ਅਫ਼ਗਾਨਿਸਤਾਨ ਦੱਖਣ ਏਸ਼ੀਆ, ਮੱਧ ਏਸ਼ੀਆ ਅਤੇ ਪੱਛਮੀ ਏਸ਼ੀਆ ਨੂੰ ਜੋੜਨ ਵਾਲਾ ਇਕ ਮਹੱਤਵਪੂਰਨ ਪੁਲ ਹੈ। ਇਸੇ ਕਰਕੇ ਖੇਤਰੀ ਸੰਪਰਕ, ਵਪਾਰ ਮਾਰਗਾਂ ਅਤੇ ਯੁੱਧਨੀਤਕ ਸੰਤੁਲਨ ’ਚ ਇਸ ਦੀ ਵਿਸ਼ੇਸ਼ ਭੂਮਿਕਾ ਹੈ। ਇਹੋ ਵਜ੍ਹਾ ਹੈ ਕਿ ਭਾਰਤ ਪਹਿਲਾਂ ਵਾਂਗ ਅਫ਼ਗਾਨਿਸਤਾਨ ਤੱਕ ਆਪਣੀ ਪਹੁੰਚ ਯਕੀਨੀ ਬਣਾਉਣੀ ਚਾਹੁੰਦਾ ਹੈ।

ਭਾਰਤ ਅਤੇ ਅਫ਼ਗਾਨਿਸਤਾਨ ਦੇ ਆਪਸੀ ਸਬੰਧ ਇਤਿਹਾਸਕ, ਸੱਭਿਆਚਾਰਕ ਤੇ ਰਣਨੀਤਕ ਰੂਪ ’ਚ ਬੜੇ ਸੁਖਾਵੇਂ ਰਹੇ ਹਨ। ਅਫ਼ਗਾਨਿਸਤਾਨ ਦੀ ਰਾਜਨੀਤੀ ਵਿਚ ਭਾਰਤ ਦੀ ਭੂਮਿਕਾ ਸ਼ਾਂਤੀ ਤੇ ਪੁਨਰ ਨਿਰਮਾਣ ਨੂੰ ਲੈ ਕੇ ਬੜੀ ਸਪਸ਼ਟ ਰਹੀ ਹੈ। ਭਾਰਤ ਨੇ ਉੱਥੇ ਬਹੁਤ ਵਿਕਾਸ ਯੋਜਨਾਵਾਂ ਚਲਾਈਆਂ ਹਨ ਜਿਨ੍ਹਾਂ ਵਿਚ ਸੰਸਦ ਭਵਨ, ਸਲਮਾ ਡੈਮ ਅਤੇ ਜਾਂਰਾਜ-ਦਿਲਾਰਾਮ ਉੱਚ ਮਾਰਗ ਪ੍ਰਮੁੱਖ ਹਨ। ਇਨ੍ਹਾਂ ਯੋਜਨਾਵਾਂ ਦੇ ਸਿੱਟੇ ਵਜੋਂ ਅਫ਼ਗਾਨ ਜਨਤਾ ਵਿਚ ਭਾਰਤ ਦਾ ਹਾਂ-ਪੱਖੀ ਅਕਸ ਬਣਿਆ ਹੈ। ਹਾਲਾਂਕਿ ਭਾਰਤ ਦੇ ਕਦੇ ਵੀ ਤਾਲਿਬਾਨ ਨਾਲ ਸਬੰਧ ਸਿੱਧੇ ਤੇ ਸਪਸ਼ਟ ਨਹੀਂ ਰਹੇ ਪਰ ਇਹ ਕੂਟਨੀਤਕ ਸੰਤੁਲਨ, ਸੁਰੱਖਿਆ ਫ਼ਿਕਰ ਅਤੇ ਰਣਨੀਤਕ ਦੂਰਦਰਸ਼ਿਤਾ ’ਤੇ ਆਧਾਰਤ ਹਨ।
ਇਹ ਮੰਨਿਆ ਜਾਂਦਾ ਹੈ ਕਿ ਅਫ਼ਗਾਨਿਸਤਾਨ ਮੱਧ ਏਸ਼ੀਆ ਤੋਂ ਦੱਖਣ ਏਸ਼ੀਆ ਦੇ ਵਪਾਰ ਮਾਰਗਾਂ ’ਤੇ ਪ੍ਰਭਾਵ ਪਾ ਸਕਦਾ ਹੈ। ਇਹ ਖੇਤਰ ਭਾਰਤ ਦੇ ਮੱਧ ਏਸ਼ੀਆ ਨਾਲ ਸੰਪਰਕ ਯੋਜਨਾਵਾਂ ਲਈ ਅਹਿਮ ਹੈ। ਅਫ਼ਗਾਨਿਸਤਾਨ ਦੀ ਸਥਿਰਤਾ ਭਾਰਤ ਦੇ ਰਾਸ਼ਟਰੀ ਸੁਰੱਖਿਆ ਹਿੱਤਾਂ ਨਾਲ ਜੁੜੀ ਹੋਈ ਹੈ। ਭਾਰਤ ਨੂੰ ਖ਼ਦਸ਼ਾ ਰਿਹਾ ਹੈ ਕਿ ਜੇ ਅਫ਼ਗਾਨਿਸਤਾਨ ਅਸਥਿਰ ਰਹਿੰਦਾ ਹੈ ਤਾਂ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਦਹਿਸ਼ਤਗਰਦ ਉੱਥੋਂ ਭਾਰਤ ਵਿਰੋਧੀ ਗਤੀਵਿਧੀਆਂ ਸੰਚਾਲਿਤ ਕਰ ਸਕਦੇ ਹਨ। ਤਲਿਬਾਨ ਨਾਲ ਬਿਹਤਰ ਸਬੰਧ ਕਾਇਮ ਹੋਣ ਨਾਲ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਘੱਟ ਹੋ ਸਕਦੀਆਂ ਹਨ।
ਤਾਲਿਬਾਨ ਸ਼ਾਸ਼ਿਤ ਅਫ਼ਗਾਨਿਸਤਾਨ ਵਿਚ ਭਾਰਤ ਦੇ ਤਕਨੀਕੀ ਮਿਸ਼ਨ ਨੂੰ ਦੂਤਘਰ ਦੇ ਬਦਲਣ ਦੇ ਵਿਸ਼ੇ ਤੋਂ ਇਹ ਸਪਸ਼ਟ ਹੈ ਕਿ ਬਦਲਦੇ ਹਾਲਾਤ ’ਚ ਕੂਟਨੀਤਕ ਇੱਛਾਵਾਂ ਜ਼ਿਆਦਾ ਵਿਹਾਰਕ ਤੇ ਯਥਾਰਥਵਾਦੀ ਹੋ ਗਈਆਂ ਹਨ। ਇਹੋ ਵਜ੍ਹਾ ਹੈ ਕਿ ਭਾਰਤ ਪਹਿਲਾਂ ਵਾਂਗ ਅਫ਼ਗਾਨਿਸਤਾਨ ਤੱਕ ਆਪਣੀ ਪਹੁੰਚ ਯਕੀਨੀ ਬਣਾਉਣਾ ਚਾਹੁੰਦਾ ਹੈ। ਇਸ ਦੌਰਾਨ ਉਸ ਦੀ ਹਾਲਤ ਪਾਕਿਸਤਾਨ ਨਾਲ ਫ਼ੌਜੀ ਸੰਘਰਸ਼ ਮਗਰੋਂ ਜ਼ਿਆਦਾ ਹੀ ਵਿਗੜ ਗਈ।
ਪਹਿਲਾਂ ਅਫ਼ਗਾਨਿਸਤਾਨ ਨੇ ਭਾਰਤ ਤੋਂ ਬਾਅਦ ਉਸ ਦਾ ਪਾਣੀ ਰੋਕਣ ਦਾ ਫ਼ੈਸਲਾ ਕੀਤਾ ਕਿਉਂਕਿ ਤਾਲਿਬਾਨ ਪ੍ਰਸ਼ਾਸਨ ਕੁਨਾਰ ਨਦੀ ’ਤੇ ਬੰਨ੍ਹ ਬਣਾ ਰਿਹਾ ਹੈ ਜਿਸ ਕਰਕੇ ਪਾਕਿਸਤਾਨ ਜਾਣ ਵਾਲਾ ਇਸ ਨਦੀ ਦਾ ਪਾਣੀ ਤਾਲਿਬਾਨ ਦੀ ਮਰਜ਼ੀ ਨਾਲ ਵਰਤੇਗਾ। ਤੁਰਕੀ ਦੇ ਇਸਤਾਂਬੁਲ ਸ਼ਹਿਰ ਵਿਚ ਚਾਰ ਰੋਜ਼ਾ ਸ਼ਾਂਤੀ ਵਾਰਤਾ ਨਾਕਾਮ ਰਹਿਣ ਤੋਂ ਮਗਰੋਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇ ਤਾਲਿਬਾਨ ਨੇ ਉਨ੍ਹਾਂ ਦੇ ਮੁਲਕ ’ਤੇ ਦਹਿਸ਼ਤੀ ਹਮਲੇ ਦੀ ਹਿਮਾਕਤ ਕੀਤੀ ਤਾਂ ਉਸ ਨੂੰ ਮਿਟਾ ਕੇ ਮੁੜ ਗੁਫ਼ਾਵਾਂ ਵਿਚ ਭੇਜ ਦਿੱਤਾ ਜਾਵੇਗਾ।
ਅਫ਼ਗਾਨਿਸਤਾਨ ਦੱਖਣ ਏਸ਼ੀਆ, ਮੱਧ ਏਸ਼ੀਆ ਅਤੇ ਪੱਛਮੀ ਏਸ਼ੀਆ ਨੂੰ ਜੋੜਨ ਵਾਲਾ ਇਕ ਮਹੱਤਵਪੂਰਨ ਪੁਲ ਹੈ। ਇਸੇ ਕਰਕੇ ਖੇਤਰੀ ਸੰਪਰਕ, ਵਪਾਰ ਮਾਰਗਾਂ ਅਤੇ ਯੁੱਧਨੀਤਕ ਸੰਤੁਲਨ ’ਚ ਇਸ ਦੀ ਵਿਸ਼ੇਸ਼ ਭੂਮਿਕਾ ਹੈ। ਇਹੋ ਵਜ੍ਹਾ ਹੈ ਕਿ ਭਾਰਤ ਪਹਿਲਾਂ ਵਾਂਗ ਅਫ਼ਗਾਨਿਸਤਾਨ ਤੱਕ ਆਪਣੀ ਪਹੁੰਚ ਯਕੀਨੀ ਬਣਾਉਣੀ ਚਾਹੁੰਦਾ ਹੈ। ਸਾਲ 2021 ਵਿਚ ਜਦੋਂ ਤਾਲਿਬਾਨ ਸੱਤਾ ਵਿਚ ਆਇਆ ਸੀ ਤਾਂ ਇਸ ਨੂੰ ਪਾਕਿਸਤਾਨ ਲਈ ਬਿਹਤਰ ਸਥਿਤੀ ਮੰਨਿਆ ਗਿਆ ਸੀ ਪਰ ਭਾਰਤ ਨੇ ਦੂਰਦਰਸ਼ਿਤਾ ਵਿਖਾਉਂਦੇ ਹੋਏ ਤਾਲਿਬਾਨ ਨਾਲ ਸੀਮਤ ਸੰਵਾਦ ਰੱਖਿਆ ਅਤੇ ਪਹਿਲਾਂ ਵਾਂਗ ਅਫ਼ਗਾਨਿਸਤਾਨ ਨੂੰ ਮਾਨਵੀ ਸਹਾਇਤਾ ਜਾਰੀ ਰੱਖੀ। ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਵਧਦੇ ਕੂਟਨੀਤਕ ਸਬੰਧਾਂ ਤੇ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੀ ਫ਼ੌਜ ਦਰਮਿਆਨ ਡੁਰੰਡ ਰੇਖਾ ਨੇੜੇ ਭੀਸ਼ਣ ਸੰਘਰਸ਼ ਮਗਰੋਂ ਉਪਜੇ ਹਾਲਾਤ ਨੂੰ ਭਾਰਤ ਲਈ ਰਣਨੀਤਕ ਬੜ੍ਹਤ ਅਤੇ ਪਾਕਿਸਤਾਨ ਲਈ ਇਕ ਵੱਡੀ ਚੁਣੌਤੀ ਵਾਂਗ ਵੇਖਿਆ ਜਾ ਰਿਹਾ ਹੈ।
ਭਾਰਤ ਲਈ ਅਫ਼ਗਾਨਿਸਤਾਨ ਇਕ ਰਣਨੀਤਕ ਭਾਈਵਾਲ, ਸੁਰੱਖਿਆ ਅਤੇ ਸੰਪਰਕ ਮਾਰਗ, ਇਨ੍ਹਾਂ ਤਿੰਨਾਂ ਭੂਮਿਕਾਵਾਂ ’ਚ ਮਹੱਤਵਪੂਰਨ ਹੈ। ਦੱਖਣ ਅਤੇ ਪੂਰਬ ’ਚ ਅਫ਼ਗਾਨਿਸਤਾਨ ਦੀ ਸਰਹੱਦ ਪਾਕਿਸਤਾਨ ਨਾਲ, ਪੱਛਮ ’ਚ ਈਰਾਨ ਨਾਲ, ਉਤਰੀ ਸਰਹੱਦ ਮੱਧ ਏਸ਼ਆਈ ਦੇਸ਼ਾਂ ਤੁਰਕਮੇਨਿਸਤਾਨ, ਉਜ਼ਬੇਕਿਸਤਾਨ ਅਤੇ ਤਾਜਿਕਸਤਾਨ, ਉੱਤਰ-ਪੂਰਬ ’ਚ ਚੀਨ ਨਾਲ ਲੱਗਦੀ ਹੈ। ਤੁਰਮੇਨਿਸਤਾਨ ਅਤੇ ਈਰਾਨ, ਦੋਵਾਂ ਦੀਆਂ ਸਰਹੱਦਾਂ ਅਫ਼ਗਾਨਿਸਤਾਨ ਨਾਲ ਲੱਗਦੀਆਂ ਹਨ। ਇਹ ਅਜ਼ਰਬੇਜਾਨ ਦੀ ਸਰਹੱਦ ਦੇ ਵੀ ਕਰੀਬ ਹੈ।
ਭਾਰਤ ਦੀ ਸੁਰੱਖਿਆ ਲਈ ਪਾਕਿਸਤਾਨ, ਚੀਨ ਅਤੇ ਅਜ਼ਰਬੇਜਾਨ ਵੱਲੋਂ ਚੁਣੌਤੀਆਂ ਵਧੀਆਂ ਹਨ। ਇਸ ਤਰ੍ਹਾਂ ਇਨ੍ਹਾਂ ਦੇਸ਼ਾਂ ’ਤੇ ਰਣਨੀਤਕ ਬੜ੍ਹਤ ਲੈਣ ਲਈ ਭਾਰਤ ਦੇ ਅਫ਼ਗਾਨਿਸਤਾਨ ਨਾਲ ਬਿਹਤਰ ਸਬੰਧ ਅਤੇ ਪ੍ਰਭਾਵਸ਼ਾਲੀ ਭੂਮਿਕਾ ਹੋਣੀ ਜ਼ਰੂਰੀ ਹੈ। ਅਫ਼ਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਤਾਜਿਕਸਤਾਨ ਅਤੇ ਭਾਰਤ ਨਾਲ ਕੂਟਨੀਤਕ, ਆਰਥਿਕ ਤੇ ਰਣਨੀਤਕ ਸਬੰਧ ਹਨ। ਇਸ ਦੇ ਫਲਸਰੂਪ ਭਾਰਤ ਨੇ ਫਰਖੋਰ ਵਿਚ ਆਪਣਾ ਪਹਿਲਾ ਅੱਡਾ ਸਥਾਪਤ ਕੀਤਾ ਹੈ। ਇਹ ਚੀਨ ਤੇ ਪਾਕਿਸਤਾਨ ਦੇ ਕਰੀਬ ਹੈ। ਇਸ ਲਈ ਇਸ ਨੂੰ ਯੁੱਧਨੀਤਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਮੰਨਿਆ ਗਿਆ ਹੈ।
