ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਦੇ ਇਕ ਅਧਿਆਪਕ ਜੋੜੇ ਦੀ ਕਾਰ ਚੋਣ ਡਿਊਟੀ ’ਤੇ ਜਾਣ ਸਮੇਂ ਸੂਏ ਵਿਚ ਡਿੱਗ ਪਈ ਜਿਸ ਕਾਰਨ ਦੋਨਾਂ ਦੀ ਮੌਤ ਹੋ ਗਈ। ਧੁੰਦ, ਘੋਨਾ ਪੁਲ਼ ਅਤੇ ਆਪਣੀ ਪਤਨੀ ਨੂੰ ਨਿਯਤ ਸਮੇਂ ’ਤੇ ਦੂਜੇ ਬਲਾਕ ਵਿਚ ਛੱਡਣ ਜਾਣ ਦਾ ਦਬਾਅ ਇਸ ਹਾਦਸੇ ਦੇ ਕਾਰਨ ਬਣੇ। ਇਸ ਦੁਖਾਂਤ ਨੇ ਦੋ ਬਾਲੜੀਆਂ ਤੋਂ ਉਨ੍ਹਾਂ ਦੇ ਮਾਪੇ ਖੋਹ ਲਏ।

ਪੰਜਾਬ ਦੀ ਪੜ੍ਹੀ-ਲਿਖੀ ਜਵਾਨੀ ਬੇਰੁਜ਼ਗਾਰੀ ਦੇ ਆਲਮ ’ਚ ਵਿਚਰ ਰਹੀ ਹੈ। ਵਿਹਲੜਪੁਣਾ ਤੇ ਪੈਸਿਆਂ ਦੀ ਤੋਟ ਉਨ੍ਹਾਂ ਨੂੰ ਗ਼ਲਤ ਕੰਮਾਂ ਵੱਲ ਵੀ ਲਿਜਾਂਦੇ ਹਨ। ਅਧਿਆਪਕਾਂ ਤੋਂ ਗ਼ੈਰ-ਵਿੱਦਿਅਕ ਸੇਵਾਵਾਂ ਲੈਣ ਨਾਲ ਉਹ ਮਾਨਸਿਕ ਪਰੇਸ਼ਾਨੀ ਅਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਦੇ ਇਕ ਅਧਿਆਪਕ ਜੋੜੇ ਦੀ ਕਾਰ ਚੋਣ ਡਿਊਟੀ ’ਤੇ ਜਾਣ ਸਮੇਂ ਸੂਏ ਵਿਚ ਡਿੱਗ ਪਈ ਜਿਸ ਕਾਰਨ ਦੋਨਾਂ ਦੀ ਮੌਤ ਹੋ ਗਈ।
ਧੁੰਦ, ਘੋਨਾ ਪੁਲ਼ ਅਤੇ ਆਪਣੀ ਪਤਨੀ ਨੂੰ ਨਿਯਤ ਸਮੇਂ ’ਤੇ ਦੂਜੇ ਬਲਾਕ ਵਿਚ ਛੱਡਣ ਜਾਣ ਦਾ ਦਬਾਅ ਇਸ ਹਾਦਸੇ ਦੇ ਕਾਰਨ ਬਣੇ। ਇਸ ਦੁਖਾਂਤ ਨੇ ਦੋ ਬਾਲੜੀਆਂ ਤੋਂ ਉਨ੍ਹਾਂ ਦੇ ਮਾਪੇ ਖੋਹ ਲਏ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਅਧਿਆਪਕਾਂ ਦੀ ਚੋਣ ਡਿਊਟੀ ਅਕਸਰ ਦੂਜੇ ਹਲਕੇ ਵਿਚ ਲਗਾਈ ਜਾਂਦੀ ਹੈ। ਚੋਣ ਕਮਿਸ਼ਨ ਨੂੰ ਲੱਗਦਾ ਹੈ ਕਿ ਚੋਣ ਧਾਂਦਲੀਆਂ ਨਾ ਹੋਣ। ਚੋਣ ਪ੍ਰਕਿਰਿਆ ਪਾਰਦਰਸ਼ੀ ਤੇ ਸਾਫ਼-ਸੁਥਰੀ ਹੋਵੇ।
ਹਾਲਾਂਕਿ ਅਧਿਆਪਕ ਕੋਈ ਪੱਖਪਾਤ ਨਹੀਂ ਕਰ ਸਕਦੇ। ਉਨ੍ਹਾਂ ਨੂੰ ਆਪਣੀ ਨੌਕਰੀ ਪਿਆਰੀ ਹੁੰਦੀ ਹੈ। ਜਦਕਿ ਚੋਣ ਕਮਰਿਆਂ, ਬੂਥਾਂ ਵਿਚ ਚੋਣ ਏਜੰਟ ਮੌਜੂਦ ਹੁੰਦੇ ਹਨ। ਉਮੀਦਵਾਰ ਤੇ ਵਰਕਰ ਵੀ ਵੋਟਿੰਗ ’ਤੇ ਬਾਜ਼ ਅੱਖ ਰੱਖਦੇ ਹਨ ਕਿ ਕੋਈ ਘਪਲਾ ਨਾ ਹੋ ਜਾਵੇ। ਜੇਕਰ ਸਰਕਾਰ ਨੇ ਅਧਿਆਪਕਾਂ ਜਾਂ ਹੋਰ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਲਗਾਉਣੀਆਂ ਹੀ ਹਨ ਤਾਂ ਉਨ੍ਹਾਂ ਦੇ ਘਰ ਜਾਂ ਸਕੂਲ ਦੇ ਨੇੜੇ ਹੀ ਲਗਾਈਆਂ ਜਾਣ ਤਾਂ ਕਿ ਉਨ੍ਹਾਂ ਨੂੰ ਡਿਊਟੀ ’ਤੇ ਪੁੱਜਣ ਅਤੇ ਵਾਪਸ ਆਉਣ ਲਈ ਜਾਨ ਜੋਖ਼ਮ ਵਿਚ ਨਾ ਪਾਉਣੀ ਪਵੇ।
ਖ਼ਾਸ ਤੌਰ ’ਤੇ ਮਹਿਲਾ ਅਧਿਆਪਕਾਂ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਬਹੁਤਾ ਦੂਰ ਨਹੀਂ ਲਗਾਉਣਾ ਚਾਹੀਦਾ। ਚੋਣ ਡਿਊਟੀ, ਚੋਣ ਰਿਹਰਸਲ ਅਤੇ ਹੋਰ ਗ਼ੈਰ-ਵਿੱਦਿਅਕ ਕੰਮਾਂ ਵਿਚ ਅਧਿਆਪਕਾਂ ਦੀ ਡਿਊਟੀ ਲੱਗਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵੀ ਖ਼ਰਾਬ ਹੁੰਦੀ ਹੈ। ਵਿੱਦਿਆ ਖੇਤਰ ਨੂੰ ਉੱਪਰ ਚੁੱਕਣ ਲਈ ਯਤਨਸ਼ੀਲ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹਾ ਇਤਿਹਾਸਕ ਫ਼ੈਸਲਾ ਲਵੇ ਕਿ ਚੋਣ ਡਿਊਟੀ ਆਦਿ ਗ਼ੈਰ-ਵਿੱਦਿਅਕ ਕੰਮਾਂ ਲਈ ਅਧਿਆਪਕਾਂ ਨੂੰ ਨਾ ਲਗਾਇਆ ਜਾਵੇ।
ਉਨ੍ਹਾਂ ਤੋਂ ਸਿਰਫ਼ ਬੱਚਿਆਂ ਨੂੰ ਪੜ੍ਹਾਉਣ ਦਾ ਹੀ ਕਾਰਜ ਕਰਵਾਇਆ ਜਾਵੇ ਅਤੇ ਉਨ੍ਹਾਂ ਦੀ ਬਦਲੀ ਵੀ ਆਪਣੀ ਰਿਹਾਇਸ਼ ਦੇ ਨੇੜੇ ਹੋਵੇ ਤਾਂ ਕਿ ਉਹ ਮੌਸਮ ਦੀ ਖ਼ਰਾਬੀ, ਧੁੰਦ, ਬਾਰਿਸ਼, ਖੋਹ-ਖੱਪ ਆਦਿ ਹਾਲਾਤ ਵਿਚ ਨਿਯਤ ਸਮੇਂ ’ਤੇ ਸਕੂਲ ਪੁੱਜ ਸਕਣ ਅਤੇ ਚਿੰਤਾ ਮੁਕਤ ਹੋ ਕੇ ਹੋਰ ਵੀ ਚੰਗੀ ਤਰ੍ਹਾਂ ਪੜ੍ਹਾਈ ਕਰਵਾ ਕੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰਾ ਬਣਾ ਸਕਣ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦਾ ਨੌਜਵਾਨ ਵਰਗ ਵੱਡੀ ਗਿਣਤੀ ’ਚ ਬੇਰੁਜ਼ਗਾਰੀ ਦੇ ਆਲਮ ਵਿਚ ਵਿਚਰ ਰਿਹਾ ਹੈ। ਬੇਰੁਜ਼ਗਾਰਾਂ ਨੂੰ ਵਿਸ਼ੇਸ਼ ਟਰੇਨਿੰਗ ਦੇ ਕੇ ਉਨ੍ਹਾਂ ਤੋਂ ਚੋਣਾਂ ਅਤੇ ਹੋਰ ਗ਼ੈਰ-ਵਿੱਦਿਅਕ ਸੇਵਾਵਾਂ ਲਈਆਂ ਜਾਣ।
-ਰਾਜਵਿੰਦਰ ਰੌਂਤਾ
-ਮੋਬਾਈਲ : 98764-86187