ਤਲੀਆਂ ’ਤੇ ਸੀਸ ਟਿਕਾ ਕੇ ਉਨ੍ਹਾਂ ਨੇ ਗੁਰੂ ਜੀ ਨੂੰ ਅਰਜ਼ ਕੀਤੀ ਕਿ ਲੋੜ ਪੈਣ ’ਤੇ ਉਹ ਇਨ੍ਹਾਂ ਨੂੰ ਕੌਮ ਦੇ ਸਿਰ ਤੋਂ ਵਾਰ ਲੈਣ। ਜ਼ਿੰਦਾਦਿਲ ਜਿਊੜੇ ਜ਼ਿੰਦਾ ਸ਼ਹੀਦ ਬਣ ਗਏ ਸਨ। ਕ੍ਰਾਂਤੀਕਾਰੀਆਂ ਦੀ ਇਸ ਪਵਿੱਤਰ ਨਗਰੀ ਵਿਚ ਨਫੀਰੀਆਂ ਵੱਜਣ ਲੱਗੀਆਂ। ਗੁਰੂ ਜੀ ਨੇ ਇਸ ਦਾ ਨਾਂ ਰਣਜੀਤ ਨਗਾਰਾ ਰੱਖਿਆ।

ਲਾਸਾਨੀ ਸਫ਼ਰ-ਏ-ਸ਼ਹਾਦਤ, ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰੇ ਰਮਣੀਕ ਨਗਰ, ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਹੈ। ਕਲਕਲ ਵਹਿੰਦੇ ਸਤਲੁਜ ਦਰਿਆ ਨੇੜੇ ਵਰੋਸਾਈ ਇਸ ਨਗਰੀ ਦਾ ਪ੍ਰਥਮ ਨਾਂ ‘ਚੱਕ ਨਾਨਕੀ’ ਸੀ। ਇਸ ਨੂੰ ਨੌਵੇਂ ਨਾਨਕ, ਗੁਰੂ ਤੇਗ ਬਹਾਦਰ ਨੇ 1665 ਈਸਵੀ ਵਿਚ ਆਪਣੀ ਮਾਤਾ, ਨਾਨਕੀ ਜੀ ਦੀ ਯਾਦ ਨੂੰ ਅਮਰ ਕਰਨ ਲਈ ਸਥਾਪਤ ਕੀਤਾ ਸੀ। ਇਸ ਨਗਰ ਦਾ ਨਾਂ ਲੈਂਦਿਆਂ ਹੀ ਨਾਨਕ ਨਾਮਲੇਵਾ ਅਨੰਦਿਤ ਹੋ ਜਾਂਦੇ ਹਨ।
ਭਗਤ ਕਬੀਰ ਜੀ ਦਾ ਸ਼ਲੋਕ, ‘‘ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ।। ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ’’, ਅਨੰਦਪੁਰ ਸਾਹਿਬ ਦੀ ਫ਼ਿਜ਼ਾ ਵਿਚ ਸਦਾ ਗੂੰਜਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਸ਼ਹਾਦਤ ਪਿੱਛੋਂ ਗੁਰੂ ਜੀ ਦਾ ਸੀਸ, ਆਭਾ ਸਹਿਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਵਾਪਸ ਆਇਆ ਸੀ। ਇਸ ਮਹਾਨ ਕੁਰਬਾਨੀ ਨੇ ਅਨੰਦਪੁਰ ਸਾਹਿਬ ਦੇ ਜ਼ੱਰ੍ਹੇ-ਜ਼ੱਰ੍ਹੇ ’ਚ ਕ੍ਰਾਂਤੀ ਦੇ ਬੀਜ ਬੋਏ ਸਨ।
ਗੁਰੂ ਸਾਹਿਬ ਦੀ ਸ਼ਹਾਦਤ ਦੇ ਚੌਵੀ ਸਾਲ ਬਾਅਦ ਇਸੇ ਧਰਤੀ ’ਤੇ ਖ਼ਾਲਸਾ ਪ੍ਰਗਟ ਹੋਇਆ ਸੀ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੇ ਨਾਨਕ-ਪੰਥ ਦਾ ਡੰਕਾ ਦੂਰ-ਦੁਰਾਡੇ ਤੱਕ ਵਜਾ ਦਿੱਤਾ। ਇਹੀ ਕਾਰਨ ਹੈ ਕਿ 1999 ਦੀ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਹੋਈ ਤਾਂ ਲਾਹੌਰ ਦੇ ਭਾਈ ਦਇਆ ਰਾਮ ਤੋਂ ਇਲਾਵਾ ਹਸਤਿਨਾਪੁਰ ਦੇ ਭਾਈ ਧਰਮ ਦਾਸ, ਦਵਾਰਕਾ ਦੇ ਭਾਈ ਮੋਹਕਮ ਚੰਦ, ਜਗਨਨਾਥ ਪੁਰੀ ਦੇ ਭਾਈ ਹਿੰਮਤ ਰਾਏ ਅਤੇ ਬਿਦਰ ਦੇ ਸਾਹਿਬ ਚੰਦ ਜ਼ੁਲਮ ਨੂੰ ਜੜ੍ਹੋਂ ਪੁੱਟਣ ਖ਼ਾਤਰ ਆਪਣੇ ਸੀਸ ਅਰਪਣ ਕਰਨ ਲਈ ਅਨੰਦਪੁਰ ਪਧਾਰੇ ਸਨ। ਖੰਡੇ-ਬਾਟੇ ਦੀ ਪਹੁਲ ਛਕ ਕੇ ਉਹ ਸਿੰਘ ਸਜ ਗਏ। ਸ਼ਹਾਦਤ ਦੀ ਇਹ ਅਨੋਖੀ ਸ਼ੁਰੂਆਤ ਸੀ।
ਤਲੀਆਂ ’ਤੇ ਸੀਸ ਟਿਕਾ ਕੇ ਉਨ੍ਹਾਂ ਨੇ ਗੁਰੂ ਜੀ ਨੂੰ ਅਰਜ਼ ਕੀਤੀ ਕਿ ਲੋੜ ਪੈਣ ’ਤੇ ਉਹ ਇਨ੍ਹਾਂ ਨੂੰ ਕੌਮ ਦੇ ਸਿਰ ਤੋਂ ਵਾਰ ਲੈਣ। ਜ਼ਿੰਦਾਦਿਲ ਜਿਊੜੇ ਜ਼ਿੰਦਾ ਸ਼ਹੀਦ ਬਣ ਗਏ ਸਨ। ਕ੍ਰਾਂਤੀਕਾਰੀਆਂ ਦੀ ਇਸ ਪਵਿੱਤਰ ਨਗਰੀ ਵਿਚ ਨਫੀਰੀਆਂ ਵੱਜਣ ਲੱਗੀਆਂ। ਗੁਰੂ ਜੀ ਨੇ ਇਸ ਦਾ ਨਾਂ ਰਣਜੀਤ ਨਗਾਰਾ ਰੱਖਿਆ। ਅੰਮ੍ਰਿਤਸਰੀ ਸਿੰਘਾਂ ਨੂੰ ਅਕਾਲ ਪੁਰਖ ਕੀ ਫ਼ੌਜ ਕਹਿ ਕੇ ਸੰਬੋਧਨ ਕੀਤਾ। ਹਵਾ ਵਿਚ ਝੂਲ ਰਿਹਾ ਕੇਸਰੀ ਨਿਸ਼ਾਨ-ਸਾਹਿਬ ਜ਼ਾਲਮਾਂ ਦੀਆਂ ਅੱਖਾਂ ਵਿਚ ਰੜਕਣ ਲੱਗਾ। ਸੀਸ ’ਤੇ ਕਲਗੀ ਸਜਾਈ ਨੀਲੇ ’ਤੇ ਅਸਵਾਰ ਬਾਜ਼ਾਂ ਵਾਲਾ ਜਿਵੇਂ ਹਕੂਮਤ ਨੂੰ ਵੰਗਾਰ ਰਿਹਾ ਸੀ।
