ਸੰਨ 1977 ਵਿਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਬਤੌਰ ਜੀਏ ਟੂ ਡੀਸੀ ਅੰਮ੍ਰਿਤਸਰ ਨਿਯੁਕਤੀ ਹੋਈ। ਉਨ੍ਹਾਂ ਨੂੰ 1980 ਵਿਚ ਐੱਸਡੀਐੱਮ ਖਰੜ ਨਿਯੁਕਤ ਕੀਤਾ ਗਿਆ। ਪੰਜਾਬ ਵਿਚ ਰਾਸ਼ਟਰਪਤੀ ਰਾਜ ਸੀ ਤੇ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਸੀ। ਉਨ੍ਹਾਂ ਦਿਨ੍ਹਾਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਅਤੇ ਫਰੀਦਕੋਟ ਦੀ ਸਬ ਡਵੀਜ਼ਨ ਮੋਗਾ ਵਿਚ ਦਹਿਸ਼ਤਵਾਦ ਦਾ ਗੂੜ੍ਹਾ ਸਾਇਆ ਸੀ।

- ਸਾਬਕਾ ਆਈਏਐੱਸ ਅਧਿਕਾਰੀ ਅਮਰਜੀਤ ਸਿੰਘ ਵਾਲੀਆ ਨਮਿਤ ਭੋਗ ਅੱਜ
ਅਮਰਜੀਤ ਸਿੰਘ ਵਾਲੀਆ ਸਾਬਕਾ ਆਈਏਐੱਸ ਅਧਿਕਾਰੀ 18 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਜਨਮ 18 ਦਸੰਬਰ 1941 ਨੂੰ ਪਾਕਿਸਤਾਨ ਵਿਚ ਸਿਆਲਕੋਟ ਵਿਖੇ ਮਾਤਾ ਗੁਰਚਰਨ ਕੌਰ ਦੀ ਕੁੱਖੋਂ ਹਜ਼ਾਰਾ ਸਿੰਘ ਦੇ ਘਰ ਹੋਇਆ। ਬਚਪਨ ਵਿਚ ਹੀ ਅਮਰਜੀਤ ਸਿੰਘ ਨੂੰ ਘਰੋਂ ਬੇਘਰ ਹੋਣਾ ਪੈ ਗਿਆ ਕਿਉਂਕਿ ਸੰਨ 1947 ਵਿਚ ਦੇਸ਼ ਦੇ ਬਟਵਾਰੇ ਸਮੇ ਉਨ੍ਹਾਂ ਦੇ ਪਿਤਾ ਪਰਿਵਾਰ ਸਮੇਤ ਸ਼ਿਮਲਾ ਆ ਗਏ ਸਨ। ਉਨ੍ਹਾਂ ਦੇ ਦੋ ਭਰਾ ਤੇ ਦੋ ਭੈਣਾਂ ਸਨ। ਅਮਰਜੀਤ ਸਿੰਘ ਨੇ ਬੀਏ, ਐੱਲਐੱਲਬੀ ਤੱਕ ਦੀ ਵਿੱਦਿਆ ਹਾਸਲ ਕੀਤੀ। ਉਨ੍ਹਾਂ ਨੇ ਪੀਸੀਐੱਸ ਦਾ ਇਮਤਿਹਾਨ ਪਾਸ ਕਰ ਲਿਆ ਤੇ ਸਰਕਾਰੀ ਨੌਕਰੀ ਪ੍ਰਾਪਤ ਕਰ ਲਈ। ਉਨ੍ਹਾਂ ਨੂੰ ਚਾਰ ਮੁੱਖ ਮੰਤਰੀਆਂ ਗੁਰਮਖ ਸਿੰਘ ਮੁਸਾਫ਼ਿਰ, ਜਸਟਿਸ ਗੁਰਨਾਮ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਗਿਆਨੀ ਜ਼ੈਲ ਸਿੰਘ ਨਾਲ ਬਤੌਰ ਓਐੱਸਡੀ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ। ਅਮਰਜੀਤ ਸਿੰਘ ਦੀ ਸ਼ਾਦੀ ਉਪਿੰਦਰ ਕੌਰ ਨਾਲ 11 ਫਰਵਰੀ 1973 ਨੂੰ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਨੇ ਕਰਵਾਈ ਸੀ। ਉਨ੍ਹਾਂ ਦੇ ਇਕ ਬੇਟਾ ਸਾਹਿਬਜੀਤ ਸਿੰਘ ਹੈਰੀ ਤੇ ਦੋ ਬੇਟੀਆਂ ਇੰਦਰਪ੍ਰੀਤ ਕੌਰ (ਸੋਨੀਆ) ਤੇ ਸੁਖਪ੍ਰੀਤ ਕੌਰ (ਡੌਲੀ) ਹਨ।
ਸੰਨ 1977 ਵਿਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਬਤੌਰ ਜੀਏ ਟੂ ਡੀਸੀ ਅੰਮ੍ਰਿਤਸਰ ਨਿਯੁਕਤੀ ਹੋਈ। ਉਨ੍ਹਾਂ ਨੂੰ 1980 ਵਿਚ ਐੱਸਡੀਐੱਮ ਖਰੜ ਨਿਯੁਕਤ ਕੀਤਾ ਗਿਆ। ਪੰਜਾਬ ਵਿਚ ਰਾਸ਼ਟਰਪਤੀ ਰਾਜ ਸੀ ਤੇ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਸੀ। ਉਨ੍ਹਾਂ ਦਿਨ੍ਹਾਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਅਤੇ ਫਰੀਦਕੋਟ ਦੀ ਸਬ ਡਵੀਜ਼ਨ ਮੋਗਾ ਵਿਚ ਦਹਿਸ਼ਤਵਾਦ ਦਾ ਗੂੜ੍ਹਾ ਸਾਇਆ ਸੀ। ਜਨਵਰੀ 1984 ਵਿਚ ਅਮਰਜੀਤ ਸਿੰਘ ਨੂੰ ਐੱਸਡੀਐੱਮ ਮੋਗਾ ਨਿਯੁਕਤ ਕਰ ਦਿੱਤਾ ਗਿਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਬੋਲਬਾਲਾ ਸੀ ਕਿਉਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪਿੰਡ ਰੋਡੇ ਇਸੇ ਸਬ ਡਵੀਜ਼ਨ ਵਿਚ ਸੀ। ਅਮਰਜੀਤ ਸਿੰਘ ਨੂੰ ਆਇਆਂ ਅਜੇ ਦੋ ਮਹੀਨੇ ਹੋਏ ਸਨ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਵਰਕਰਾਂ ਨੇ ਮੋਗਾ ਸ਼ਹਿਰ ਵਿਚ ਗੁਰਦੁਆਰਾ ਬੀਬੀ ਕਾਹਨ ਕੌਰ, ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਅਕਾਲਸਰ ’ਤੇ ਕਬਜ਼ਾ ਕਰ ਲਿਆ। ਇਹ ਸਰਗਰਮੀਆਂ ਰੋਕਣ ਲਈ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ 17 ਮਾਰਚ 1984 ਨੂੰ ਕਰਫਿਊ ਲਗਾਉਣ ਦਾ ਹੁਕਮ ਅਮਰਜੀਤ ਸਿੰਘ ਨੂੰ ਦੇਣਾ ਪਿਆ। ਸ਼ਹਿਰ ਵਾਸੀ ਕਰਫਿਊ ਕਾਰਨ ਤੰਗੀ ਮਹਿਸੂਸ ਕਰਨ ਲੱਗੇ, ਭਾਵੇਂ ਕਰਫਿਊ ਵਿਚ ਢਿੱਲ ਦਿੱਤੀ ਜਾਂਦੀ ਸੀ। ਮੋਗਾ ਸ਼ਹਿਰ ਵਿਚ ਇਹ ਸਥਿਤੀ ਗੰਭੀਰ ਹੋ ਗਈ ਸੀ ਤੇ ਸ਼ਹਿਰ ਵਿਚ ਸੀਮਾ ਸੁਰੱਖਿਆ ਬਲ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ। ਅਖ਼ੀਰ ਅਮਰਜੀਤ ਸਿੰਘ ਦੀ ਦੂਰਅੰਦੇਸ਼ੀ ਕਰਕੇ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਕਰਫਿਊ ਦਾ ਘੇਰਾ ਤਿੰਨਾਂ ਗੁਰਦੁਆਰਿਆਂ ਦੇ 100 ਮੀਟਰ ਘੇਰੇ ਵਿਚ ਕਰ ਦਿੱਤਾ ਤੇ ਬੀਐੱਸਐੱਫ ਦੇ ਜਵਾਨ ਤਾਇਨਾਤ ਕਰ ਦਿੱਤੇ ਤੇ ਬਾਕੀ ਸ਼ਹਿਰ ਖੁੱਲ੍ਹਾ ਰਹਿੰਦਾ ਸੀ। ਜਦੋਂ ਕਰਫਿਊ ਵਿਚ 26 ਅਪ੍ਰੈਲ 1984 ਨੂੰ ਢਿੱਲ ਦਿੱਤੀ ਤਾਂ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਬੀਐੱਸਐੱਫ ਦੇ ਜਵਾਨਾਂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਵਰਕਰਾਂ ਵਿਚਕਾਰ ਕਸ਼ਮਕਸ਼ ਹੋਈ ਤੇ ਗੋਲ਼ੀ ਚੱਲ ਗਈ ਜਿਸ ਕਾਰਨ 6 ਮੌਤਾਂ ਹੋ ਗਈਆਂ। ਸ਼ਹਿਰ ਵਿਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ। ਅਖ਼ੀਰ ਮਈ 1984 ਦੇ ਪਹਿਲੇ ਹਫ਼ਤੇ ਸ਼ਵਿੰਦਰ ਸਿੰਘ ਸਿੱਧੂ ਮੁੱਖ ਸਲਾਹਕਾਰ ਟੂ ਰਾਜਪਾਲ ਪੰਜਾਬ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਸਮੇਤ ਮੋਗਾ ਪਹੁੰਚੇ। ਉਨ੍ਹਾਂ ਗੁਰਦੁਆਰਿਆਂ ਵਿਚ ਬੈਠੇ ਸਿੰਘਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਬਾਹਰ ਆ ਜਾਣ ਲਈ ਸਹਿਮਤ ਕਰ ਲਿਆ। ਗੁਰਦੁਆਰੇ ਖ਼ਾਲੀ ਕਰਵਾ ਲਏ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਮਹੀਨਾ ਕੁ ਮਸਾਂ ਲੰਘਿਆ ਸੀ ਕਿ 3 ਜੂਨ 1984 ਨੂੰ ਪੂਰੇ ਪੰਜਾਬ ਵਿਚ ਅਣਮਿੱਥੇ ਸਮੇਂ ਲਈ ਕਰਫਿਊ ਲੱਗ ਗਿਆ। ਸ੍ਰੀ ਅਕਾਲ ਤਖ਼ਤ ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ’ਤੇ 6 ਜੂਨ 1984 ਨੂੰ ਵਾਪਰੇ ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਪੰਜਾਬ ਵਿੱਚੋਂ ਨਾਨਕ ਨਾਮਲੇਵਾ ਸੰਗਤਾਂ ਨੇ ਮਾਰਚ ਆਰੰਭ ਕਰ ਦਿੱਤੇ। ਉਸ ਵੇਲੇ ਵੀ ਮੋਗਾ ਸਬ ਡਵੀਜ਼ਨ ਵਿੱਚੋਂ ਦੀਨਾ ਸਾਹਿਬ ਤੋਂ ਸੰਗਤਾਂ ਵਹੀਰਾਂ ਘੱਤ ਰਹੀਆਂ ਸਨ। ਉਸ ਵੇਲੇ ਅਮਰਜੀਤ ਸਿੰਘ ਨੇ ਬੜੀ ਸੂਝਬੂਝ ਤੋਂ ਕੰਮ ਲਿਆ। ਮਾਹੌਲ ਸ਼ਾਂਤ ਹੋਇਆ ਤਾਂ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਨੇ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਸੁਰਜੀਤ ਸਿੰਘ ਬਰਨਾਲਾ ਨੇ ਬਤੌਰ ਮੁੱਖ ਮੰਤਰੀ, ਪੰਜਾਬ 9 ਸਤੰਬਰ 1985 ਨੂੰ ਕਾਰਜਭਾਰ ਸੰਭਾਲ ਲਿਆ। ਮੋਗਾ ਤੋਂ ਮਲਕੀਤ ਸਿੰਘ ਸਿੱਧੂ ਰਾਜ ਮੰਤਰੀ ਪੰਜਾਬ ਤੇ ਜਥੇਦਾਰ ਤੋਤਾ ਸਿੰਘ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਣ ਗਏ। ਉਨ੍ਹਾਂ ਨੇ ਅਮਰਜੀਤ ਸਿੰਘ ਦੇ ਕੰਮ ਕਰਨ ਦੇ ਤਰੀਕੇ ਤੇ ਦਿਆਨਤਦਾਰੀ, ਧਾਰਮਿਕ ਸੂਝਬੂਝ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਨੂੰ ਇੱਥੇ ਹੀ ਰੱਖ ਲਿਆ।
