ਇਸ ਕਤਲ ਦੀ ਜ਼ਿੰਮੇਵਾਰੀ ਬਾਅਦ ’ਚ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ•। ਗਾਇਕ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਪੰਜਾਬ ’ਚ ਲਗਾਤਾਰ ਵਾਪਰ ਰਹੀਆਂ ਇਨ੍ਹਾਂ ਹਿੰਸਕ ਘਟਨਾਵਾਂ ਪਿੱਛੇ ਵੀ ਇਨ੍ਹਾਂ ਗੈਂਗਸਟਰਾਂ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਪੰਜਾਬ ਦਾ ਕਾਨੂੰਨ ਪ੍ਰਬੰਧ ਪਿਛਲੇ ਲੰਬੇ ਸਮੇਂ ਤੋਂ ਖ਼ੌਫ਼ਨਾਕ ਅਪਰਾਧਕ ਘਟਨਾਵਾਂ ਕਾਰਨ ਸਵਾਲਾਂ ਦੇ ਘੇਰੇ ’ਚ ਹੈ। ਤਾਜ਼ਾ ਘਟਨਾਵਾਂ ਲੋਕਾਂ ’ਚ ਦਹਿਸ਼ਤ ਭਰਨ ਦਾ ਕੰਮ ਕਰ ਰਹੀਆਂ ਹਨ। ਪਿਛਲੇ ਚਾਰ ਕੁ ਦਿਨਾਂ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਗੋਲ਼ੀਬਾਰੀ ਦੀਆਂ ਵੱਡੀਆਂ ਘਟਨਾਵਾਂ ਹੋਈਆਂ ਹਨ। ਅੰਮ੍ਰਿਤਸਰ ਦੇ ਬੱਸ ਅੱਡੇ ’ਤੇ ਚੱਲੀ ਗੋਲ਼ੀ ਕਾਰਨ ਨਿੱਜੀ ਬੱਸ ਦੇ ਕਰਮਚਾਰੀ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬਟਾਲਾ 'ਚ ਸਾਬਕਾ ਵਿਧਾਇਕ ਦੇ ਪੋਤਰੇ ਨੂੰ ਗੋਲ਼ੀਆਂ ਨਾਲ ਛਲਣੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸ਼ਹਿਰ ’ਚ ਬੱਚੇ ਨੂੰ ਸਕੂਲ ਛੱਡ ਕੇ ਮੁੜ ਰਹੇ ਵਿਅਕਤੀ ਨੂੰ ਨਕਾਬਪੋਸ਼ਾਂ ਨੇ ਗੋਲ਼ੀ ਮਾਰ ਕੇ ਮੁਕਾ ਦਿੱਤਾ ਸੀ। ਜ਼ੀਰਕਪੁਰ ’ਚ ਨੌਂ ਹਮਲਾਵਰਾਂ ਨੇ ਇਕ ਪ੍ਰਾਪਰਟੀ ਡੀਲਰ ਨੂੰ ਰਾਡਾਂ ਤੇ ਤਲਵਾਰਾਂ ਨਾਲ ਲਹੂ-ਲੁਹਾਣ ਕਰ ਦਿੱਤਾ। ਬੀਤੇ ਕੱਲ੍ਹ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਬੰਗਾ ’ਚ ਕਾਰ ਸਵਾਰ ਨੌਜਵਾਨਾਂ ਨੇ ਬੱਸ ਅੱਡੇ ਲਾਗੇ ਇਕ ਸਕਾਰਪੀਓ ਗੱਡੀ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਜਿਸ ਕਾਰਨ ਪੰਜ ਨੌਜਵਾਨ ਗੰਭੀਰ ਜ਼ਖ਼ਮੀ ਹੋਏ। ਇਨ੍ਹਾਂ ਤਾਜ਼ਾ ਘਟਨਾਵਾਂ ’ਚ ਇਕ ਗੱਲ ਸਾਂਝੀ ਹੈ ਕਿ ਜ਼ਿਆਦਾਤਰ ਵਾਰਦਾਤਾਂ ਦਿਨ-ਦਿਹਾੜੇ ਵਾਪਰੀਆਂ ਹਨ। ਇਸ ਨਾਲ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉੱਠਣੇ ਲਾਜ਼ਮੀ ਹਨ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਵੀ ਵਿਦੇਸ਼ਾਂ ਤੋਂ ਫੋਨ ਕਾਲਾਂ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸੇ ਸਾਲ ਜੁਲਾਈ ’ਚ ਅਬੋਹਰ ਦੇ ਕੱਪੜਾ ਵਪਾਰੀ ਨੂੰ ਦਿਨ-ਦਿਹਾੜੇ ਗੋਲ਼ੀਆਂ ਮਾਰ ਦਿੱਤੀਆਂ ਗਈਆਂ ਸਨ।
