ਪੰਜਤਾਲੀ ਸਾਲਾਂ ਤੋਂ ਤਾਨਾਸ਼ਾਹ ਰਹੇ ਖ਼ੋਮੇਨੀ ਦੇ ਪੋਸਟਰਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਸ ਤੋਂ ਨੌਜਵਾਨ ਕੁੜੀਆਂ ਸਿਗਰਟਾਂ ਸੁਲਗਾਉਂਦੀਆਂ ਨਜ਼ਰ ਆਉਂਦੀਆਂ ਹਨ। ਇਸ ਤੋਂ ਇਲਾਵਾ, ਕੁੜੀਆਂ ਆਪਣੇ ਹਿਜਾਬ/ਬੁਰਕੇ ਲਾਹ ਕੇ ਥਾਂ-ਥਾਂ ਬਲ਼ ਰਹੇ ਭਾਂਬੜਾਂ ਵਿਚ ਸੁੱਟ ਰਹੀਆਂ ਹਨ।

ਪ੍ਰਾਚੀਨ ਕਾਲ ’ਚ ਪਰਸ਼ੀਆ (ਫ਼ਾਰਸ) ਦੇ ਨਾਂ ਨਾਲ ਜਾਣੇ ਜਾਂਦੇ ਈਰਾਨ ਦੀ ਤਵਾਰੀਖ਼ ਹਜ਼ਾਰਾਂ ਸਾਲ ਪੁਰਾਣੀ ਹੈ। ਇਹ ਉਹ ਮਹਾਨ ਧਰਤੀ ਹੈ ਜਿੱਥੇ ਪਰਸ਼ੀਆ ਦੇ ਆਲੀਸ਼ਾਨ ਮਹਿਲਾਂ ਤੇ ਹੋਰ ਵਿਰਾਸਤੀ ਇਮਾਰਤਾਂ ਦੇ ਖੰਡਰਾਤ ਅੱਜ ਵੀ ਸਾਇਰਸ ਦੀਆਂ ਅਦਲ-ਇਨਸਾਫ਼ ਦੀਆਂ ਬਾਤਾਂ ਪਾਉਂਦੇ ਹਨ।
ਇਹ ਇਕ ਦੇਸ਼ ਨਹੀਂ ਬਲਕਿ ਮਾਨਵਤਾ ਦੇ ਇਤਿਹਾਸ ਦਾ ਉਹ ਗੁਲਦਸਤਾ ਹੈ ਜਿਸ ਦੀ ਮਹਿਕ ਸਦੀਆਂ ਤੱਕ ਦੁਨੀਆ ਨੂੰ ਸਰਸ਼ਾਰ ਕਰਦੀ ਰਹੀ ਹੈ। ਇੱਥੋਂ ਦੀ ਫ਼ਿਜ਼ਾ ਵਿਚ ਹਾਫ਼ਿਜ਼ ਦੀਆਂ ਗ਼ਜ਼ਲਾਂ, ਰੂਮੀ ਦੇ ਇਸ਼ਕ-ਏ-ਹਕੀਕੀ ਦਾ ਨੂਰ ਅਤੇ ਫ਼ਿਰਦੌਸੀ ਵਰਗੇ ਕਵੀਆਂ ਦਾ ਕਲਾਮ ਮਾਖਿਓਂ ਘੋਲਦਾ ਹੈ। ਮੱਕੇ-ਮਦੀਨੇ ਦੀ ਉਦਾਸੀ ਤੋਂ ਬਾਅਦ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਧਰਤੀ ਨੂੰ ਭਾਗ ਲਗਾਏ ਸਨ। ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਫ਼ਾਰਸੀ ਨੇ ਸਾਡੀ ਬੋਲੀ ’ਤੇ ਡੂੰਘਾ ਪ੍ਰਭਾਵ ਪਾਇਆ ਹੈ। ਫ਼ਾਰਸੀ ਦੇ ਸੈਂਕੜੇ ਸ਼ਬਦ ਪੰਜਾਬੀ ਵਿਚ ਖੰਡ-ਮਿਸ਼ਰੀ ਵਾਂਗ ਘੁਲੇ ਮਿਲਦੇ ਹਨ। ਇੱਥੋਂ ਤੱਕ ਕਿ ਕਿੱਸਾ ਕਾਵਿ ਦੀ ਪਰੰਪਰਾ ਵੀ ਈਰਾਨੀ ਪ੍ਰਭਾਵ ਤੋਂ ਆਈ ਹੈ।
ਲੰਬੇ ਸਮੇਂ ਤੋਂ ਈਰਾਨ ਵਿਚ ਸਿਆਸੀ ਤੇ ਸਮਾਜਿਕ ਉਥਲ-ਪੁਥਲ ਨੇ ਇਸ ਦੇਸ਼ ਦਾ ਬੇਹੱਦ ਨੁਕਸਾਨ ਕੀਤਾ ਹੈ। ਇੱਥੋਂ ਦੇ ਬਾਗ਼-ਬਗੀਚਿਆਂ ’ਚ ਜਿੱਥੇ ਬੁਲਬੁਲਾਂ ਦੇ ਮਿੱਠੇ ਨਗ਼ਮੇ ਸੁਣਾਈ ਦਿੰਦੇ ਸਨ, ਅੱਜ ਉੱਥੇ ਦਹਿਸ਼ਤ ਤੇ ਵਹਿਸ਼ਤ ਦੇ ਵਾਵਰੋਲੇ ਉੱਠ ਰਹੇ ਹਨ। ਸਦੀਆਂ ਤੋਂ ਬਾਹੂਬਲੀ ਅਤੇ ਸਾਮਰਾਜੀ ਤਾਕਤਾਂ ਈਰਾਨ ਦੀ ਜਰਖ਼ੇਜ਼ ਧਰਤੀ ਨੂੰ ਮਧੋਲਦੀਆਂ ਆਈਆਂ ਹਨ। ਪਿਛਲੇ ਕੁਝ ਦਹਾਕਿਆਂ ਤੋਂ ਇਸ ਦੇ ਆਪਣੇ ਜਾਇਆਂ ਨੇ ਵੀ ਇਸ ਦੇ ਆਰਥਿਕ ਤੇ ਸੱਭਿਆਚਾਰਕ ਢਾਂਚੇ ਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਸੰਨ 1979 ਦੀ ਕ੍ਰਾਂਤੀ ਤੋਂ ਬਾਅਦ ਈਰਾਨ ਇਕ ਇਸਲਾਮੀ ਗਣਰਾਜ ਬਣ ਗਿਆ ਸੀ।
ਇਹ ਕ੍ਰਾਂਤੀ ਈਰਾਨੀਆਂ ਲਈ ਸਭ ਤੋਂ ਵੱਡੀ ਭ੍ਰਾਂਤੀ ਸਾਬਿਤ ਹੋਈ। ਈਰਾਨ ਵਿਚ ਪਹਿਲਵੀ ਖ਼ਾਨਦਾਨ ਦੇ 54 ਸਾਲਾਂ ਦੇ ਰਾਜ ਤੋਂ ਅਵਾਮ ਅੱਕ-ਥੱਕ ਚੁੱਕਾ ਸੀ। ਸੈਨਿਕ ਅਧਿਕਾਰੀ ਰਜ਼ਾ ਖ਼ਾਨ ਪਹਿਲਵੀ ਨੇ 1921 ਵਿਚ ਤਖ਼ਤਾਪਲਟ ਕੀਤਾ ਤੇ 1925 ਵਿਚ ਖ਼ੁਦ ਨੂੰ ‘ਸ਼ਾਹ’ ਐਲਾਨਿਆ ਸੀ। ਦੂਜੀ ਆਲਮੀ ਜੰਗ ਦੌਰਾਨ 1941 ਵਿਚ ਬ੍ਰਿਟਿਸ਼ ਤੇ ਸੋਵੀਅਤ ਫ਼ੌਜਾਂ ਨੇ ਉਸ ਨੂੰ ਇਸ ਲਈ ਗੱਦੀ ਛੱਡਣ ਲਈ ਮਜਬੂਰ ਕੀਤਾ ਕਿਉਂਕਿ ਉਸ ਦਾ ਝੁਕਾਅ ਜਰਮਨੀ ਵੱਲ ਸੀ। ਆਪਣੇ ਪਿਤਾ ਤੋਂ ਬਾਅਦ ਮੁਹੰਮਦ ਰਜ਼ਾ ਸ਼ਾਹ ਪਹਿਲਵੀ 21 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ।
