ਰੱਬ ਅੱਗੇ ਇਹੀ ਦੁਆ ਹੈ ਕਿ ਜਿੱਥੇ ਸੂਬੇ ਦੇ ਲੋਕ ਸਿਹਤਯਾਬ ਰਹਿਣ ਉੱਥੇ ਹੀ ਉਨ੍ਹਾਂ ਦੀ ਆਰਥਿਕ ਹਾਲਤ ਵਿਚ ਵੀ ਸੁਧਾਰ ਹੋਵੇ। ਦਿੱਲੀ ਦੀਆਂ ਹੱਦਾਂ ’ਤੇ ਬੀਤੇ ਇਕ ਸਾਲ ਤੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਮਸਲੇ ਦਾ ਸੁਖਾਵਾਂ ਹੱਲ ਨਿਕਲੇ। ਦੇਸ਼ ਦੀਆਂ ਸਰਹੱਦਾਂ ’ਤੇ ਸ਼ਾਂਤੀ ਹੋਵੇ ਅਤੇ ਸਾਡੇ ਯੋਧਿਆਂ ਨੂੰ ਸ਼ਹਾਦਤ ਦਾ ਜਾਮ ਨਾ ਪੀਣਾ ਪਵੇ। ਸ਼ਾਲਾ! ਇਸ ਵਾਰ ਦੀ ਦੀਵਾਲੀ ਸਾਰਿਆਂ ਦੀ ਜ਼ਿੰਦਗੀ ਨੂੰ ਹੋਰ ਰੋਸ਼ਨ ਕਰੇ।

ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਪਿਛਲੇ ਦੋ ਸਾਲਾਂ ਦੌਰਾਨ ਕੋਰੋਨਾ ਮਹਾਮਾਰੀ ਕਾਰਨ ਮੱਠੇ ਜਿਹੇ ਉਤਸ਼ਾਹ ਨਾਲ ਮਨਾਇਆ ਗਿਆ ਪਰ ਇਸ ਵਾਰ ਕੋਰੋਨਾ ਕਾਫ਼ੀ ਹੱਦ ਤਕ ਕਾਬੂ ਹੇਠ ਹੋਣ ਕਾਰਨ ਦੀਵਾਲੀ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਈ ਜਾ ਰਹੀ ਹੈ। ਪੰਜਾਬ ਦੇ ਬਾਜ਼ਾਰਾਂ ’ਚ ਭੀੜ ਬਹੁਤ ਵੱਧ ਗਈ ਹੈ ਤੇ ਲੋਕ ਇਸ ਤਿਉਹਾਰ ਮੌਕੇ ਰੱਜ ਕੇ ਖ਼ਰੀਦਦਾਰੀ ਕਰ ਰਹੇ ਹਨ। ਓਧਰ ਵਿਧਾਨ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਸੂਬੇ ’ਚ ਸਿਆਸੀ ਪਾਰਟੀਆਂ ਵੀ ਵੋਟਰਾਂ ਨੂੰ ਲੁਭਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ। ਸੱਤਾਧਾਰੀ ਪਾਰਟੀ ਨੇ ਤਾਂ ਦੀਵਾਲੀ ਮੌਕੇ ਸਸਤੀ ਬਿਜਲੀ ਅਤੇ ਮੁਲਾਜ਼ਮਾਂ ਦਾ ਡੀਏ ਵਧਾਉਣ ਵਰਗੇ ਤੋਹਫ਼ੇ ਲੋਕਾਂ ਨੂੰ ਦੇ ਦਿੱਤੇ ਹਨ। ਦੂਜੀਆਂ ਪਾਰਟੀਆਂ ਵੀ ਵੱਡੇ-ਵੱਡੇ ਚੋਣ ਵਾਅਦੇ ਕਰ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰ ਰਹੀਆਂ ਹਨ। ਕੋਰੋਨਾ ਕਾਲ ਦੌਰਾਨ ਜਿੱਥੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਉੱਥੇ ਵੱਡੇ ਪੱਧਰ ’ਤੇ ਲੋਕਾਂ ਦੇ ਕਾਰੋਬਾਰ ਵੀ ਠੱਪ ਹੋ ਗਏ। ਬੀਤੇ ਦੋ ਸਾਲਾਂ ਦੌਰਾਨ ਲੋਕ ਆਰਥਿਕ ਮੰਦਹਾਲੀ ਨਾਲ ਜੂਝਦੇ ਰਹੇ। ਸੂਬੇ ਦਾ ਅਰਥਚਾਰਾ ਪੂਰੀ ਤਰ੍ਹਾਂ ਹਿੱਲ ਗਿਆ ਅਤੇ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਪੰਜਾਬ ਦੀ ਹਾਲਤ ਹੋਰ ਵੀ ਖ਼ਰਾਬ ਹੋ ਗਈ। ਦੂਜੇ ਪਾਸੇ ਪੰਜਾਬ ਦੇ ਕਿਸਾਨ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਲਗਪਗ ਇਕ ਸਾਲ ਤੋਂ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਹਨ ਪਰ ਕੇਂਦਰ ਸਰਕਾਰ ਕੋਈ ਹੱਥ-ਪੱਲਾ ਨਹੀਂ ਫੜਾ ਰਹੀ। ਕਈ ਕਿਸਾਨਾਂ ਦੀ ਇਸ ਸੰਘਰਸ਼ ਦੌਰਾਨ ਜਾਨ ਵੀ ਚਲੀ ਗਈ। ਇਸ ਦੇ ਬਾਵਜੂਦ ਅੰਨਦਾਤਾ ਆਪਣੇ ਹੱਕ ਲੈਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਪੂਰੇ ਸਬਰ ਤੇ ਸੰਤੋਖ ਨਾਲ ਡਟਿਆ ਹੋਇਆ ਹੈ। ਹੁਣ ਭਾਵੇਂ ਹੁਕਮਰਾਨ ਤੇ ਵਿਰੋਧੀ ਪਾਰਟੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਤਰ੍ਹਾਂ ਦੇ ਐਲਾਨ ਕਰ ਰਹੀਆਂ ਹਨ ਪਰ ਦੇਖਿਆ ਜਾਵੇ ਤਾਂ ਲੋਕਾਂ ਨੂੰ ਸਿਆਸੀ ਪਾਰਟੀਆਂ ’ਤੇ ਕੋਈ ਇਤਬਾਰ ਨਹੀਂ ਰਿਹਾ। ਆਮ ਲੋਕ ਸਿਆਸਤਦਾਨਾਂ ਕੋਲੋਂ ਉਨ੍ਹਾਂ ਦੇ ਕੀਤੇ ਗਏ ਕੰਮਾਂ ਦਾ ਹਿਸਾਬ-ਕਿਤਾਬ ਮੰਗਣ ਲੱਗ ਪਏ ਹਨ। ਹੁਣ ਸਮਾਂ ਆ ਗਿਆ ਹੈ ਕਿ ਕੋਈ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਚੋਣਾਂ ਮੌਕੇ ਸਿਆਸੀ ਪਾਰਟੀਆਂ ਜੋ ਚੋਣ ਮਨੋਰਥ ਪੱਤਰ ਜਾਂ ਮੈਨੀਫੈਸਟੋ ਜਾਰੀ ਕਰਨ, ਉਹ ਕਾਨੂੰਨੀ ਦਸਤਾਵੇਜ਼ ਦੇ ਰੂਪ ’ਚ ਹੋਵੇ। ਲੋਕਾਂ ਨਾਲ ਕੀਤੇ ਗਏ ਵਾਅਦੇ ਨਾ ਪੂਰੇ ਕਰਨ ਵਾਲੀ ਸੱਤਾਧਾਰੀ ਪਾਰਟੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਵਿਵਸਥਾ ਹੋਵੇ। ਇਸ ਨਾਲ ਜਿੱਥੇ ਸਿਆਸੀ ਪਾਰਟੀਆਂ ਲੋਕਾਂ ਪ੍ਰਤੀ ਜਵਾਬਦੇਹ ਹੋਣਗੀਆਂ ਉੱਥੇ ਲੋਕਾਂ ਨੂੰ ਵੀ ਭਰੋਸਾ ਹੋਵੇਗਾ ਕਿ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੈ। ਇਹ ਚੰਗੀ ਗੱਲ ਹੈ ਕਿ ਇਸ ਸਾਲ ਹੁਣ ਤਕ ਕੋਰੋਨਾ ਕਾਫ਼ੀ ਹੱਦ ਤਕ ਕਾਬੂ ਹੇਠ ਹੈ ਪਰ ਇਹ ਵੀ ਦੇਖਣ ’ਚ ਆ ਰਿਹਾ ਹੈ ਕਿ ਦੀਵਾਲੀ ਦੀਆਂ ਖ਼ੁਸ਼ੀਆਂ ’ਚ ਲੋਕ ਕੋਰੋਨਾ ਪ੍ਰੋਟੋਕਾਲ ਨੂੰ ਭੁੱਲ ਕੇ ਬਾਜ਼ਾਰਾਂ ਦੀਆਂ ਰੌਣਕਾਂ ਵਧਾ ਰਹੇ ਹਨ। ਬਹੁਤ ਘੱਟ ਲੋਕ ਮਾਸਕ ਪਾ ਰਹੇ ਹਨ ਅਤੇ ਸਰੀਰਕ ਦੂਰੀ ਦੇ ਨਿਯਮ ਦੀ ਪਾਲਣਾ ਵੀ ਨਹੀਂ ਕੀਤੀ ਜਾ ਰਹੀ। ਸੂਬੇ ’ਚ ਕੋਰੋਨਾ ਵਿਰੁੁੱਧ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਵੀ ਪਹਿਲਾਂ ਨਾਲੋਂ ਮੱਠੀ ਹੋ ਗਈ ਹੈ ਜੋ ਖ਼ਤਰੇ ਦੀ ਘੰਟੀ ਹੈ। ਰੱਬ ਅੱਗੇ ਇਹੀ ਦੁਆ ਹੈ ਕਿ ਜਿੱਥੇ ਸੂਬੇ ਦੇ ਲੋਕ ਸਿਹਤਯਾਬ ਰਹਿਣ ਉੱਥੇ ਹੀ ਉਨ੍ਹਾਂ ਦੀ ਆਰਥਿਕ ਹਾਲਤ ਵਿਚ ਵੀ ਸੁਧਾਰ ਹੋਵੇ। ਦਿੱਲੀ ਦੀਆਂ ਹੱਦਾਂ ’ਤੇ ਬੀਤੇ ਇਕ ਸਾਲ ਤੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਮਸਲੇ ਦਾ ਸੁਖਾਵਾਂ ਹੱਲ ਨਿਕਲੇ। ਦੇਸ਼ ਦੀਆਂ ਸਰਹੱਦਾਂ ’ਤੇ ਸ਼ਾਂਤੀ ਹੋਵੇ ਅਤੇ ਸਾਡੇ ਯੋਧਿਆਂ ਨੂੰ ਸ਼ਹਾਦਤ ਦਾ ਜਾਮ ਨਾ ਪੀਣਾ ਪਵੇ। ਸ਼ਾਲਾ! ਇਸ ਵਾਰ ਦੀ ਦੀਵਾਲੀ ਸਾਰਿਆਂ ਦੀ ਜ਼ਿੰਦਗੀ ਨੂੰ ਹੋਰ ਰੋਸ਼ਨ ਕਰੇ।