ਭਾਰਤ ਲਈ ਤਾਜਿਕਸਤਾਨ ਦੀ ਰਣਨੀਤਕ ਸਥਿਤੀ ਦਾ ਬੜਾ ਮਹੱਤਵ ਹੈ। ਇਹ ਭਾਰਤ, ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ’ਚ ਨਿਗਰਾਨੀ, ਸੁਰੱਖਿਆ ਭਾਈਵਾਲੀ ਅਤੇ ਫ਼ੌਜੀ ਮੌਜੂਦਗੀ ਦਾ ਮੌਕਾ ਦਿੰਦਾ ਹੈ। ਤਾਜਿਕਸਤਾਨ ਮੱਧ ਏਸ਼ੀਆ ਦੇ ਉਨ੍ਹਾਂ ਗਿਣੇ ਚੁਣੇ ਦੇਸ਼ਾਂ ਵਿੱਚੋਂ ਹੈ ਜਿਹੜੇ ਭਾਰਤ ਨਾਲ ਲਗਾਤਾਰ ਗੂੜ੍ਹੇ ਫ਼ੌਜੀ ਅਤੇ ਰਣਨੀਤਕ ਸਬੰਧ ਬਣਾ ਕੇ ਰੱਖ ਰਹੇ ਹਨ। ਭਾਰਤ ਲਈ ਇਹ ਦੇਸ਼ ਨਾ ਸਿਰਫ਼ ਊਰਜਾ ਤੇ ਵਪਾਰ ਦਾ ਪ੍ਰਵੇਸ਼ ਦੁਆਰ ਬਣ ਸਕਦਾ ਹੈ ਸਗੋਂ ਇਹ ਚੀਨ ਤੇ ਪਾਕਿਸਤਾਨ ਦੇ ਵਧਦੇ ਪ੍ਰਭਾਵ ਨੂੰ ਸੰਤੁਲਿਤ ਕਰਨ ’ਚ ਵੀ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਭਾਰਤ ਵੱਲੋਂ ਨਿਰਮਤ ਜਰਾਂਜ਼-ਦਿਲਾਰਾਮ ਉੱਚ ਮਾਰਗ ਅਫ਼ਗਾਨਿਸਤਾਨ ਨੂੰ ਈਰਾਨ ਦੇ ਚਾਬਹਾਰ ਬੰਦਰਗਾਹ ਨਾਲ ਜੋੜਦਾ ਹੈ ਜੋ ਭਾਰਤ ਨੂੰ ਮੱਧ ਏਸ਼ੀਆ ਤੱਕ ਪਹੁੰਚਣ ਦਾ ਬਦਲਵਾਂ ਮਾਰਗ ਪ੍ਰਦਾਨ ਕਰਦਾ ਹੈ। ਈਰਾਨ ਵਿਚ ਚਾਬਹਾਰ ਬੰਦਰਗਾਹ ਲਈ ਭਾਰਤ ਨੂੰ ਅਮਰੀਕਾ ਨੇ ਚਾਬਹਾਰ ਬੰਦਰਗਾਹ ਪ੍ਰਾਜੈਕਟ ’ਤੇ ਅਮਰੀਕੀ ਪਾਬੰਦੀਆਂ ਤੋਂ 6 ਮਹੀਨੇ ਦੀ ਛੋਟ ਦਿੱਤੀ ਹੈ। ਇਸ ਬੰਦਰਗਾਹ ਦੇ ਵਿਕਾਸ ਵਿਚ ਭਾਰਤ ਪ੍ਰਮੁੱਖ ਹਿੱਸੇਦਾਰ ਹੈ।
ਭਾਰਤ ਤੇ ਈਰਾਨ ਚਾਬਹਾਰ ਬੰਦਰਗਾਹ ਨੂੰ ਕੌਮਾਂਤਰੀ ਉੱਤਰ-ਦੱਖਣ ਆਵਾਜਾਈ ਲਾਂਘੇ ਦਾ ਅਨਿੱਖੜਵਾਂ ਅੰਗ ਬਣਾਉਣ ’ਤੇ ਜ਼ੋਰ ਦੇ ਰਹੇ ਹਨ। ਆਈਐੱਨਐੱਸਟੀਸੀ ਭਾਰਤ, ਈਰਾਨ, ਅਫ਼ਗਾਨਿਸਤਾਨ, ਰੂਸ, ਮੱਧ ਏਸ਼ੀਆ ਅਤੇ ਯੂਰਪ ਵਿਚ ਮਾਲ ਦੀ ਢੋਆ-ਢੁਆਈ ਲਈ 7200 ਕਿੱਲੋਮੀਟਰ ਲੰਬਾ ਵੱਖ-ਵੱਖ ਮਧਿਅਮਾਂ ਵਾਲਾ ਟਰਾਂਸਪੋਰਟ ਪ੍ਰਾਜੈਕਟ ਹੈ।