ਇਸ ਕਤਲ ਦੀ ਜ਼ਿੰਮੇਵਾਰੀ ਬਾਅਦ ’ਚ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ•। ਗਾਇਕ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਪੰਜਾਬ ’ਚ ਲਗਾਤਾਰ ਵਾਪਰ ਰਹੀਆਂ ਇਨ੍ਹਾਂ ਹਿੰਸਕ ਘਟਨਾਵਾਂ ਪਿੱਛੇ ਵੀ ਇਨ੍ਹਾਂ ਗੈਂਗਸਟਰਾਂ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਬਹੁਤੀਆਂ ਘਟਨਾਵਾਂ ਆਪਸੀ ਰੰਜਿਸ਼ ਦਾ ਨਤੀਜਾ ਵੀ ਦੱਸੀਆਂ ਜਾ ਰਹੀਆਂ ਹਨ। ਸਾਲ 2025 ’ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਗੋਲ਼ੀਬਾਰੀ ਦੀਆਂ ਕਈ ਗੰਭੀਰ ਘਟਨਾਵਾਂ ਵਾਪਰੀਆਂ। ਸਤੰਬਰ 2025 ’ਚ ਗੁਰਦਾਸਪੁਰ ’ਚ ਇਕ ਮੈਡੀਕਲ ਸਟੋਰ ਦੇ ਮਾਲਕ ’ਤੇ ਦੋ ਬਾਈਕ ਸਵਾਰ ਨਕਾਬਪੋਸ਼ਾਂ ਨੇ ਗੋਲ਼ੀਆਂ ਚਲਾ ਦਿੱਤੀਆਂ ਸਨ।
ਅਕਤੂਬਰ ਮਹੀਨੇ ਮਾਨਸਾ ’ਚ ਕੀਟਨਾਸ਼ਕ ਦਵਾਈਆਂ ਵੇਚਣ ਵਾਲੇ ਇਕ ਦੁਕਾਨਦਾਰ ’ਤੇ ਗੋਲ਼ੀਆਂ ਚਲਾਈਆਂ ਗਈਆਂ। ਜੁਲਾਈ 2025 ’ਚ ਜ਼ੀਰਕਪੁਰ ’ਚ ਇਕ ਜਨਮ ਦਿਨ ਪਾਰਟੀ ਦੌਰਾਨ ਨੌਜਵਾਨ ਨੇ ਬੇਖ਼ੌਫ਼ ਤਰੀਕੇ ਨਾਲ ਹਵਾਈ ਫਾਇਰ ਕੀਤੇ। ਤਰਨਤਾਰਨ ’ਚ ਅਗਸਤ ਮਹੀਨੇ ਇਕ ਸੈਲੂਨ ਦੇ ਮਾਲਕ ਨੂੰ ਤਿੰਨ ਬਾਈਕ ਸਵਾਰਾਂ ਨੇ ਗੋਲ਼ੀਆਂ ਮਾਰ ਦਿੱਤੀਆਂ। ਸਰਹੱਦੀ ਇਲਾਕਿਆਂ ’ਚ ਗੋਲ਼ੀਬਾਰੀ ਦੀਆਂ ਇਹ ਘਟਨਾਵਾਂ ਪੁਲਿਸ ਤੰਤਰ ਲਈ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਪੰਜਾਬ ਸਰਕਾਰ ਦੀ ਇਕ ਰਿਪੋਰਟ ਮੁਤਾਬਕ 2021 ’ਚ 723 ਹੱਤਿਆ ਦੇ ਮਾਮਲੇ ਦਰਜ ਹੋਏ।
ਜਦਕਿ 2022 ’ਚ ਇਹ ਘਟ ਕੇ 654 ਹੋ ਗਏ। ਇਸ ਤੋਂ ਇਲਾਵਾ 2021 ’ਚ 1787 ਕਿਡਨੈਪਿੰਗ ਦੇ ਮਾਮਲੇ ਸਾਹਮਣੇ ਆਏ ਸਨ ਤੇ ਪੰਜਾਬ ਸਰਕਾਰ ਦੇ ਦਾਅਵੇ ਮੁਤਾਬਕ ਹੁਣ ਤੱਕ 428 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ 100 ਤੋਂ ਵੱਧ ਗੈਂਗ ਮੋਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ ਹੈ।
ਕਿਸ ਪਾਰਟੀ ਦੀ ਸਰਕਾਰ ਵੇਲੇ ਸੂਬੇ ’ਚ ਅਪਰਾਧ ਦਾ ਗ੍ਰਾਫ਼ ਕੀ ਸੀ, ਇਸ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਲੋਕਾਂ ਦੀ ਸੁਰੱਖਿਆ ਕਰਨੀ ਸਰਕਾਰ ਦਾ ਮੁੱਢਲਾ ਫ਼ਰਜ਼ ਹੈ। ਕਾਨੂੰਨ ਪ੍ਰਬੰਧਾਂ ਨੂੰ ਖੋਰਾ ਲਗਾਉਣ ਲਈ ਜਿਹੜੀਆਂ ਵੀ ‘ਅੰਦਰੂਨੀ’ ਤੇ ‘ਬਾਹਰਲੀਆਂ’ ਤਾਕਤਾਂ ਸਿਰ ਚੁੱਕ ਰਹੀਆਂ ਹਨ, ਉਨ੍ਹਾਂ ਦੀ ਬਿਨਾਂ ਦੇਰੀ ਸਿਰੀ ਨੱਪਣ ਲਈ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਤੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।