ਇਸ ਤੋਂ ਵੱਡੀ ਤ੍ਰਾਸਦੀ ਹੋਰ ਕੋਈ ਨਹੀਂ ਕਿ ਕੋਈ ਆਪਣੇ ਹੀ ਦੇਸ਼ ਵਿਚ ਸ਼ਰਨਾਰਥੀ ਬਣ ਜਾਵੇ ਪਰ ਕਸ਼ਮੀਰੀ ਹਿੰਦੂਆਂ ਨਾਲ ਅਜਿਹਾ ਹੀ ਹੋਇਆ।

ਜਨਵਰੀ ਦੀ 19 ਤਰੀਕ ਆਈ ਅਤੇ ਗੁਜ਼ਰ ਗਈ ਪਰ ਉਜਾੜੇ ਗਏ ਕਸ਼ਮੀਰੀ ਹਿੰਦੂਆਂ ਦੀਆਂ ਮੁਸ਼ਕਲਾਂ ਵੱਲ ਕਿਸੇ ਦਾ ਵੀ ਧਿਆਨ ਨਹੀਂ ਗਿਆ। ਹਾਂ, ਫ਼ਾਰੂਕ ਅਬਦੁੱਲਾ ਨੇ ਇਹ ਕਹਿ ਕੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਜ਼ਰੂਰ ਛਿੜਕਿਆ ਕਿ ਆਖ਼ਰ ਕਸ਼ਮੀਰੀ ਹਿੰਦੂਆਂ ਨੂੰ ਆਪਣੇ ਘਰਾਂ ਵਿਚ ਵਾਪਸ ਜਾਣ ਤੋਂ ਕਿਸ ਨੇ ਰੋਕਿਆ ਹੈ? ਉਨ੍ਹਾਂ ਅਨੁਸਾਰ, ਕਸ਼ਮੀਰੀ ਹਿੰਦੂ ਜਦੋਂ ਚਾਹੁਣ, ਉਦੋਂ ਵਾਦੀ ’ਚ ਵਾਪਸ ਆ ਸਕਦੇ ਹਨ ਅਤੇ ਆਰਾਮ ਨਾਲ ਆਪਣੇ ਘਰਾਂ ਵਿਚ ਰਹਿ ਸਕਦੇ ਹਨ ਪਰ ਇਹ ਸੱਚ ਨਹੀਂ ਹੈ। ਕਸ਼ਮੀਰ ਦਾ ਮਾਹੌਲ ਅਜੇ ਵੀ ਅਜਿਹਾ ਨਹੀਂ ਹੈ ਕਿ ਕਸ਼ਮੀਰੀ ਹਿੰਦੂ ਬਿਨਾਂ ਕਿਸੇ ਡਰ-ਸ਼ੰਕਾ ਦੇ ਆਪਣੇ ਘਰਾਂ ਨੂੰ ਵਾਪਸ ਜਾ ਸਕਣ। ਉੱਨੀ ਜਨਵਰੀ, 1990 ਨੂੰ ਕਸ਼ਮੀਰੀ ਹਿੰਦੂਆਂ ਦੇ ਪਲਾਇਨ ਦਿਵਸ ਵਜੋਂ ਜਾਣਿਆ ਜਾਂਦਾ ਹੈ।
ਹਾਲਾਂਕਿ, ਕਸ਼ਮੀਰ ਤੋਂ ਕਸ਼ਮੀਰੀ ਹਿੰਦੂਆਂ ਦਾ ਪਲਾਇਨ 1990 ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਪਰ ਇਸ ਸਾਲ ਦੀ 19 ਜਨਵਰੀ ਉਹ ਤਰੀਕ ਸੀ, ਜਦੋਂ ਉਨ੍ਹਾਂ ਦਾ ਵੱਡੀ ਗਿਣਤੀ ਵਿਚ ਸਮੂਹਿਕ ਪਲਾਇਨ ਹੋਇਆ। ਛੱਤੀ ਸਾਲ ਬੀਤ ਗਏ ਹਨ ਪਰ ਉਨ੍ਹਾਂ ਦੇ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਕੋਈ ਸੂਰਤ ਨਹੀਂ ਅਤੇ ਹੁਣ ਤਾਂ ਉਹ ਇਸ ਦੀ ਉਮੀਦ ਵੀ ਛੱਡ ਚੁੱਕੇ ਹਨ ਕਿਉਂਕਿ ਜੰਮੂ-ਕਸ਼ਮੀਰ ਤੋਂ ਵੰਡਪਾਊ ਧਾਰਾ 370 ਅਤੇ 35-ਏ ਹਟਣ ਦੇ ਬਾਵਜੂਦ ਉਨ੍ਹਾਂ ਦੀ ਵਾਪਸੀ ਦਾ ਕੋਈ ਸਹੀ ਰਾਹ ਨਹੀਂ ਨਿਕਲ ਰਿਹਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਅੱਤਵਾਦ ਵਿਚ ਕਮੀ ਆਉਣ ਦੇ ਬਾਵਜੂਦ ਕਸ਼ਮੀਰ ਦਾ ਮਾਹੌਲ ਅਜਿਹਾ ਨਹੀਂ ਹੈ ਕਿ ਕਸ਼ਮੀਰੀ ਹਿੰਦੂ ਬੇਫ਼ਿਕਰ ਹੋ ਕੇ ਉੱਥੇ ਵਾਪਸ ਜਾਣ ਬਾਰੇ ਸੋਚ ਸਕਣ। ਉਹ ਅਜਿਹਾ ਇਸ ਲਈ ਨਹੀਂ ਸੋਚ ਸਕਦੇ ਕਿਉਂਕਿ ਕਸ਼ਮੀਰ ਵਿਚ ਕਦੇ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਹੈ।
ਪੰਜ ਅਗਸਤ 2019 ਨੂੰ ਧਾਰਾ 370 ਹਟਣ ਤੋਂ ਬਾਅਦ ਲਗਪਗ ਪੰਜ ਹਜ਼ਾਰ ਕਸ਼ਮੀਰੀ ਹਿੰਦੂਆਂ ਨੂੰ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਤਹਿਤ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਪਰ ਉਨ੍ਹਾਂ ਵਿੱਚੋਂ ਕਈ ਸੁਰੱਖਿਆ ਦੇ ਡਰ ਕਾਰਨ ਫਿਰ ਤੋਂ ਹਿਜਰਤ ਕਰ ਗਏ। ਅੱਜ ਕਸ਼ਮੀਰ ਵਿਚ ਕਸ਼ਮੀਰੀ ਹਿੰਦੂਆਂ ਦੀ ਕੁੱਲ ਆਬਾਦੀ ਦਸ ਹਜ਼ਾਰ ਤੋਂ ਵੀ ਘੱਟ ਹੈ। ਇਸ ਦੇ ਬਾਵਜੂਦ, ਨਾ ਤਾਂ ਕੋਈ ਕਸ਼ਮੀਰੀਅਤ ਦੀ ਗੱਲ ਕਰਦਾ ਹੈ ਅਤੇ ਨਾ ਹੀ ਇਨਸਾਨੀਅਤ ਦੀ।
ਜਮਹੂਰੀਅਤ ਦੀ ਗੱਲ ਜ਼ਰੂਰ ਹੁੰਦੀ ਹੈ। ਫ਼ਾਰੂਕ ਅਬਦੁੱਲਾ ਨੇ ਕਸ਼ਮੀਰੀ ਪੰਡਿਤਾਂ ਨੂੰ ਆਪਣੇ ਘਰਾਂ ਨੂੰ ਵਾਪਸ ਜਾਣ ਦੇ ਮਾਮਲੇ ਵਿਚ ਇਹ ਵੀ ਕਿਹਾ ਕਿ ਹੁਣ ਉਨ੍ਹਾਂ ਦੀ ਸਥਾਈ ਵਾਪਸੀ ਮੁਸ਼ਕਲ ਹੈ ਕਿਉਂਕਿ ਉਹ ਦੇਸ਼ ਦੇ ਹੋਰ ਹਿੱਸਿਆਂ ਵਿਚ ਵਸ ਚੁੱਕੇ ਹਨ ਅਤੇ ਉਨ੍ਹਾਂ ਦੇ ਬੱਚੇ ਪੜ੍ਹਾਈ ਅਤੇ ਰੁਜ਼ਗਾਰ ਵਿਚ ਵਿਅਸਤ ਹਨ। ਇਹ ਇਕ ਹੱਦ ਤੱਕ ਸੱਚ ਵੀ ਹੈ ਕਿਉਂਕਿ ਉਜਾੜੇ ਗਏ ਕਸ਼ਮੀਰੀ ਹਿੰਦੂਆਂ ਦੇ ਜੋ ਬੱਚੇ ਦੇਸ਼-ਵਿਦੇਸ਼ ਵਿਚ ਰਹਿ ਰਹੇ ਹਨ, ਉਨ੍ਹਾਂ ਦਾ ਕਸ਼ਮੀਰ ਨਾਲ ਓਨਾ ਜ਼ਿਆਦਾ ਲਗਾਅ ਨਹੀਂ ਹੈ ਜਿੰਨਾ ਉਨ੍ਹਾਂ ਦੇ ਮਾਤਾ-ਪਿਤਾ ਦਾ ਹੈ, ਕਿਉਂਕਿ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਕੋਲ ਤਾਂ ਉੱਥੋਂ ਦੀਆਂ ਯਾਦਾਂ ਵੀ ਨਹੀਂ ਹਨ।
ਇਨ੍ਹਾਂ ਵਿੱਚੋਂ ਕਈ ਕਸ਼ਮੀਰ ਤੋਂ ਬਾਹਰ ਜੰਮੂ, ਦਿੱਲੀ ਜਾਂ ਦੇਸ਼ ਦੇ ਹੋਰ ਸ਼ਹਿਰਾਂ ਵਿਚ ਜੰਮੇ-ਪਲੇ ਅਤੇ ਵਧੇ-ਫੁੱਲੇ ਪਰ ਇਕ ਸਰਵੇਖਣ ਮੁਤਾਬਕ ਲਗਪਗ 62 ਪ੍ਰਤੀਸ਼ਤ ਉਜਾੜੇ ਦੇ ਸ਼ਿਕਾਰ ਕਸ਼ਮੀਰੀ ਹਿੰਦੂ ਸੁਰੱਖਿਆ ਦੀ ਗਾਰੰਟੀ ਮਿਲਣ ’ਤੇ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ। ਇਸ ਦੇ ਬਾਵਜੂਦ ਪਿਛਲੇ ਪੰਜ ਸਾਲਾਂ ਵਿਚ ਸਿਰਫ਼ 610 ਕਸ਼ਮੀਰੀ ਹਿੰਦੂਆਂ ਨੂੰ ਹੀ ਉਨ੍ਹਾਂ ਦੀਆਂ ਜ਼ਮੀਨਾਂ ਵਾਪਸ ਮਿਲ ਸਕੀਆਂ ਹਨ। ਬਹੁਤੇ ਕਸ਼ਮੀਰੀ ਹਿੰਦੂ ਅਜਿਹੇ ਹਨ ਜੋ ਆਪਣੇ ਘਰਾਂ ਨੂੰ ਸੁਰੱਖਿਅਤ ਦੇਖਣਾ ਚਾਹੁੰਦੇ ਹਨ ਤਾਂ ਜੋ ਉਹ ਕਦੇ ਉੱਥੇ ਜਾ ਕੇ ਕੁਝ ਸਮਾਂ ਬਿਤਾ ਸਕਣ ਅਤੇ ਆਪਣੀਆਂ ਜੜ੍ਹਾਂ ਨਾਲ ਜੁੜ ਸਕਣ। ਉਹ ਇਸ ਲਈ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਦੀ ਸੰਸਕ੍ਰਿਤੀ ਸੁਰੱਖਿਅਤ ਰਹੇ।
