ਉਣੱਤੀ ਮਾਰਚ 1849 ਨੂੰ ਕੁਟਲਨੀਤੀਆਂ ਤੇ ਧੱਕੇਸ਼ਾਹੀਆਂ ਨਾਲ ਮਹਾਰਾਜ ਦਲੀਪ ਸਿੰਘ ਨੂੰ ਲਾਹੌਰ ਦੇ ਸ਼ਾਹੀ ਤਖ਼ਤ ਤੋਂ ਉਤਾਰ ਕੇ ਅਤੇ ਭਾਈ ਮਹਾਰਾਜ ਸਿੰਘ ਨੂੰ ਕੈਦ ਕਰ ਕੇ ਜਲਾਵਤਨ ਕਰ ਦੇਣ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਗਵਰਨਰ ਡਲਹੌਜ਼ੀ ਨੇ ਇਹ ਦਾਅਵਾ ਕਰ ਦਿੱਤਾ ਸੀ ਕਿ ਰਾਜਨੀਤਕ ਪੱਖ ਤੋਂ ਸਿੱਖਾਂ ਦੀ ਹੋਂਦ ਖ਼ਤਮ ਕਰ ਦਿੱਤੀ ਗਈ ਹੈ। ਅੰਗਰੇਜ਼ ਸ਼ਾਸਕਾਂ ਨੂੰ ਇਹ ਨਹੀਂ ਸੀ ਪਤਾ ਕਿ ਤੱਤੀਆਂ ਤਵੀਆਂ ’ਤੇ ਬੈਠ ਕੇ, ਬੰਦ-ਬੰਦ ਕਟਵਾ ਕੇ, ਪੁੱਠੀਆਂ ਖੱਲਾਂ ਲੁਹਾ ਕੇ, ਚਰਖੜੀਆਂ ’ਤੇ ਚੜ੍ਹ ਕੇ ਵੀ ਸਰਬੱਤ ਦਾ ਭਲਾ ਮੰਗਣ ਵਾਲੀ ਇਹ ਕੌਮ ਇੰਜ ਦਾਅਵਿਆਂ ਨਾਲ ਖ਼ਤਮ ਹੋਣ ਵਾਲੀ ਨਹੀਂ।

-ਡਾ. ਲਖਵੀਰ ਸਿੰਘ ਨਾਮਧਾਰੀ
ਉਣੱਤੀ ਮਾਰਚ 1849 ਨੂੰ ਕੁਟਲਨੀਤੀਆਂ ਤੇ ਧੱਕੇਸ਼ਾਹੀਆਂ ਨਾਲ ਮਹਾਰਾਜ ਦਲੀਪ ਸਿੰਘ ਨੂੰ ਲਾਹੌਰ ਦੇ ਸ਼ਾਹੀ ਤਖ਼ਤ ਤੋਂ ਉਤਾਰ ਕੇ ਅਤੇ ਭਾਈ ਮਹਾਰਾਜ ਸਿੰਘ ਨੂੰ ਕੈਦ ਕਰ ਕੇ ਜਲਾਵਤਨ ਕਰ ਦੇਣ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਗਵਰਨਰ ਡਲਹੌਜ਼ੀ ਨੇ ਇਹ ਦਾਅਵਾ ਕਰ ਦਿੱਤਾ ਸੀ ਕਿ ਰਾਜਨੀਤਕ ਪੱਖ ਤੋਂ ਸਿੱਖਾਂ ਦੀ ਹੋਂਦ ਖ਼ਤਮ ਕਰ ਦਿੱਤੀ ਗਈ ਹੈ। ਅੰਗਰੇਜ਼ ਸ਼ਾਸਕਾਂ ਨੂੰ ਇਹ ਨਹੀਂ ਸੀ ਪਤਾ ਕਿ ਤੱਤੀਆਂ ਤਵੀਆਂ ’ਤੇ ਬੈਠ ਕੇ, ਬੰਦ-ਬੰਦ ਕਟਵਾ ਕੇ, ਪੁੱਠੀਆਂ ਖੱਲਾਂ ਲੁਹਾ ਕੇ, ਚਰਖੜੀਆਂ ’ਤੇ ਚੜ੍ਹ ਕੇ ਵੀ ਸਰਬੱਤ ਦਾ ਭਲਾ ਮੰਗਣ ਵਾਲੀ ਇਹ ਕੌਮ ਇੰਜ ਦਾਅਵਿਆਂ ਨਾਲ ਖ਼ਤਮ ਹੋਣ ਵਾਲੀ ਨਹੀਂ। ਗੁਰੂ ਨਾਨਕ ਦੇਵ ਜੀ ਦੀ ਸਰਬ-ਸਾਂਝੀਵਾਲਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸੂਰਬੀਰਤਾ ਦੀ ਫਿਲਾਸਫੀ ਅਤੇ ਸੱਭਿਆਚਾਰ ਵਿੱਚੋਂ ਅਣਖੀਲੇ ਯੋਧਿਆਂ ਨੇ ਅੰਗੜਾਈ ਲਈ।
ਈਸਟ ਇੰਡੀਆ ਕੰਪਨੀ ਦੀ ਅਗਵਾਈ ਕਰਨ ਵਾਲਾ ਵਪਾਰੀ ਬਣ ਕੇ ਆਇਆ ਲਾਰਡ ਲਕਾਈਂਵ ਭਾਵੇਂ 1757 ਈਸਵੀ ਵਿਚ ਬੰਗਾਲ ਦਾ ਗਵਰਨਰ ਬਣ ਗਿਆ ਸੀ ਪਰ ਕੋਈ ਵੀ ਅੰਗਰੇਜ਼ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਵੱਲ 92 ਸਾਲ ਦੇ ਲੰਬੇ ਅਰਸੇ ਤੱਕ ਵੀ ਤੱਕ ਨਾ ਸਕਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੇ 1849 ’ਚ ਅੰਗਰੇਜ਼ ਸਰਕਾਰ ਪੰਜਾਬੀਆਂ ਦੇ ਖ਼ਾਲਸਾ ਰਾਜ ’ਤੇ ਕਬਜ਼ਾ ਕਰਦੀ ਹੈ ਤਾਂ ਸਿਰਫ਼ 8 ਸਾਲ 14 ਦਿਨ ਬਾਅਦ ਹੀ ਮਹਾਰਾਜਾ ਰਣਜੀਤ ਸਿੰਘ ਦੀ ਖ਼ਾਲਸਾ ਫ਼ੌਜ ਦੇ ਉੱਘੇ ਜਰਨੈਲ, ਸਿੱਖ ਰਾਜ ਦੇ ਮਹਾਨ ਯੋਧੇ ਗੁਰੂ ਰਾਮ ਸਿੰਘ ਸਿੱਖ ਕੌਮ ਵਿਚ ਆਜ਼ਾਦੀ ਪ੍ਰਾਪਤੀ ਦੀ ਨਵੀਂ ਰੂਹ ਫੂਕਣ ਲਈ 12 ਅਪ੍ਰੈਲ 1857 ਨੂੰ ਬ੍ਰਿਟਿਸ਼ ਸਾਮਰਾਜ ਤੋਂ ਮੁਕਤੀ ਦਾ ਬਿਗੁਲ ਵਜਾ ਦਿੰਦੇ ਹਨ। ਮਲਕ ਭਾਗੋਆਂ, ਪੂੰਜੀਪਤੀਆਂ, ਬਸਤੀਵਾਦੀ ਗੋਰਿਆਂ ਵਿਰੁੱਧ ਜੇਹਾਦ ਛੇੜ ਕੇ ਕੂਕਾ ਅੰਦੋਲਨ ਦੀ ਨੀਂਹ ਰੱਖਣ ਵਾਲੇ ਇਸ ਮਹਾਨ ਸੂਰਬੀਰ ਨੂੰ ਸੁਤੰਤਰਤਾ ਸੰਗਰਾਮ ਦੇ ਮੋਢੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਪਿੰਡ ਭੈਣੀ ਸਾਹਿਬ, ਜ਼ਿਲ੍ਹਾ ਲੁਧਿਆਣਾ ਵਿਚ ਪਿਤਾ ਬਾਬਾ ਜੱਸਾ ਸਿੰਘ ਦੇ ਘਰ ਮਾਤਾ ਸਦਾ ਕੌਰ ਦੀ ਕੁੱਖੋਂ ਜਨਮੇ ਗੁਰੂ ਰਾਮ ਸਿੰਘ ਜੀ ਨੇ ਘੋੜ ਸਵਾਰ ਖ਼ਾਲਸਾ ਫ਼ੌਜ ਦੀ ਨੌਕਰੀ ਕਰਦਿਆਂ ਖ਼ਾਲਸਾ ਰਾਜ ਦੀ ਚੜ੍ਹਦੀ ਕਲਾ, ਮਹਾਰਾਜਾ ਦੇ ਸ਼ਾਹੀ ਪਰਿਵਾਰ ਵਿਚ ਕਤਲੇਆਮ ਅਤੇ ਸਿੱਖ ਰਾਜ ਦੇ ਗੁਲਾਮ ਹੋ ਜਾਣ ਦੀਆਂ ਤਵਾਰੀਖ਼ਾਂ ਨੂੰ ਅੱਖੀਂ ਵੇਖਿਆ ਸੀ। ਗੁਰੂ ਰਾਮ ਸਿੰਘ ਨੇ ਸਮਾਜ ਨੂੰ ਸਰਬਪੱਖਾਂ ਤੋਂ ਜਾਗਰੂਕ ਅਤੇ ਸੰਗਠਿਤ ਕਰਨ ਲਈ ਪੁਰਾਤਨ ਪੰਜਾਬ ਦੇ ਕੋਨੇ-ਕੋਨੇ ਵਿਚ ਵਸੀਹ ਪੈਮਾਨੇ ’ਤੇ ਗੁਰਮਤਿ ਦਾ ਪ੍ਰਚਾਰ ਕੀਤਾ। ਬ੍ਰਿਟਿਸ਼ ਸਰਕਾਰ ਗੁਰੂ ਰਾਮ ਸਿੰਘ ਦੀ ਵਧਦੀ ਲੋਕਪ੍ਰਿਯਤਾ ਦੇਖ ਕੇ ਚਿੰਤਤ ਸੀ। ਬਸਤੀਵਾਦੀ ਅੰਗਰੇਜ਼ਾਂ ਨੇ ਬਾਬਾ ਰਾਮ ਸਿੰਘ ਜੀ ਦੇ ਭੈਣੀ ਸਾਹਿਬ ਤੋਂ ਬਾਹਰ ਜਾਣ ਤੇ ਪ੍ਰਚਾਰ ਕਰਨ ’ਤੇ ਪਾਬੰਦੀ ਲਗਾ ਦਿੱਤੀ। ਆਪ ਨੇ ਕਸ਼ਮੀਰ ਵਿਚ ਸਰਦਾਰ ਹੀਰਾ ਸਿੰਘ ਸਢੌਰਾ ਦੀ ਕਮਾਨ ਹੇਠ ਕੂਕਾ ਪਲਟਨ ਕਾਇਮ ਕਰ ਦਿੱਤੀ।
ਸੂਬਾ ਬਿਸ਼ਨ ਸਿੰਘ ਅਤੇ ਸੂਬਾ ਕਾਹਨ ਸਿੰਘ ਨਿਹੰਗ ਨੂੰ ਦੇਸੀ ਰਿਆਸਤਾਂ ਦੇ ਰਾਜਿਆਂ ਅਤੇ ਸਰਹੱਦੀ ਸੂਬਿਆਂ ਨਾਲ ਰਾਬਤਾ ਕਾਇਮ ਕਰਨ ਲਈ ਰਾਜਦੂਤ ਨਿਯੁਕਤ ਕਰ ਦਿੱਤਾ। ਉਨ੍ਹਾਂ ਰੂਸ, ਕਸ਼ਮੀਰ, ਹੈਦਰਾਬਾਦ, ਲਖਨਊ ਅਤੇ ਨੇਪਾਲ ਦੇ ਰਾਜਿਆਂ ਨਾਲ ਭਾਰਤ ਦੀ ਆਜ਼ਾਦੀ ਅਤੇ ਖ਼ਾਲਸਾ ਰਾਜ ਨੂੰ ਮੁੜ ਸਥਾਪਤ ਕਰਨ ਦੀਆਂ ਵਿਚਾਰਾਂ ਆਰੰਭ ਕਰ ਦਿੱਤੀਆਂ ਅਤੇ ਸੂਬਾ ਗੁਰਚਰਨ ਸਿੰਘ, ਗੁਰੂ ਰਾਮ ਸਿੰਘ ਦਾ ਖ਼ਤ ਲੈ ਕੇ ਰੂਸ ਦਰਬਾਰ ਜਾ ਪਹੁੰਚਿਆ। ਸਮਾਜ ਵਿਚ ਗੁਰਸਿੱਖੀ ਪ੍ਰਚਾਰ ਦੇ ਨਾਲ-ਨਾਲ ਆਜ਼ਾਦੀ ਪ੍ਰਾਪਤੀ ਦੀਆਂ ਤਕਰੀਰਾਂ ਕਰਨ ਵਾਲੀ ਇਸ ਧਾਰਮਿਕ ਲਹਿਰ ਦੇ ਰਾਜਨੀਤਕ ਮਨਸੂਬੇ ਵੇਖ ਕੇ ਅੰਗਰੇਜ਼ ਸਰਕਾਰ ਬੁਖਲਾ ਗਈ। ਕੂਕਾ ਅੰਦੋਲਨ ਦੀ ਨਾ-ਮਿਲਵਰਤਨ ਲਹਿਰ ਕਾਰਨ ਅੰਗਰੇਜ਼ ਸਾਮਰਾਜ ਨੂੰ ਉਨ੍ਹਾਂ ਸਮਿਆਂ ਵਿਚ ਪਹਿਲੇ ਸਾਲ ਹੀ ਆਪਣੇ ਵਪਾਰ ਵਿਚ 83,92,000 ਰੁਪਏ ਦਾ ਵੱਡਾ ਘਾਟਾ ਪਿਆ। ਪੈ ਰਹੇ ਘਾਟੇ ਦੇ ਖੱਪਿਆਂ ਨੂੰ ਪੂਰਾ ਕਰਨ ਲਈ ਅੰਗਰੇਜ਼ ਸਰਕਾਰ ਨੇ ਖੇਤੀਬਾੜੀ ਦੀਆਂ ਫ਼ਸਲਾਂ, ਕਪਾਹ, ਪਟਸਨ, ਨੀਲ-ਚਾਹ ਤੋਂ ਬਾਅਦ ਮਾਸ ਦੇ ਵਪਾਰ ਨੂੰ ਫੈਲਾਉਣਾ ਸ਼ੁਰੂ ਕਰ ਦਿੱਤਾ। ਅੰਗਰੇਜ਼ ਅਧਿਕਾਰੀਆਂ ਨੇ ਗਊ ਮਾਸ ਵੇਚਣ ਦੇ ਨਿਯਮ ਵੀ ਈਜਾਦ ਕਰ ਦਿੱਤੇ ਅਤੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਗੇਟ ’ਤੇ ਗਵਰਨਰ ਹੈਨਰੀ ਲਾਰੈਂਸ ਦਾ 1847 ਈਸਵੀ ਦਾ ਤਾਂਬੇ ਦਾ ਲਾਇਆ ਉਹ ਪੱਤਰ ਵੀ ਲਾਹ ਦਿੱਤਾ ਜਿਸ ’ਤੇ ਲਿਖਿਆ ਹੋਇਆ ਸੀ- “ਕੋਈ ਵੀ ਆਦਮੀ ਦਰਬਾਰ ਸਾਹਿਬ ਅਤੇ ਗੁਰਦੁਆਰਿਆਂ ਅੰਦਰ ਜੁੱਤੀ ਪਾ ਕੇ ਨਹੀਂ ਜਾ ਸਕੇਗਾ ਅਤੇ ਪੰਜਾਬ ਵਿਚ ਗਊ ਬੱਧ ਦੀ ਮਨਾਹੀ ਹੈ।” ਅੰਗਰੇਜ਼ਾਂ ਵੱਲੋਂ ਲੋਕਾਂ ਨੂੰ ਬੁੱਚੜਖਾਨੇ ਖੋਲ੍ਹਣ ਲਈ ਮੁਫ਼ਤ ਜਗ੍ਹਾ, ਰਿਆਇਤਾਂ ਅਤੇ ਪੈਸੇ ਵੀ ਦਿੱਤੇ ਗਏ ਅਤੇ ਗਊ ਮਾਸ ਟੋਕਰੀਆਂ ਵਿਚ ਪਾ ਕੇ ਹੋਕੇ ਦੇ-ਦੇ ਗਲੀ-ਮੁਹੱਲਿਆਂ ਵਿਚ ਵਿਕਣ ਲੱਗਾ।
ਸਰਕਾਰ ਨੇ ਦਰਬਾਰ ਸਾਹਿਬ ਘੰਟਾ ਘਰ ਕੋਲ ਵੀ ਗਊ ਮਾਸ ਦੇ ਵਪਾਰ ਦਾ ਅੱਡਾ ਖੁਲ੍ਹਵਾ ਦਿੱਤਾ। ਗਊ ਮਾਸ ਦਾ ਖੁੱਲ੍ਹਾ ਵਪਾਰ ਕਰਨ ਲਈ ਮਲੇਰਕੋਟਲੇ ਵਿਚ ਵੱਡਾ ਕਾਰੋਬਾਰ ਸਥਾਪਤ ਕਰ ਦਿੱਤਾ ਗਿਆ ਜਿੱਥੋਂ ਮਾਸ ਦੀ ਸਪਲਾਈ ਦੂਸਰੇ ਰਾਜਾਂ ਨੂੰ ਵੀ ਹੁੰਦੀ। ਪੰਜਾਬ ਦੇ ਕਿਸਾਨਾਂ ਅਤੇ ਕਿਰਤੀਆਂ ਦਾ ਇਹ ਅੰਦੋਲਨ ਗਊ ਮਾਸ ਦੇ ਵਪਾਰ ਦਾ ਵਿਰੋਧੀ ਸੀ ਕਿਉਂਕਿ ਖੇਤੀਬਾੜੀ ਲਈ ਬਲਦ ਅਤੇ ਘਰ ਦੇ ਦੁੱਧ ਲਈ ਗਊ ਉਸ ਵਕਤ ਲੋਕਾਂ ਦੀ ਪ੍ਰਮੁੱਖ ਲੋੜ ਸੀ।