ਚਾਬਹਾਰ ਪੱਤਣ ਪਾਕਿਸਤਾਨ-ਚੀਨ ਦੇ ਅਹਿਮ ਪ੍ਰਾਜੈਕਟ ਗਵਾਦਰ ਬੰਦਰਗਾਹ ਤੋਂ ਮਹਿਜ਼ 72 ਕਿੱਲੋਮੀਟਰ ਦੀ ਦੂਰੀ ’ਤੇ ਹੈ। ਇਸ ਰਾਹੀਂ ਭਾਰਤ ਪਾਕਿਸਤਾਨੀ ਸਰਹੱਦ ਵਿੱਚੋਂ ਲੰਘਣ ਤੋਂ ਬਿਨਾਂ ਸਮੁੰਦਰੀ ਮਾਰਗ ਰਾਹੀਂ ਅਫ਼ਗਾਨਿਸਤਾਨ ਪਹੁੰਚ ਸਕੇਗਾ।
ਚਾਬਹਾਰ ਤੋਂ ਭਾਰਤ ਦੀ ਪਹੁੰਚ ਕੌਮਾਂਤਰੀ ਉੱਤਰੀ-ਦੱਖਣੀ ਵਪਾਰਕ ਗਲਿਆਰੇ ਯੂਰਪ ਤੱਕ ਹੋ ਸਕਦੀ ਹੈ। ਭਾਰਤ ਲਈ ਇਹ ਵਪਾਰਕ ਮਾਰਗ ਨਹੀਂ ਸਗੋਂ ਰਣਨੀਤਕ, ਆਰਥਿਕ ਅਤੇ ਭੂ-ਰਾਜਨੀਤਕ ਮੌਕਾ ਹੈ। ਇਸ ਨਾਲ ਭਾਰਤ ਦੀ ਊਰਜਾ, ਵਪਾਰ ਤੇ ਵਿਸ਼ਵ ਸੰਪਰਕ ਸ਼ਕਤੀ ’ਚ ਵਾਧਾ ਹੋਵੇਗਾ ਅਤੇ ਉਹ ਚੀਨ ਦੇ ਪ੍ਰਭਾਵ ਨੂੰ ਸੰਤੁਲਿਤ ਕਰਨ ’ਚ ਕਾਮਯਾਬ ਹੋਵੇਗਾ। ਇਹ ਗਲਿਆਰਾ ਭਵਿੱਖ ’ਚ ਯੂਰਪ- ਏਸ਼ੀਆ ਦਰਮਿਆਨ ਇਕ ਬਦਲਵੀਂ ਵਪਾਰਕ ਧੁਰੀ ਬਣ ਜਾਵੇਗਾ। ਹੁਣ ਤੱਕ ਭਾਰਤ ਲਈ ਯੂਰਪ, ਮੱਧ ਏਸ਼ੀਆ ਤੇ ਪੱਛਮੀ ਏਸ਼ੀਆ ਨਾਲ ਸਮੁੰਦਰੀ ਵਪਾਰ ਕਰਨਾ ਬਹੁਤ ਮਹਿੰਗਾ ਸੀ।
ਚਾਬਹਾਰ ਬੰਦਰਗਾਹ ਬਣਨ ਨਾਲ ਯੂਰਪ ਤੱਕ ਪਹੁੰਚਣ ਦਾ ਮਾਰਗ ਵਰਤਮਾਨ ਦੇ ਸਮੁੰਦਰੀ ਮਾਰਗ ਤੋਂ ਕਰੀਬ 49 ਫ਼ੀਸਦੀ ਛੋਟਾ ਹੈ ਅਤੇ ਇਸ ਮਾਰਗ ਰਾਹੀਂ ਟਰਾਂਸਪੋਰਟ ਦੇ ਖ਼ਰਚੇ 30 ਫ਼ੀਸਦੀ ਘੱਟ ਆ ਸਕਦੇ ਹਨ। ਚਾਬਹਾਰ ਸਮਝੌਤੇ ਦੇ ਨਾਲ ਹਿੰਦ ਮਹਾਸਾਗਰ, ਅਰਬ ਸਾਗਰ ਤੇ ਫਾਰਸ ਦੀ ਖਾੜੀ ’ਚ ਸ਼ਕਤੀ ਸੰਤੁਲਨ ਵੀ ਸਥਾਪਤ ਹੋਵੇਗਾ ਜੋ ਚੀਨ ਦੇ ਪੱਖ ਵਿਚ ਝੁਕਿਆ ਦਿਸ ਰਿਹਾ ਸੀ।
ਤਾਲਿਬਾਨ ਨੇ ਪਾਕਿਸਤਾਨ ਦੀ ਫ਼ੌਜ ਦੀ ਧੌਂਸ ਮੰਨਣ ਤੋਂ ਨਾਂਹ ਕਰ ਦਿੱਤੀ ਜਿਸ ਦੀ ਵਜ੍ਹਾ ਕਰ ਕੇ ਉਸ ਦਾ ਰੱਖਿਆ ਮੰਤਰੀ ਧਮਕੀਆਂ ਦੇ ਰਿਹਾ ਹੈ। ਤਾਲਿਬਾਨ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਭਾਰਤ ਨਾਲ ਆਪਣੇ ਗੂੜ੍ਹੇ ਸਬੰਧਾਂ ਨੂੰ ਪਹਿਲ ਦਿੱਤੀ ਹੈ। ਓਥੇ ਹੀ ਭਾਰਤ ਨੇ ਅਫ਼ਗਾਨ ਸ਼ਰਨਾਰਥੀਆਂ, ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਯੋਗਦਾਨ ਦੇ ਕੇ ਉੱਥੋਂ ਦੇ ਲੋਕਾਂ ਵਿਚ ਨੇੜੇ ਦਾ ਰਿਸ਼ਤਾ ਬਣਾਇਆ ਹੈ ਜਿਹੜੇ ਸਹਿਯੋਗ ਤੇ ਸਥਿਰਤਾ ਲਈ ਢੁੱਕਵਾਂ ਮਾਹੌਲ ਬਣਾ ਰਹੇ ਹਨ।
ਭੂਗੋਲਿਕ ਤੌਰ ’ਤੇ ਅਫ਼ਗਾਨਿਸਤਾਨ ਦੀ ਸਥਿਤੀ ਪਾਕਿਸਤਾਨ, ਰੂਸ ਤੇ ਚੀਨ ਵਰਗੇ ਦੇਸ਼ਾਂ ਵਿਚਾਲੇ ਸੰਤੁਲਨ ਨੂੰ ਪ੍ਰਭਾਵਿਤ ਕਰਦੀ ਹੈ ਜੋ ਇਨ੍ਹਾਂ ਦੇਸ਼ਾਂ ਦੇ ਪ੍ਰਭਾਵ ਨੂੰ ਘੱਟ ਕਰੇਗੀ। ਫ਼ਿਲਹਾਲ ਭਾਰਤ ਨੇ ਵਿਹਾਰਕ ਕੂਟਨੀਤੀ ਅਪਣਾ ਕੇ ਅਫ਼ਗਾਨਿਸਤਾਨ ਨਾਲ ਸੰਵਾਦ ਤੇ ਮਾਨਵੀ ਸਹਾਇਤਾ ਦੇ ਰਸਤੇ ਖੁੱਲ੍ਹੇ ਰੱਖੇ ਹਨ ਤਾਂ ਕਿ ਉਹ ਆਪਣੇ ਰਾਜਨੀਤਕ ਹਿੱਤਾਂ ਦੀ ਰੱਖਿਆ ਕਰ ਸਕੇ, ਸੰਵਾਦ ਦੀ ਮਹੱਤਤਾ ਨੂੰ ਸਮਝੇ ਅਤੇ ਅਫ਼ਗਾਨ ਜਨਤਾ ਨੂੰ ਆਰਥਿਕ ਹਮਾਇਤ ਵੀ ਦਿੱਤੀ ਜਾਂਦੀ ਰਹੇ।
-ਮੁਖ਼ਤਾਰ ਗਿੱਲ
-ਸੰਪਰਕ : 98140 82217