਲੱਖਾਂ ਵਿਦਿਆਰਥੀਆਂ ਨੇ ਕਦੇ ਵੀ ਨਹੀਂ ਸਮਝਿਆ ਕਿ ਪੜ੍ਹਾਈ ਜ਼ਰੀਏ ਕਿਸ ਤਰ੍ਹਾਂ ਉਨ੍ਹਾਂ ਦਾ ਬ੍ਰੇਨਵਾਸ਼ ਕੀਤਾ ਜਾ ਰਿਹਾ ਹੈ। ਬੈਂਗਲੁਰੂ ਵਿਚ ਸਕੂਲੀ ਸਿੱਖਿਆ ਦੌਰਾਨ ਮੈਨੂੰ ਖ਼ੁਦ ਇਸ ਦਾ ਅਹਿਸਾਸ ਹੋਇਆ। ਜਿਵੇਂ ਕਿ ਪੂਰਾ ਪਾਠਕ੍ਰਮ ਅੰਗਰੇਜ਼ੀਅਤ ’ਤੇ ਕੇਂਦਰਿਤ ਹੁੰਦਾ ਸੀ ਅਤੇ ਪੂਰਾ ਮਾਹੌਲ ਵੀ ਇੰਗਲੈਂਡ ਦੇ ਕਿਸੇ ਸਕੂਲ ਵਰਗਾ ਸੀ। ਸਾਲਾਨਾ ਪ੍ਰੀਖਿਆਵਾਂ ਦਸੰਬਰ ਦੇ ਆਰੰਭ ਵਿਚ ਹੁੰਦੀਆਂ ਸਨ।
ਇਸ ਤੋਂ ਬਾਅਦ ਇਕ ਮਹੀਨੇ ਦੀਆਂ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਹੁੰਦੀਆਂ ਸਨ। ਸਾਰੇ ਵਿਦਿਆਰਥੀਆਂ ਨੇ ਕ੍ਰਿਸਮਸ ਕੈਰੋਲ ਸਿੱਖੇ। ਜਦਕਿ ਸਾਡੀ ਮਾਂ-ਬੋਲੀ ਕੰਨੜ ਸੀ ਪਰ ਸਕੂਲ ਵਿਚ ਕੋਈ ਵੀ ਕੰਨੜ ਨਹੀਂ ਬੋਲਦਾ ਸੀ। ਸਾਡੇ ਇਤਿਹਾਸ ਅਤੇ ਸਮਾਜਿਕ ਵਿਗਿਆਨ ਦੀਆਂ ਸ਼੍ਰੇਣੀਆਂ ਵਿਚ ਰਾਮਾਇਣ, ਮਹਾਭਾਰਤ ਜਾਂ ਭਾਰਤ ਦੇ ਮਹਾਨ ਗ੍ਰੰਥਾਂ ਅਤੇ ਗਾਥਾਵਾਂ ਦਾ ਕਦੇ ਵੀ ਕੋਈ ਜ਼ਿਕਰ ਨਹੀਂ ਹੁੰਦਾ ਸੀ ਪਰ ਸਾਨੂੰ ਰੋਮ ਦੇ ਨਿਰਮਾਣ ਅਤੇ ਜੋੜੇ ਭਰਾਵਾਂ ਰੋਮੁਲਸ ਅਤੇ ਰੇਮਸ ਬਾਰੇ ਜ਼ਰੂਰ ਦੱਸਿਆ ਜਾਂਦਾ ਸੀ। ਸਾਨੂੰ ਅਰਜੁਨ ਦੀ ਬਹਾਦਰੀ ਜਾਂ ਉਨ੍ਹਾਂ ਦੇ ਗਾਂਡੀਵ ਜਾਂ ਭੀਮ ਦੇ ਕੌਸ਼ਲ ਬਾਰੇ ਕਦੇ ਵੀ ਨਹੀਂ ਦੱਸਿਆ ਗਿਆ ਪਰ ਕਿੰਗ ਆਰਥਰ ਅਤੇ ਉਸ ਦੀ ਜਾਦੂਈ ਤਲਵਾਰ ਐਕਸਕੈਲੀਬਰ ਦੀਆਂ ਕਹਾਣੀਆਂ ਬਹੁਤ ਸੁਣਾਈਆਂ ਜਾਂਦੀਆਂ ਸਨ।
ਸਮੇਂ ਦੇ ਫੇਰ ਨੂੰ ਦੇਖੋ ਕਿ ਅੰਗਰੇਜ਼ੀਅਤ ਵਿਚ ਰੰਗੇ ਇਹ ਜ਼ਿਆਦਾਤਰ ਬੱਚੇ ਹੀ ਭਵਿੱਖ ਵਿਚ ਪ੍ਰਮੁੱਖ ਅਹੁਦਿਆਂ ਦੀ ਕਮਾਨ ਸੰਭਾਲਦੇ ਗਏ। ਰਾਜਨੀਤੀ ਤੋਂ ਲੈ ਕੇ ਹਥਿਆਰਬੰਦ ਬਲਾਂ, ਪ੍ਰਸ਼ਾਸਨਿਕ ਸੇਵਾਵਾਂ ਤੋਂ ਲੈ ਕੇ ਮੀਡੀਆ ਵਿਚ ਉਨ੍ਹਾਂ ਦੀ ਹੀ ਚੜ੍ਹਤ ਸਥਾਪਤ ਹੁੰਦੀ ਗਈ।
ਖ਼ਾਹਿਸ਼ੀ ਸ਼ਹਿਰੀ ਵਰਗ ਮੈਕਾਲੇ ਦੇ ਇਸ ਸਬਜ਼ਬਾਗ ਵਿਚ ਫਸਦਾ ਗਿਆ ਜਿਸ ਨੇ ਇਸ ਨੂੰ ਇਕ ਚੰਗੀ ਜੀਵਨਸ਼ੈਲੀ ਦਾ ਆਧਾਰ ਸਮਝਿਆ। ਇਕ ਤਰ੍ਹਾਂ ਨਾਲ ਉਹ ਭਾਰਤੀ ਸੱਭਿਅਤਾ ਦੀਆਂ ਯਾਦਾਂ ਨੂੰ ਦਫਨ ਕਰਨ ਦੀ ਸਾਜ਼ਿਸ਼ ਵਿਚ ਸ਼ਾਮਲ ਹੀ ਹੋ ਗਏ ਸਨ। ਮੈਂ ਖ਼ੁਸ਼ਕਿਸਮਤ ਰਿਹਾ ਕਿ ਬਾਅਦ ਵਿਚ ਇਕ 'ਭਾਰਤੀ' ਸਕੂਲ ਵਿਚ ਪੜ੍ਹਨ ਦਾ ਮੌਕਾ ਮਿਲਿਆ, ਜਿੱਥੇ ਮੈਂ ਸਵਾਮੀ ਵਿਵੇਕਾਨੰਦ, ਅਰਬਿੰਦੋ, ਮਹਾਭਾਰਤ ਅਤੇ ਰਾਮਾਇਣ ਆਦਿ ਦੇ ਸੰਪਰਕ ਵਿਚ ਆਇਆ। ਇਹ ਵੀ ਘੱਟ ਦੁੱਖ ਵਾਲੀ ਗੱਲ ਨਹੀਂ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜ਼ਿਆਦਾਤਰ ਸਮਾਂ ਸੱਤਾ ’ਤੇ ਕਾਬਜ਼ ਰਹੀ ਕਾਂਗਰਸ ਅਤੇ ਨਹਿਰੂਵਾਦੀਆਂ ਅਤੇ ਕਮਿਊਨਿਸਟਾਂ ਨੇ ਮੈਕਾਲੇ ਦੇ ਮਾਨਸ ਪੁੱਤਰਾਂ ਨੂੰ ਹੀ ਹੁਲਾਰਾ ਦਿੱਤਾ ਜਿਨ੍ਹਾਂ ਨੇ ਭਾਰਤੀ ਇਤਿਹਾਸ ਅਤੇ ਸੰਸਕ੍ਰਿਤੀ ਦੀ ਨਿੰਦਾ ਕਰਦੇ ਹੋਏ ਫ਼ਰਜ਼ੀ ਧਰਮ-ਨਿਰਪੱਖਤਾ ਦਾ ਮਾਹੌਲ ਸਿਰਜਣ ਦਾ ਕੰਮ ਕੀਤਾ।
ਭਾਰਤ ਨੂੰ ਆਪਣੀ ਪ੍ਰਾਚੀਨ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਪੁਨਰ-ਸਥਾਪਤ ਕਰਨ ਲਈ 2014 ਵਿਚ ਨਰਿੰਦਰ ਮੋਦੀ ਦੇ ਸੱਤਾ ਸੰਭਾਲਣ ਤੱਕ ਉਡੀਕ ਕਰਨੀ ਪਈ। ਦੁੱਖ ਵਾਲੀ ਗੱਲ ਹੈ ਕਿ ਮੋਦੀ ਤੋਂ ਪਹਿਲਾਂ ਕਿਸੇ ਵੀ ਪ੍ਰਧਾਨ ਮੰਤਰੀ ਨੇ ਮੈਕਾਲੇ ਦੀ ਮਨਸ਼ਾ ਦੇ ਤਬਾਹਕੁੰਨ ਪ੍ਰਭਾਵਾਂ ਦਾ ਮੁਲਾਂਕਣ ਤੱਕ ਨਹੀਂ ਕੀਤਾ। ਹੁਣ ਜਦੋਂ ਮੋਦੀ ਨੇ ਇਸ ਭਿਆਨਕ ਸਮੱਸਿਆ ਦੀ ਪਛਾਣ ਕੀਤੀ ਹੈ ਤਾਂ ਭਾਰਤ ਨਾਲ ਪਿਆਰ ਕਰਨ ਵਾਲੇ ਸਾਰੇ ਭਾਰਤੀਆਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਗਲੇ ਦਸ ਸਾਲਾਂ ਵਿਚ ਮੈਕਾਲੇ ਦੇ ਪ੍ਰੇਤ ਤੋਂ ਪੂਰੀ ਤਰ੍ਹਾਂ ਮੁਕਤੀ ਪਾਈ ਜਾਵੇ ਅਤੇ ਭਾਰਤੀ ਭਾਸ਼ਾਵਾਂ ਅਤੇ ਸੰਸਕ੍ਰਿਤੀ ਦਾ ਲੋੜੀਂਦਾ ਮਹਿਮਾ-ਮੰਡਨ ਕੀਤਾ ਜਾਵੇ।
-ਏ. ਸੂਰੀਆਪ੍ਰਕਾਸ਼
-(ਲੇਖਕ ਪ੍ਰਸਾਰ ਭਾਰਤੀ ਦਾ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਲਮ-ਨਵੀਸ ਹੈ)।
-response@jagran.com