ਪਿਓ-ਪੁੱਤਾਂ ਦੇ ਰਾਜਕਾਲ ਦੌਰਾਨ ਈਰਾਨ ਨੇ ਅਣਗਿਣਤ ਸਮਾਜਿਕ ਤੇ ਆਰਥਿਕ ਸੁਧਾਰ ਕੀਤੇ। ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਵੀ ਮਿਲਿਆ। ਸੰਨ 1953 ਵਿਚ ਅਮਰੀਕਾ (ਸੀਆਈਏ) ਦੀ ਇਮਦਾਦ ਨਾਲ ਉਸ ਨੇ ਮੁੜ ਸੱਤਾ ਸੰਭਾਲੀ। ਸੰਨ 1979 ਦੀ ‘ਇਸਲਾਮਿਕ ਕ੍ਰਾਂਤੀ’ ਕਾਰਨ ਉਸ ਨੂੰ ਗੱਦੀ ਹੀ ਨਹੀਂ ਸਗੋਂ ਦੇਸ਼ ਵੀ ਛੱਡਣਾ ਪਿਆ ਸੀ। ਕੱਟੜਪੰਥੀ ਆਇਤੁੱਲਾ ਖ਼ੋਮੇਨੀ ਅਵਾਮ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਸੀ। ਰਾਜਾਸ਼ਾਹੀ ਦਾ ਅੰਤ ਹੋਇਆ। ਈਰਾਨ ਦਾ ਮਹਾਨ ਨਾਇਕ ਅੱਜ ਸਭ ਤੋਂ ਵੱਡਾ ਖਲਨਾਇਕ ਬਣ ਕੇ ਉੱਭਰਿਆ ਹੈ? ਕਰੇਨਾਂ ਨਿਰਮਾਣ ਦੀ ਬਜਾਏ ਪ੍ਰਦਰਸ਼ਨਕਾਰੀਆਂ ਨੂੰ ਫਾਹੇ ਲਾਉਣ ਲਈ ਵਰਤੀਆਂ ਜਾ ਰਹੀਆਂ ਹਨ।
ਇਨ੍ਹਾਂ ਦੀਆਂ ਹੁੱਕਾਂ ਨਾਲ ਹਵਾ ਵਿਚ ਲਟਕਦੇ ‘ਖ਼ੁਦਾ ਦੇ ਦੁਸ਼ਮਣ’ ਖ਼ੌਫ਼ ਪੈਦਾ ਕਰ ਰਹੇ ਹਨ। ਚੀਨ ਤੋਂ ਬਾਅਦ ਈਰਾਨ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਰਹੀ ਹੈ। ਚੀਨ ਵਿਚ ਲੰਬੇ ਸਮੇਂ ਤੋਂ ਮੀਡੀਆ ’ਤੇ ਸੈਂਸਰ ਹੈ, ਇਸ ਲਈ ਜਨਤਕ ਤੌਰ ’ਤੇ ਦਿੱਤੀਆਂ ਜਾਣ ਵਾਲੀਆਂ ਫਾਂਸੀਆਂ ਦੀਆਂ ਖ਼ਬਰਾਂ ਬਾਹਰ ਨਹੀਂ ਆਉਂਦੀਆਂ। ਹੁਣ ਈਰਾਨ ਵਿਚ ਵੀ ਅਣ-ਐਲਾਨੀ ਐਮਰਜੈਂਸੀ ਕਾਰਨ ਮੁਜ਼ਾਹਰਿਆਂ ਦੀਆਂ ਖ਼ਬਰਾਂ ਨੂੰ ਬਲੈਕ-ਆਊਟ ਕੀਤਾ ਜਾ ਰਿਹਾ ਹੈ। ਇੰਟਰਨੈੱਟ ਬੰਦ ਹੋਣ ਕਾਰਨ ਗੜਬੜੀ ਅਤੇ ਦਮਨ-ਚੱਕਰ ਦੇ ਸਮਾਚਾਰ ਵੀ ਛਣ ਕੇ ਬਾਹਰ ਆ ਰਹੇ ਹਨ।
ਪੰਜਤਾਲੀ ਸਾਲਾਂ ਤੋਂ ਤਾਨਾਸ਼ਾਹ ਰਹੇ ਖ਼ੋਮੇਨੀ ਦੇ ਪੋਸਟਰਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਸ ਤੋਂ ਨੌਜਵਾਨ ਕੁੜੀਆਂ ਸਿਗਰਟਾਂ ਸੁਲਗਾਉਂਦੀਆਂ ਨਜ਼ਰ ਆਉਂਦੀਆਂ ਹਨ। ਇਸ ਤੋਂ ਇਲਾਵਾ, ਕੁੜੀਆਂ ਆਪਣੇ ਹਿਜਾਬ/ਬੁਰਕੇ ਲਾਹ ਕੇ ਥਾਂ-ਥਾਂ ਬਲ਼ ਰਹੇ ਭਾਂਬੜਾਂ ਵਿਚ ਸੁੱਟ ਰਹੀਆਂ ਹਨ। ‘ਮਰਗ ਬਰ ਡਿਕਟੇਟਰ’ (ਤਾਨਾਸ਼ਾਹ ਮੁਰਦਾਬਾਦ),‘ਨਾ ਗਾਜ਼ਾ ਨਾ ਲੇਬਨਾਨ, ਜਾਨ ਮੇਰੀ ਈਰਾਨ’, ਅਤੇ ‘ਜ਼ਨ, ਜ਼ਿੰਦਗੀ, ਆਜ਼ਾਦੀ’ ਵਰਗੇ ਰੋਹੀਲੇ ਨਾਅਰਿਆਂ ਨਾਲ ਅਸਮਾਨ ਗੂੰਜ ਰਿਹਾ ਹੈ। ਮੁਜ਼ਾਹਰਾਕਾਰੀਆਂ ਦੀ ‘ਮੋਹਾਰੇਬੇਹ’ (ਯਾਨੀ, ਰੱਬ ਦੇ ਖ਼ਿਲਾਫ਼ ਜੰਗ) ਦੇ ਦੋਸ਼ ਤਹਿਤ ਧੜ-ਪਕੜ ਹੋ ਰਹੀ ਹੈ।
ਬਾਗੀਆਂ ਨੂੰ ‘ਅਦਾ-ਉੱਲ੍ਹਾ’ (ਦੁਸ਼ਮਨਾਨ-ਏ-ਖ਼ੁਦਾ), ਭਾਵ ਖ਼ੁਦਾ ਦੇ ਦੁਸ਼ਮਣ ਗਰਦਾਨ ਕੇ ਉਨ੍ਹਾਂ ’ਤੇ ਅੰਨ੍ਹਾ ਤਸ਼ੱਦਦ ਢਾਹਿਆ ਜਾ ਰਿਹਾ ਹੈ। ਅਜਿਹੇ ‘ਖ਼ੁਦਾ ਦੇ ਦੁਸ਼ਮਣਾਂ’ ਦੇ ਹੱਕ ਵਿਚ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਪੈਰਵੀ ਕਰਨ ਤੋਂ ਮਨ੍ਹਾਂ ਕੀਤਾ ਹੋਇਆ ਹੈ। ਉਨ੍ਹਾਂ ਦਾ ਕੋਈ ਰਿਸ਼ਤੇਦਾਰ ਵਕੀਲ ਵੀ ਅਜਿਹੇ ਕੇਸ ਨਹੀਂ ਲੜ ਸਕਦਾ। ਸੰਨ 1979 ਦੀ ‘ਇਸਲਾਮਿਕ ਕ੍ਰਾਂਤੀ’ ਵਿਚ ਔਰਤਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਸੀ। ਅੱਜ ਉਹੀ ਸਭ ਤੋਂ ਵੱਧ ਪੀੜਤ ਮਹਿਸੂਸ ਕਰ ਰਹੀਆਂ ਹਨ। ਮੁੱਲਾਂ-ਮੌਲਾਣਿਆਂ ਖ਼ਿਲਾਫ਼ ਜੇਹਾਦ ਖੜ੍ਹਾ ਹੋ ਗਿਆ ਹੈ। ਇਹ ਬਗ਼ਾਵਤ ਤਿੜਕ ਚੁੱਕੇ ਸੁਪਨਿਆਂ ’ਚੋਂ ਝਰਦੀ ਨਜ਼ਰ ਆਉਂਦੀ ਹੈ।