ਸ਼ਿਵਾਲਿਕ ਦੀਆਂ ਪਹਾੜੀਆਂ ’ਤੇ ਰਾਜ ਕਰਨ ਵਾਲੇ ਬਾਈਧਾਰ ਦੇ ਰਾਜਿਆਂ ਨੇ ਦਿੱਲੀ ਦੇ ਮੁਗ਼ਲ ਹਾਕਮ ਨੂੰ ਜਾ ਲੂਤੀ ਲਾਈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਗ਼ਾਵਤ ਉੱਠ ਰਹੀ ਹੈ। ਦਰਅਸਲ, ਰਣਜੀਤ ਨਗਾਰੇ ’ਤੇ ਲੱਗੀ ਚੋਟ ਨਾਲ ਪਹਾੜੀਆਂ ਕੰਬ ਉੱਠੀਆਂ ਸਨ। ਸ਼ਸਤਰਧਾਰੀ ਹੋ ਕੇ ਘੋੜ-ਸਵਾਰੀ ਕਰਨਾ, ਨਿਸ਼ਾਨ ਸਾਹਿਬ ਝੁਲਾਉਣਾ ਤੇ ਡੰਕਾ ਵਜਾਉਣਾ ਪ੍ਰਭੂਸੱਤਾ ਦੀਆਂ ਨਿਸ਼ਾਨੀਆਂ ਸਮਝੀਆਂ ਜਾਣ ਲੱਗੀਆਂ। ਔਰੰਗਜ਼ੇਬ ਬਾਦਸ਼ਾਹ ਨੇ ਇਸ ਉੱਠ ਰਹੀ ਬਗ਼ਾਵਤ ਨੂੰ ਕੁਚਲਣ ਲਈ ਪਹਾੜੀ ਰਾਜਿਆਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ।
ਅਨੰਦਪੁਰ, ਦਰਅਸਲ ਚਿੜੀਆਂ ਨੂੰ ਬਾਜ਼ ਬਣਾਉਣ ਵਾਲੀ ਧਰਤੀ ਸੀ। ਅੰਮ੍ਰਿਤ ਦੀਆਂ ਬੂੰਦਾਂ ਪੀ ਕੇ ਚਿੜੀਆਂ ਸ਼ਿਕਾਰੀ ਪੰਛੀਆਂ ਦਾ ਸ਼ਿਕਾਰ ਕਰ ਲੈਂਦੀਆਂ। ਇਸ ਧਰਤੀ ਨੇ ਵਰਣ-ਵੰਡ ਦੀਆਂ ਕੰਧਾਂ ਢਾਹ ਕੇ ਕਥਿਤ ਨੀਚਾਂ ਨੂੰ ਊਚ ਬਣਾਇਆ। ਅਨੰਦਪੁਰ ਤਾਂ ਉਹ ਧਰਤੀ ਹੈ ਜਿੱਥੇ ਰਣ-ਤੱਤੇ ਵਿਚ ਗੁਰੂ ਜੀ ਦੇ ਅਨਿੰਨ ਸੇਵਕ ਭਾਈ ਕਨ੍ਹਈਆ ਜੀ ਜ਼ਖ਼ਮੀ ਦੁਸ਼ਮਣਾਂ ਨੂੰ ਵੀ ਆਪਣੀ ਮਸ਼ਕ ’ਚੋਂ ਪਾਣੀ ਪਿਲਾਉਂਦੇ ਰਹੇ। ਅਜਿਹੀ ਧਰਤੀ ’ਤੇ ਚੱਲਣ ਵਾਲੀ ਤੇਗ ਕਿਸੇ ਧਰਮ ਨੂੰ ਫੈਲਾਉਣ ਖ਼ਾਤਰ ਨਹੀਂ ਸੀ। ਇਹ ਤਾਂ ਸੰਤ-ਸਿਪਾਹੀ ਪੈਦਾ ਕਰਨ ਵਾਲੀ ਧਰਤੀ ਹੈ ਜਿਸ ਦਾ ਸੰਕਲਪ ਕਲਗੀਆਂ ਵਾਲੇ ਦਾ ਗੁਰੂ-ਦਾਦਾ ਤੇ ਮੀਰੀ-ਪੀਰੀ ਦੇ ਸਵਾਮੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਦਿੱਤਾ ਸੀ।
ਖ਼ਾਲਸੇ ਹੱਥ ਫੜੀ ਤੇਗ਼/ਕਿਰਪਾਨ ਦਾ ਅਰਥ ਖ਼ਿਲਾਫ਼ਤ ਅੰਦੋਲਨ ਦੇ ਆਗੂ ਅਤੇ ਦੋ ਸਪਤਾਹਿਕ ਅਖ਼ਬਾਰਾਂ (ਕਾਮਰੇਡ ਅਤੇ ਹਮਦਰਦ) ਦੇ ਸੰਪਾਦਕ ਮੌਲਾਨਾ ਮੁਹੰਮਦ ਅਲੀ ਜੌਹਰ ਨੇ ਆਪਣੇ ਕਲਾਮ, ‘‘ਜ਼ੋਰ-ਏ-ਤੇਗ਼’’ ਵਿਚ ਵੀ ਦਿੱਤਾ ਹੈ। ਉਹ ਦਸਮੇਸ਼ ਪਿਤਾ ਦੇ ਮਹਾਨ ਫ਼ਲਸਫ਼ੇ, ਜਦੋਂ ਜ਼ੁਲਮ ਦੀ ਇੰਤਹਾ ਹੋ ਜਾਵੇ ਤੇ ਇਨਸਾਫ਼ ਦੇ ਸਾਰੇ ਦਰ-ਦਰਵਾਜ਼ੇ ਬੰਦ ਹੋ ਜਾਣ ਤਾਂ ਸ਼ਮਸ਼ੀਰ ਚੁੱਕਣੀ ਵਾਜਿਬ ਹੈ, ਦੀ ਪ੍ਰੋੜਤਾ ਕਰਦਾ ਹੈ। ਉਹ ਤੇਗ਼ ਨੂੰ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਜ਼ਰੀਆ ਮੰਨਦਾ ਹੈ। ਮੌਲਾਨਾ ਅਨੁਸਾਰ ਜਿੱਥੇ ਕਲਮ ਨਾਕਾਮ ਹੋ ਜਾਵੇ, ਉੱਥੇ ਤੇਗ਼ ਇਬਾਦਤ ਬਣ ਜਾਣੀ ਚਾਹੀਦੀ ਹੈ। ਆਪਣੇ ਕਿਤਾਬਚੇ, ‘‘ਜ਼ੋਰ-ਏ-ਤੇਗ਼’’ ਵਿਚ ਉਹ ਕਹਿੰਦਾ ਹੈ ਕਿ ਜਦੋਂ ਹਾਕਮ ਜ਼ਾਲਮ ਬਣ ਜਾਵੇ ਤਾਂ ਉੱਥੇ ਤੇਗ਼ ਦਾ ਚਮਕਣਾ ਲਾਜ਼ਮੀ ਹੈ। ਉਹ ਕਹਿੰਦਾ ਹੈ ਕਿ ਆਜ਼ਾਦੀ ਭੀਖ ਮੰਗ ਕੇ ਨਹੀਂ ਸਗੋਂ ਤੇਗ਼ ਦੀ ਧਾਰ ’ਚੋਂ ਨਿਕਲਦੀ ਹੈ। ਜਿਸ ਕੌਮ ਵਿਚ ਕੁਰਬਾਨੀ ਦਾ ਜਜ਼ਬਾ ਹੈ, ਉਸ ਨੂੰ ਕੋਈ ਗ਼ੁਲਾਮ ਨਹੀਂ ਬਣਾ ਸਕਦਾ।
