ਇਸ ਨੀਤੀ ਰਾਹੀਂ ਜੇ ਕਿਸੇ ਵਿਦਿਆਰਥੀ ’ਚ ਮਾਨਸਿਕ ਸਿਹਤ ਨਾਲ ਜੁੜੀਆਂ ਗੜਬੜੀਆਂ ਮਿਲਦੀਆਂ ਹਨ ਤਾਂ ਉਸ ਨੂੰ ਤੁਰੰਤ ਪੇਸ਼ੇਵਰ ਮਾਹਰਾਂ ਕੋਲ ਭੇਜਿਆ ਜਾਵੇਗਾ। ਲੋੜ ਪੈਣ ’ਤੇ ਇਲਾਜ ਦੀ ਸਹੂਲਤ ਵੀ ਦਿੱਤੀ ਜਾਵੇਗੀ। ਦੇਸ਼ ਦੇ ਸਾਰੇ ਉੱਚ ਵਿੱਦਿਅਕ ਅਦਾਰਿਆਂ ਨੂੰ ਆਪਣਾ ਇਕ ਮਾਨਸਿਕ ਸਿਹਤ ਤੇ ਭਲਾਈ ਕੇਂਦਰ ਬਣਾਉਣ ਲਈ ਵੀ ਕਿਹਾ ਗਿਆ ਹੈ।

ਮਾਨਸਿਕ ਤਣਾਅ ਕਈ ਵਾਰ ਵਿਦਿਆਰਥੀਆਂ ਨੂੰ ਖ਼ੌਫ਼ਨਾਕ ਕਦਮ ਚੁੱਕਣ ਲਈ ਮਜਬੂਰ ਕਰ ਦਿੰਦਾ ਹੈ। ਲੰਘੇ ਸਾਲਾਂ ’ਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪੜ੍ਹਾਈ ਦੇ ਨਾਲ-ਨਾਲ ਹੋਰ ਘਰੇਲੂ ਤੇ ਸਮਾਜਿਕ ਦਬਾਅ ਨਾਲ ਜੂਝਦੇ ਵਿਦਿਆਰਥੀਆਂ ਦੀ ਦਿਮਾਗੀ ਹਾਲਤ ਨੂੰ ਦਰੁਸਤ ਰੱਖਣ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਸੁਪਰੀਮ ਕੋਰਟ ਦੇ ਨਿਰਦੇਸ਼ ’ਤੇ ਇਕ ਨੀਤੀ ਤਿਆਰ ਕੀਤੀ ਹੈ ਜਿਸ ਰਾਹੀਂ ਉੱਚ ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀਆਂ ਕਰਨ ਵਰਗੇ ਮਾਮਲਿਆਂ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਨੀਤੀ ਰਾਹੀਂ ਜੇ ਕਿਸੇ ਵਿਦਿਆਰਥੀ ’ਚ ਮਾਨਸਿਕ ਸਿਹਤ ਨਾਲ ਜੁੜੀਆਂ ਗੜਬੜੀਆਂ ਮਿਲਦੀਆਂ ਹਨ ਤਾਂ ਉਸ ਨੂੰ ਤੁਰੰਤ ਪੇਸ਼ੇਵਰ ਮਾਹਰਾਂ ਕੋਲ ਭੇਜਿਆ ਜਾਵੇਗਾ। ਲੋੜ ਪੈਣ ’ਤੇ ਇਲਾਜ ਦੀ ਸਹੂਲਤ ਵੀ ਦਿੱਤੀ ਜਾਵੇਗੀ। ਦੇਸ਼ ਦੇ ਸਾਰੇ ਉੱਚ ਵਿੱਦਿਅਕ ਅਦਾਰਿਆਂ ਨੂੰ ਆਪਣਾ ਇਕ ਮਾਨਸਿਕ ਸਿਹਤ ਤੇ ਭਲਾਈ ਕੇਂਦਰ ਬਣਾਉਣ ਲਈ ਵੀ ਕਿਹਾ ਗਿਆ ਹੈ। ਤਕਨੀਕ ਦਿਨ-ਬ-ਦਿਨ ਆਪਣਾ ਵਿਸਥਾਰ ਕਰ ਰਹੀ ਹੈ।
ਰੁਜ਼ਗਾਰ ਦੇ ਮੌਕੇ ਵੀ ਗੁੰਝਲਦਾਰ ਹੁੰਦੇ ਜਾ ਰਹੇ ਹਨ। ਅਜਿਹੇ ਮਾਹੌਲ ਵਿਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੇ ਬਣੇ ਰਹਿਣ ਲਈ ਕਈ ਤਰ੍ਹਾਂ ਦੀਆਂ ਮੁਕਾਬਲੇਬਾਜ਼ੀਆਂ ’ਚੋਂ ਲੰਘਣਾ ਪੈਂਦਾ ਹੈ। ਪੜ੍ਹਾਈ ’ਚ ਅੱਵਲ ਆਉਣ ਅਤੇ ਮਾਪਿਆਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਲਈ ਉਹ ਕਈ ਤਰ੍ਹਾਂ ਦੇ ਦਬਾਅ ਸਹਿੰਦੇ ਹਨ। ਇਸ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ’ਚ ਵੀ ਵਿਦਿਆਰਥੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਨ। ਅਜਿਹੇ ’ਚ ਉਨ੍ਹਾਂ ਨੂੰ ਮਾਨਸਿਕ ਪੱਖੋਂ ਸਿਹਤਮੰਦ ਰੱਖਣ ਲਈ ਮਾਪਿਆਂ ਤੇ ਵਿੱਦਿਅਕ ਅਦਾਰਿਆਂ ਦੀ ਜ਼ਿੰਮੇਵਾਰੀ ਜ਼ਿਆਦਾ ਹੈ।
ਇਕ ਰਿਪੋਰਟ ਮੁਤਾਬਕ ਦੇਸ਼ ਦੀ ਕੁੱਲ ਆਬਾਦੀ ਦੇ ਲਗਪਗ 10.6 ਫ਼ੀਸਦੀ ਲੋਕ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਨ੍ਹਾਂ ’ਚ 18 ਤੋਂ 29 ਸਾਲ ਦੀ ਉਮਰ ਵਰਗ ਦੇ 7.3 ਫ਼ੀਸਦੀ ਨੌਜਵਾਨ ਸ਼ਾਮਲ ਹਨ। ਐੱਨਸੀਆਰਬੀ ਦੀ ਰਿਪੋਰਟ ਮੁਤਾਬਕ ਮੁਲਕ ’ਚ ਖ਼ੁਦਕੁਸ਼ੀਆਂ ਦੇ ਲਗਪਗ 7.6 ਫ਼ੀਸਦੀ ਮਾਮਲੇ ਵਿਦਿਆਰਥੀਆਂ ਨਾਲ ਜੁੜੇ ਹੋਏ ਹਨ। ਲੰਘੇ 10 ਸਾਲਾਂ ’ਚ ਪੂਰੇ ਦੇਸ਼ ’ਚ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀਆਂ ਕਰਨ ਦੇ ਮਾਮਲਿਆਂ ’ਚ ਵੀ ਲਗਾਤਾਰ ਵਾਧਾ ਦੇਖਿਆ ਗਿਆ ਹੈ। ਸਾਲ 2013 ’ਚ 8,423 ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ ਕੀਤੀ ਗਈ।
ਸਾਲ 2023 ਤੱਕ ਇਹ ਗਿਣਤੀ 13,892 ਹੋ ਗਈ। ਦਸ ਸਾਲਾਂ ’ਚ ਇਹ ਵਾਧਾ 65 ਫ਼ੀਸਦ ਦਰਜ ਕੀਤਾ ਗਿਆ। ਇਕ ਹੋਰ ਰਿਪੋਰਟ ਮੁਤਾਬਕ ਵਿਦਿਆਰਥੀਆਂ ਤੋਂ ਇਲਾਵਾ 2013 ਤੋਂ 2023 ਤੱਕ ਲਗਪਗ 1,17,849 ਨੌਜਵਾਨਾਂ ਨੇ ਦਿਮਾਗੀ ਪਰੇਸ਼ਾਨੀਆਂ ਝੱਲਦਿਆਂ ਖ਼ੁਦਕੁਸ਼ੀ ਕੀਤੀ ਸੀ। ਇਹ ਵਾਧਾ ਦਿਮਾਗੀ ਤਣਾਅ ਨਾਲ ਜੁੜਿਆ ਹੋਇਆ ਹੈ ਅਤੇ ਇਸ ਦੇ 2019 ਤੋਂ 2023 ਤੱਕ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਦਸਵੀਂ ਪਾਸ ਕਰਨ ਤੋਂ ਬਾਅਦ ਅਗਲੀਆਂ ਜਮਾਤਾਂ ’ਚ ਆਪਣੀ ਪਿਛਲੀ ਕਾਰਗੁਜ਼ਾਰੀ ਨੂੰ ਬਰਕਰਾਰ ਰੱਖਣ ਦਾ ਵੀ ਵਿਦਿਆਰਥੀਆਂ ’ਤੇ ਦਬਾਅ ਰਹਿੰਦਾ ਹੈ। ਇਹ ਤਣਾਅ ਗ੍ਰੈਜੂਏਸ਼ਨ ਅਤੇ ਅੱਗੇ ਪੋਸਟ ਗ੍ਰੈਜੂਏਸ਼ਨ ਤੱਕ ਬਣਿਆ ਰਹਿੰਦਾ ਹੈ। ਇਕ ਪਾਸੇ ਪੜ੍ਹਾਈ ’ਚ ਵਧੀਆ ਅੰਕ ਹਾਸਲ ਕਰਨ ਦਾ ਦਬਾਅ ਅਤੇ ਦੂਜੇ ਪਾਸੇ ਪ੍ਰਤੀਯੋਗੀ ਪ੍ਰੀਖਿਆਵਾਂ ਵੀ ਕਈ ਤਰ੍ਹਾਂ ਨਾਲ ਵਿਦਿਆਰਥੀਆਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਹਨ। ਅਕਸਰ ਵਿਦਿਆਰਥੀ ਮਾਪਿਆਂ ਤੇ ਅਧਿਆਪਕਾਂ ਨਾਲ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਨਹੀਂ ਕਰਦੇ। ਸਕੂਲਾਂ ਤੇ ਕਾਲਜਾਂ ਵਿਚਲਾ ਮਾਹੌਲ ਵੀ ਉਨ੍ਹਾਂ ਦੇ ਮਾਨਸਿਕ ਪੱਧਰ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹੇ ’ਚ ਮਾਪਿਆਂ ਨੂੰ ਬੱਚਿਆਂ ਨਾਲ ਦੋਸਤਾਨਾ ਵਿਵਹਾਰ ਕਰਨਾ ਚਾਹੀਦਾ ਹੈ।