ਨਾਮਧਾਰੀਆਂ ਨੇ ਅੰਮ੍ਰਿਤਸਰ, ਰਾਏਕੋਟ ਅਤੇ ਮਲੇਰਕੋਟਲੇ ਦੀਆਂ ਗਊ ਕਤਲਗਾਹਾਂ ’ਤੇ ਹੱਲੇ ਬੋਲ ਦਿੱਤੇ। ਅੰਗਰੇਜ਼ ਨੂੰ ਵੀ ਮੌਕਾ ਮਿਲ ਗਿਆ। ਉਹ ਸ਼ਾਂਤਮਈ ਅਤੇ ਅਨੁਸ਼ਾਸਨ ਵਿਚ ਲੜੇ ਜਾ ਰਹੇ ਇਸ ਅੰਦੋਲਨ ’ਤੇ ਕਾਰਵਾਈ ਕਰਨ ਲਈ ਕੋਈ ਬਹਾਨਾ ਹੀ ਭਾਲਦਾ ਸੀ। ਬ੍ਰਿਟਿਸ਼ ਸਾਮਰਾਜ ਨੇ ਆਪਣੀਆਂ ਅੱਖਾਂ ਵਿਚ ਰੋੜਾਂ ਵਾਂਗ ਰੜਕਦੇ ਨਾਮਧਾਰੀਆਂ ਨੂੰ 15 ਜੁਲਾਈ 1871 ਈਸਵੀ ਨੂੰ ਰਾਏਕੋਟ ਵਿਖੇ, 15 ਸਤੰਬਰ 1871 ਨੂੰ ਅੰਮ੍ਰਿਤਸਰ ਵਿਖੇ ਅਤੇ 26 ਨਵੰਬਰ 1871 ਨੂੰ ਲੁਧਿਆਣਾ ਵਿਖੇ ਫਾਂਸੀਆਂ ’ਤੇ ਲਟਕਾ ਕੇ ਸ਼ਹੀਦ ਕਰ ਦਿੱਤਾ।
ਸਤਾਰਾਂ ਅਤੇ 18 ਜਨਵਰੀ 1872 ਨੂੰ ਮਲੇਰਕੋਟਲਾ ਵਿਖੇ ਅੰਗਰੇਜ਼ ਅਧਿਕਾਰੀ ਐੱਲ. ਕਾਵਨ ਨੇ 65 ਨਾਮਧਾਰੀ ਸਿੰਘਾਂ ਨੂੰ ਬਿਨਾਂ ਮੁਕੱਦਮਾ ਚਲਾਏ ਤੋਪਾਂ ਨਾਲ ਉਡਾ ਦਿੱਤਾ। ਛੋਟਾ ਬਾਲਕ ਬਿਸ਼ਨ ਸਿੰਘ ਜੋ ਅੰਗਰੇਜ਼ ਦੀ ਦਾੜ੍ਹੀ ਨੂੰ ਚਿੰਬੜ ਗਿਆ ਸੀ, ਉਸਦੇ ਤਲਵਾਰਾਂ ਨਾਲ ਟੋਟੇ-ਟੋਟੇ ਕਰ ਦਿੱਤੇ ਗਏ। ਇਸ ਸ਼ਹੀਦੀ ਸਾਕੇ ਵਿਚ ਅਣਖੀਲੇ ਸੂਰਬੀਰ ਯੋਧਿਆਂ ਨੇ ਆਪ ਹੱਸ-ਹੱਸ ਕੇ ਤੋਪਾਂ ਅੱਗੇ ਖੜ੍ਹੇ ਹੋ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪਿੰਡ ਮਹਿਰਾਜ (ਬਠਿੰਡਾ) ਦੇ ਸੂਰਬੀਰ ਵਰਿਆਮ ਸਿੰਘ ਦਾ ਕੱਦ ਮਧਰਾ ਸੀ। ਉਸ ਨੇ ਆਪਣੇ ਹੱਥੀਂ ਤੋਪ ਅੱਗੇ ਇੱਟਾਂ-ਰੋੜੇ ਰੱਖ ਕੇ ਤੋਪ ਦੇ ਮੂੰਹ ਦੇ ਬਰਾਬਰ ਹੋ ਕੇ ਸ਼ਹੀਦੀ ਪ੍ਰਾਪਤ ਕੀਤੀ। ਇਨ੍ਹਾਂ ਧੱਕੇਸ਼ਾਹੀਆਂ ਦੀ ਹਨੇਰੀ ਵਿਚ ਭੈਣੀ ਸਾਹਿਬ ਵਿਚ ਪੁਲਿਸ ਚੌਕੀ ਬੈਠਾ ਦਿੱਤੀ ਗਈ ਤੇ ਗੁਰੂ ਰਾਮ ਸਿੰਘ ਤੇ ਉਨ੍ਹਾਂ ਦੇ ਦੇਸ਼ ਭਗਤ ਸੂਬਿਆਂ ਨੂੰ ਗ੍ਰਿਫ਼ਤਾਰ ਕਰ ਕੇ ਦੇਸ਼ ਨਿਕਾਲਾ ਦੇ ਦਿੱਤਾ ਗਿਆ।
ਸੰਸਾਰ ਦੇ ਇਤਿਹਾਸ ਵਿਚ ਅਜਿਹੀ ਹੋਰ ਉਦਾਹਰਨ ਕਿਧਰੇ ਨਹੀਂ ਮਿਲਦੀ ਜਦੋਂ ਸੂਰਬੀਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਤੇ ਉਹ ਚਮੜੇ ਦੀ ਤੰਦੀ ਦੀ ਥਾਂ ਆਪਣੇ ਹੱਥੀਂ ਗਲਾਂ ਵਿਚ ਰੇਸ਼ਮੀ ਰੱਸੇ ਪਾ ਕੇ ਸ਼ਹੀਦੀਆਂ ਪ੍ਰਾਪਤ ਕਰਨ ਤੇ ਅਜਿਹੀ ਵੀ ਕੋਈ ਉਦਾਹਰਨ ਨਹੀਂ ਮਿਲਦੀ ਕਿ ‘ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਆਪ ਤੋਪਾਂ ਅੱਗੇ ਖੜ੍ਹਨ ਅਤੇ ਤੂੰਬਾ-ਤੂੰਬਾ ਹੋ ਕੇ ਉੱਡ ਜਾਣ।
ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਲੇਰਕੋਟਲਾ ਵਿਖੇ ਯਾਦਗਰੀ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ ਤੇ 66 ਸਿੰਘਾਂ ਨੂੰ ਸਮਰਪਿਤ 66 ਮੋਰੀਆਂ ਵਾਲਾ 66 ਫੁੱਟ ਉੱਚਾ ਸਟੀਲ ਦਾ ਖੰਡਾ ਇਨ੍ਹਾਂ ਸ਼ਹੀਦਾਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ । ਸਤਾਰਾਂ ਤੇ 18 ਜਨਵਰੀ ਨੂੰ ਕੂਕਾ ਅੰਦੋਲਨ ਦੇ ਇਨ੍ਹਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਦੇਸ਼ ਭਗਤਾਂ ਦੇ ਦਿਖਾਏ ਹੋਏ ਰਸਤਿਆਂ ’ਤੇ ਤੁਰੀਏ।
-ਮੋਬਾਈਲ : 98768-50680