ਇਕ ਹੋਰ ਪਰੇਸ਼ਾਨੀ ਇਹ ਆ ਰਹੀ ਸੀ ਕਿ ਮੋਬਾਈਲ ਫੋਨ ਲਈ ਟਰੇਨ ਵਿਚ ਕੋਈ ਪਾਵਰ ਪੁਆਇੰਟ ਨਹੀਂ ਸੀ। ਸਾਰਾ ਦਿਨ ਫੋਨ ਚੱਲਦੇ ਰਹਿਣ ਕਾਰਨ ਬੈਟਰੀ ਲਗਾਤਾਰ ਘਟ ਰਹੀ ਸੀ। ਏਨੇ ਨੂੰ ਬੇਟੇ ਦਾ ਫੋਨ ਆ ਗਿਆ। ਮੈਂ ਉਸ ਨੂੰ ਓਨੀ ਕੁ ਗੱਲ ਦੱਸੀ, ਜਿੰਨੀ ਕੁ ਮੈਨੂੰ ਸਮਝ ਆ ਰਹੀ ਸੀ।

ਜਦੋਂ ਤੋਂ ਬੇਟੇ ਨੇ ਆਸਟ੍ਰੇਲੀਆ ਵਿਚ ਸਿਡਨੀ ਤੋਂ ਸ਼ਿਫਟ ਹੋ ਕੇ ਮੈਲਬੌਰਨ ਵਿਚ ਆਪਣਾ ਘਰ ਖ਼ਰੀਦ ਲਿਆ, ਉਦੋਂ ਤੋਂ ਸਾਡਾ ਆਉਣਾ-ਜਾਣਾ ਵੀ ਅੰਮ੍ਰਿਤਸਰ ਤੋਂ ਮੈਲਬੌਰਨ ਨੂੰ ਹੋ ਗਿਆ। ਸਾਢੇ ਕੁ ਤਿੰਨ ਸਾਲ ਪਹਿਲਾਂ ਜਦ ਸਿਡਨੀ ਵਿਚ ਰਹਿੰਦੇ ਹੁੰਦੇ ਸਾਂ, ਉੱਥੇ ਬਹੁਤ ਸਾਰੇ ਸੱਜਣਾਂ-ਮਿੱਤਰਾਂ ਨਾਲ ਪਕੇਰੀ ਸਾਂਝ ਪੈ ਗਈ ਸੀ। ਵੈਸੇ ਵੀ ਉੱਥੋਂ ਦੀ ਬਲੈਕਟਾਊਨ ਦੀ ਲਾਇਬ੍ਰੇਰੀ ਦੇ ਮਲਟੀ-ਕਲਚਰਲ ਸੈਕਸ਼ਨ ਦੇ ਇੰਚਾਰਜ ਮਿਸਟਰ ਜੋਇਲਮੋਨ ਨੇ ਮੈਨੂੰ ਅਤੇ ਮੇਰੇ ਇਕ ਹੋਰ ਮਿੱਤਰ ਨੂੰ ਕਮਿਊਨਿਟੀ ਲੈਂਗੂਏਜ ਅੰਬੈਸੇਡਰ ਦੇ ਤੌਰ ’ਤੇ ਡਿਊਟੀ ਦੇ ਰੱਖੀ ਸੀ। ਇਸ ਵਾਰ ਜਦ ਮੈਂ ਮੈਲਬੌਰਨ ਪੁੱਜਾ ਤਾਂ ਸਿਡਨੀ ਨੂੰ ਜਾਣ ਦਾ ਸਬੱਬ ਬਣ ਗਿਆ। ਮੇਰੇ ਇਕ ਵਾਕਫ਼ ਕਾਰ ’ਤੇ ਸਿਡਨੀ ਤੋਂ ਮੈਲਬੌਰਨ ਆਏ ਹੋਏ ਸਨ। ਉਨ੍ਹਾਂ ਦੇ ਨਾਲ ਮੈਂ ਵੀ ਆਪਣਾ ਪ੍ਰੋਗਰਾਮ ਬਣਾ ਲਿਆ।
