ਹੁਣ ਅਸੀਂ ਉਸ ਦੇ ਰਿਜ਼ਲਟ ਦੀ ਬੜੀ ਬੇਤਾਬੀ ਨਾਲ ਉਡੀਕ ਕਰ ਰਹੇ ਸਾਂ। ਹਰ ਰੋਜ਼ ਉਂਗਲਾਂ ’ਤੇ ਦਿਨ ਗਿਣਦੇ ਰਹਿੰਦੇ। ਅੰਦਾਜ਼ਾ ਲਗਾਉਂਦੇ ਕਿ ਐਨੇ ਕੁ ਦਿਨਾਂ ਨੂੰ ਰਿਜ਼ਲਟ ਆ ਜਾਵੇਗਾ। ਉਸ ਦਿਨ ਆਹ ਕਰਾਂਗੇ, ਓਹ ਕਰਾਂਗੇ।

ਤਿੰਨ ਮਈ ਨੂੰ ਸਾਡੀ ਬੇਟੀ ਨੀਟ ਦਾ ਟੈਸਟ ਦੇ ਕੇ ਆਈ ਸੀ। ਪੇਪਰ ਬਹੁਤ ਹੀ ਵਧੀਆ ਹੋਇਆ ਸੀ। ਉਹ ਬੜੀ ਖ਼ੁਸ਼ ਸੀ। ਅੱਖਾਂ ਵਿਚ ਸੁਨਹਿਰੇ ਭਵਿੱਖ ਦੇ ਸੁਪਨੇ ਸਜਾਈ ਉਹ ਮਾਨਸਿਕ ਸੰਤੁਸ਼ਟੀ ਨਾਲ ਭਰਪੂਰ ਘਰ ਦੇ ਵਿਹੜੇ ਵਿਚ ਉੱਡੀ ਫਿਰਦੀ ਸੀ। ਉਸ ਨੂੰ ਖ਼ੁਸ਼ ਦੇਖ ਕੇ ਅਸੀਂ ਵੀ ਸਾਰੇ ਪਰਿਵਾਰਕ ਮੈਂਬਰ ਪੂਰੇ ਟਹਿਕ ਰਹੇ ਸਾਂ। ਉਸ ਦੇ ਵਧੀਆ ਕਰੀਅਰ ਦੀ ਆਸ ਲਾਈ ਬੈਠੇ ਅਸੀਂ ਉਸ ਵਾਸਤੇ ਕਿੰਨੀਆਂ ਹੀ ਭਵਿੱਖੀ ਵਿਉਂਤਾਂ ਬਣਾ ਰਹੇ ਸਾਂ। ਪੂਰੇ ਦੋ ਸਾਲ ਉਸ ਨੇ ਨੀਟ ਦੀ ਤਿਆਰੀ ਕਰਨ ਵਿਚ ਦਿਨ-ਰਾਤ ਇਕ ਕਰ ਦਿੱਤਾ ਸੀ। ਭੁੱਖੀ-ਤਿਹਾਈ ਦਾ ਸਾਰਾ ਦਿਨ ਟਿਊਸ਼ਨਾਂ ਪੜ੍ਹਦਿਆਂ ਲੰਘ ਜਾਂਦਾ। ਸਾਰੀ-ਸਾਰੀ ਰਾਤ ਬੈਠੀ ਪੜ੍ਹਦੀ ਰਹਿੰਦੀ। ਨਾ ਰੱਜ ਕੇ ਚੱਜ ਨਾਲ ਰੋਟੀ ਖਾਣੀ, ਨਾ ਰਾਤ ਨੂੰ ਅੱਠ ਘੰਟੇ ਦੀ ਨੀਂਦ ਪੂਰੀ ਕਰਨੀ ਜੋ ਕਿ ਸਿਹਤਮੰਦ ਰਹਿਣ ਲਈ ਸਭ ਨਿਆਣਿਆਂ-ਸਿਆਣਿਆਂ ਵਾਸਤੇ ਜ਼ਰੂਰੀ ਹੁੰਦੀ ਹੈ। ਆਰਥਿਕ ਪੱਖੋਂ ਬਹੁਤੇ ਤਕੜੇ ਨਾ ਹੋਣ ਦੇ ਬਾਵਜੂਦ ਅਸੀਂ ਉਸ ਦੀ ਪੜ੍ਹਾਈ ’ਤੇ ਖ਼ਰਚ ਕਰਨ ਲੱਗਿਆਂ ਕਿਤੇ ਕੋਈ ਮਾੜੀ ਜਿਹੀ ਵੀ ਕਟੌਤੀ ਨਹੀਂ ਕੀਤੀ। ਹੁਣ ਅਸੀਂ ਉਸ ਦੇ ਰਿਜ਼ਲਟ ਦੀ ਬੜੀ ਬੇਤਾਬੀ ਨਾਲ ਉਡੀਕ ਕਰ ਰਹੇ ਸਾਂ। ਹਰ ਰੋਜ਼ ਉਂਗਲਾਂ ’ਤੇ ਦਿਨ ਗਿਣਦੇ ਰਹਿੰਦੇ। ਅੰਦਾਜ਼ਾ ਲਗਾਉਂਦੇ ਕਿ ਐਨੇ ਕੁ ਦਿਨਾਂ ਨੂੰ ਰਿਜ਼ਲਟ ਆ ਜਾਵੇਗਾ। ਉਸ ਦਿਨ ਆਹ ਕਰਾਂਗੇ, ਓਹ ਕਰਾਂਗੇ। ਬਾਰਾਂ ਮਈ ਨੂੰ ਕਿਸੇ ਨੂੰ ਚਿੱਤ-ਚੇਤੇ ਵੀ ਨਹੀਂ ਸੀ ਕਿ ਡੇਢ-ਦੋ ਵਜੇ ਤੱਕ ਇਹ ਮੰਦਭਾਗੀ ਖ਼ਬਰ ਸੁਣਨੀ ਪੈ ਜਾਵੇਗੀ ਕਿ ਪੇਪਰ ਲੀਕ ਹੋ ਜਾਣ ਕਾਰਨ ਨੀਟ ਦਾ ਟੈਸਟ ਰੱਦ ਕੀਤਾ ਜਾਂਦਾ ਹੈ। ਇਮਤਿਹਾਨ ਲੈਣ ਦੀ ਅਗਲੀ ਤਰੀਕ ਬਾਰੇ ਦੁਬਾਰਾ ਤੋਂ ਪ੍ਰੀਖਿਆਰਥੀਆਂ ਨੂੰ ਸੂਚਿਤ ਕੀਤਾ ਜਾਵੇਗਾ। ਖ਼ਬਰ ਸੁਣਦੇ ਹੀ ਵਧੀਆ ਅੰਕ ਲੈ ਕੇ ਪਾਸ ਹੋਣ ਦੀਆਂ ਉਮੀਦਾਂ ਲਾਈ ਬੈਠੇ 25 ਲੱਖ ਤੋਂ ਵੱਧ ਪ੍ਰੀਖਿਆਰਥੀਆਂ ਵਿਚ ਬੇਚੈਨੀ ਫੈਲ ਗਈ। ਬਹੁਤ ਸਾਰਿਆਂ ਨੂੰ ਦੰਦਲਾਂ ਪੈ ਗਈਆਂ। ਦਿਮਾਗ ਸੁੰਨ ਹੋ ਗਏ। ਕਈਆਂ ਦੇ ਹੱਥ-ਪੈਰ ਠੰਢੇ ਹੋ ਗਏ। ਉਨ੍ਹਾਂ ਨੂੰ ਸੰਭਾਲਦੇ, ਘਬਰਾਏ ਹੋਏ ਮਾਪਿਆਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਬੱਚਿਆਂ ਨੂੰ ਕਿਹੜੇ ਢੰਗ ਨਾਲ ਵਰਚਾਉਣ। ਸਾਡੀ ਬੇਟੀ ਕਿਸੇ ਤਰ੍ਹਾਂ ਵੀ ਦਿਲ ਨਹੀਂ ਸੀ ਧਰ ਰਹੀ। ਲਗਾਤਾਰ ਰੋਂਦੀ ਦਾ ਉਸ ਦਾ ਗਲਾ ਬੈਠਦਾ ਜਾ ਰਿਹਾ ਸੀ। ਮੈਂ ਖ਼ੁਦ ਬਹੁਤ ਉਦਾਸ ਤੇ ਨਿਰਾਸ਼ ਸਾਂ ਪਰ ਫਿਰ ਵੀ ਜੀਅ ਜਿਹਾ ਕਰੜਾ ਕਰ ਕੇ ਮੈਂ ਉਸ ਨੂੰ ਇਸ ਤਰ੍ਹਾਂ ਕਹਿ ਕੇ ਧਰਵਾਸ ਦਿੱਤਾ, ‘‘ਕੋਈ ਨਾ ਪੁੱਤ! ਇਹ ਕਿਹੜਾ ਆਪਣੇ ਕੱਲਿਆਂ ਨਾਲ ਹੋਈ ਐ, ਆਪਾਂ ਵੀ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਈ ਆਂ ਜਿਹੜੇ ਅੱਜ ਇਹ ਅਣਕਿਆਸਾ ਮਾਨਸਿਕ ਦਰਦ ਝੱਲ ਰਹੇ ਹਨ।’’ ਮੈਂ ਸੋਚ ਰਹੀ ਹਾਂ ਕਿ ਮਨੁੱਖ ਨੂੰ ਲਾਲਚੀ ਬਿਰਤੀ ਕਿੱਥੋਂ ਤੋਂ ਕਿੱਥੇ ਲੈ ਗਈ ਹੈ। ਪੇਪਰ ਲੀਕ ਹੋਣੇ ਹੁਣ ਕੋਈ ਨਵੀਂ ਗੱਲ ਨਹੀਂ ਰਹੀ। ਕਈ ਸਾਲ ਹੋ ਗਏ ਹਨ ਇਸ ਤਰ੍ਹਾਂ ਦੇ ਕਾਰਨਾਮੇ ਹੁੰਦਿਆਂ ਨੂੰ। ਜਦੋਂ ਤੋਂ ਮਨੁੱਖੀ ਮਨ ਵਿਚ ਲੋਭ ਦੀ ਕਾਂਜੀ ਘੁਲਣੀ ਸ਼ੂਰੂ ਹੋਈ ਹੈ, ਉਦੋਂ ਤੋਂ ਇਹੀ ਕੁਝ ਹੁੰਦਾ ਦੇਖਦੇ-ਸੁਣਦੇ ਆ ਰਹੇ ਹਾਂ। ਨਤੀਜਿਆਂ ਤੋਂ ਬੇਖ਼ਬਰ ਮਨੁੱਖ ਦੀ ਅਕਲ ’ਤੇ ਜਦੋਂ ਲੋਭ ਦਾ ਠੀਕਰਾ ਮੂਧਾ ਵੱਜ ਜਾਂਦਾ ਹੈ, ਉਦੋਂ ਹੀ ਇਹੋ ਜਿਹੀਆਂ ਲਾਲਚੀ ਪ੍ਰਵਿਰਤੀਆਂ ਸਿਰ ਚੁੱਕਦੀਆਂ ਹਨ। ਜਿਨ੍ਹਾਂ ਵਿਸ਼ਾ ਮਾਹਿਰਾਂ ਦੀ ਟੀਮ ਨੂੰ ਪੇਪਰ ਸੈਟਿੰਗ ਦਾ ਕੰਮ ਸੌਂਪਿਆ ਜਾਂਦਾ ਹੈ, ਉਨ੍ਹਾਂ ਨੂੰ ਪੂਰੀ ਤਰ੍ਹਾਂ ਇਮਾਨਦਾਰ ਸਮਝ ਕੇ ਇਹ ਬੇਹੱਦ ਜ਼ਿੰਮੇਵਾਰੀ ਵਾਲਾ ਕੰਮ ਦਿੱਤਾ ਜਾਂਦਾ ਹੈ ਪਰ ਜਦੋਂ ਪੈਸੇ ਦੇ ਲਾਲਚ ਵਿਚ ਅੰਨ੍ਹੇ ਹੋਣ ਉਪਰੰਤ ਦਿਆਨਤਦਾਰੀ ਦਾ ਪੱਲਾ ਉਨ੍ਹਾਂ ਦੇ ਹੱਥੋਂ ਖਿਸਕ ਜਾਂਦਾ ਹੈ, ਉਦੋਂ ਇਹੋ ਜਿਹੀਆਂ ਅਤਿ ਘਿਨੌਣੀਆਂ ਤੇ ਨਿੰਦਣਯੋਗ ਘਟਨਾਵਾਂ ਵਾਪਰਨ ਲੱਗੀਆਂ ਮਿੰਟ ਨਹੀਂ ਲਾਉਂਦੀਆਂ। ਇਹ ਪੇਪਰ ਖ਼ਰੀਦਦੇ ਕੌਣ ਹਨ? ਜਿਨ੍ਹਾਂ ਦੇ ਖੀਸੇ ਨਾਜਾਇਜ਼ ਢੰਗ ਨਾਲ ਬਣਾਏ ਗਏ ਪੈਸਿਆਂ ਨਾਲ ਕਾਫ਼ੀ ਭਾਰੇ ਹੁੰਦੇ ਹਨ ਪਰ ਔਲਾਦ ਨਾਲਾਇਕ ਹੁੰਦੀ ਹੈ। ਉਹ ਕਿਸੇ ਵੀ ਕੀਮਤ ’ਤੇ ਦਿਨ-ਰਾਤ ਇਕ ਕਰ ਕੇ ਅਜਿਹੇ ਇਮਤਿਹਾਨ ਪਾਸ ਕਰਨ ਤੋਂ ਅਸਮਰੱਥ ਹੁੰਦੇ ਹਨ। ਫਿਰ ਉਨ੍ਹਾਂ ਵਾਸਤੇ ਮਹਿੰਗੇ ਮੁੱਲ ਨਾਲ ਖ਼ਰੀਦੇ ਗਏ ਪੇਪਰ ਉਸ ਤੋਂ ਵੀ ਕਈ ਗੁਣਾਂ ਵੱਧ ਮੁੱਲ ’ਤੇ ਅਗਾਂਹ ਵੇਚੇ ਜਾਂਦੇ ਹਨ। ਵਿੱਦਿਆ ਦਾ ਵਪਾਰੀਕਰਨ ਕਰ ਕੇ ਕਈ ਸੌ ਗੁਣਾਂ ਵੱਧ ਪੈਸਾ ਕਮਾਉਣ ਦੀ ਜੁਗਾੜਬੰਦੀ ਸ਼ੁਰੂ ਹੋ ਚੁੱਕੀ ਹੈ ਤੇ ਅਜਿਹੀਆਂ ਘਿਨੌਣੀਆਂ ਜੁਗਤਾਂ ਵਰਤ ਕੇ ਸਾਡੇ ਵਰਗਿਆਂ ਦੇ ਮਿਹਨਤੀ ਬੱਚਿਆਂ ਦੇ ਹੱਕ ਮਾਰੇ ਜਾ ਰਹੇ ਹਨ। ਮੈਂ ਸੋਚਦੀ ਹਾਂ, ‘‘ਜਿਨ੍ਹਾਂ ਨੇ ਆਪ ਭੁੱਖੇ-ਤਿਹਾਏ ਰਹਿ ਕੇ ਬੱਚੇ ਪੜ੍ਹਾਏ ਹੁੰਦੇ ਹਨ, ਜਿਨ੍ਹਾਂ ਦੇ ਬੱਚਿਆਂ ਨੇ ਰਾਤਾਂ ਜਾਗ ਕੇ ਸਖ਼ਤ ਮਿਹਨਤ ਕੀਤੀ ਹੁੰਦੀ ਹੈ, ਉਨ੍ਹਾਂ ਦੀਆਂ ਬਦਦੁਆਵਾਂ ਤੋਂ ਇਹ ਪੈਸੇ ਵਾਲੇ ਲੋਕ ਕਿਉਂ ਨਹੀਂ ਡਰਦੇ? ਕੀ ਅਜਿਹੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਪੈਸਾ ਤਾਂ ਇੱਥੇ ਹੀ ਧਰਿਆ-ਧਰਾਇਆ ਰਹਿ ਜਾਣਾ ਹੈ। ਇਹ ਧਨ-ਦੌਲਤ ਮਨੁੱਖ ਦੇ ਨਾਲ ਨਹੀਂ ਜਾਂਦੀ ਕਿਉਂਕਿ ਨਾ ਤਾਂ ਕੱਫ਼ਣ ਨੂੰ ਜੇਬ ਹੁੰਦੀ ਹੈ ਤੇ ਨਾ ਹੀ ਅੱਜ ਤੱਕ ਕਿਸੇ ਨੇ ਕੋਈ ਨੋਟਾਂ ਦੀਆਂ ਪੰਡਾਂ ਬੰਨ੍ਹ ਕੇ ਮ੍ਰਿਤਕ ਨੂੰ ਚਿਖਾ ਵਿਚ ਚਿਣਦਾ ਵੇਖਿਆ ਹੈ। ਫਿਰ ਬੇਈਮਾਨੀ ਕਾਹਦੇ ਵਾਸਤੇ ਕਰਨੀ ਹੈ। ਕਿਉਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਹੈ?
-ਜਗਦੀਸ਼ ਕੌਰ ਮਾਨ।
-ਸੰਪਰਕ : 78146-98117