ਰੂਸੀ ਰਾਸ਼ਟਰਪਤੀ ਇਕ ਅਜਿਹੇ ਸਮੇਂ ਭਾਰਤ ਆ ਰਹੇ ਹਨ ਜਦੋਂ ਅਮਰੀਕਾ ਯੂਕਰੇਨ ਯੁੱਧ ਖ਼ਤਮ ਕਰਵਾਉਣ ਲਈ ਹੱਥ-ਪੈਰ ਮਾਰ ਰਿਹਾ ਹੈ। ਇਸ ਵਾਸਤੇ ਉਹ ਰੂਸ ਦੇ ਨਾਲ-ਨਾਲ ਭਾਰਤ ’ਤੇ ਵੀ ਦਬਾਅ ਪਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਦਰਾਮਦਾਂ ’ਤੇ 25 ਪ੍ਰਤੀਸ਼ਤ ਵਾਧੂ ਟੈਰਿਫ ਇਸ ਲਈ ਥੋਪਿਆ ਹੋਇਆ ਹੈ ਕਿ ਭਾਰਤ ਰੂਸ ਤੋਂ ਤੇਲ ਖ਼ਰੀਦ ਰਿਹਾ ਹੈ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਦੇ ਸੰਭਾਵੀ ਨਤੀਜਿਆਂ ਦਾ ਅਨੁਮਾਨ ਲਗਾਉਣਾ ਭਾਵੇਂ ਮੁਸ਼ਕਲ ਹੋਵੇ ਪਰ ਇਸ ਵਿਚ ਕੋਈ ਸ਼ੰਕਾ ਨਹੀਂ ਕਿ ਇਸ ਦੌਰੇ ’ਤੇ ਸਾਰੀ ਦੁਨੀਆ ਦੀ ਨਜ਼ਰ ਹੋਵੇਗੀ। ਸਭ ਤੋਂ ਵੱਧ ਨਿਗ੍ਹਾ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀ ਹੋਵੇਗੀ। ਨਿਰਸੰਦੇਹ ਰੂਸੀ ਰਾਸ਼ਟਰਪਤੀ ਦੇ ਭਾਰਤ ਦੌਰੇ ’ਤੇ ਚੀਨ ਵੀ ਨਜ਼ਰ ਰੱਖੇਗਾ ਕਿਉਂਕਿ ਯੂਕਰੇਨ ਜੰਗ ਕਾਰਨ ਰੂਸ ਦੀ ਉਸ ’ਤੇ ਨਿਰਭਰਤਾ ਕਾਫ਼ੀ ਵਧ ਗਈ ਹੈ।
ਰੂਸੀ ਰਾਸ਼ਟਰਪਤੀ ਇਕ ਅਜਿਹੇ ਸਮੇਂ ਭਾਰਤ ਆ ਰਹੇ ਹਨ ਜਦੋਂ ਅਮਰੀਕਾ ਯੂਕਰੇਨ ਯੁੱਧ ਖ਼ਤਮ ਕਰਵਾਉਣ ਲਈ ਹੱਥ-ਪੈਰ ਮਾਰ ਰਿਹਾ ਹੈ। ਇਸ ਵਾਸਤੇ ਉਹ ਰੂਸ ਦੇ ਨਾਲ-ਨਾਲ ਭਾਰਤ ’ਤੇ ਵੀ ਦਬਾਅ ਪਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਦਰਾਮਦਾਂ ’ਤੇ 25 ਪ੍ਰਤੀਸ਼ਤ ਵਾਧੂ ਟੈਰਿਫ ਇਸ ਲਈ ਥੋਪਿਆ ਹੋਇਆ ਹੈ ਕਿ ਭਾਰਤ ਰੂਸ ਤੋਂ ਤੇਲ ਖ਼ਰੀਦ ਰਿਹਾ ਹੈ। ਜਿਵੇਂ ਅਮਰੀਕਾ ਦੀ ਇਹ ਚਾਹਤ ਹੈ ਕਿ ਭਾਰਤ ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਦੇਵੇ, ਉਸੇ ਤਰ੍ਹਾਂ ਯੂਰਪੀ ਦੇਸ਼ ਵੀ ਇਹ ਚਾਹੁੰਦੇ ਹਨ ਕਿ ਭਾਰਤ ਰੂਸ ਤੋਂ ਦੂਰੀ ਬਣਾ ਕੇ ਰੱਖੇ।
ਕੁਝ ਯੂਰਪੀ ਦੇਸ਼ਾਂ ਨੇ ਤਾਂ ਭਾਰਤ ਨੂੰ ਰੂਸ ਦੀ ਨੇੜਤਾ ਤੋਂ ਸਾਵਧਾਨ ਵੀ ਕੀਤਾ ਹੈ। ਇਹ ਗੱਲ ਹੋਰ ਹੈ ਕਿ ਉਹ ਖ਼ੁਦ ਰੂਸ ਤੋਂ ਊਰਜਾ ਦੀ ਸਪਲਾਈ ਲੈ ਰਹੇ ਹਨ। ਇਹ ਤਾਂ ਪੱਕਾ ਹੈ ਕਿ ਭਾਰਤ ਰੂਸ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਦੌਰਾਨ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀਆਂ ਚਿੰਤਾਵਾਂ ਦੀ ਜ਼ਿਆਦਾ ਪਰਵਾਹ ਨਹੀਂ ਕਰਨ ਵਾਲਾ ਪਰ ਇਸ ਤੱਥ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਉਸ ਨੂੰ ਅਮਰੀਕਾ ਦੇ ਦਬਾਅ ਕਾਰਨ ਰੂਸ ਤੋਂ ਤੇਲ ਖ਼ਰੀਦ ਵਿਚ ਕਟੌਤੀ ਕਰਨੀ ਪਈ ਹੈ। ਸਪਸ਼ਟ ਹੈ ਕਿ ਭਾਰਤ ਅਤੇ ਰੂਸ, ਦੋਵਾਂ ਦੇ ਸਾਹਮਣੇ ਇਹ ਵੱਡੀ ਚੁਣੌਤੀ ਹੈ ਕਿ ਤੇਲ ਖ਼ਰੀਦ ਦੇ ਮਾਮਲੇ ਵਿਚ ਅਮਰੀਕਾ ਦੇ ਅਣ-ਉੱਚਿਤ ਦਬਾਅ ਦਾ ਟਾਕਰਾ ਕਿਵੇਂ ਕੀਤਾ ਜਾਵੇ।
ਭਾਰਤ ਨੂੰ ਇਸ ਦਬਾਅ ਦਾ ਸਾਹਮਣਾ ਕਰਦੇ ਸਮੇਂ ਇਸ ਦਾ ਵੀ ਧਿਆਨ ਰੱਖਣਾ ਹੋਵੇਗਾ ਕਿ ਇਸ ਨਾਲ ਅਮਰੀਕਾ ਨਾਲ ਹੋਣ ਵਾਲੇ ਵਪਾਰ ਸਮਝੌਤੇ ਵਿਚ ਕੋਈ ਰੁਕਾਵਟ ਨਾ ਖੜ੍ਹੀ ਹੋ ਜਾਵੇ। ਰੂਸੀ ਰਾਸ਼ਟਰਪਤੀ ਕਿਉਂਕਿ ਆਪਣੇ ਕਈ ਮੰਤਰੀਆਂ ਦੇ ਨਾਲ ਭਾਰਤ ਆ ਰਹੇ ਹਨ ਅਤੇ ਉਹ ਦੋ ਦਿਨਾਂ ਲਈ ਇੱਥੇ ਰਹਿਣਗੇ, ਇਸ ਲਈ ਇਹ ਤਾਂ ਸਪਸ਼ਟ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਵੱਖ-ਵੱਖ ਖੇਤਰਾਂ ਵਿਚ ਵੱਡੇ ਸਮਝੌਤੇ ਹੋਣ ਵਾਲੇ ਹਨ।
ਇਹ ਸਮਝੌਤੇ ਦੋਵਾਂ ਮੁਲਕਾਂ ਨੂੰ ਹੋਰ ਨਜ਼ਦੀਕ ਲਿਆਉਣ ਦਾ ਕੰਮ ਕਰਨਗੇ ਪਰ ਭਾਰਤ ਨੂੰ ਇਕ ਪਾਸੇ ਜਿੱਥੇ ਇਹ ਧਿਆਨ ਰੱਖਣਾ ਹੋਵੇਗਾ ਕਿ ਉਹ ਆਪਣੀਆਂ ਰੱਖਿਆ ਜ਼ਰੂਰਤਾਂ ’ਤੇ ਇਕ ਹੱਦ ਤੋਂ ਵੱਧ ਰੂਸ ’ਤੇ ਨਿਰਭਰ ਨਾ ਹੋਵੇ, ਓਥੇ ਹੀ ਦੂਜੇ ਪਾਸੇ ਉਸ ਨੂੰ ਆਪਣੇ ਵਪਾਰ ਘਾਟੇ ਨੂੰ ਘਟਾਉਣ ਦੇ ਉਪਾਅ ਵੀ ਕਰਨੇ ਹੋਣਗੇ। ਇਹ ਠੀਕ ਹੈ ਕਿ ਦੋਵੇਂ ਦੇਸ਼ ਆਪਸੀ ਵਪਾਰ ਨੂੰ ਸੌ ਅਰਬ ਡਾਲਰ ਤੱਕ ਲੈ ਕੇ ਜਾਣਾ ਚਾਹੁੰਦੇ ਹਨ ਪਰ ਇਹ ਠੀਕ ਨਹੀਂ ਕਿ ਭਾਰਤ ਦੀਆਂ ਰੂਸ ਤੋਂ ਦਰਾਮਦਾਂ ਲਗਪਗ 65 ਅਰਬ ਡਾਲਰ ਦੀਆਂ ਹਨ ਜਦਕਿ ਉਸ ਦੀਆਂ ਬਰਾਮਦਾਂ ਸਿਰਫ਼ ਪੰਜ ਅਰਬ ਡਾਲਰ ਹੀ ਹਨ।
ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਅਜਿਹੀਆਂ ਵਸਤਾਂ ਦਾ ਨਿਰਮਾਣ ਕਰਨ ਵਿਚ ਸਮਰੱਥ ਨਹੀਂ ਜਿਨ੍ਹਾਂ ਦੀ ਰੂਸ ਨੂੰ ਜ਼ਰੂਰਤ ਹੈ। ਦਰਅਸਲ, ਇਹ ਭਾਰਤ ਦੀ ਇਕ ਵੱਡੀ ਕਮਜ਼ੋਰੀ ਹੈ ਕਿ ਉਸ ਕੋਲ ਅਜਿਹੇ ਉਤਪਾਦ ਨਹੀਂ ਹਨ ਜਿਨ੍ਹਾਂ ਦੇ ਬਗ਼ੈਰ ਦੂਜੇ ਦੇਸ਼ਾਂ ਦਾ ਕੰਮ ਨਾ ਚੱਲ ਸਕੇ। ਇਸੇ ਕਾਰਨ ਉਸ ਦੀ ਬਰਾਮਦ ਦਰ ਦਰਾਮਦ ਦੇ ਮੁਕਾਬਲੇ ਕਾਫ਼ੀ ਘੱਟ ਹੈ। ਭਾਰਤ ਨੂੰ ਆਪਣੀ ਇਸ ਕਮਜ਼ੋਰੀ ਨੂੰ ਪਹਿਲ ਦੇ ਆਧਾਰ ’ਤੇ ਦੂਰ ਕਰਨਾ ਹੋਵੇਗਾ।