ਸਵੇਰੇ ਸੱਤ ਵਜੇ ਇੱਥੋਂ ਜਦ ਰਵਾਨਾ ਹੋਏ ਤਾਂ ਮੌਸਮ ਬੜਾ ਸੁਹਾਵਣਾ ਜਿਹਾ ਸੀ। ਇਹ ਆਮ ਹੀ ਕਿਹਾ ਜਾਂਦਾ ਹੈ ਕਿ ਇੱਥੇ ਦਿਨ ਵਿਚ ਕਈ ਤਰ੍ਹਾਂ ਦੇ ਮੌਸਮ ਬਦਲਦੇ ਹਨ। ਥੋੜ੍ਹਾ ਚਿਰ ਹੀ ਚੱਲੇ ਸਾਂ ਤਾਂ ਗਰਮੀ ਮਹਿਸੂਸ ਹੋਣੀ ਸ਼ੁਰੂ ਹੋ ਗਈ। ਨੌਂ ਸੌ ਕਿੱਲੋਮੀਟਰ ਦੇ ਲੰਬੇ ਸਫ਼ਰ ਦੌਰਾਨ ਰਸਤੇ ਵਿਚ ਬੜੇ ਖ਼ੂਬਸੂਰਤ ਨਜ਼ਾਰੇ ਦੇਖਣ ਨੂੰ ਮਿਲੇ। ਕਈ ਜਗ੍ਹਾ ’ਤੇ ਕਈ-ਕਈ ਕਿੱਲੋਮੀਟਰ ਵਿਚ ਖੇਤਾਂ ਵਿਚ ਸੋਲਰ ਸਿਸਟਮ ਲੱਗੇ ਹੋਏ ਸਨ। ਇਸ ਤੋਂ ਇਲਾਵਾ ਕਈ ਜਗ੍ਹਾ ਹਵਾ ਨਾਲ ਚੱਲਣ ਵਾਲੇ ਵਿੰਡਮਿੱਲ ਪੱਖੇ ਲੱਗੇ ਹੋਏ ਸਨ ਜਿਨ੍ਹਾਂ ਰਾਹੀਂ ਬਿਜਲੀ ਪੈਦਾ ਕੀਤੀ ਜਾਂਦੀ ਹੈ। ਜਦ ਸ਼ਾਮ ਪੈਣੀ ਸ਼ੁਰੂ ਹੋਈ ਤਾਂ ਬੱਦਲਵਾਈ ਦੇਖਣ ਨੂੰ ਮਿਲੀ। ਅਜੇ ਸਿਡਨੀ ਤੋਂ 200 ਕਿੱਲੋਮੀਟਰ ਦੀ ਦੂਰੀ ’ਤੇ ਹੋਵਾਂਗੇ ਕਿ ਬੜੀ ਤੇਜ਼ੀ ਨਾਲ ਬਾਰਿਸ਼ ਦੇ ਛਿੱਟੇ ਪੈਣੇ ਸ਼ੁਰੂ ਹੋ ਗਏ 110 ਕਿੱਲੋਮੀਟਰ ਪ੍ਰਤੀ ਘੰਟੇ ਦੇ ਜ਼ੋਨ ਨੂੰ ਕੁਝ ਠੱਲ੍ਹ ਪੈ ਗਈ। ਪੂਰੇ ਬਾਰਾਂ ਘੰਟੇ ਬਾਅਦ ਅਸੀਂ ਆਪਣੀ ਮੰਜ਼ਿਲ ’ਤੇ ਪਹੁੰਚ ਗਏ।
ਇਸ ਫੇਰੀ ਦੌਰਾਨ ਕੁਝ ਖੱਟੇ-ਮਿੱਠੇ ਤਜਰਬੇ ਵੀ ਸਹਿਣ ਨੂੰ ਮਿਲੇ। ਅਗਲੇ ਦਿਨ ਇੱਥੋਂ ਦੇ ਗਲੈਨਵੁੱਡ ਗੁਰਦੁਆਰੇ ਦੇ ਸੀਨੀਅਰ ਸਿਟੀਜ਼ਨਜ਼ ਗਰੁੱਪ ਦੇ ਸਾਹਿਤ ਪ੍ਰੇਮੀਆਂ ਵੱਲੋਂ ਕਿਸੇ ਦੇ ਗ੍ਰਹਿ ਵਿਖੇ ਇਕ ਵਿਚਾਰ ਗੋਸ਼ਟੀ ਰੱਖੀ ਗਈ ਸੀ। ਮੈਂ ਸਭ ਤੋਂ ਪਹਿਲਾਂ ਐੱਨਪੀ ਸਿੰਘ ਨਾਲ ਬਲੈਕਟਾਊਨ ਲਾਇਬ੍ਰੇਰੀ ਦੇ ਮਿਸਟਰ ਜੋਇਲਮੋਨ ਨੂੰ ਮਿਲਿਆ। ਗੱਲਬਾਤ ਉਪਰੰਤ ਜਦ ਸਮੇਂ ਸਿਰ ਵਿਚਾਰ ਗੋਸ਼ਟੀ ਵਿਚ ਪਹੁੰਚਣ ਲਈ ਅਸੀਂ ਉਸ ਤੋਂ ਆਗਿਆ ਲਈ ਤਾਂ ਉਸ ਨੇ ਕਿਹਾ ਕਿ ਪੰਜਾਬੀ ਕਮਿਊਨਿਟੀ ਵਾਲਿਆਂ ਨੂੰ ਇਕ ਸੁਨੇਹਾ ਦਿਉ ਕਿ ਉਹ ਲਾਇਬ੍ਰੇਰੀ ਵਿਚ ਆ ਕੇ ਆਪਣੇ ਸਾਹਿਤਕ ਸਮਾਗਮ ਕਰ ਸਕਦੇ ਹਨ।
ਲਾਇਬ੍ਰੇਰੀ ਇਸ ਦੇ ਇਵਜ਼ ਵਿਚ ਕੋਈ ਪੈਸਾ ਚਾਰਜ ਨਹੀਂ ਕਰਦੀ। ਉਪਰੰਤ ਸਾਨੂੰ ਅਵਤਾਰ ਐੱਸ ਸੰਘਾ ਮੁੱਖ ਸੰਪਾਦਕ (ਪੰਜਾਬ ਹੈਰਲਡ) ਬਲੈਕਟਾਊਨ ਲਾਇਬ੍ਰੇਰੀ ਤੋਂ ਵਿਚਾਰ ਗੋਸ਼ਟੀ ਵਾਲੇ ਸਥਾਨ ’ਤੇ ਲੈ ਗਏ। ਵੱਖ-ਵੱਖ ਸਾਹਿਤ ਪ੍ਰੇਮੀਆਂ ਵੱਲੋਂ ਆਪਣੀਆਂ ਰਚਨਾਵਾਂ ਪੜ੍ਹੀਆਂ ਗਈਆਂ। ਮੈਂ ਵੀ ਆਪਣੇ ਕੁਝ ਵਿਚਾਰ ਸਾਂਝੇ ਕੀਤੇ। ਇਸੇ ਦੌਰਾਨ ਐੱਨਪੀ ਸਿੰਘ ਨੇ ਪ੍ਰਬੰਧਕਾਂ ਨੂੰ ਮਿਸਟਰ ਜੋਇਲਮੋਨ ਦੇ ਸੰਦੇਸ਼ ਬਾਰੇ ਜਾਣੂ ਕਰਵਾਇਆ।
ਅਗਲੇ ਦਿਨ ਸ਼ਾਮ ਨੂੰ ਮੇਰੀ ਵਾਪਸੀ ਸੀ। ਇੱਥੋਂ ਮੇਰੀ ਇਸ ਫੇਰੀ ਦਾ ਕੁਝ ਕੌੜਾ ਮੋੜ ਸ਼ੁਰੂ ਹੁੰਦਾ ਹੈ। ਸਾਰਾ ਦਿਨ ਯਾਰਾਂ-ਬੇਲੀਆਂ ਨਾਲ ਹੱਸਦੇ ਖੇਡਦੇ ਲੰਘ ਗਿਆ। ਮੇਰੇ ਬੇਟੇ ਨੇ ਸਿਡਨੀ ਸੈਂਟਰਲ ਤੋਂ ਰਾਤ 8.42 ’ਤੇ ਚੱਲਣ ਵਾਲੀ ਗੱਡੀ ਲਈ ਸੀਟ ਬੁੱਕ ਕਰਵਾ ਦਿੱਤੀ ਸੀ। ਮੈਂ ਸਮੇਂ ਸਿਰ ਸਟੇਸ਼ਨ ਪਹੁੰਚ ਗਿਆ। ਗੱਡੀ ਵੀ ਪੂਰੇ ਸਮੇਂ ’ਤੇ ਰਵਾਨਾ ਹੋ ਗਈ। ਰਾਤ ਬਾਰਾਂ ਕੁ ਵਜੇ ਗੱਡੀ ਗੌਲਬਰਨ ਸਟੇਸ਼ਨ ’ਤੇ ਜਾ ਰੁਕੀ। ਕਾਫ਼ੀ ਦੇਰ ਉੱਥੇ ਹੀ ਰੁਕੀ ਰਹੀ। ਜਦ ਬਹੁਤਾ ਚਿਰ ਉੱਥੇ ਰੁਕੀ ਰਹੀ ਤਾਂ ਕੁਝ ਸਵਾਰੀਆਂ ਨੇ ਸਟਾਫ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਵਿਚ-ਵਿਚ ਗੱਡੀ ਵਿਚ ਅਨਾਊਂਸਮੈਂਟ ਵੀ ਹੋ ਰਹੀ ਸੀ ਪਰ ਮੈਨੂੰ ਉਸ ਦੀ ਕੁਝ ਸਮਝ ਨਹੀਂ ਆ ਰਹੀ ਸੀ। ਮੈਂ ਭਾਵੇਂ ਅੰਗਰੇਜ਼ੀ ਲਿਖ, ਪੜ੍ਹ ਅਤੇ ਕੁਝ ਬੋਲ ਵੀ ਲੈਂਦਾ ਹਾਂ ਪਰ ਫਿਰ ਵੀ ਮੈਨੂੰ ਉਨ੍ਹਾਂ ਦੇ ਬੋਲਣ ਦੇ ਲਹਿਜ਼ੇ ਦੀ ਸਮਝ ਨਹੀਂ ਆ ਰਹੀ ਸੀ। ਮੇਰੀ ਪਰੇਸ਼ਾਨੀ ਇਸ ਕਰਕੇ ਵੀ ਵਧ ਗਈ ਕਿਉਂਕਿ ਮੈਂ ਸ਼ਾਇਦ ਇੱਕੋ-ਇੱਕ ਇੰਡੀਅਨ ਸਾਂ ਉਸ ਗੱਡੀ ਵਿਚ। ਏਨੀ ਕੁ ਗੱਲ ਮੇਰੇ ਪੱਲੇ ਜ਼ਰੂਰ ਪੈ ਗਈ ਕਿ ਗੱਡੀ ਹੁਣ ਵਾਪਸ ਸਿਡਨੀ ਜਾਵੇਗੀ ਜਿੱਥੋਂ ਇਹ ਰਵਾਨਾ ਹੋਈ ਸੀ।
ਸਮਾਂ ਅੱਧੀ ਰਾਤ ਤੋਂ ਵੱਧ ਹੋ ਚੁੱਕਾ ਸੀ। ਮੈਂ ਆਪਣੇ ਘਰਦਿਆਂ ਨੂੰ ਵੀ ਕਿਸੇ ਪਰੇਸ਼ਾਨੀ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਖ਼ੈਰ! ਮੈਂ ਮੈਲਬੌਰਨ ਆਪਣੇ ਬੇਟੇ ਨੂੰ ਮੈਸੇਜ ਕਰ ਦਿੱਤਾ ਅਤੇ ਕਿਉਂਕਿ ਇੰਡੀਆ ਵਿਚ ਉਸ ਵਕਤ ਅਜੇ ਸ਼ਾਮ ਦਾ ਸਮਾਂ ਸੀ, ਇਸ ਲਈ ਉੱਥੇ ਬੇਟੀ ਨਾਲ ਫੋਨ ’ਤੇ ਗੱਲ ਕਰ ਦਿੱਤੀ। ਉਹ ਵੀ ਜਦ ਕੁਝ ਮਹੀਨੇ ਪਹਿਲਾਂ ਆਪਣੇ ਸਾਰੇ ਪਰਿਵਾਰ ਨਾਲ ਆਸਟ੍ਰੇਲੀਆ ਆਈ ਸੀ ਤਾਂ ਉਸ ਨਾਲ ਇਸੇ ਰੂਟ ਅਤੇ ਇਸੇ ਗੱਡੀ ਵਿਚ ਕੁਝ ਅਜਿਹਾ ਹੀ ਵਾਪਰਿਆ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਸਮੇਂ ਬਾਰਿਸ਼ ਨਾਲ ਟਰੈਕ ’ਤੇ ਪਾਣੀ ਆ ਗਿਆ ਸੀ ਤੇ ਪਹਿਲਾਂ ਗੱਡੀ ਵਾਪਸ ਜਾਣ ਲਈ ਤਿਆਰ ਹੋ ਗਈ ਸੀ। ਫਿਰ ਪ੍ਰਬੰਧਕਾਂ ਵੱਲੋਂ ਸਪੀਡ ਘਟਾ ਕੇ ਅੱਗੇ ਲਿਜਾਣ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਟਰੇਨ ਅਗਲੇ ਦਿਨ ਚਾਰ ਘੰਟੇ ਦੀ ਦੇਰੀ ਨਾਲ ਮੈਲਬੌਰਨ ਜਾ ਪੁੱਜੀ ਸੀ।
ਇਕ ਹੋਰ ਪਰੇਸ਼ਾਨੀ ਇਹ ਆ ਰਹੀ ਸੀ ਕਿ ਮੋਬਾਈਲ ਫੋਨ ਲਈ ਟਰੇਨ ਵਿਚ ਕੋਈ ਪਾਵਰ ਪੁਆਇੰਟ ਨਹੀਂ ਸੀ। ਸਾਰਾ ਦਿਨ ਫੋਨ ਚੱਲਦੇ ਰਹਿਣ ਕਾਰਨ ਬੈਟਰੀ ਲਗਾਤਾਰ ਘਟ ਰਹੀ ਸੀ। ਏਨੇ ਨੂੰ ਬੇਟੇ ਦਾ ਫੋਨ ਆ ਗਿਆ। ਮੈਂ ਉਸ ਨੂੰ ਓਨੀ ਕੁ ਗੱਲ ਦੱਸੀ, ਜਿੰਨੀ ਕੁ ਮੈਨੂੰ ਸਮਝ ਆ ਰਹੀ ਸੀ। ਉਸ ਨੇ ਮੈਨੂੰ ਫੋਨ ’ਤੇ ਸਟਾਫ ਦੇ ਕਿਸੇ ਮੈਂਬਰ ਨਾਲ ਗੱਲ ਕਰਾਉਣ ਲਈ ਕਿਹਾ। ਮੈਂ ਉਸ ਦੀ ਗੱਲ ਕਰਵਾਈ ਤਾਂ ਉਸ ਦਾ ਜਵਾਬ ਸੀ ਕਿ ਟਰੈਕ ’ਤੇ ਕੋਈ ਸਮੱਸਿਆ ਆਈ ਹੈ ਜੋ ਜਲਦੀ ਠੀਕ ਹੋਣ ਵਾਲੀ ਨਹੀਂ। ਇਸ ਲਈ ਟਰੇਨ ਵਾਪਸ ਸਿਡਨੀ ਜਾਵੇਗੀ ਅਤੇ ਬਾਕੀ ਫ਼ੈਸਲਾ ਉੱਥੇ ਜਾ ਕੇ ਲਿਆ ਜਾਵੇਗਾ। ਰੇਲਗੱਡੀ ਉੱਥੋਂ ਚੱਲ ਕੇ ਚਾਰ ਕੁ ਵਜੇ ਦੁਬਾਰਾ ਸਿਡਨੀ ਦੇ ਪਲੇਟਫਾਰਮ ਨੰਬਰ ਚਾਰ ’ਤੇ ਜਾ ਲੱਗੀ। ਉਸ ਵਕਤ ਸਟੇਸ਼ਨ ’ਤੇ ਕੋਈ ਰੌਣਕ ਨਹੀਂ ਸੀ ਅਤੇ ਨਾ ਹੀ ਕੋਈ ਟਰੇਨ ਆ-ਜਾ ਰਹੀ ਸੀ। ਸਾਰੀਆਂ ਸਵਾਰੀਆਂ ਪਲੇਟਫਾਰਮ ਨੰਬਰ ਇਕ ’ਤੇ ਵੇਟਿੰਗ ਰੂਮ ਵੱਲ ਨੂੰ ਚੱਲ ਪਈਆਂ। ਜਦ ਟਰੇਨ ਅਜੇ ਵਾਪਸ ਆ ਰਹੀ ਸੀ ਤਾਂ ਮੈਨੂੰ ਇਕ ਚਿੰਤਾ ਇਸ ਗੱਲ ਦੀ ਵੀ ਲੱਗੀ ਹੋਈ ਸੀ ਕਿ ਜੇ ਸਾਰੀਆਂ ਸਵਾਰੀਆਂ ਉੱਥੇ ਕੋਈ ਆਪਣਾ ਪ੍ਰਬੰਧ ਕਰਨ ਵੱਲ ਨੂੰ ਹੋ ਤੁਰੀਆਂ ਤਾਂ ਮੈਂ ਇੱਥੇ ਇਕੱਲਾ ਕੀ ਕਰਾਂਗਾ? ਜਦ ਵੇਟਿੰਗ ਰੂਮ ਵਿਚ ਸਾਰੇ ਇਕੱਠੇ ਹੋ ਗਏ ਤਾਂ ਮੈਨੂੰ ਵੀ ਕੁਝ ਹੌਸਲਾ ਹੋ ਗਿਆ। ਹੈਰਾਨੀ ਇਸ ਗੱਲ ਦੀ ਵੀ ਸੀ ਕਿ ਨਾ ਤਾਂ ਪਲੇਟਫਾਰਮ ’ਤੇ ਅਤੇ ਨਾ ਹੀ ਵੇਟਿੰਗ ਰੂਮ ਵਿਚ ਕੋਈ ਚਾਰਜਿੰਗ ਪੁਆਇੰਟ ਲੱਗਾ ਹੋਇਆ ਸੀ।
ਹਰ ਕੋਈ ਉਤਾਵਲਾ ਹੋ ਰਿਹਾ ਸੀ ਕਿ ਹੁਣ ਕੀ ਹੋਵੇਗਾ? ਇੱਥੇ ਸਾਰੇ ਇਕੱਠੇ ਹੋ ਜਾਣ ’ਤੇ ਮੈਂ ਆਪਣੇ ਆਸਪਾਸ ਇਹ ਦੇਖਣਾ ਚਾਹਿਆ ਕਿ ਸ਼ਾਇਦ ਇਨ੍ਹਾਂ ਸਵਾਰੀਆਂ ਵਿਚ ਕੋਈ ਇੰਡੀਅਨ ਮਿਲ ਜਾਵੇ। ਇਕ ਔਰਤ ਦਾ ਮੁਹਾਂਦਰਾ ਮੈਨੂੰ ਇੰਡੀਅਨ ਜਿਹਾ ਲੱਗਾ। ਮੈਂ ਉਸ ਨੂੰ ਪੁੱਛ ਲਿਆ, “ਆਰ ਯੂ ਇੰਡੀਅਨ?’’ ਉਸ ਨੇ ਜਦ ‘ਯੈੱਸ’ ਕਿਹਾ ਤਾਂ ਮੈਨੂੰ ਹੌਸਲਾ ਹੋ ਗਿਆ। ਉਸ ਨੇ ਮੈਨੂੰ ਹਿੰਦੀ ਵਿਚ ਕਿਹਾ ਕਿ ਉਹ ਮੱਧ ਪ੍ਰਦੇਸ਼ ਤੋਂ ਹੈ ਪਰ ਹੁਣ ਤਾਂ ਉਹ ਇੱਥੋਂ ਦੀ ਹੀ ਹੈ। ਮੈਂ ਉਸ ਨੂੰ ਕਿਹਾ ਕਿ ਮੈਨੂੰ ਗੋਰਿਆਂ ਦੀ ਅਨਾਊਂਸਮੈਂਟ ਸਮਝ ਨਹੀਂ ਆਉਂਦੀ, ਇਸ ਕਰਕੇ ਲੋੜ ਪੈਣ ’ਤੇ ਉਹ ਮੇਰੀ ਕਿਸੇ ਵੇਲੇ ਮਦਦ ਕਰ ਦੇਵੇ। ਸਟਾਫ ਸਾਨੂੰ ਸਿਡਨੀ ਪਹੁੰਚਾਉਣ ਲਈ ਕੋਈ ਬਦਲਵੇਂ ਪ੍ਰਬੰਧ ਵਿਚ ਜੁਟਿਆ ਹੋਇਆ ਸੀ।
