ਇਹ ਸਮਾਗਮ ਸਿੱਖਿਆ, ਸੇਵਾ ਅਤੇ ਨਵੀਨਤਾ ਦੇ ਸੰਗਮ ਨੂੰ ਸਲਾਮ ਕਰਦਾ ਹੈ ਤੇ ਆਉਣ ਵਾਲੇ ਦਹਾਕਿਆਂ ਲਈ ਨਵੇਂ ਸੁਪਨਿਆਂ ਦੀ ਸ਼ੁਰੂਆਤ ਕਰੇਗਾ। ਇਸ ਤਰ੍ਹਾਂ 15 ਜਨਵਰੀ 2026 ਦਾ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਚ ਸੁਨਿਹਰੀ ਅੱਖਰਾਂ ਵਿਚ ਦਰਜ ਹੋ ਜਾਵੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਸਿੱਖ ਧਰਮ ਦੇ ਬਾਨੀ, ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਅਵਤਾਰ ਦਿਵਸ ਦੇ ਅਵਸਰ ’ਤੇ ਹੋਈ ਸੀ। ਆਪਣੇ ਸਥਾਪਨਾ ਦਿਵਸ ਤੋਂ ਲੈ ਕੇ ਹੁਣ ਤੱਕ ਇਸ ਯੂਨੀਵਰਸਿਟੀ ਨੇ ਅਕਾਦਮਿਕ, ਸਾਇੰਸ ਅਤੇ ਖੇਡਾਂ ਤੋਂ ਇਲਾਵਾ ਹਰ ਖੇਤਰ ਵਿਚ ਇਤਿਹਾਸਕ ਪੁਲਾਂਘਾਂ ਪੁੱਟੀਆਂ ਹਨ।
ਖੇਡਾਂ ਅਤੇ ਯੂਥ ਐਕਟੀਵਿਟੀਜ਼ ਵਿਚ ਵੀ ਜੀਐੱਨਡੀਯੂ ਨੇ ਆਪਣਾ ਲੋਹਾ ਮਨਵਾਇਆ ਹੈ। ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ 25 ਵਾਰ ਜਿੱਤਣ ਵਾਲੀ ਇਸ ਯੂਨੀਵਰਸਿਟੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਅਨੇਕ ਮੈਡਲ ਹਾਸਲ ਕੀਤੇ ਹਨ। ਹਾਕੀ ਤੋਂ ਲੈ ਕੇ ਤਲਵਾਰਬਾਜ਼ੀ ਤੱਕ, ਯੂਨੀਵਰਸਿਟੀ ਨੇ ਦੇਸ਼ ਨੂੰ ਅਣਗਿਣਤ ਓਲੰਪੀਅਨ ਅਤੇ ਅਰਜੁਨ ਐਵਾਰਡੀ ਦਿੱਤੇ ਹਨ।
ਯੂਨੀਵਰਸਿਟੀ ਦੇ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਬਹੁਤ ਨਾਂ ਕਮਾਇਆ। ਛੇ ਪਦਮਸ੍ਰੀ, 36 ਅਰਜੁਨ ਐਵਾਰਡੀ, 2 ਦ੍ਰੋਣਾਚਾਰੀਆ ਐਵਾਰਡੀ ਅਤੇ 44 ਹੋਰ ਰਾਸ਼ਟਰੀ ਐਵਾਰਡੀ ਖਿਡਾਰੀ ਹਨ। ਓਲੰਪਿਕਸ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਜਿਵੇਂ ਸ਼ੂਟਰ ਸਿਫਤ ਕੌਰ ਸਮਰਾ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਯੂਨੀਵਰਸਿਟੀ ਨੂੰ ਮਾਣ ਬਖ਼ਸ਼ਿਆ ਹੈ। ਇਸ ਤੋਂ ਇਲਾਵਾ ਏਸ਼ਿਆਈ ਖੇਡਾਂ ਵਿਚ 16 ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਵਰਲਡ ਯੂਨੀਵਰਸਿਟੀ ਗੇਮਜ਼ 2025 ਵਿਚ 25 ਖਿਡਾਰੀਆਂ ਨੇ ਹਿੱਸਾ ਲਿਆ ਅਤੇ ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2023’ ਦੀ ਨੋਡਲ ਯੂਨੀਵਰਸਿਟੀ ਵਜੋਂ ਵੀ ਚੁਣੀ ਗਈ।
ਯੂਨੀਵਰਸਿਟੀ ਦਾ ਡਿਪਾਰਟਮੈਂਟ ਆਫ ਫਿਜ਼ੀਕਲ ਐਜੂਕੇਸ਼ਨ ਅਤੇ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਿਜ਼ ਐਂਡ ਮੈਡੀਸਨ ਖੇਡਾਂ ਨੂੰ ਵਿਗਿਆਨਕ ਢੰਗ ਨਾਲ ਅੱਗੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹ ਵਿਭਾਗ ਨਿਊਰੋਫਿਜ਼ੀਓਲੋਜੀ, ਮੋਸ਼ਨ ਐਨਾਲਿਸਿਸ, ਹਿਊਮਨ ਪਰਫਾਰਮੈਂਸ, ਸਪੋਰਟਸ ਸਾਈਕੋਲੋਜੀ ਅਤੇ ਐਕਸਰਸਾਈਜ਼ ਫਿਜ਼ੀਓਲੋਜੀ ਵਿਚ ਅਤਿ-ਆਧੁਨਿਕ ਲੈਬਾਰਟਰੀਆਂ ਨਾਲ ਲੈਸ ਹੈ। ਇਹ ਭਾਰਤ ਵਿਚ ਖੇਡ ਵਿਗਿਆਨ ਦੇ ਖੇਤਰ ਵਿਚ ਪਾਇਓਨੀਅਰ ਸੰਸਥਾ ਮੰਨੀ ਜਾਂਦੀ ਹੈ ਅਤੇ ਰਾਸ਼ਟਰੀ ਪੱਧਰ ’ਤੇ ਵਿਸ਼ੇਸ਼ ਮਾਨਤਾ ਪ੍ਰਾਪਤ ਕਰ ਚੁੱਕੀ ਹੈ।
ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ’ਤੇ ਚੱਲਦੀ ਇਹ ਯੂਨੀਵਰਸਿਟੀ ਖੇਡਾਂ ਨੂੰ ਸਿਰਫ਼ ਪ੍ਰਤੀਯੋਗਤਾ ਨਹੀਂ, ਸਗੋਂ ਸਰੀਰਕ, ਮਾਨਸਿਕ ਤੇ ਨੈਤਿਕ ਵਿਕਾਸ ਦਾ ਮਾਧਿਅਮ ਮੰਨਦੀ ਹੈ। ਇਸ ਦਾ ਯੋਗਦਾਨ ਨਾ ਸਿਰਫ਼ ਪੰਜਾਬ ਬਲਕਿ ਪੂਰੇ ਭਾਰਤ ਦੀ ਖੇਡ ਵਿਰਾਸਤ ਨੂੰ ਅਮੀਰ ਬਣਾ ਰਿਹਾ ਹੈ।
ਵਾਤਾਵਰਨ ਪੱਖੀ ਪਹਿਲਕਦਮੀਆਂ ਲਈ ਸ਼ਹੀਦ ਭਗਤ ਸਿੰਘ ਪੰਜਾਬ ਸਟੇਟ ਇਨਵਾਇਰਨਮੈਂਟ ਐਵਾਰਡ 2023 ਅਤੇ ਡਿਸਟ੍ਰਿਕਟ ਗ੍ਰੀਨ ਚੈਂਪੀਅਨ ਵਾਤਾਵਰਨ ਸਬੰਧੀ ਐਵਾਰਡ ਇਸ ਦੀ ਬਹੁਮੁਖੀ ਉੱਤਮਤਾ ਨੂੰ ਉਜਾਗਰ ਕਰਦੇ ਹਨ। ਜੀਐੱਨਡੀਯੂ ਦੇ ਯੁਵਕ ਮੇਲੇ ਪੰਜਾਬੀ ਵਿਰਸੇ ਦੀ ਨਰਸਰੀ ਸਾਬਿਤ ਹੋਏ ਹਨ। ਗੁਰਬਾਣੀ ਸੰਗੀਤ, ਲੋਕ ਨਾਚ ਅਤੇ ਸਾਹਿਤਕ ਗਤੀਵਿਧੀਆਂ ਰਾਹੀਂ ਯੂਨੀਵਰਸਿਟੀ ਨੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਿਆ ਹੈ।
ਮੌਜੂਦਾ ਵਾਈਸ-ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਹੁਣ ‘ਪੁਰਾਤਨ ਵਿਰਸੇ ਅਤੇ ਨਵੀਨਤਮ ਤਕਨਾਲੋਜੀ’ ਦੇ ਸੁਮੇਲ ਵੱਲ ਵਧ ਰਹੀ ਹੈ। ਉਨ੍ਹਾਂ ਦੀ ਸੋਚ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀਆਂ ਦੇਣ ਤੱਕ ਸੀਮਤ ਨਹੀਂ, ਸਗੋਂ ਉਨ੍ਹਾਂ ਨੂੰ ‘ਗਲੋਬਲ ਸਿਟੀਜ਼ਨ’ ਬਣਾਉਣ ਦੀ ਹੈ। ਆਉਣ ਵਾਲੇ ਸਮੇਂ ਲਈ ਯੂਨੀਵਰਸਿਟੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਡਾਟਾ ਸਾਇੰਸ ਵਰਗੇ ਕੋਰਸਾਂ ’ਤੇ ਜ਼ੋਰ ਦੇ ਰਹੀ ਹੈ।
