ਬੀਰ ਦਵਿੰਦਰ ਸਿੰਘ ਅਜਿਹੇ ਨੇਤਾ ਸਨ ਜਿਨ੍ਹਾਂ ਨੂੰ ਸਿਆਸਤ ਵਿਚ ਆਪਣੀ ਵਿਦਵਤਾ ਅਤੇ ਕਾਬਲੀਅਤ ਦਾ ਇਵਜ਼ਾਨਾ ਹਮੇਸ਼ਾ ਭੁਗਤਣਾ ਪਿਆ ਕਿਉਂਕਿ ਕਿਸੇ ਵੀ ਸੀਨੀਅਰ ਸਿਆਸਤਦਾਨ ਨੇ ਉਨ੍ਹਾਂ ਦੇ ਮਿਕਨਾਤੀਸੀ ਵਿਅਕਤੀਤਵ ਤੋਂ ਡਰਦਿਆਂ ਉਨ੍ਹਾਂ ਨੂੰ ਅੱਗੇ ਨਹੀਂ ਸੀ ਵਧਣ ਦਿੱਤਾ। ਇਸ ਕਰਕੇ ਹੀ ਬੀਰ ਦਵਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਡਿਪਟੀ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

.jpg)
-ਉਜਾਗਰ ਸਿੰਘ
ਬੀਰ ਦਵਿੰਦਰ ਸਿੰਘ ਅਜਿਹੇ ਨੇਤਾ ਸਨ ਜਿਨ੍ਹਾਂ ਨੂੰ ਸਿਆਸਤ ਵਿਚ ਆਪਣੀ ਵਿਦਵਤਾ ਅਤੇ ਕਾਬਲੀਅਤ ਦਾ ਇਵਜ਼ਾਨਾ ਹਮੇਸ਼ਾ ਭੁਗਤਣਾ ਪਿਆ ਕਿਉਂਕਿ ਕਿਸੇ ਵੀ ਸੀਨੀਅਰ ਸਿਆਸਤਦਾਨ ਨੇ ਉਨ੍ਹਾਂ ਦੇ ਮਿਕਨਾਤੀਸੀ ਵਿਅਕਤੀਤਵ ਤੋਂ ਡਰਦਿਆਂ ਉਨ੍ਹਾਂ ਨੂੰ ਅੱਗੇ ਨਹੀਂ ਸੀ ਵਧਣ ਦਿੱਤਾ। ਇਸ ਕਰਕੇ ਹੀ ਬੀਰ ਦਵਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਡਿਪਟੀ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇੱਥੋਂ ਤਕ ਕਿ ਇਕ ਪਾਸੇ ਉਨ੍ਹਾਂ ਨੂੰ 2002 ਤੋਂ 2007 ਦੇ ਸਮੇਂ ਦੀ ਸੰਸਦੀ ਕਾਰਗੁਜ਼ਾਰੀ ਕਰਕੇ ‘ਸਰਬੋਤਮ ਸੰਸਦ ਮੈਂਬਰ’ ਦਾ ਖ਼ਿਤਾਬ ਦਿੱਤਾ ਗਿਆ ਪ੍ਰੰਤੂ ਦੂਜੇ ਪਾਸੇ ਉਨ੍ਹਾਂ ਦਾ ਟਿਕਟ ਕੱਟ ਦਿੱਤਾ ਗਿਆ। ਸੰਨ 2002 ਵਿਚ ਵੀ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਉਨ੍ਹਾਂ ਨੂੰ ਟਿਕਟ ਨਹੀਂ ਦੇਣਾ ਚਾਹੁੰਦੀ ਸੀ ਪਰ ਉਹ ਸਿੱਧੇ ਸੋਨੀਆ ਗਾਂਧੀ ਦੀ ਦਖ਼ਲਅੰਦਾਜ਼ੀ ਨਾਲ ਟਿਕਟ ਲੈ ਕੇ ਆਏ ਸਨ।
ਸੰਨ 2016 ਵਿਚ ਬੀਰ ਦਵਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਵੀ ਛੱਡਣੀ ਪਈ। ਮਗਰੋਂ ਉਨ੍ਹਾਂ ਨੂੰ ਕਈ ਪਾਰਟੀਆਂ ਵਿਚ ਮਜਬੂਰਨ ਜਾਣਾ ਪਿਆ। ਸਿਆਸਤ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਟਕਸਾਲ ਦੇ ਵਿਦਿਆਰਥੀ, ਸਿੱਖ ਸਟੂਡੈਂਟਸ ਫੈੱਡਰੇਸ਼ਨ ਤੋਂ ਗੁੜ੍ਹਤੀ ਲੈ ਕੇ ਸਿਆਸਤ ਵਿਚ ਧਾਂਕ ਜਮਾਉਣ ਵਾਲੇ ਵਿਦਵਾਨ ਬੁਲਾਰੇ ਬੀਰ ਦਵਿੰਦਰ ਸਿੰਘ 30 ਜੂਨ ਦਿਨ ਸ਼ੁੱਕਰਵਾਰ ਨੂੰ ਪੀਜੀਆਈ ਚੰਡੀਗੜ੍ਹ ਵਿਖੇ 74 ਸਾਲ ਦੀ ਉਮਰ ਵਿਚ ਸਵਰਗ ਸਿਧਾਰ ਗਏ। ਉਹ ਫੂਡ ਪਾਈਪ ਦੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਕੈਂਸਰ ਅਜੇ ਪਹਿਲੀ ਸਟੇਜ ਵਿਚ ਹੀ ਸੀ ਪ੍ਰੰਤੂ ਕੀਮੋ ਕਰਨ ਤੋਂ ਬਾਅਦ ਉਹ ਕਮਜ਼ੋਰ ਹੁੰਦੇ ਗਏ ਤੇ ਅਖ਼ੀਰ ਸਵਰਗ ਸਿਧਾਰ ਗਏ। ਉਨ੍ਹਾਂ ਦਾ ਦੋ ਸਾਲ ਪਹਿਲਾਂ ਦਿਲ ਦਾ ਆਪ੍ਰੇਸ਼ਨ ਹੋਇਆ ਸੀ। ਉਸ ਤੋਂ ਬਾਅਦ ਤਾਂ ਉਹ ਨਾਰਮਲ ਜ਼ਿੰਦਗੀ ਜੀਅ ਰਹੇ ਸਨ।
ਪੰਦਰਾਂ ਦਿਨ ਪਹਿਲਾਂ ਹੀ ਇਸ ਨਾਮੁਰਾਦ ਬਿਮਾਰੀ ਨੇ ਦਲੇਰ ਸਿਆਸਤਦਾਨ ਨੂੰ ਲਪੇਟ ਵਿਚ ਲਿਆ ਸੀ। ਉਹ ਸਮਾਜ ਵਿਚ ਬਿਲਕੁਲ ਆਮ ਵਾਂਗ ਵਿਚਰਦੇ ਸਨ ਪ੍ਰੰਤੂ ਸਿਆਸਤ ਵਿੱਚੋਂ ਉਨ੍ਹਾਂ ਨੇ ਸੇਵਾ ਮੁਕਤੀ ਲੈ ਲਈ ਸੀ। ਉਨ੍ਹਾਂ ਨੇ ਆਪਣਾ ਸਿਆਸੀ ਕਰੀਅਰ ਸ਼੍ਰੋਮਣੀ ਅਕਾਲੀ ਦਲ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ’ਚ ਸ਼ੁਰੂ ਕੀਤਾ ਸੀ। ਜਥੇਦਾਰ ਟੌਹੜਾ ਦੀ ਸਲਾਹ ’ਤੇ ਹੀ ਉਹ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਚਲੇ ਗਏ ਸਨ ਕਿਉਂਕਿ ਜਥੇਦਾਰ ਟੌਹੜਾ ਦੇ ਨੇੜੇ ਉਸ ਸਮੇਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਨ। ਟੌਹੜਾ ਸਾਹਿਬ ਚੰਦੂਮਾਜਰਾ ਦੀ ਥਾਂ ਬੀਰ ਦਵਿੰਦਰ ਸਿੰਘ ਨੂੰ ਮੋਹਰੀ ਨਹੀਂ ਬਣਾਉਣਾ ਚਾਹੁੰਦੇ ਸਨ। ਸਿੱਖ ਸਟੂਡੈਂਟਸ ਫੈੱਡਰੇਸ਼ਨ ਦੀ ਸਿੱਖਿਆ ਨੇ ਬੀਰ ਦਵਿੰਦਰ ਸਿੰਘ ਦੀ ਸ਼ਖ਼ਸੀਅਤ ’ਚ ਨਿਖਾਰ ਲਿਆਂਦਾ। ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ ਅਤੇ ਬੀਰ ਦਵਿੰਦਰ ਸਿੰਘ ਆਪਣੇ ਭਾਸ਼ਣਾਂ ਵਿਚ ਸਿੱਖ ਇਤਿਹਾਸ ਦੀਆਂ ਉਦਾਹਰਨਾਂ ਅਤੇ ਸ਼ਬਦਾਵਲੀ ਵਰਤਦੇ ਸਨ ਜਿਹੜੀ ਸਰੋਤਿਆਂ ਨੂੰ ਕੀਲ ਕੇ ਰੱਖ ਦਿੰਦੀ ਸੀ। ਬੀਰ ਦਵਿੰਦਰ ਸਿੰਘ ਸਰਾਓ ਦੇ ਇਸ ਫ਼ਾਨੀ ਸੰਸਾਰ ਤੋਂ ਅਲਵਿਦਾ ਕਹਿਣ ਤੋਂ ਬਾਅਦ ਪੰਜਾਬ ਇਕ ਬੁੱਧੀਜੀਵੀ, ਚਿੰਤਕ, ਸਰਬੋਤਮ ਬੁਲਾਰੇ ਤੇ ਹੰਢੇ-ਵਰਤੇ ਸੂਝਵਾਨ ਸਿਆਸਤਦਾਨ ਤੋਂ ਵਾਂਝਾ ਹੋ ਗਿਆ ਹੈ। ਇਹ ਸੁੱਘਣ-ਸਿਆਣਾ ਵਿਅਕਤੀ ਸਿਆਸੀ ਖੇਤਰ ਵਿਚ ਭਾਵੇਂ ਵੱਡੀਆਂ ਪੁਲਾਂਘਾਂ ਨਹੀਂ ਪੁੱਟ ਸਕਿਆ ਪਰ ਆਪਣੇ ਬਿਆਨਾਂ ਨਾਲ ਸਿਆਸਤਦਾਨਾਂ ਨੂੰ ਵਕਤ ਜ਼ਰੂਰ ਪਾ ਕੇ ਰੱਖਦਾ ਸੀ। ਸਰਕਾਰਾਂ ਦੀਆਂ ਕਮਜ਼ੋਰੀਆਂ ਦਾ ਪਰਦਾਫਾਸ਼ ਕਰਨ ਵਿਚ ਉਹ ਮੋਹਰੀ ਭੂਮਿਕਾ ਨਿਭਾਉਂਦੇ।
ਉਨ੍ਹਾਂ ਦੀ ਕਿਸੇ ਵੀ ਮੁੱਖ ਮੰਤਰੀ ਨਾਲ ਬਹੁਤੀ ਬਣ ਨਹੀਂ ਸਕੀ ਕਿਉਂਕਿ ਉਨ੍ਹਾਂ ਵਿਚ ਸਰਬੋਤਮ ਨੇਤਾ ਬਣਨ ਦੀ ਸਮਰੱਥਾ ਸੀ, ਇਸ ਲਈ ਸਿਆਸੀ ਨੇਤਾ ਉਨ੍ਹਾਂ ਤੋਂ ਤ੍ਰਭਕਦੇ ਸਨ। ਬੀਰ ਦਵਿੰਦਰ ਸਿੰਘ ਦੀ ਕਾਬਲੀਅਤ ਵਰਣਨਯੋਗ ਸੀ। ਉਨ੍ਹਾਂ ਨੂੰ ਇਤਿਹਾਸ, ਸਾਹਿਤ, ਵਿਰਾਸਤ ਅਤੇ ਸਾਰੇ ਧਰਮਾਂ ਦੀ ਡੂੰਘੀ ਜਾਣਕਾਰੀ ਸੀ। ਉਨ੍ਹਾਂ ਦਾ ਪਿੰਡ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਹੋਣ ਕਰਕੇ ਉਨ੍ਹਾਂ ਨੂੰ ਰੂਹਾਨੀ ਤਾਕਤ ਮਿਲਦੀ ਰਹੀ। ਉਹ ਅੰਗਰੇਜ਼ੀ ਭਾਸ਼ਾ ਦੇ ਵੀ ਗਿਆਤਾ ਸਨ। ਧਾਰਮਿਕ ਮਿਸਾਲਾਂ ਦੇਣ ਸਮੇਂ ਉਹ ਰੂਹਾਨੀ ਵਿਦਵਾਨ ਲੱਗਦੇ ਸਨ। ਉਹ ਆਪਣੀ ਭਾਸ਼ਣ ਕਲਾ ਨਾਲ ਸਰੋਤਿਆਂ ਨੂੰ ਅਜਿਹੇ ਢੰਗ ਨਾਲ ਕੀਲ ਲੈਂਦੇ ਸਨ ਕਿ ਸਰੋਤੇ ਉਨ੍ਹਾਂ ਦੇ ਸ਼ਬਦਾਂ ਦੇ ਵਹਿਣ ਵਿਚ ਦਰਿਆ ਦੇ ਵਹਿਣ ਦੀ ਤਰ੍ਹਾਂ ਵਹਿ ਤੁਰਦੇ ਸਨ। ਉਦਾਹਰਨਾਂ, ਕਹਾਵਤਾਂ, ਵਿਸ਼ੇਸ਼ਣ, ਕੁਟੇਸ਼ਨਾਂ, ਧਾਰਮਿਕ ਅਤੇ ਸਾਹਿਤਕ ਤੁਕਾਂ ਉਨ੍ਹਾਂ ਦੇ ਭਾਸ਼ਣ ਨੂੰ ਰਸਦਾਇਕ ਬਣਾ ਦਿੰਦੀਆਂ ਸਨ। ਉਹ ਦਬੰਗ ਸਿਆਸਤਦਾਨ ਸਨ। ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ 2003 ਤੋਂ 2004 ਤਕ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ ਸਨ। ਉਹ ਬਹੁਤੀ ਦੇਰ ਇਸ ਅਹੁਦੇ ’ਤੇ ਵੀ ਨਹੀਂ ਟਿਕ ਸਕੇ।
