ਸੁਲਤਾਨਪੁਰ ਲੋਧੀ ਦੇ ਪਿੰਡ ਐਮਨੀਪੁਰ ਵਿਆਹੀ ਮੁਕਤਸਰ ਜ਼ਿਲ੍ਹੇ ਦੀ ਜੰਮਪਲ ਸਰਬਜੀਤ ਦਾ ਅਪਰਾਧਕ ਰਿਕਾਰਡ ਹੋਣ ਦੇ ਬਾਵਜੂਦ ਉਸ ਨੂੰ ਜਲੰਧਰ ਤੋਂ ਪਾਸਪੋਰਟ ਕਿਵੇਂ ਬਣ ਗਿਆ, ਇਹ ਬੁਝਾਰਤ ਬਣੀ ਹੋਈ ਹੈ। ਵੀਜ਼ਾ ਲੈਣ ਲਈ ਸਿਫ਼ਾਰਸ਼ ਵੀ ਮਹਿਲਾ ਐੱਸਜੀਪੀਸੀ ਮੈਂਬਰ ਨੇ ਹੀ ਕੀਤੀ ਸੀ।

ਦੁੱਧ ਤੇ ਬੁੱਧ ਕਦੋਂ ਫਟ ਜਾਣ, ਇਸ ਦਾ ਪਤਾ ਹੀ ਨਹੀਂ ਲੱਗਦਾ। ਮੱਤ ’ਤੇ ਪਰਦਾ ਪੈ ਜਾਵੇ ਤਾਂ ਮਨੁੱਖ ਗਾਡੀ ਰਾਹ ਤਿਆਗ ਕੇ ਕੁਰਾਹੇ ਪੈ ਜਾਂਦਾ ਹੈ। ਅਜਿਹੇ ਹਾਲਾਤ ਵਿਚ ‘ਹੱਦ ਟੱਪਣੀ’ ਜਾਂ ਸਰਹੱਦ ਟੱਪਣੀ ਆਮ ਜੇਹੀ ਗੱਲ ਹੋ ਜਾਂਦੀ ਹੈ। ਮਰਿਆਦਾ ਦੀਆਂ ਤਮਾਮ ਹੱਦਾਂ ਟੱਪ ਕੇ ਸਰਹੱਦਾਂ ਟੱਪਣ ਵਾਲੀਆਂ ਔਰਤਾਂ ਅੰਤਰਰਾਸ਼ਟਰੀ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਅਣਵੰਡੇ ਹਿੰਦੁਸਤਾਨ (ਪਾਕਿਸਤਾਨ/ ਬੰਗਲਾਦੇਸ਼ ਸਣੇ) ਦਾ ਖਿੱਤਾ ਮਰਦ ਪ੍ਰਧਾਨ ਰਿਹਾ ਹੈ। ਇੱਥੇ ਜ਼ਰ, ਜ਼ੋਰੂ ਤੇ ਜ਼ਮੀਨ ਖ਼ਾਤਰ ਮਣਾਂ-ਮੂੰਹੀਂ ਖ਼ੂਨ ਡੁੱਲ੍ਹਦਾ ਰਿਹਾ ਹੈ। ਔਰਤਾਂ ਦੀ ਵਜ੍ਹਾ ਕਰਕੇ ਅਣਗਿਣਤ ਵੱਡੇ-ਛੋਟੇ ਮਹਾਭਾਰਤ ਹੋਏ ਹਨ। ‘ਅਣਖ ਖ਼ਾਤਰ ਕਤਲ’ ਵੀ ਸਭ ਤੋਂ ਵੱਧ ਇਸ ਖਿੱਤੇ ਵਿਚ ਹੀ ਹੁੰਦੇ ਰਹੇ ਹਨ।
ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿਚ ਵੀ ਔਰਤ ਸਭ ਤੋਂ ਪੀੜਤ ਮੰਨੀ ਗਈ ਹੈ। ਅਜਿਹੇ ਸੱਭਿਆਚਾਰ ਵਿਚ ਜਿੱਥੇ ਔਰਤ ਨੂੰ ਘਰ ਦੀ ਦਹਿਲੀਜ਼ ਟੱਪਣ ਲਈ ਵੀ ਆਗਿਆ ਲੈਣੀ ਪੈਂਦੀ ਸੀ, ਓਥੇ ਤੀਵੀਆਂ ਹੱਦਾਂ-ਸਰਹੱਦਾਂ ਪਾਰ ਕਰ ਜਾਣ ਤਾਂ ਅਜਿਹੇ ਕਦਮ ਆਲਮੀ ਪੱਧਰ ਦੀਆਂ ਸਨਸਨੀਖ਼ੇਜ਼ ਖ਼ਬਰਾਂ ਬਣ ਜਾਂਦੀਆਂ ਹਨ। ਆਮ ਕਹਾਵਤ ਹੈ ਕਿ ਜਾਤ-ਪਾਤ, ਨਸਲ ਜਾਂ ਸਰਹੱਦਾਂ ਤੋਂ ਉੱਪਰ ਹੁੰਦੀ ਹੈ ਪਾਕ ਮੁਹੱਬਤ। ਪੰਜਾਬ ਦੀਆਂ ਪੁਰਾਤਨ ਪ੍ਰੀਤ ਕਹਾਣੀਆਂ ਜਾਂ ਇਸ਼ਕ ਮਿਜ਼ਾਜੀ ਸਾਡੀ ਅਮੀਰ ਲੋਕਧਾਰਾ ਦਾ ਅਨਿੱਖੜਵਾਂ ਹਿੱਸਾ ਹਨ।
ਨਫ਼ਰਤ ਤੇ ਮਜ਼ਹਬ ਦੀ ਬੁਨਿਆਦ ’ਤੇ ਹੋਂਦ ਵਿਚ ਆਏ ਪਾਕਿਸਤਾਨ ਨਾਲ ਸਾਡਾ ਮੁੱਢ-ਕਦੀਮ ਤੋਂ ਹੀ ਛੱਤੀ ਦਾ ਅੰਕੜਾ ਰਿਹਾ ਹੈ। ਪਾਕਿਸਤਾਨ ਦੀ ਔਰਤ ਭਾਰਤ ਅੰਦਰ ਗ਼ੈਰ-ਕਾਨੂੰਨੀ ਤੌਰ ’ਤੇ ਵਿਆਹ ਕਰ ਲਵੇ ਜਾਂ ਭਾਰਤ ਦੀ ਅਧਖੜ ਮਹਿਲਾ ਪਾਕਿਸਤਾਨ ਵਿਚ ਧਰਮ ਪਰਿਵਰਤਨ ਕਰ ਕੇ ਕਿਸੇ ਮੁਸਲਮਾਨ ਨਾਲ ਨਿਕਾਹ ਕਰ ਲਵੇ ਤਾਂ ਇਹ ਅੰਤਰਰਾਸ਼ਟਰੀ ਮੁੱਦਾ ਬਣ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਚੱਲੇ ਇਸ ਸਿਲਸਿਲੇ ਨੇ ਭਾਈਚਾਰਿਆਂ ਅਤੇ ਦੋਨਾਂ ਮੁਲਕਾਂ ਵਿਚ ਕਈ ਵਾਰ ਤਣਾਅ ਪੈਦਾ ਕੀਤਾ ਹੈ। ਇਨ੍ਹਾਂ ਸਰਹੱਦ ਪਾਰ ਦੀਆਂ ਮੁਹੱਬਤਾਂ ਦਾ ਪ੍ਰੀਤ-ਕਥਾਵਾਂ ਨਾਲ ਮੇਲ ਨਹੀਂ ਕੀਤਾ ਜਾ ਸਕਦਾ।
ਮਰਿਆਦਾ ਦੀਆਂ ਹੱਦਾਂ ਟੱਪ ਕੇ ਸਰਹੱਦਾਂ ਪਾਰ ਕਰਨ ਵਾਲੀਆਂ ਔਰਤਾਂ ਸਵਾਰਥ ਦੀ ਕੈਦ ਵਿਚ ਹੁੰਦੀਆਂ ਹਨ। ਇਸ ਦੀ ਤਾਜ਼ਾ ਉਦਾਹਰਨ 48 ਸਾਲਾ ਦੋ ਬੱਚਿਆਂ ਦੀ ਤਲਾਕਸ਼ੁਦਾ ਮਾਂ ਸਰਬਜੀਤ ਕੌਰ ਹੈ ਜੋ 1932 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਚਾਰ ਨਵੰਬਰ ਨੂੰ ਜੈਕਾਰੇ ਛੱਡਦੀ ਹੋਈ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਈ ਸੀ। ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਮਨਾ ਕੇ ਜਥਾ ਭਾਰਤ ਵਾਪਸ ਆ ਗਿਆ ਪਰ ਸਰਬਜੀਤ ਕੌਰ ਓਥੇ ਹੀ ਰਹਿ ਗਈ। ਸੂਚਨਾਵਾਂ ਮੁਤਾਬਕ ਉਹ ਪਾਕਿਸਤਾਨ ਪੁੱਜਣ ਤੋਂ ਅਗਲੇ ਹੀ ਦਿਨ ਕਿਸੇ ‘ਫੇਸਬੁੱਕ’ ਦੋਸਤ ਨਾਲ ਫਰਾਰ ਹੋ ਗਈ ਸੀ। ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਆਈਆਂ ਤਰੇੜਾਂ ਤੋਂ ਬਾਅਦ ਇਹ ਪਹਿਲਾ ਜਥਾ ਸੀ ਜਿਸ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੀ ਜ਼ਿਆਰਤ ਕਰਨ ਦੀ ਆਗਿਆ ਮਿਲੀ ਸੀ।
ਦੋਨਾਂ ਮੁਲਕਾਂ ਵਿਚ ਬੇਵਿਸ਼ਵਾਸੀ ਚਰਮ ਸੀਮਾ ’ਤੇ ਹੋਣ ਕਾਰਨ ਪਾਕਿਸਤਾਨ ਦੀਆਂ ਖ਼ੁਫ਼ੀਆ ਏਜੰਸੀਆਂ ਦੀ ਹਰ ਸ਼ਰਧਾਲੂ ’ਤੇ ਬਾਜ਼ ਅੱਖ ਹੋਣ ਦੇ ਬਾਵਜੂਦ ਉਹ ਸਭ ਨੂੰ ਝਕਾਨੀ ਦੇ ਕੇ ਲਾਪਤਾ ਹੋ ਗਈ। ਜਥੇ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਸੀ ਜੋ ਕੁਝ ਦਿਨਾਂ ਬਾਅਦ ਕੁਝ ਸਾਥੀਆਂ ਸਣੇ ਭਾਰਤ ਵਾਪਸ ਆ ਗਏ ਸਨ। ਇਕ ਸ਼ਰਧਾਲੂ ਸੁਖਵਿੰਦਰ ਸਿੰਘ (67) ਦੀ ਗੁਰਦੁਆਰਾ ਰੋੜੀ ਸਾਹਿਬ ਤੋਂ ਡੇਰਾ ਸਾਹਿਬ (ਲਾਹੌਰ) ਆਉਂਦਿਆਂ ਰਸਤੇ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਿਨ੍ਹਾਂ ਗੁਰਧਾਮਾਂ ਤੋਂ ਸੰਗਤ ਨੂੰ ਵਿਛੋੜਿਆ ਗਿਆ ਹੈ, ਉਨ੍ਹਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦੀ ਅਰਦਾਸ ਕਰਨ ਵਾਲੀ ਸਰਬਜੀਤ ਸ਼ੇਖੂਪੁਰਾ ਦੀ ਮਸਜਿਦ ਵਿਚ ਨਾਸਿਰ ਹੁਸੈਨ ਨਾਲ ਨਿਕਾਹ ਕਰ ਕੇ ਨੂਰ ਹੁਸੈਨ ਬਣ ਗਈ ਸੀ।
ਸੁਲਤਾਨਪੁਰ ਲੋਧੀ ਦੇ ਪਿੰਡ ਐਮਨੀਪੁਰ ਵਿਆਹੀ ਮੁਕਤਸਰ ਜ਼ਿਲ੍ਹੇ ਦੀ ਜੰਮਪਲ ਸਰਬਜੀਤ ਦਾ ਅਪਰਾਧਕ ਰਿਕਾਰਡ ਹੋਣ ਦੇ ਬਾਵਜੂਦ ਉਸ ਨੂੰ ਜਲੰਧਰ ਤੋਂ ਪਾਸਪੋਰਟ ਕਿਵੇਂ ਬਣ ਗਿਆ, ਇਹ ਬੁਝਾਰਤ ਬਣੀ ਹੋਈ ਹੈ। ਵੀਜ਼ਾ ਲੈਣ ਲਈ ਸਿਫ਼ਾਰਸ਼ ਵੀ ਮਹਿਲਾ ਐੱਸਜੀਪੀਸੀ ਮੈਂਬਰ ਨੇ ਹੀ ਕੀਤੀ ਸੀ। ਵਾਹਗਾ ਬਾਰਡਰ ’ਤੇ ਤਾਇਨਾਤ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀ ਸਰਬਜੀਤ ਕੌਰ ਦਾ ਅਧੂਰਾ ਫਾਰਮ ਪ੍ਰਵਾਨ ਕਰ ਲਿਆ ਜਿਸ ਵਿਚ ਉਸ ਨੇ ਆਪਣੇ ਧਰਮ ਤੇ ਨਾਗਰਿਕਤਾ ਵਾਲੇ ਕਾਲਮ ਨੂੰ ਖ਼ਾਲੀ ਛੱਡਿਆ ਹੋਇਆ ਸੀ।
ਵਿਡੰਬਣਾ ਇਹ ਹੈ ਕਿ ਸਰਬਜੀਤ ਨੇ ਅਜਿਹਾ ਕਦਮ ਪੁੱਟਣ ਲੱਗਿਆਂ ਮਮਤਾ ਨੂੰ ਵੀ ਦਰਕਿਨਾਰ ਕਰ ਦਿੱਤਾ। ਉਸ ਦੇ ਸਹੁਰੇ ਪਿੰਡ ਦੇ ਬਾਸ਼ਿੰਦੇ ਤੇ ਉਸ ਦੇ ਗੱਭਰੂ ਪੁੱਤਰ ਨਮੋਸ਼ੀ ਵਿਚ ਡੁੱਬੇ ਹੋਏ ਹਨ। ਉਸ ਦੇ ਇਸ ਕਦਮ ਨੇ ‘ਪੁੱਤ ਕਪੁੱਤ ਹੋ ਜਾਂਦੇ ਹਨ ਪਰ ਮਾਪੇ ਕੁਮਾਪੇ ਨਹੀਂ ਹੁੰਦੇ’ ਦੀ ਲਕੋਕਤੀ ਨੂੰ ਵੀ ਅਰਥਹੀਣ ਕਰ ਦਿੱਤਾ ਹੈ। ਆਪਣੇ ਦਿਲ ਦੇ ਟੁਕੜਿਆਂ ਨੂੰ ਪਿੱਛੇ ਛੱਡ ਕੇ ਸਰਹੱਦ ਪਾਰ ਨਵਾਂ ਘਰ ਵਸਾਉਣ ਵਾਲੀ ਸਰਬਜੀਤ ਅਜਿਹੀ ਇਕੱਲੀ ਔਰਤ ਨਹੀਂ ਹੈ। ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਸਬ-ਡਵੀਜ਼ਨ ਵਿਚ ਵਿਆਹੀ ਅਧਖੜ ਤੀਵੀਂ ਕਿਰਨ ਬਾਲਾ ਵੀ ਸਰਬਜੀਤ ਵਾਂਗ 2018 ਵਿਚ ਵਿਸਾਖੀ ਦਿਹਾੜਾ ਮਨਾਉਣ ਪਾਕਿਸਤਾਨ ਗਈ ਸੀ।