ਅਮਰਜੀਤ ਸਿੰਘ ਨੇ ਸਥਾਨਕ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕਰ ਕੇ ਅਕਤੂਬਰ 1972 ਤੋਂ ਚੱਲਿਆ ਆ ਰਿਹਾ ਰੀਗਲ ਸਿਨੇਮੇ ਦਾ ਮਸਲਾ ਹੱਲ ਕਰਵਾਉਣ ਲਈ ਪ੍ਰਪੋਜ਼ਲ ਪੰਜਾਬ ਸਰਕਾਰ ਨੂੰ ਭਿਜਵਾ ਦਿੱਤਾ ਜੋ ਪ੍ਰਵਾਨ ਹੋ ਗਿਆ। ਇੱਕੀ ਮਾਰਚ 1986 ਨੂੰ ਪੰਜਾਬ ਸਰਕਾਰ ਨੇ ਲੋਕ ਸੰਪਰਕ ਵਿਭਾਗ ਰਾਹੀਂ 11 ਲੱਖ 70 ਹਜ਼ਾਰ ਰੁਪਏ ਵਿਚ ਖ਼ਰੀਦ ਕਰ ਕੇ ਸਦਾ ਲਈ ਮਾਮਲਾ ਨਿਜੱਠ ਦਿੱਤਾ ਜੋ ਅੱਜ ਖੰਡਰ ਬਣ ਚੁੱਕਾ ਹੈ। ਪੰਜਾਬ ਵਿਚ ਸ਼ਾਂਤੀ ਦਾ ਮਾਹੌਲ ਨਾ ਬਣ ਸਕਣ ਕਰਕੇ ਕੇਂਦਰ ਨੇ ਬਰਨਾਲਾ ਸਰਕਾਰ 11 ਜੂਨ 1987 ਨੂੰ ਭੰਗ ਕਰ ਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ।
ਅਮਰਜੀਤ ਸਿੰਘ 26 ਫਰਵਰੀ 1988 ਤੱਕ ਮੋਗਾ ਵਿਖੇ ਤਾਇਨਾਤ ਰਹੇ। ਉਨ੍ਹਾਂ ਨੂੰ 1988 ਵਿਚ ਤਰੱਕੀ ਦੇ ਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੇ ਉਸ ਤੋਂ ਬਾਅਦ 1990 ਵਿਚ ਏਡੀਸੀ ਅੰਮ੍ਰਿਤਸਰ ਲਗਾ ਦਿੱਤਾ। ਸੰਨ 1992 ਵਿਚ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਅਮਰਜੀਤ ਸਿੰਘ ਦੀ ਆਈਏਐੱਸ ਵਜੋਂ ਤਰੱਕੀ ਹੋ ਗਈ ਤੇ ਉਨ੍ਹਾਂ ਨੂੰ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਅਪ੍ਰੈਲ 1993 ਵਿਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪਹਿਲੀ ਵਾਰ ਬਤੌਰ ਡਿਪਟੀ ਕਮਿਸ਼ਨਰ ਅਹੁਦਾ ਸੰਭਾਲਿਆ। ਉਹ ਬਠਿੰਡਾ ਵਿਖੇ ਜੂਨ 1994, ਸੰਗਰੂਰ ਵਿਖੇ ਜੁਲਾਈ 1995 ਅਤੇ ਸ੍ਰੀ ਅੰਮ੍ਰਿਤਸਰ ਵਿਖੇ ਅਗਸਤ 1995 ਵਿਚ ਡੀਸੀ ਬਣੇ ਤੇ ਜੁਲਾਈ 1998 ਤੱਕ ਤਾਇਨਾਤ ਰਹੇ। ਚਾਰ ਜ਼ਿਲ੍ਹਿਆਂ ਦੇ ਡੀਸੀ ਰਹਿਣ ਉਪਰੰਤ ਚੰਡੀਗੜ੍ਹ ਵਿਖੇ ਵੱਖ-ਵੱਖ ਅਹੁਦਿਆਂ ’ਤੇ ਰਹੇ ਤੇ 2001 ਵਿਚ ਬਤੌਰ ਸਪੈਸ਼ਲ ਸੈਕਟਰੀ ਉਚੇਰੀ ਸਿੱਖਿਆ ਵਜੋਂ ਸੇਵਾ ਮੁਕਤ ਹੋ ਕੇ ਲੁਧਿਆਣਾ ਵਿਖੇ ਰਹਿਣ ਲੱਗ ਪਏ। ਬੀਤੇ ਦਿਨੀਂ ਉਹ ਕੁਝ ਦਿਨ ਹਸਪਤਾਲ ’ਚ ਦਾਖ਼ਲ ਰਹੇ ਪਰ ਡਾਕਟਰਾਂ ਵੱਲੋਂ ਸਥਿਤੀ ਚਿੰਤਾਜਨਕ ਦੇਖਦੇ ਹੋਏ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਜਿੱਥੇ 18 ਜਨਵਰੀ ਨੂੰ ਉਹ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਹੋਵੇਗੀ।
-ਗਿਆਨ ਸਿੰਘ
-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ)।
-ਮੋਬਾਈਲ : 98157-84100