ਸੰਨ 1977 ਵਿਚ ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਵਿਚ ਸਰਗਰਮੀ ਨਾਲ ਕੰਮ ਕਰ ਰਹੇ ਸਨ। ਸੰਨ 1978 ਵਿਚ ਉਹ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਸੰਨ 1980 ਵਿਚ ਉਹ ਸਰਹਿੰਦ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਬੀਰ ਦਵਿੰਦਰ ਸਿੰਘ ਉਸ ਸਮੇਂ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਕਾਫ਼ੀ ਕਰੀਬੀਆਂ ਵਿੱਚੋਂ ਇਕ ਸਨ ਪ੍ਰੰਤੂ ਦਰਬਾਰਾ ਸਿੰਘ ਨੇ ਉਨ੍ਹਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ, ਸਿਰਫ਼ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਪਾਰਟੀ ਦਾ ਚੀਫ ਵਿ੍ਹੱਪ ਬਣਾ ਦਿੱਤਾ ਜਿਹੜਾ ਕੋਈ ਸੰਵਿਧਾਨਕ ਅਹੁਦਾ ਨਹੀਂ ਸੀ। ਕਾਂਗਰਸੀ ਲੀਡਰ ਸਿਰਫ਼ ਉਨ੍ਹਾਂ ਨੂੰ ਵਰਤਦੇ ਰਹੇ ਤੇ ਉਨ੍ਹਾਂ ਨੂੰ ਕਦੇ ਵੀ ਮੰਤਰੀ ਨਹੀਂ ਬਣਾਇਆ।
ਸੰਨ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਖਰੜ ਹਲਕੇ ਤੋਂ ਵਿਧਾਇਕ ਚੁਣੇ ਗਏ। ਸੰਨ 2010 ਵਿਚ ਉਹ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਵਿਚ ਸ਼ਾਮਲ ਹੋ ਗਏ ਅਤੇ 2012 ਤੀਕ ਇਸ ਪਾਰਟੀ ਨਾਲ ਜੁੜੇ ਰਹੇ। ਸੰਨ 2019 ਵਿਚ ਸ਼੍ਰੋਮਣੀ ਅਕਾਲੀ ਦਲ ‘ਟਕਸਾਲੀ’ ਵਿਚ ਸ਼ਾਮਲ ਹੋ ਗਏ। ਜੁਲਾਈ 2020 ਵਿਚ ਸੁਖਦੇਵ ਸਿੰਘ ਢੀਂਡਸਾ ਵਾਲੇ ਸੰਯੁਕਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਸੰਯੁਕਤ ਅਕਾਲੀ ਦਲ ਦਾ ਉਪ ਪ੍ਰਧਾਨ ਬਣਾਇਆ ਗਿਆ। ਉੱਥੇ ਵੀ ਬਹੁਤੀ ਦੇਰ ਚੱਲ ਨਹੀਂ ਸਕੇ। ਫਿਰ ਉਹ ਅਸਤੀਫ਼ਾ ਦੇ ਕੇ ਸਿਆਸਤ ਤੋਂ ਕਿਨਾਰਾ ਕਰ ਗਏ। ਸਿਆਸਤ ਵਿਚ ਪੁਸਤਕ ਸੱਭਿਆਚਾਰ ਨਾਲ ਜੁੜਨ ਵਾਲੇ ਗਿਣਵੇਂ-ਚੁਣਵੇਂ ਨੇਤਾਵਾਂ ਵਿੱਚੋਂ ਬੀਰ ਦਵਿੰਦਰ ਸਿੰਘ ਇਕ ਸਨ। ਇਸ ਦਰਵੇਸ਼ ਸਿਆਸਤਦਾਨ ਦੇ ਚਲਾਣੇ ਕਾਰਨ ਪੰਜਾਬ ਦੇ ਸਿਆਸੀ ਮੁਹਾਂਦਰੇ ਵਿਚ ਨਾ ਪੂਰਾ ਹੋਣ ਵਾਲਾ ਖ਼ਲਾਅ ਪੈ ਗਿਆ ਹੈ।
-(ਸਾਬਕਾ ਲੋਕ ਸੰਪਰਕ ਅਧਿਕਾਰੀ)।
-ਮੋਬਾਈਲ : 94178-13072