ਜੇਹਾਦੀਆਂ ਖ਼ਿਲਾਫ਼ ਹੋ ਰਹੇ ਜੇਹਾਦ ਨੇ ਦੁਨੀਆ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਹੈ। ਇਹ ਸਿਵਲ ਨਾਫੁਰਮਾਨੀ ਵਰਗੇ ਹਾਲਾਤ ਹਨ ਜਿਸ ਕਾਰਨ ਈਰਾਨ ਦੀ ਕਾਨੂੰਨ-ਵਿਵਸਥਾ ਤੋਂ ਇਲਾਵਾ ਆਰਥਿਕਤਾ ਲੜਖੜਾ ਚੁੱਕੀ ਹੈ। ਡਾਲਰ ਦੇ ਮੁਕਾਬਲੇ ਈਰਾਨ ਦੀ ਕਰੰਸੀ (ਰਿਆਲ) ਰਸਾਤਲ ਵੱਲ ਜਾ ਚੁੱਕੀ ਹੈ। ਅਸਮਾਨ ਨੂੰ ਛੋਹ ਰਹੀ ਮਹਿੰਗਾਈ ਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਦੁੱਭਰ ਹੋ ਚੁੱਕੀ ਹੈ। ਜਿਸ ਦਾ ਦਾਅ ਲੱਗੇ, ਉਹ ਆਪਣੇ ਵਤਨ ਨੂੰ ਅਲਵਿਦਾ ਕਹਿ ਕੇ ਬੇਗਾਨੀਆਂ ਧਰਤੀਆਂ ਨੂੰ ਅਪਣਾ ਰਿਹਾ ਹੈ।
ਮੁਜ਼ਾਹਰਾਕਾਰੀ ਇਲਜ਼ਾਮ ਲਾ ਰਹੇ ਹਨ ਕਿ ਹਕੂਮਤ ਦੇਸ਼ ਦੀ ਧਨ-ਦੌਲਤ ਗਾਜ਼ਾ ਤੇ ਲੇਬਨਾਨ ਵਰਗੇ ਦੇਸ਼ਾਂ ’ਤੇ ਖ਼ਰਚ ਕੇ ਈਰਾਨ ਦੇ ਅਰਥਚਾਰੇ ਨੂੰ ਖੋਖਲਾ ਕਰ ਰਹੀ ਹੈ। ਅਜਿਹੇ ਨਾਜ਼ੁਕ ਹਾਲਾਤ ਦਾ ਲਾਹਾ ਲੈਣ ਲਈ ਅਮਰੀਕਾ ਦੇ ਸਦਰ ਡੋਨਾਲਡ ਟਰੰਪ ਮੈਦਾਨ ਵਿਚ ਕੁੱਦ ਪਏ ਹਨ। ਕੁਦਰਤੀ ਹੈ ਕਿ ਉਨ੍ਹਾਂ ਦੀ ਅੱਖ ਈਰਾਨ ਦੇ ਤੇਲ-ਭੰਡਾਰਾਂ ’ਤੇ ਹੈ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਤੇ ਉਨ੍ਹਾਂ ਦੀ ਬੀਵੀ ਨੂੰ ਕਮਾਂਡੋ ਐਕਸ਼ਨ ਕਰ ਕੇ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਨਵਾਂ ਫਰੰਟ ਖੋਲ੍ਹ ਲਿਆ ਹੈ। ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਜਨਤਕ ਫਾਂਸੀਆਂ ਦਾ ਦੌਰ ਚੱਲਦਾ ਰਿਹਾ ਤਾਂ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਵਿਸ਼ਵ ਵਿਚ ਸ਼ਾਂਤੀ ਦੂਤ ਹੋਣ ਦੇ ਖੋਖਲੇ ਦਾਅਵੇ ਕਰ ਕੇ ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਲਈ ਹਾੜੇ ਕੱਢਣ ਵਾਲੇ ਟਰੰਪ ਦੇ ਹੁਣ ਤੇਵਰ ਬਦਲੇ-ਬਦਲੇ ਮਹਿਸੂਸ ਹੋ ਰਹੇ ਹਨ।
ਹੁਣ ਉਹ ਦੂਜੇ ਦੇਸ਼ਾਂ ’ਤੇ ਧਾਵੇ ਬੋਲ ਕੇ ਆਪਣੀ ਈਨ ਮਨਵਾਉਣ ਲਈ ਚੱਕਰਵਿਊ ਸਿਰਜ ਰਿਹਾ ਹੈ। ਟਰੰਪ ਵੱਲੋਂ ਅਜਿਹਾ ਕਦਮ ਚੁੱਕਣ ਲਈ ਈਰਾਨ ਦੀ ਖ਼ਾਨਾਜੰਗੀ ਬਹਾਨਾ ਮੁਹੱਈਆ ਕਰ ਰਹੀ ਹੈ। ਈਰਾਨ ਦਾ ਤਾਨਾਸ਼ਾਹ ਟਰੰਪ ਨੂੰ ਅੱਖਾਂ ਦਿਖਾ ਰਿਹਾ ਹੈ, ਅਖੇ ਉਹ ਗਿੱਦੜ-ਭਬਕੀਆਂ ਤੋਂ ਡਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ 21 ਜੂਨ 2025 (ਸਭ ਤੋਂ ਵੱਡੇ ਦਿਨ) ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਦੇ ਪਰਮਾਣੂ ਟਿਕਾਣਿਆਂ ’ਤੇ ‘ਆਪ੍ਰੇਸ਼ਨ ਮਿਡ-ਨਾਈਟ ਹੈਮਰ) ਨੂੰ ਅੰਜਾਮ ਦਿੱਤਾ ਗਿਆ ਸੀ। ਪਹਿਲੀ ਵਾਰ ‘ਬੰਕਰ ਬਸਟਰ’ ਬੰਬਾਂ ਦੀ ਵਰਤੋਂ ਕੀਤੀ ਗਈ ਜੋ ਜ਼ਮੀਨ ਦੇ ਅੰਦਰ-ਬਾਹਰ ਟਿਕਾਣਿਆਂ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੇ ਹਨ।
ਕੁਦਰਤੀ ਹੈ ਕਿ ਅਜਿਹੇ ਆਪ੍ਰੇਸ਼ਨ ਲਈ ਸਥਾਨਕ ਮਦਦ ਮਿਲੀ ਹੋਵੇ। ਘਰ ਦੇ ਭੇਤੀ ਲੰਕਾ ਢਾਹੁੰਦੇ ਆਏ ਹਨ। ਖ਼ਾਨਾਜੰਗੀ ਦੀ ਸਥਿਤੀ ਵਿਚ ਈਰਾਨ ਦੇ ਸੁਰੱਖਿਆ ਘੇਰਿਆਂ ਨੂੰ ਸੰਨ੍ਹ ਲਾਉਣੀ ਬੇਹੱਦ ਆਸਾਨ ਹੈ। ਅਮਰੀਕਾ ਚਾਹੁੰਦਾ ਹੈ ਕਿ ਈਰਾਨ ਵਿਚ ਉਸ ਦੀ ਕਠਪੁਤਲੀ ਸਰਕਾਰ ਬਣੇ ਤਾਂ ਜੋ ਈਰਾਨ ਦੇ ਤੇਲ ਭੰਡਾਰਾਂ/ਖਣਿਜਾਂ ’ਤੇ ਉਸ ਦਾ ਸਿੱਧੇ/ਅਸਿੱਧੇ ਤਰੀਕੇ ਨਾਲ ਕਬਜ਼ਾ ਹੋ ਜਾਵੇ। ਈਰਾਨ ਦੇ ਹਾਕਮਾਂ ਨੂੰ ਇਸ ਦਾ ਇਲਮ ਹੋਣਾ ਚਾਹੀਦਾ ਹੈ ਕਿ ਅੰਦਰਲੀਆਂ ਕਮਜ਼ੋਰੀਆਂ ਨਾਲ ਵੱਡੇ ਤੋਂ ਵੱਡੇ ਸਾਮਰਾਜ ਢਹਿਢੇਰੀ ਹੁੰਦੇ ਰਹੇ ਹਨ।
ਅਵਾਮ ਖ਼ੋਮੇਨੀ ਦੇ ਖ਼ੂਨ ਦਾ ਪਿਆਸਾ ਹੈ ਜਿਸ ਨੂੰ ਲਿਆਉਣ ਲਈ ਪਹਿਲਾਂ ਉਸ ਨੇ ਮਣਾਂ-ਮੂੰਹੀ ਖ਼ੂਨ ਡੋਲ੍ਹਿਆ ਸੀ। ਈਰਾਨ ਦੇ ਮਹਾਨ ਸੂਫ਼ੀ-ਸੰਤ ਮੌਲਾਨਾ ਜਲਾਲੁਦੀਨ ਰੂਮੀ ਦੇ 800 ਸਾਲ ਪੁਰਾਣੇ ਕਥਨ ਅੱਜ ਵੀ ਪ੍ਰਸੰਗਿਕ ਹਨ ਜਿਨ੍ਹਾਂ ਨੇ ਸਹੀ ਤੇ ਗ਼ਲਤ ਦੇ ਨਿਖੇੜੇ ਬਾਰੇ ਕਮਾਲ ਦਾ ਸਾਹਿਤ ਰਚਿਆ ਸੀ। ਰੂਮੀ ਦਾ ਸੰਸਾਰ ਪ੍ਰਸਿੱਧ ਮਿਸਰਾ, ‘‘ਸ਼ਾਂਤੀ ਹੀ ਅੱਲ੍ਹਾ ਦੀ ਭਾਸ਼ਾ ਹੈ, ਬਾਕੀ ਸਭ ਖ਼ਰਾਬ ਤਰਜਮਾ ਹੈ’’ ਆਤਮਸਾਤ ਕਰਨ ਦੀ ਲੋੜ ਹੈ।
ਬਹੁ-ਪੱਖੀ ਵਿਕਾਸ ਲਈ ਸ਼ਾਂਤੀ ਲਾਜ਼ਮੀ ਹੁੰਦੀ ਹੈ। ਅੱਜ ਰੂਮੀ ਦੇ ਅਧਿਆਤਮਵਾਦ ਦੀ ਲੋਅ ਅਤੇ ਉਸ ਦੀ ਆਤਮਾ ਦੇ ਜਲੌਅ ਵਿਚ ਨਿਰਣੇ ਲੈਣ ਦੀ ਜ਼ਰੂਰਤ ਹੈ। ਰੂਮੀ ਇਕੱਲਾ ਈਰਾਨ ਦਾ ਹੀ ਨਹੀਂ, ਭਾਰਤ, ਅਮਰੀਕਾ ਸਣੇ ਵਿਸ਼ਵ ਵਿਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਮਹਾਨ ਅਧਿਆਤਮਕ ਕਵੀ ਹੈ।
ਵਰਿੰਦਰ ਸਿੰਘ ਵਾਲੀਆ
ਸੰਪਾਦਕ