ਜ਼ਿੰਦਾਦਿਲੀ ਨਾਲ ਜ਼ਿੰਦਗੀ ਜਿਊਣੀ ਜ਼ਰੂਰੀ
ਇਹ ਜ਼ਿੰਦਾਦਿਲੀ ਬਣੀ ਰਹੇ, ਇਸ ਦਾ ਇਕਮਾਤਰ ਸੂਤਰ ਹੈ ਕਿ ਜਿੰਨਾ ਵੀ ਅਤੇ ਜੋ ਕੁਝ ਵੀ ਚੰਗਾ-ਬੁਰਾ, ਸ਼ੁਭ-ਅਸ਼ੁਭ, ਅਨੁਕੂਲ-ਪ੍ਰਤੀਕੂਲ ਮਿਲਿਆ ਹੈ, ਉਸ ਨੂੰ ਪੂਰੀ ਤਰ੍ਹਾਂ ਸਵੀਕਾਰ ਕਰ ਲਈਏ। ਜੀਵਨ ਦੇ ਸਾਰੇ ਪਲਾਂ ਦਾ ਸਦਉਪਯੋਗ ਕਰਨ ਦੀ ਕਲਾ ਹੀ ਜ਼ਿੰਦਾਦਿਲੀ ਨਾਲ ਜੀਵਨ ਜਿਉਣਾ ਹੈ।
Publish Date: Thu, 20 Nov 2025 10:39 PM (IST)
Updated Date: Fri, 21 Nov 2025 07:44 AM (IST)
ਸਾਡਾ ਜੀਵਨ ਸਮੇਂ ਦੀ ਪਟੜੀ ’ਤੇ ਚੱਲਣ ਵਾਲੀ ਇਕ ਅਜਿਹੀ ਰੇਲ ਗੱਡੀ ਹੈ, ਜਿਸ ਵਿਚ ਮੰਜ਼ਿਲ ਤੱਕ ਪੁੱਜਣ ਦਾ ਆਨੰਦ ਵੀ ਹੈ ਅਤੇ ਕਿਤੇ ਰੁਕਾਵਟਾਂ ਰੂਪੀ ਦੁੱਖ ਵੀ। ਜੀਵਨ ਵਿਚ ਸੁੱਖ ਵਾਲੀਆਂ ਚਾਹੇ ਜਿੰਨੀਆਂ ਵੀ ਚੀਜ਼ਾਂ ਹੋਣ ਪਰ ਇਕ ਛੋਟੀ ਜਿਹੀ ਨਕਾਰਾਤਮਕ ਘਟਨਾ ਵੀ ਡੂੰਘਾ ਜ਼ਖ਼ਮ ਦੇ ਜਾਂਦੀ ਹੈ। ਥੋੜ੍ਹੀ ਜਿਹੀ ਨਿੰਦਾ ਮਨ ਨੂੰ ਦੁਖੀ ਕਰ ਦਿੰਦੀ ਹੈ। ਕਿਸੇ ਦਾ ਵਿਛੋੜਾ ਜਾਂ ਵਿਸ਼ਵਾਸਘਾਤ ਸਾਡੀ ਸ਼ਾਂਤੀ ਨੂੰ ਤਹਿਸ-ਨਹਿਸ ਕਰ ਦਿੰਦਾ ਹੈ। ਜੀਵਨ ਤਾਂ ਇੰਨਾ ਅਨਮੋਲ ਹੈ ਕਿ ਕਿਸੇ ਵੀ ਭੌਤਿਕ ਚੀਜ਼ ਨਾਲ ਇਸ ਦੀ ਕੀਮਤ ਨਹੀਂ ਲਗਾਈ ਜਾ ਸਕਦੀ ਪਰ ਅਸੀਂ ਸਾਰੇ ਆਪੋ-ਆਪਣੇ ਅਤੀਤ ਦੇ ਪਰਛਾਵਿਆਂ ਵਿਚ ਘਿਰੇ ਹੋਏ ਮੌਜੂਦਾ ਸਮੇਂ ਨੂੰ ਮਾਨਸਿਕ ਵਾਦ-ਵਿਵਾਦ ਤੇ ਝਗੜੇ-ਝੇੜਿਆਂ ਨਾਲ ਖਿੱਚਦੇ ਹੋਏ ਜੀਵਨ ਨੂੰ ਜਿਉਂਦੇ ਘੱਟ ਅਤੇ ਢੋਅ ਵੱਧ ਰਹੇ ਹਾਂ। ਹਰ ਰੋਜ਼ ਬਹੁਤ ਕੁਝ ਪਿਆਰਾ-ਮਾੜਾ, ਅਣਦੇਖਿਆ-ਅਣਚਾਹਿਆ ਅਤੇ ਅਣਹੋਣੀ ਵਾਲਾ ਵਰਤਾਰਾ ਹੁੰਦਾ ਰਹਿੰਦਾ ਹੈ। ਇਸ ਸਭ ਨੂੰ ਚਾਹੇ-ਅਣਚਾਹੇ, ਗਾਹੇ-ਬਗਾਹੇ-ਕਦ ਮਨ ਨਾਲ ਜਾਂ ਮਜਬੂਰ ਹੋ ਕੇ ਸਹਿਣਾ ਹੀ ਪੈਂਦਾ ਹੈ। ਇਨ੍ਹਾਂ ਸਾਰੀਆਂ ਹਾਲਤਾਂ ਵਿਚ ਸਵੀਕਾਰ ਕਰਨ ਵਾਲੇ ਭਾਵ ਨਾਲ ਜੀਵਨ ਜਿਉਣਾ ਹੀ ਜ਼ਿੰਦਾਦਿਲੀ ਹੈ।
ਇਹ ਜ਼ਿੰਦਾਦਿਲੀ ਬਣੀ ਰਹੇ, ਇਸ ਦਾ ਇਕਮਾਤਰ ਸੂਤਰ ਹੈ ਕਿ ਜਿੰਨਾ ਵੀ ਅਤੇ ਜੋ ਕੁਝ ਵੀ ਚੰਗਾ-ਬੁਰਾ, ਸ਼ੁਭ-ਅਸ਼ੁਭ, ਅਨੁਕੂਲ-ਪ੍ਰਤੀਕੂਲ ਮਿਲਿਆ ਹੈ, ਉਸ ਨੂੰ ਪੂਰੀ ਤਰ੍ਹਾਂ ਸਵੀਕਾਰ ਕਰ ਲਈਏ। ਜੀਵਨ ਦੇ ਸਾਰੇ ਪਲਾਂ ਦਾ ਸਦਉਪਯੋਗ ਕਰਨ ਦੀ ਕਲਾ ਹੀ ਜ਼ਿੰਦਾਦਿਲੀ ਨਾਲ ਜੀਵਨ ਜਿਉਣਾ ਹੈ। ਅਸੀਂ ਜਿੰਨਾ ਸਵੀਕਾਰ ਕਰਨ ਵਾਲਾ ਭਾਵ ਵਧਾਵਾਂਗੇ, ਓਨਾ ਹੀ ਖ਼ੁਸ਼ ਰਹਾਂਗੇ। ਫਿਰ ਨਕਾਰਾਤਮਕਤਾ ਦਾ ਪ੍ਰਭਾਵ ਆਪਣੇ-ਆਪ ਹੀ ਉੱਡ-ਪੁੱਡ ਜਾਵੇਗਾ। ਨਾ ਦੁੱਖ ਸਾਡਾ ਹੈ, ਨਾ ਸੁੱਖ ਸਾਡਾ ਅਤੇ ਇਨ੍ਹਾਂ ਵਿੱਚੋਂ ਕਿਸੇ ਇਕ ਦੀ ਚੋਣ ਦਾ ਬਦਲ ਵੀ ਨਹੀਂ ਹੈ। ਦੋਹਾਂ ਨੂੰ ਹੀ ਸਵੀਕਾਰ ਕਰਨਾ ਪਵੇਗਾ। ਦੁੱਖ ਸਾਨੂੰ ਕਮਜ਼ੋਰ ਬਣਾਉਂਦਾ ਹੈ ਤਾਂ ਸੁੱਖ ਸਾਨੂੰ ਬੰਧਨ ਵਿਚ ਪਾ ਦਿੰਦਾ ਹੈ। ਵਿਰੋਧ ਵਿਚ ਦੁੱਖ ਦੀ ਪੀੜਾ ਨਹੀਂ ਅਤੇ ਸਵੀਕਾਰ ਵਿਚ ਸੁੱਖ ਦੀ ਉਮੰਗ ਨਹੀਂ, ਇਹ ਸੋਚ ਜੀਵਨ ਵਿਚ ਸਮਰੂਪਤਾ ਲਿਆਉਂਦੀ ਹੈ। ਜਿਸ ਦਿਨ ਅਣਚਾਹੀ ਚੀਜ਼, ਅਣਚਾਹਿਆ ਵਿਅਕਤੀ ਅਤੇ ਉਲਟ ਹਾਲਤ ਦਾ ਸਹਿਯੋਗ ਅਤੇ ਪਿਆਰੀ ਚੀਜ਼, ਵਿਅਕਤੀ ਅਤੇ ਅਨੁਕੂਲ ਹਾਲਤਾਂ ਦਾ ਵਿਛੋੜਾ, ਇਨ੍ਹਾਂ ਦੋਹਾਂ ਨੂੰ ਖ਼ੁਸ਼ੀ ਨਾਲ ਸਵੀਕਾਰ ਕਰਨਾ ਆ ਗਿਆ, ਉਸ ਦਿਨ ਹਕੀਕੀ ਤੌਰ ’ਤੇ ਜੀਣਾ ਸਿੱਖ ਲਿਆ।
-ਡਾ. ਨਿਰਮਲ ਜੈਨ।