ਸੰਨ 1989-90 ਵਿਚ ਜਦੋਂ ਕਸ਼ਮੀਰ ਵਿਚ ਅੱਤਵਾਦ ਆਪਣੇ ਸਿਖ਼ਰ ’ਤੇ ਸੀ ਅਤੇ ਉੱਥੇ ਕਸ਼ਮੀਰੀ ਹਿੰਦੂਆਂ ਖ਼ਿਲਾਫ਼ ਖ਼ੌਫ਼ਨਾਕ ਨਾਅਰੇ ਲੱਗ ਰਹੇ ਸਨ ਅਤੇ ਉਨ੍ਹਾਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਸੀ, ਤਦ ਕਿੰਨੇ ਕਸ਼ਮੀਰੀ ਹਿੰਦੂਆਂ ਅਤੇ ਸਿੱਖਾਂ ਨੇ ਆਪਣਾ ਘਰ-ਬਾਰ ਛੱਡਿਆ ਸੀ, ਇਸ ਦੀ ਗਿਣਤੀ ਨੂੰ ਲੈ ਕੇ ਮਤਭੇਦ ਹੈ ਪਰ ਇਹ ਤੱਥ ਹੈ ਕਿ ਆਪਣੀ ਜਾਨ ਬਚਾ ਕੇ ਭੱਜੇ ਲਗਪਗ 50 ਹਜ਼ਾਰ ਕਸ਼ਮੀਰੀ ਹਿੰਦੂ ਜੰਮੂ ਦੇ ਸ਼ਰਨਾਰਥੀ ਕੈਂਪਾਂ ਵਿਚ ਲੰਬੇ ਸਮੇਂ ਤੱਕ ਰਹੇ।
ਇਸ ਤੋਂ ਵੱਡੀ ਤ੍ਰਾਸਦੀ ਹੋਰ ਕੋਈ ਨਹੀਂ ਕਿ ਕੋਈ ਆਪਣੇ ਹੀ ਦੇਸ਼ ਵਿਚ ਸ਼ਰਨਾਰਥੀ ਬਣ ਜਾਵੇ ਪਰ ਕਸ਼ਮੀਰੀ ਹਿੰਦੂਆਂ ਨਾਲ ਅਜਿਹਾ ਹੀ ਹੋਇਆ। ਇਹ ਸਥਿਤੀ ਰਾਸ਼ਟਰੀ ਸ਼ਰਮ ਦਾ ਵਿਸ਼ਾ ਬਣਨੀ ਚਾਹੀਦੀ ਸੀ ਪਰ ਅਜਿਹਾ ਨਹੀਂ ਹੋਇਆ। ਕਸ਼ਮੀਰੀ ਹਿੰਦੂਆਂ ਦੀ ਹਿਜਰਤ ਲਈ ਕੌਣ ਜ਼ਿੰਮੇਵਾਰ ਹੈ, ਇਹ ਸਵਾਲ ਅਕਸਰ ਰਾਜਨੀਤਕ ਦੂਸ਼ਣਬਾਜ਼ੀ ਵਿਚ ਗੁੰਮ ਹੋ ਜਾਂਦਾ ਹੈ, ਪਰ ਸੱਚ ਇਹ ਹੈ ਕਿ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਜਿਹੋ ਜਿਹੀ ਸਮੂਹਿਕ ਸਿਆਸੀ ਇੱਛਾ ਪ੍ਰਗਟ ਕੀਤੀ ਜਾਣੀ ਚਾਹੀਦੀ ਸੀ, ਉਸ ਦੀ ਘਾਟ ਹੀ ਦਿਸਦੀ ਰਹੀ ਹੈ। ਇਸ ਘਾਟ ਕਾਰਨ ਕਾਨੂੰਨ ਦੇ ਸ਼ਾਸਨ ਨੂੰ ਨੀਵਾਂ ਦਿਖਾਇਆ ਗਿਆ ਅਤੇ ਨਿਆਂ ਦਾ ਮਜ਼ਾਕ ਉਡਾਇਆ ਗਿਆ। ਇਸ ਦੇ ਨਾਲ ਹੀ ਇਸ ਨੇ ਅੱਤਵਾਦੀਆਂ ਨੂੰ ਵੀ ਤਾਕਤ ਦਿੱਤੀ।
ਉਨ੍ਹਾਂ ਨੂੰ ਇਹ ਸੰਦੇਸ਼ ਗਿਆ ਕਿ ਉਹ ਭਾਰਤ ਦੇ ਸ਼ਾਸਨ ਨੂੰ ਝੁਕਾਉਣ ਵਿਚ ਸਫਲ ਰਹੇ। ਕਸ਼ਮੀਰੀ ਹਿੰਦੂਆਂ ਦੀ ਅਣਦੇਖੀ ਇਕ ਤੋਂ ਬਾਅਦ ਇਕ ਸਰਕਾਰਾਂ ਨੇ ਕੀਤੀ, ਸੁਪਰੀਮ ਕੋਰਟ ਨੇ ਵੀ ਕੀਤੀ। ਉਸ ਨੇ ਕਸ਼ਮੀਰ ਵਿਚ ਉਨ੍ਹਾਂ ਦੀਆਂ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕੀਤੀਆਂ ਹੱਤਿਆਵਾਂ ਦੇ ਮਾਮਲਿਆਂ ਦੀ ਜਾਂਚ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਹੁਣ ਬਹੁਤ ਦੇਰੀ ਹੋ ਚੁੱਕੀ ਹੈ। ਇਸ ਕਥਨ ਨੇ ਨਿਆਂ ਵਿਚ ਦੇਰ ਦੇ ਨਾਲ ਹਨੇਰ ਨੂੰ ਹੀ ਸੱਚ ਸਾਬਿਤ ਕੀਤਾ ਹੈ।
ਅਸਲ ਵਿਚ ਜਦੋਂ ਵੀ ਕੋਈ ਪਲਾਇਨ ਲਈ ਮਜਬੂਰ ਹੁੰਦਾ ਹੈ ਅਤੇ ਫਿਰ ਉਹ ਚਾਹ ਕੇ ਵੀ ਆਪਣੀ ਜ਼ਮੀਨ ’ਤੇ ਵਾਪਸ ਨਹੀਂ ਆ ਪਾਉਂਦਾ ਤਾਂ ਕਾਨੂੰਨ ਦੇ ਸ਼ਾਸਨ ਦੀ ਹੇਠੀ ਦੇ ਨਾਲ ਅਨਿਆਂ ਦੇ ਸਾਹਮਣੇ ਨਿਆਂ ਪਸਤ ਹੁੰਦਾ ਹੈ। ਜਿਹੋ ਜਿਹਾ ਕਸ਼ਮੀਰੀ ਹਿੰਦੂਆਂ ਨਾਲ ਹੋਇਆ, ਉਹੋ ਜਿਹਾ ਕਿਸੇ ਦੇ ਵੀ ਨਾਲ ਨਹੀਂ ਹੋਣਾ ਚਾਹੀਦਾ। ਇਸ ਲਈ ਇਹ ਜ਼ਰੂਰੀ ਹੈ ਕਿ ਜੋ ਵੀ ਕਸ਼ਮੀਰੀ ਹਿੰਦੂ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉੱਥੇ ਹਰ ਹਾਲਤ ਵਿਚ ਵਸਾਉਣ ਦੇ ਯਤਨ ਕੀਤੇ ਜਾਣ ਚਾਹੀਦੇ ਹਨ, ਭਾਵੇਂ ਉਨ੍ਹਾਂ ਲਈ ਕਸ਼ਮੀਰ ਵਾਦੀ ਵਿਚ ਵਿਸ਼ੇਸ਼ ਸੁਰੱਖਿਅਤ ਖੇਤਰ ਬਣਾਉਣੇ ਪੈਣ।
ਇਸ ਨਾਲ ਹੀ ਅੱਤਵਾਦੀਆਂ ਨੂੰ ਇਹ ਸੰਦੇਸ਼ ਮਿਲੇਗਾ ਕਿ ਭਾਰਤ ਦਹਿਸ਼ਤਗਰਦੀ ਦੇ ਅੱਗੇ ਝੁਕਣ ਵਾਲਾ ਨਹੀਂ ਹੈ। ਜੇ ਇਜ਼ਰਾਈਲ ਫਲਸਤੀਨ ਵਿਚ ਯਹੂਦੀਆਂ ਨੂੰ ਵਸਾਉਣ ਲਈ ਵਿਸ਼ੇਸ਼ ਬਸਤੀਆਂ ਬਣਾ ਸਕਦਾ ਹੈ, ਤਾਂ ਭਾਰਤ ਆਪਣੀ ਹੀ ਜ਼ਮੀਨ ’ਤੇ ਕਸ਼ਮੀਰੀ ਹਿੰਦੂਆਂ ਨੂੰ ਵਸਾਉਣ ਲਈ ਅਜਿਹਾ ਕਿਉਂ ਨਹੀਂ ਕਰ ਸਕਦਾ?
-ਰਾਜੀਵ ਸਚਾਨ
-(ਲੇਖਕ ‘ਦੈਨਿਕ ਜਾਗਰਣ’ ਵਿਚ ਐਸੋਸੀਏਟ ਐਡੀਟਰ ਹੈ)।
-response@jagran.com