ਉਦਯੋਗਿਕ ਤਾਲਮੇਲ ਲਈ ਵਾਈਸ ਚਾਂਸਲਰ ਦੇ ਯਤਨਾਂ ਸਦਕਾ ਯੂਨੀਵਰਸਿਟੀ ਨੇ ਵੱਡੀਆਂ ਕੰਪਨੀਆਂ ਨਾਲ ਸਮਝੌਤੇ ਕੀਤੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਤੁਰੰਤ ਬਾਅਦ ਰੁਜ਼ਗਾਰ ਮਿਲ ਸਕੇ। ਉਨ੍ਹਾਂ ਦਾ ਗੋਲਡਨ ਜੁਬਲੀ ਵਿਜ਼ਨ ਯੂਨੀਵਰਸਿਟੀ ਨੂੰ ਦੁਨੀਆ ਦੀਆਂ ਚੋਟੀ ਦੀਆਂ 200 ਯੂਨੀਵਰਸਿਟੀਆਂ ਦੀ ਸੂਚੀ ਵਿਚ ਸ਼ਾਮਲ ਕਰਨਾ ਹੈ। ਆਸ ਕੀਤੀ ਜਾ ਸਕਦੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਹ 50ਵੀਂ ਕਨਵੋਕੇਸ਼ਨ ਨੌਜਵਾਨਾਂ ਲਈ ਪ੍ਰੇਰਨਾ, ਪੰਜਾਬ ਲਈ ਮਾਣ ਅਤੇ ਭਵਿੱਖ ਲਈ ਨਵਾਂ ਮੀਲ ਪੱਥਰ ਸਾਬਿਤ ਹੋਵੇਗੀ।
ਇਹ ਸਮਾਗਮ ਸਿੱਖਿਆ, ਸੇਵਾ ਅਤੇ ਨਵੀਨਤਾ ਦੇ ਸੰਗਮ ਨੂੰ ਸਲਾਮ ਕਰਦਾ ਹੈ ਤੇ ਆਉਣ ਵਾਲੇ ਦਹਾਕਿਆਂ ਲਈ ਨਵੇਂ ਸੁਪਨਿਆਂ ਦੀ ਸ਼ੁਰੂਆਤ ਕਰੇਗਾ। ਇਸ ਤਰ੍ਹਾਂ 15 ਜਨਵਰੀ 2026 ਦਾ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਚ ਸੁਨਿਹਰੀ ਅੱਖਰਾਂ ਵਿਚ ਦਰਜ ਹੋ ਜਾਵੇਗਾ। ਇਸ ਦੇ ਨਾਲ ਹੀ ਸਮਾਗਮ ਡਿਗਰੀ ਵੰਡ ਸਮਾਰੋਹ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਨਹਿਰੇ ਇਤਿਹਾਸ, ਅਕਾਦਮਿਕ ਉਪਲਬਧੀਆਂ ਅਤੇ ਭਵਿੱਖੀ ਦ੍ਰਿਸ਼ਟੀ ਨੂੰ ਵੀ ਪ੍ਰਤੀਬਿੰਬਤ ਕਰਦਾ ਸੁਨਹਿਰੀ ਪੈੜਾਂ ਛੱਡ ਜਾਵੇਗਾ।
ਗੋਲਡਨ ਜੁਬਲੀ ਸਮਾਗਮ ਦੇ ਅਵਸਰ ’ਤੇ ਮੁੱਖ ਮਹਿਮਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹਨ ਜੋ ਹੋਣਹਾਰ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਮੈਡਲ ਵੰਡਣਗੇ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਮਹਿਮਾਨ ਹੋਣਗੇ। ਕੁੱਲ 463 ਵਿਦਿਆਰਥੀਆਂ ਨੂੰ ਡਿਗਰੀਆਂ ਤੇ ਮੈਡਲ ਵੰਡੇ ਜਾਣਗੇ।
-ਪ੍ਰਵੀਨ ਪੁਰੀ
ਡਾਇਰੈਕਟਰ ਲੋਕ ਸੰਪਰਕ, ਗੁਰੂ ਨਾਨਕ ਦੇਵ ਯੂਨੀਵਰਸਿਟੀ
-ਮੋਬਾਈਲ : 98782-77423