ਬੀਐੱਸਐੱਫ ਦੇ ਕਰਮਚਾਰੀ ਪੰਜਾਬ ਵਿਚ ਰਾਵੀ, ਸਤਲੁਜ, ਬਿਆਸ ਨਦੀਆਂ, ਗੁਜਰਾਤ ਵਿਚ ਅਰਬ ਸਾਗਰ ਅਤੇ ਉੱਤਰ-ਪੂਰਬ ਵਿਚ ਬ੍ਰਹਮਪੁੱਤਰ, ਫਾਨੀ, ਜ਼ਾਂਜ਼ੀਬਾਰ ਅਤੇ ਤੀਸਤਾ ਨਦੀਆਂ ਦੇ ਨਾਲ-ਨਾਲ, ਮਨੀਪੁਰ ਅਤੇ ਨਕਸਲ-ਪ੍ਰਭਾਵਿਤ ਛੱਤੀਸਗੜ੍ਹ ਖੇਤਰ ’ਚ ਵੀ ਚੌਕਸ ਹਨ।

ਦੇਸ਼ ਦੇ ਬਟਵਾਰੇ ਤੇ ਭਾਰਤ-ਪਾਕਿਸਤਾਨ ਵਿਚਕਾਰ ਸਰਹੱਦਾਂ ਦੀ ਹੱਦਬੰਦੀ ਤੋਂ ਬਾਅਦ ਅਤੇ ਦੋਵਾਂ ਦੇਸ਼ਾਂ ਵਿਚਕਾਰ 1965 ਦੀ ਜੰਗ ਦੌਰਾਨ ਭਾਰਤੀ ਸਰਹੱਦ ਦੀ ਰਾਖੀ ਦੀ ਜ਼ਿੰਮੇਵਾਰੀ ਸਬੰਧਤ ਰਾਜ ਪੁਲਿਸ ‘ਤੇ ਆ ਗਈ ਸੀ। ਇਸ ਸਮੇਂ ਦੌਰਾਨ 9 ਅਪ੍ਰੈਲ 1965 ਨੂੰ ਪਾਕਿਸਤਾਨ ਨੇ ਕੱਛ ਦੇ ਰਣ (ਗੁਜਰਾਤ) ਵਿਚ ਸਰਦਾਰ ਪੋਸਟ, ਸ਼ਰ ਬੇਟ ਅਤੇ ਬੇਰੀ ਬੇਟ ਦੀਆਂ ਭਾਰਤੀ ਚੌਕੀਆਂ ’ਤੇ ਹਮਲਾ ਕਰ ਦਿੱਤਾ। ਦੁਸ਼ਮਣ ਫ਼ੌਜਾਂ ਨਾਲ ਸ਼ੁਰੂਆਤੀ ਮੁਕਾਬਲਾ ਸਬੰਧਤ ਰਾਜਾਂ ਦੇ ਸਰਹੱਦੀ ਪੁਲਿਸ ਬਲਾਂ ਨਾਲ ਹੋਇਆ। ਨਤੀਜੇ ਵਜੋਂ ਭਾਰਤ ਸਰਕਾਰ ਨੇ ਭਾਰਤੀ ਸਰਹੱਦ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇਕ ਵਿਸ਼ੇਸ਼ ਸਰਹੱਦੀ ਸੁਰੱਖਿਆ ਬਲ ਦੀ ਲੋੜ ਨੂੰ ਮਹਿਸੂਸ ਕੀਤਾ ਅਤੇ 1 ਦਸੰਬਰ 1965 ਨੂੰ ਬਾਰਡਰ ਸਕਿਉਰਿਟੀ ਫੋਰਸ (ਬੀਐੱਸਐੱਫ) ਦਾ ਗਠਨ ਕੀਤਾ। ਅੱਜ ਬੀਐੱਸਐੱਫ ਭਾਰਤ ਅਤੇ ਦੁਨੀਆ ਦੀ ਸਭ ਤੋਂ ਵੱਡੀ ਸਰਹੱਦੀ ਸੁਰੱਖਿਆ ਫੋਰਸ ਹੈ। ਇਸ ਦੇ ਪਹਿਲੇ ਡਾਇਰੈਕਟਰ ਜਨਰਲ ਕੇਐੱਫ ਰੁਸਤਮਜੀ ਆਈਪੀਐੱਸ ਸਨ। ਸੰਨ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਸਰਹੱਦ ਦੀ ਰੱਖਿਆ ਕਰਦੇ ਹੋਏ ਬੀਐੱਸਐੱਫ ਨੇ ਪਾਕਿਸਤਾਨੀ ਫ਼ੌਜਾਂ ਨੂੰ ਇਕ ਝਟਕਾ ਦਿੱਤਾ ਜਿਸ ਨਾਲ ਪਾਕਿਸਤਾਨ ਡਰ ਗਿਆ। ਇਸ ਤੋਂ ਇਲਾਵਾ ਰਾਜਸਥਾਨ ਵਿਚ ਬੀਓਪੀ ਲੌਂਗੇਵਾਲਾ ਦੀ ਮਸ਼ਹੂਰ ਲੜਾਈ ਵਿਚ ਬਹਾਦਰ ਬੀਐੱਸਐੱਫ ਜਵਾਨਾਂ ਨੇ ਭਾਰਤੀ ਫ਼ੌਜ ਨਾਲ ਮਿਲ ਕੇ ਪਾਕਿਸਤਾਨੀ ਫ਼ੌਜਾਂ ਦੇ ਛੱਕੇ ਛੁਡਾ ਦਿੱਤੇ ਸਨ। ਇਸ ਜੰਗ ਬਾਰੇ ਇਕ ਬਹੁਤ ਮਸ਼ਹੂਰ ਫਿਲਮ ਵੀ ਬਣਾਈ ਗਈ ਸੀ। ਵਰਤਮਾਨ ਵਿਚ ਬੀਐੱਸਐੱਫ ਦੇ ਪੁਰਸ਼ ਅਤੇ ਮਹਿਲਾ ਜਵਾਨ ਦੇਸ਼ ਦੀਆਂ ਸਰਹੱਦਾਂ ‘ਤੇ ਰਾਸ਼ਟਰ ਵਿਰੋਧੀ ਤੱਤਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਰਹੇ ਹਨ। ਉਹ ਭਾਰਤ-ਪਾਕਿਸਤਾਨ ਸਰਹੱਦ (ਲਗਪਗ 3,323 ਕਿੱਲੋਮੀਟਰ) ਅਤੇ ਭਾਰਤ-ਬੰਗਲਾਦੇਸ਼ ਸਰਹੱਦ (4,096 ਕਿੱਲੋਮੀਟਰ) ਦੀ ਰੱਖਿਆ ਕਰਦੇ ਹਨ। ਬੀਐੱਸਐੱਫ ਦੇ ਕਰਮਚਾਰੀ ਪੰਜਾਬ ਵਿਚ ਰਾਵੀ, ਸਤਲੁਜ, ਬਿਆਸ ਨਦੀਆਂ, ਗੁਜਰਾਤ ਵਿਚ ਅਰਬ ਸਾਗਰ ਅਤੇ ਉੱਤਰ-ਪੂਰਬ ਵਿਚ ਬ੍ਰਹਮਪੁੱਤਰ, ਫਾਨੀ, ਜ਼ਾਂਜ਼ੀਬਾਰ ਅਤੇ ਤੀਸਤਾ ਨਦੀਆਂ ਦੇ ਨਾਲ-ਨਾਲ, ਮਨੀਪੁਰ ਅਤੇ ਨਕਸਲ-ਪ੍ਰਭਾਵਿਤ ਛੱਤੀਸਗੜ੍ਹ ਖੇਤਰ ’ਚ ਵੀ ਚੌਕਸ ਹਨ। ਸੀਮਾ ਸੁਰੱਖਿਆ ਬਲ ਨੂੰ ਦੇਸ਼ ਭਰ ਵਿਚ ਤਿੰਨ ਕਮਾਂਡਾਂ ਵਿਚ ਵੰਡਿਆ ਗਿਆ ਹੈ : ਕੋਲਕਾਤਾ ਵਿਚ ਪੂਰਬੀ ਕਮਾਂਡ, ਚੰਡੀਗੜ੍ਹ ਵਿਚ ਪੱਛਮੀ ਕਮਾਂਡ ਅਤੇ ਛੱਤੀਸਗੜ੍ਹ ਵਿਚ ਏਐੱਨਓ ਕਮਾਂਡ ਸੈਂਟਰ ਜੋ ਨਕਸਲਵਾਦ ਦਾ ਮੁਕਾਬਲਾ ਕਰਨ ਲਈ ਬਣਾਈ ਗਈ ਹੈ। ਇਸ ਤੋਂ ਇਲਾਵਾ ਬੀਐੱਸਐੱਫ ਦੇ ਦੇਸ਼ ਭਰ ਵਿਚ 13 ਫਰੰਟੀਅਰ ਹਨ। ਆਧੁਨਿਕ ਹਥਿਆਰਾਂ ਤੋਂ ਇਲਾਵਾ ਬੀਐੱਸਐੱਫ ਦੇ ਕਰਮਚਾਰੀ ਇਕ ਹਵਾਈ ਵਿੰਗ ਦੀ ਵੀ ਵਰਤੋਂ ਕਰਦੇ ਹਨ ਜਿਸ ਵਿਚ ਹੈਲੀਕਾਪਟਰ, ਹਵਾਈ ਕਾਫ਼ਲੇ, ਸਮੁੰਦਰੀ ਅਤੇ ਪਾਣੀ ਦੀ ਗਸ਼ਤ ਲਈ ਸਪੀਡ ਬੋਟ, ਪੰਜਾਬ ਸਰਹੱਦ ‘ਤੇ ਘੋੜੇ, ਮਾਰੂਥਲ ਡਿਊਟੀ ਲਈ ਊਠ ਅਤੇ ਖੋਜੀ ਕੁੱਤੇ ਸ਼ਾਮਲ ਹਨ।
ਬੀਐੱਸਐੱਫ ਕੋਲ ਦੰਗਾ ਵਿਰੋਧੀ ਸੁਰੱਖਿਆ ਬਲ ਲਈ ਇਕ ਟੀਅਰ ਸਮੋਕ ਯੂਨਿਟ (ਟੀਐੱਸਯੂ) ਹੈ ਜੋ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਪੁਲਿਸ ਬਲਾਂ ਦੇ ਨਾਲ-ਨਾਲ ਵੱਖ-ਵੱਖ ਏਸ਼ਿਆਈ ਦੇਸ਼ਾਂ ਦੀਆਂ ਫ਼ੌਜਾਂ ਨੂੰ ਅੱਥਰੂ ਗੈਸ ਦੇ ਗੋਲੇ ਅਤੇ ਅੱਥਰੂ ਗੈਸ ਉਪਕਰਨ ਪ੍ਰਦਾਨ ਕਰਨ ਵਿਚ ਮੋਹਰੀ ਹੈ। ਇਸ ਤੋਂ ਇਲਾਵਾ ਬੀਐੱਸਐੱਫ ਕੋਲ ਟੇਕਨਪੁਰ ਵਿਚ ਕੁੱਤਿਆਂ ਦੀ ਸਿਖਲਾਈ ਲਈ ਇਕ ਵਿਸ਼ੇਸ਼ ਸਿਖਲਾਈ ਕੇਂਦਰ ਹੈ ਜਿੱਥੇ ਦੇਸ਼ ਦੇ ਸਾਰੇ ਕੇਂਦਰੀ ਤੇ ਰਾਜ ਪੁਲਿਸ ਬਲਾਂ ਦੇ ਵੱਖ-ਵੱਖ ਨਸਲਾਂ ਦੇ ਕੁੱਤਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਸੀਮਾ ਸੁਰੱਖਿਆ ਬਲ 2014 ਤੋਂ ਆਪਣੇ-ਆਪ ਨੂੰ ਆਧੁਨਿਕ ਬਣਾ ਰਿਹਾ ਹੈ। ਬੀਐੱਸਐੱਫ ਨੇ ਇਨਫਰਾ-ਰੈੱਡ, ਥਰਮਲ ਇਮੇਜਰ, ਹਵਾਈ ਨਿਗਰਾਨੀ ਲਈ ਏਅਰਸੈਟ, ਸਮੁੰਦਰੀ ਸਰਹੱਦ ਸੁਰੱਖਿਆ ਲਈ ਸੋਨਾਰ ਸਿਸਟਮ, ਜ਼ਮੀਨੀ ਸੈਂਸਰ, ਵੱਖ-ਵੱਖ ਲੇਜ਼ਰ ਸਿਸਟਮ ਅਤੇ ਘੁਸਪੈਠ ਦਾ ਪਤਾ ਲਗਾਉਣ ਲਈ ਡਰੋਨ ਤਾਇਨਾਤ ਕੀਤੇ ਹਨ। ਖੇਡਾਂ ਤੇ ਬਹਾਦਰੀ ’ਚ ਸ਼ਲਾਘਾਯੋਗ ਯੋਗਦਾਨ ਲਈ ਬੀਐੱਸਐੱਫ ਦੇ ਜਵਾਨਾਂ ਨੂੰ ਮਹਾਵੀਰ ਚੱਕਰ, ਵੀਰ ਚੱਕਰ, ਦਰੋਣਾਚਾਰੀਆ ਪੁਰਸਕਾਰ, ਅਰਜੁਨ ਪੁਰਸਕਾਰ, ਸ਼ੌਰਿਆ ਚੱਕਰ, ਪਦਮ ਭੂਸ਼ਣ, ਕੀਰਤੀ ਚੱਕਰ, ਬਹਾਦਰੀ ਮੈਡਲ ਤੇ ਡਾਇਰੈਕਟਰ ਜਨਰਲ ਸਟਾਰ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਪਿਛਲੇ ਸਮੇਂ ਵਿਚ ਬੀਐੱਸਐੱਫ ਨੇ ਪੰਜਾਬ, ਜੰਮੂ ਅਤੇ ਕਸ਼ਮੀਰ, ਬੰਗਾਲ, ਮਨੀਪੁਰ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਅਸਾਮ ਅਤੇ ਹੋਰ ਰਾਜਾਂ ਵਿਚ ਅੱਤਵਾਦ ਦਾ ਖ਼ਾਤਮਾ ਕੀਤਾ ਹੈ। ਇਸ ਤੋਂ ਇਲਾਵਾ ਇਸ ਸਾਲ ਜੰਮੂ ਤੇ ਕਸ਼ਮੀਰ ’ਚ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿਚ ਕੀਤੇ ਗਏ ਆਪ੍ਰੇਸ਼ਨ ਸਿੰਧੂਰ ਤੇ ਪੰਜਾਬ ਵਿਚ ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਕਾਰਨ ਆਏ ਹੜ੍ਹਾਂ ਦੌਰਾਨ ਬੀਐੱਸਐੱਫ ਦੇ ਜਵਾਨ ਸਭ ਤੋਂ ਅੱਗੇ ਸਨ। ਆਪ੍ਰੇਸ਼ਨ ਸਿੰਧੂਰ ਦੌਰਾਨ 18 ਬੀਐੱਸਐੱਫ ਜਵਾਨਾਂ ਨੂੰ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਜਿਸ ਵਿਚ ਦੋ ਵੀਰ ਚੱਕਰ ਵੀ ਸ਼ਾਮਲ ਹਨ। ਬੀਐੱਸਐੱਫ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਦੇ ਮਾਲਕ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਮੈਡੀਕਲ ਕੈਂਪ ਲਗਾਉਣ, ਵਿਦਿਆਰਥੀਆਂ ਨੂੰ ਕਾਪੀਆਂ, ਕਿਤਾਬਾਂ ਅਤੇ ਹੋਰ ਸਮੱਗਰੀ ਪ੍ਰਦਾਨ ਕਰਨ, ਸਮੇਂ-ਸਮੇਂ ’ਤੇ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਸਰਹੱਦੀ ਖੇਤਰ ਦੇ ਲੋਕਾਂ ਨੂੰ ਭਰਤੀ ਲਈ ਨੌਜਵਾਨਾਂ ਨੂੰ ਸਿਖਲਾਈ, ਖੇਡ ਕਿੱਟਾਂ ਆਦਿ ਦੇਣ ’ਚ ਤਤਪਰ ਰਹੀ ਹੈ।
ਬੀਐੱਸਐੱਫ ਸਥਾਪਨਾ ਦਿਵਸ ਹਰ ਸਾਲ ਦਿੱਲੀ ਦੇ ਛਾਵਲਾ ਕੈਂਪ ਵਿਚ ਮਨਾਇਆ ਜਾਂਦਾ ਹੈ ਜਿੱਥੇ ਦੇਸ਼ ਭਰ ਦੇ ਬੀਐੱਸਐੱਫ ਫਰੰਟੀਅਰ ਸੈਨਿਕ ਪਰੇਡਾਂ ਅਤੇ ਹੋਰ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ। ਹਾਲਾਂਕਿ 2021 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 2021 ਵਿਚ ਅੰਮ੍ਰਿਤਸਰ, 2022 ਵਿਚ ਹਜ਼ਾਰੀਬਾਗ ਅਤੇ 2023 ਵਿਚ ਜੋਧਪੁਰ ਵਿਚ ਬੀਐੱਸਐੱਫ ਸਥਾਪਨਾ ਦਿਵਸ ਮਨਾਇਆ ਹੈ। ਇਸ ਸਾਲ 60ਵਾਂ ਸਥਾਪਨਾ ਦਿਵਸ ਪਹਿਲੀ ਵਾਰ 21 ਨਵੰਬਰ ਨੂੰ ਗੁਜਰਾਤ ਦੇ ਭੁਜ ਵਿਚ ਮਨਾਇਆ ਜਾ ਰਿਹਾ ਹੈ। ਇਸ ਸਿਲਸਿਲੇ ਵਿਚ 15 ਨਵੰਬਰ ਨੂੰ ਬੀਐੱਸਐੱਫ ਨੇ ਜੰਮੂ ਫਰੰਟੀਅਰ ਤੋਂ 1,442 ਕਿੱਲੋਮੀਟਰ ਦੀ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਜਿਸ ਦਾ ਉਦੇਸ਼ ਨਸ਼ੀਲੇ ਪਦਾਰਥਾਂ ਨੂੰ ਖ਼ਤਮ ਕਰਨਾ, ਆਪਸੀ ਭਾਈਚਾਰਾ ਵਧਾਉਣਾ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣਾ ਸੀ। ਇਸ ਮੋਟਰਸਾਈਕਲ ਰੈਲੀ ਨੂੰ ਬੀਐੱਸਐੱਫ ਦੇ ਡਾਇਰੈਕਟਰ ਜਨਰਲ ਦਿਲਜੀਤ ਸਿੰਘ ਚੌਧਰੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬੀਐੱਸਐੱਫ ਦਾ 60ਵਾਂ ਸਥਾਪਨਾ ਦਿਵਸ ਦੇਸ਼ ਭਰ ਦੀਆਂ ਸਰਹੱਦਾਂ ’ਤੇ ਤਾਇਨਾਤ ਬੀਐੱਸਐੱਫ ਜਵਾਨਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਬੀਐੱਸਐੱਫ 21 ਨਵੰਬਰ ਨੂੰ ਊਠਾਂ, ਮੋਟਰਸਾਈਕਲਾਂ ਅਤੇ ਹੈਲੀਕਾਪਟਰਾਂ ਤੋਂ ਇਲਾਵਾ ਵੱਖ-ਵੱਖ ਝਾਕੀਆਂ ਰਾਹੀਂ ਸ਼ਾਨਦਾਰ ਪਰੇਡ ਅਤੇ ਸਟੰਟ ਦਿਖਾਵੇਗੀ। ਰਾਸ਼ਟਰੀ ਪੱਧਰ ਦੇ ਸਥਾਪਨਾ ਦਿਵਸ ਸਮਾਰੋਹ ਲਈ ਗੁਜਰਾਤ ਦੇ ਭੁਜ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤਿਆਰੀਆਂ ਚੱਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਕ ਬੀਐੱਸਐੱਫ ਕਾਂਸਟੇਬਲ ਨੂੰ ਹੈੱਡ ਕਾਂਸਟੇਬਲ ਬਣਨ ਲਈ 18 ਤੋਂ 20 ਸਾਲ ਲੱਗਦੇ ਹਨ। ਬੀਐੱਸਐੱਫ ਅਧਿਕਾਰੀਆਂ ਦੀ ਸਥਿਤੀ ਵੀ ਕੁਝ ਅਜਿਹੀ ਹੀ ਹੈ। ਦੇਸ਼ ਦੇ ਰੱਖਿਅਕ ਬੀਐੱਸਐੱਫ ਜਵਾਨਾਂ ਤੇ ਅਧਿਕਾਰੀਆਂ ਦੇ ਪਰਿਵਾਰਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਹੱਦਾਂ ਦੇ ਰਾਖਿਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਜਲਦ ਤਰੱਕੀ ਦਾ ਤੋਹਫ਼ਾ ਦਿੱਤਾ ਜਾਵੇ।
-ਮਹਿੰਦਰ ਸਿੰਘ ਅਰਲੀਭੰਨ
-ਮੋਬਾਈਲ : 98159-12912