ਕਿਸੇ ਮੁਸਲਮਾਨ ਅਦੀਬ/ਪੱਤਰਕਾਰ ਵੱਲੋਂ ਤੇਗ਼ ਦੀ ਇਹ ਇਨਕਲਾਬੀ ਪਰਿਭਾਸ਼ਾ/ਵਿਆਖਿਆ ਹੈ। ਅਜਿਹੇ ਕਥਨ ’ਚੋਂ ਅਨੰਦਪੁਰ ਸਾਹਿਬ ਦੀ ਧਰਤੀ ਦਾ ਮਹਾਤਮ ਬਾਖ਼ੂਬੀ ਸਮਝਿਆ ਜਾ ਸਕਦਾ ਹੈ। ਅਨੰਦਪੁਰ ਸਾਹਿਬ ਦੀ ਧਰਤੀ ’ਤੇ ਕਿਰਪਾਨ ਦਾ ਪੰਜ ਕਕਾਰਾਂ ’ਚ ਸ਼ਾਮਲ ਹੋਣਾ ਵੀ ਇਸ ਨੂੰ ਧਰਮ ਯੁੱਧ ਦਾ ਹਥਿਆਰ ਬਣਾਉਂਦਾ ਹੈ। ਖ਼ਾਲਸਾ ਦੇ ਪ੍ਰਗਟ ਅਸਥਾਨ ਤੋਂ ਸ਼ੁਰੂ ਹੋਏ ਸ਼ਹਾਦਤ-ਏ-ਸਫ਼ਰ ਨਾਲ ਜ਼ਾਲਮ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਸਨ। ਗੁਰੂ ਨਾਨਕ ਦੇਵ ਜੀ ਦੇ ਮਹਾਵਾਕ, ‘‘ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ’’ ਅਨੁਸਾਰ ਇਸ ਧਰਤੀ ਨੇ ਰਣ ਤੱਤੇ ਵਿਚ ਜੂਝ ਕੇ ਸ਼ਹਾਦਤ ਦਾ ਜਾਮ ਪੀਣਾ ਸਿਖਾਇਆ ਸੀ। ਦੁਨਿਆਵੀ ਬਾਦਸ਼ਾਹ ਦੇ ਉਲਟ ਦਸਮੇਸ਼ ਪਿਤਾ ਨੂੰ ‘ਬਾਦਸ਼ਾਹ ਦਰਵੇਸ਼’ ਦਾ ਲਕਬ ਹਾਸਲ ਹੈ। ਦੁਨਿਆਵੀ ਬਾਦਸ਼ਾਹ ਪਰਜਾ ’ਤੇ ਜ਼ੁਲਮ ਕਰਦਾ ਹੈ।
‘ਬਾਦਸ਼ਾਹ ਦਰਵੇਸ਼’ ਜ਼ੁਲਮ ਖ਼ਿਲਾਫ਼ ਲੜਦਾ ਹੈ। ਭਾਈ ਨੰਦ ਲਾਲ ਜੀ ਨੇ ਬਾਦਸ਼ਾਹ ਦਰਵੇਸ਼ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ, ‘‘ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ/ਈਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ’’ (ਭਾਵ, ਗੁਰੂ ਜੀ ਗ਼ਰੀਬਾਂ ਤੇ ਦੱਬੇ ਕੁਚਲਿਆਂ ਦੇ ਰਖਵਾਲੇ ਹਨ। ਇਸੇ ਲਈ ਉਹ ਅਕਾਲ ਪੁਰਖ ਦੀ ਅਦਾਲਤ ਵਿਚ ਪ੍ਰਵਾਨ ਹਨ)। ਇਹੀ ਕਾਰਨ ਸੀ ਕਿ ਬਾਈਧਾਰ ਦੇ ਰਾਜਿਆਂ ਅਤੇ ਸਮੇਂ ਦੇ ਹੁਕਮਰਾਨ ਨੇ ਖ਼ਾਲਸਾ ਪੰਥ ਨੂੰ ਨੇਸਤੋ-ਨਾਬੂਦ ਕਰਨ ਲਈ ਅਨੰਦਗੜ੍ਹ ਕਿਲ੍ਹੇ ਨੂੰ ਘੇਰਾ ਘੱਤਿਆ। ਲੰਬਾ ਸਮਾਂ ਸਿੰਘ ਸੂਰਮੇ ਦੁੱਖ-ਭੁੱਖ ਦੀ ਪਰਵਾਹ ਕੀਤੇ ਬਗੈਰ ਜ਼ਾਲਮਾਂ ਦਾ ਮੁਕਾਬਲਾ ਕਰਦੇ ਰਹੇ ਤਾਂ ਝੂਠੀਆਂ ਸਹੁੰਆਂ ਖਾ ਕੇ ਉਨ੍ਹਾਂ ਨੂੰ ਘੁੱਗ ਵਸਦੀ ਅਨੰਦਪੁਰ ਨਗਰੀ ਛੱਡਣ ਲਈ ਸਹਿਮਤ ਕਰ ਲਿਆ।
ਪੋਹ ਦਾ ਮਹੀਨਾ ਕਹਿਰ ਬਣ ਗਿਆ। ਸਿਰਸਾ ਨਦੀ ’ਤੇ ਪਰਿਵਾਰ ਐਸਾ ਵਿਛੜਿਆ ਕਿ ਉਨ੍ਹਾਂ ਦਾ ਮਿਲਾਪ ਬਹਿਸ਼ਤ ’ਚ ਹੋਇਆ। ਸ਼ਿਵਾਲਿਕ ਦੀਆਂ ਪਹਾੜੀਆਂ ਨੇ ਘਣੇ ਕੋਹਰੇ ਦੀ ਬੁੱਕਲ ਮਾਰੀ ਹੋਈ ਸੀ। ਸਫ਼ਰ-ਏ-ਸ਼ਹਾਦਤ ਦੌਰਾਨ ਮੁਗ਼ਲ ਸੈਨਾ ਨੇ ਨਾਮ ਜਪਦੇ ਸਿੰਘਾਂ ’ਤੇ ਹਮਲਾ ਕਰ ਦਿੱਤਾ। ਗੁਰੂ-ਮਾਰੀ ਸਿਰਸਾ ਪਾਰ ਕਰਨ ਲੱਗਿਆਂ ਕੀਮਤੀ ਭਗਤੀ ਸਾਹਿਤ ਦੀਆਂ ਪੋਥੀਆਂ ਤੇ ਕਈ ਸਿੰਘ ਰੁੜ੍ਹ ਗਏ। ਗੁਰੂ ਪਰਿਵਾਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗੰਗੂ ਰਸੋਈਏ ਨਾਲ ਨਦੀ ਦੇ ਕਿਨਾਰੇ ਚੱਲਦੇ ਕੁੰਮਾ ਮਾਸ਼ਕੀ ਦੀ ਕੁੱਲੀ ਵਿਚ ਰੈਣ ਬਿਤਾਉਂਦੇ ਹਨ। ਕੁੰਮਾ ਮਾਸ਼ਕੀ ਦਾ ਰੈਣ-ਬਸੇਰਾ ਧੰਨ ਹੋ ਗਿਆ ਜਿੱਥੇ ਅੱਜ ਵੀ ਸੰਗਤ ਵੱਡੀ ਗਿਣਤੀ ਵਿਚ ਨਤਮਸਤਕ ਹੁੰਦੀ ਹੈ।
ਗੰਗੂ ਸਰਾਪਿਆ ਗਿਆ ਜਿਸ ਨੇ ਲੋਭ ਵਿਚ ਆ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੋਤਵਾਲ ਹਵਾਲੇ ਕਰ ਦਿੱਤਾ। ਖ਼ਾਲਸਾ ਪੰਥ ਦੀ ਨੀਂਹ ਅਨੰਦਪੁਰ ਸਾਹਿਬ ਵਿਖੇ ਰੱਖੀ ਗਈ ਸੀ। ਨੀਹਾਂ ਵਿਚ ਚਿਣੇ ਜਾਣ ਤੋਂ ਬਾਅਦ ਸਾਹਿਬਜ਼ਾਦੇ ਪੰਥ ਦੀਆਂ ਨੀਹਾਂ ਪੱਕੀਆਂ ਕਰ ਗਏ। ਚਮਕੌਰ ਦੀ ਜੰਗ ਵਿਚ ਦੋ ਵੱਡੇ ਸਾਹਿਬਜ਼ਾਦਿਆਂ ਨੂੰ ਜਿਵੇਂ ਦਸਮੇਸ਼ ਪਿਤਾ ਨੇ ਰਣ-ਤੱਤੇ ਵਿਚ ਹੋਥੀਂ ਤੋਰਿਆ, ਇਸ ਦੀ ਮਿਸਾਲ ਵੀ ਕਿਧਰੇ ਨਹੀਂ ਮਿਲਦੀ।
ਸਫ਼ਰ-ਏ-ਸ਼ਹਾਦਤ ਦੀ ਦਾਸਤਾਨ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਜ਼ਿਕਰ ਬਿਨਾਂ ਅਧੂਰੀ ਹੈ ਜਿਨ੍ਹਾਂ ਨੇ ਬੇਖ਼ੌਫ਼ ਹੋ ਕੇ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਢੇ ਬੁਰਜ ਵਿਚ ਦੁੱਧ ਪਿਲਾਇਆ ਸੀ। ਸ਼ੇਰਦਿਲ ਨਵਾਬ ਮਲੇਰਕੋਟਲਾ, ਸ਼ੇਰ ਮੁਹੰਮਦ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ’ਚ ਚਿਣੇ ਜਾਣ ਵੇਲੇ ‘ਹਾਅ ਦਾ ਨਾਅਰਾ’ ਮਾਰਿਆ ਜਿਸ ਨੂੰ ਕੌਮ ਕਦੇ ਨਹੀਂ ਭੁਲਾ ਸਕਦੀ।
ਸਾਹਿਬਜ਼ਾਦਿਆਂ ਦੇ ਸਸਕਾਰ ਲਈ ਸੋਨੇ ਦੀਆਂ ਖੜ੍ਹੀਆਂ ਮੋਹਰਾਂ ਵਿਛਾ ਕੇ ਧਰਤੀ ਖ਼ਰੀਦਣ ਵਾਲੇ ਦੀਵਾਨ ਟੋਡਰ ਮੱਲ ਦਾ ਨਾਂ ਵੀ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ। ਲਹੂ-ਭਿੱਜੀ ਤਵਾਰੀਖ਼ ਦੇ ਅਜਿਹੇ ਕਈ ਹੋਰ ਪਾਤਰ ਹਨ ਜਿਨ੍ਹਾਂ ਦਾ ਨਾਂ ਚਿਤਵਦਿਆਂ ਸਿਰ ਸਿਜਦੇ ਵਿਚ ਝੁਕ ਜਾਂਦਾ ਹੈ। ਜ਼ਮੀਰ ਦੀ ਆਵਾਜ਼ ਸੁਣਨ ਵਾਲੇ ਅਜਿਹੇ ਲੋਕ ਜੀਵਨ ਯਾਤਰਾ ਪੂਰੀ ਕਰਨ ਤੋਂ ਬਾਅਦ ਵੀ ਜਿਉਂਦੇ ਹਨ। ਦਰਅਸਲ, ਜ਼ਮੀਰ ਦਾ ਮਰਨਾ, ਮਰਨ ਤੋਂ ਪਹਿਲਾਂ ਦਾ ਮਰਨ ਹੁੰਦਾ ਹੈ। ਜਾਗਦੀਆਂ ਜ਼ਮੀਰਾਂ ਵਾਲੇ ਕਦੇ ਨਹੀਂ ਮਰਦੇ।
ਵਰਿੰਦਰ ਸਿੰਘ ਵਾਲੀਆ
ਸੰਪਾਦਕ