ਸਾਢੇ ਕੁ ਛੇ ਵਜੇ ਸਟਾਫ ਦੇ ਇਕ ਮੈਂਬਰ ਨੇ ਆ ਕੇ ਕਿਹਾ ਕਿ ਮੈਲਬੌਰਨ ਜਾਣ ਵਾਲੇ ਇਕ ਲਾਈਨ ਵਿਚ ਆ ਜਾਓ ਅਤੇ ਰਸਤੇ ਵਿਚ ਉਤਰਨ ਵਾਲੇ ਦੂਸਰੀ ਲਾਈਨ ਵਿਚ ਆ ਜਾਓ। ਮੈਂ ਉਸ ਮੱਧ ਪ੍ਰਦੇਸ਼ ਵਾਲੀ ਔਰਤ ਨੂੰ ਇਸ ਬਾਰੇ ਹਿੰਦੀ ਵਿਚ ਬੋਲ ਕੇ ਪੁੱਛਿਆ ਕਿ ਸਟਾਫ ਮੈਂਬਰ ਕੀ ਕਹਿ ਰਿਹਾ ਸੀ? ਤਾਂ ਮੈਂ ਉਸ ਦਾ ਜਵਾਬ ਸੁਣ ਕੇ ਇਕਦਮ ਹੈਰਾਨ ਹੋ ਗਿਆ। ਉਹ ਕਹਿਣ ਲੱਗੀ, “ਨੋ ਹਿੰਦੀ ਓਨਲੀ ਇੰਗਲਿਸ਼”। ਮੈਂ ਉਸ ਔਰਤ ਵਿਚ ਆਏ ਬਦਲਾਅ ਤੋਂ ਬੜਾ ਹੈਰਾਨ ਹੋਇਆ ਕਿ ਆਖ਼ਰ ਇਹ ਕੀ ਭਾਣਾ ਵਰਤਿਆ ਹੈ ਜਿਹੜੀ ਆਪਣੀ ਹਿੰਦੀ ਭਾਸ਼ਾ ਨੂੰ ਸਮਝਣ ਤੋਂ ਵੀ ਮੁਨਕਰ ਹੋ ਰਹੀ ਹੈ। ਇਕ ਬੰਗਲਾਦੇਸ਼ੀ ਲੜਕਾ ਹਿੰਦੀ ਵਿਚ ਮੈਨੂੰ ਸਾਰੀ ਗੱਲ ਸਮਝਾਉਣ ਲਈ ਤਿਆਰ ਹੋ ਗਿਆ ਸੀ।
ਇਸ ਸਾਰੀ ਫੇਰੀ ਦੌਰਾਨ ਇਹ ਵੀ ਇਕ ਅਜੀਬ ਤਰ੍ਹਾਂ ਦਾ ਟਵਿਸਟ ਸੀ। ਮੈਂ ਉਸ ਬੰਗਲਾਦੇਸ਼ੀ ਲੜਕੇ ਨਾਲ ਲਾਈਨ ਵਿਚ ਲੱਗ ਗਿਆ। ਸਾਢੇ ਕੁ ਸੱਤ ਵਜੇ ਰੇਲਵੇ ਵੱਲੋਂ ਸਵਾਰੀਆਂ ਲਈ ਚਾਹ-ਪਾਣੀ ਦਾ ਪ੍ਰਬੰਧ ਕਰ ਦਿੱਤਾ ਗਿਆ। ਏਨੇ ਚਿਰ ਨੂੰ ਬੱਸਾਂ ਵੀ ਸਟੇਸ਼ਨ ਦੇ ਬਾਹਰ ਆ ਲੱਗੀਆਂ। ਸਾਰੀਆਂ ਸਵਾਰੀਆਂ ਬਣੀ ਲਿਸਟ ਅਨੁਸਾਰ ਬੱਸ ਵਿਚ ਆ ਗਈਆਂ। ਸੋਚਿਆ ਸੀ ਕਿ ਸ਼ਾਇਦ ਬੱਸ ਵਿਚ ਚਾਰਜਿੰਗ ਪੁਆਇੰਟ ਹੋਣਗੇ ਪਰ ਇੱਥੇ ਵੀ ਨਿਰਾਸ਼ਾ ਮਹਿਸੂਸ ਹੋਈ। ਆਪਣੇ ਇੰਡੀਆ ਵਿਚ ਤਾਂ ਹੁਣ ਤਕਰੀਬਨ ਸਾਰੀਆਂ ਲਗਜ਼ਰੀ ਬੱਸਾਂ ਵਿਚ ਅਜਿਹੀ ਸਹੂਲਤ ਹੁੰਦੀ ਹੈ। ਬੱਸ ਵਿਚ ਕੋਈ ਵੀ ਅਜਿਹੀ ਵਿਵਸਥਾ ਨਾ ਹੋਣ ’ਤੇ ਫੋਨ ਰਸਤੇ ਵਿਚ ਕਈ ਜਗ੍ਹਾ ਬੰਦ ਕਰ ਕੇ ਰੱਖਣਾ ਪਿਆ ਕਿ ਕਿਤੇ ਮੈਂ ਕੋਈ ਜ਼ਰੂਰੀ ਗੱਲ ਕਰਨ ਤੋਂ ਵੀ ਅਸਮਰੱਥ ਨਾ ਹੋ ਜਾਵਾਂ। ਬੱਸ ਅੱਠ ਵਜੇ ਦੇ ਕਰੀਬ ਇੱਥੋਂ ਰਵਾਨਾ ਹੋ ਗਈ। ਚਾਰ ਕੁ ਘੰਟੇ ਦੇ ਸਫ਼ਰ ਉਪਰੰਤ ਜਦ ਬੱਸ ਇਕ ਰੈਸਟੋਰੈਂਟ ਵਿਖੇ ਰੁਕੀ ਤਾਂ ਉੱਥੇ ਇਕ ਪੁਆਇੰਟ ’ਤੇ ਕੁਝ ਸਮਾਂ ਮੋਬਾਈਲ ਲਗਾ ਕੇ ਚਾਰਜ ਕੀਤਾ।
ਜਦ ਬੱਸ ਅਜੇ ਮੈਲਬੌਰਨ ਤੋਂ ਸੌ ਕੁ ਕਿੱਲੋਮੀਟਰ ਦੂਰ ਸੀ ਤਾਂ ਡਰਾਈਵਰ ਨੇ ਕਿਹਾ ਕਿ ਅੱਗੇ ਬੁਸ਼ਫਾਇਰ ਹੋ ਰਹੀ ਹੈ। ਮੇਨ ਹਾਈਵੇਅ ਦੀ ਬਜਾਏ ਪਿੰਡਾਂ ’ਚੋਂ ਦੀ ਜਾਣਾ ਪਵੇਗਾ ਜਿਸ ਕਾਰਨ ਆਪਣੀ ਮੰਜ਼ਿਲ ’ਤੇ ਪਹੁੰਚਣ ਵਿਚ ਕੁਝ ਦੇਰੀ ਵੀ ਹੋ ਸਕਦੀ ਹੈ। ਬੱਸ 20-25 ਕਿੱਲੋਮੀਟਰ ਦਾ ਸਫ਼ਰ ਪਿੰਡਾਂ ਵਿੱਚੋਂ ਕਰਦੀ ਹੋਈ ਮੇਨ ਹਾਈਵੇਅ ’ਤੇ ਪੁੱਜੀ ਤਾਂ ਅੱਗੋਂ ਬਾਰਿਸ਼ ਸ਼ੁਰੂ ਹੋ ਗਈ। ਡਰਾਈਵਰ ਨੇ ਠੀਕ ਸਾਢੇ ਸੱਤ ਵਜੇ ਮੈਲਬੌਰਨ ਦੇ ਸਾਊਦਰਨ ਕਰਾਸ ਸਟੇਸ਼ਨ ’ਤੇ ਆ ਉਤਾਰਿਆ। ਇਸ ਤਰ੍ਹਾਂ ਮੈਂ ਪੂਰੇ ਚੌਵੀ ਘੰਟੇ ਬਾਅਦ ਆਪਣੀ ਮੰਜ਼ਿਲ ’ਤੇ ਆ ਪਹੁੰਚਿਆ।
-ਸੁਖਵਿੰਦਰ ਸਿੰਘ ਨਰੂਲਾ
-ਮੋਬਾਈਲ : 98555-51929