ਆਪਣੇ ਬੱਚਿਆਂ ਨੂੰ ਰੁਲਦੇ ਛੱਡ ਕੇ ਉਸ ਨੇ ਵੀ ਪਾਕਿਸਤਾਨ ਪੁੱਜ ਕੇ ਇਸਲਾਮ ਕਬੂਲ ਕਰ ਕੇ ਨਿਕਾਹ ਕਰਵਾ ਲਿਆ ਸੀ। ਅੰਤਰਰਾਸ਼ਟਰੀ ਮੁੱਦਾ ਬਣਨ ਦੇ ਬਾਵਜੂਦ ਪਾਕਿਸਤਾਨ ਨੇ ਇਸ ’ਤੇ ਕਿਸੇ ਵੀ ਕਿਸਮ ਦੀ ਕਾਰਵਾਈ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਕਿਰਨ ਬਾਲਾ ਤੋਂ ਐਮਨਾ ਬੀਬੀ ਬਣੀ ਅਜੇ ਵੀ ਆਪਣੇ ਨਵੇਂ ਸ਼ੌਹਰ ਮੁਹੰਮਦ ਆਜ਼ਮ ਨਾਲ ਲਾਹੌਰ ਵਿਚ ਰਹਿ ਰਹੀ ਹੈ। ਉਸ ਦੇ ਸਹੁਰੇ ਨੇ ਸ਼ੱਕ ਪ੍ਰਗਟ ਕੀਤਾ ਕਿ ਉਸ ਦੀ ਨੂੰਹ ‘ਲਵ ਜੇਹਾਦ’ ਦਾ ਸ਼ਿਕਾਰ ਹੋਈ ਹੈ। ਪਾਕਿਸਤਾਨ ਦੀਆਂ ਕੁਝ ਕੱਟੜ ਤਨਜ਼ੀਮਾਂ ਅਜਿਹੀ ਮਾਨਸਿਕਤਾ ਦੀਆਂ ਸ਼ਿਕਾਰ ਹਨ।
ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰਿਆਂ ਦੀਆਂ ਕੁੜੀਆਂ ਨੂੰ ਪ੍ਰੇਮ-ਜਾਲ਼ ਵਿਚ ਫਸਾ ਕੇ ਉਨ੍ਹਾਂ ਦਾ ਧਰਮ-ਪਰਿਵਰਤਨ ਕੀਤਾ ਜਾਣਾ ਆਮ ਵਰਤਾਰਾ ਹੈ। ਸ੍ਰੀ ਨਨਕਾਣਾ ਸਾਹਿਬ ਦੇ ਇਕ ਗ੍ਰੰਥੀ ਦੀ ਕੁੜੀ ਨੂੰ ਅਗਸਤ 2019 ਵਿਚ ਅਗਵਾ ਕਰ ਕੇ ਉਸ ਨੂੰ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਗਿਆ ਸੀ। ਉਣੱਤੀ ਅਗਸਤ ਨੂੰ ਆਈਸ਼ਾ ਬਣੀ ਜਗਜੀਤ ਕੌਰ ਦਾ ਨਿਕਾਹ ਨਨਕਾਣਾ ਸਾਹਿਬ ਦੇ ਹੀ ਵਸਨੀਕ ਮੁਹੰਮਦ ਹਸਨ ਨਾਲ ਹੋਣ ਦਾ ਸਮਾਚਾਰ ਨਸ਼ਰ ਹੋਇਆ ਤਾਂ ਇਹ ਸਿੱਖ-ਮੁਸਲਮਾਨ ਭਾਈਚਾਰਿਆਂ ਵਿਚ ਵੱਡੇ ਤਣਾਅ ਦਾ ਸਬੱਬ ਬਣਿਆ। ਹਿੰਸਕ ਝੜਪਾਂ ਵੀ ਹੋਈਆਂ।
ਅੰਤਰਰਾਸ਼ਟਰੀ ਦਬਾਅ ਪਿਆ ਤਾਂ ਲੜਕੀ ਨੂੰ ਮਜਬੂਰ ਕੀਤਾ ਗਿਆ ਕਿ ਉਹ ਜਨਤਕ ਤੌਰ ’ਤੇ ਕਹੇ ਕਿ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਬਦਲਿਆ ਹੈ। ਕੋਰਟ ਨੇ ਭਾਵੇਂ ਉਸ ਨੂੰ ਮਹਿਲਾ ਸ਼ੈਲਟਰ ਹੋਮ ’ਚ ਭੇਜ ਕੇ ਤਣਾਅ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇੰਨੇ ਸਾਲ ਬੀਤਣ ਮਗਰੋਂ ਵੀ ਮਸਲਾ ਜਿਉਂ ਦਾ ਤਿਉਂ ਹੈ। ਇਨ੍ਹਾਂ ਘਟਨਾਵਾਂ ਦੇ ਐਨ ਉਲਟ ਕਹਾਣੀ ਸਿੰਧ (ਪਾਕਿਸਤਾਨ) ਵਾਸੀ ਚਾਰ ਬੱਚਿਆਂ ਦੀ ਮਾਂ ਸੀਮਾ ਹੈਦਰ ਦੀ ਹੈ ਜੋ ਆਨਲਾਈਨ ਗੇਮ ਪਬਜ਼ੀ ਖੇਡਦੇ ਹੋਏ ਯੂਪੀ (ਭਾਰਤ) ਦੇ ਵਸਨੀਕ ਸਚਿਨ ਮੀਣਾ ਦੇ ਪਿਆਰ ਵਿਚ ਜਕੜੀ ਗਈ ਸੀ।
ਉਹ ਸੰਨ 2023 ਵਿਚ ਬਰਾਸਤਾ ਦੁਬਈ ਨੇਪਾਲ ਪੁੱਜੀ ਸੀ। ਕਿਰਨ ਬਾਲਾ ਤੇ ਸਰਬਜੀਤ ਵਾਂਗ ਬੱਚੇ ਪਿੱਛੇ ਨਹੀਂ ਛੱਡ ਕੇ ਆਈ। ਨੇਪਾਲ ਰਾਹੀਂ ਭਾਰਤ ਪੁੱਜ ਕੇ ਉਸ ਨੇ ਆਪਣੀ ਨਵੀਂ ਪਛਾਣ ਸੀਮਾ ਸਚਿਨ ਬਣਾ ਲਈ। ਗ਼ੈਰ-ਕਾਨੂੰਨੀ ਤੌਰ ’ਤੇ ਭਾਰਤ ਅੰਦਰ ਦਾਖ਼ਲ ਹੋਣ ’ਤੇ ਉਸ ਨੂੰ ਸ਼ਰਨ ਦੇਣ ਦੇ ਦੋਸ਼ ਵਿਚ ਸੀਮਾ, ਸਚਿਨ ਤੇ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਦਿੱਤੀ ਦਰਖ਼ਾਸਤ ਵਿਚ ਉਸ ਨੇ ਖ਼ੁਦ ਨੂੰ ‘ਭਾਰਤ ਦੀ ਬਹੂ’ ਦੱਸਦਿਆਂ ਭਾਰਤ ਦੀ ਨਾਗਰਿਕਤਾ ਮੰਗੀ ਹੈ। ਸੀਮਾ ਨੇ ਭਾਰਤ ਵਿਚ ਵੀ ਇਕ ਬੱਚੀ ਨੂੰ ਜਨਮ ਦਿੱਤਾ ਹੈ। ਸਚਿਨ ਖ਼ੁਦ ਨੂੰ ਹੁਣ ਪੰਜ ਬੱਚਿਆਂ ਦਾ ਪਿਤਾ ਕਹਿੰਦਾ ਹੈ। ਸੀਮਾ ਨੇ ਅਜਿਹਾ ਕਦਮ ਚੁੱਕਣ ਲੱਗਿਆਂ ਮਮਤਾ ਨੂੰ ਨਹੀਂ ਤਿਆਗਿਆ। ਉਸ ਦਾ ਪਹਿਲਾ ਪਾਕਿਸਤਾਨੀ ਖ਼ਾਵੰਦ ਗੁ਼ਲਾਮ ਹੈਦਰ ਵੀ ਬੱਚਿਆਂ ਦੀ ਹਵਾਲਗੀ ਲਈ ਕੋਰਟ ਵਿਚ ਚਾਰਾਜੋਈ ਕਰ ਰਿਹਾ ਹੈ ਪਰ ਸੀਮਾ ਆਪਣੀ ਮੁਹੱਬਤ ਤੇ ਬੱਚਿਆਂ, ਦੋਨਾਂ ਤੋਂ ਦੂਰ ਰਹਿਣ ਨੂੰ ਤਿਆਰ ਨਹੀਂ। ਉਸ ਨੇ ਕਿਹਾ ਕਿ ਪਾਕਿਸਤਾਨ ਵਿਚ ਉਸ ਨੂੰ ਸਦਾ ਜ਼ਲਾਲਤ ਮਿਲੀ ਹੈ ਤੇ ਭਾਰਤ ਵਿਚ ਭਰਪੂਰ ਪਿਆਰ ਮਿਲਿਆ ਹੈ।
ਵਰਿੰਦਰ ਸਿੰਘ ਵਾਲੀਆ
ਸੰਪਾਦਕ