ਅੱਜ ਸਾਰੀ ਦੁਨੀਆ ਵਿਚ ਆਪਾ-ਧਾਪੀ ਪਈ ਹੋਈ ਹੈ। ਹਰ ਮਨੁੱਖ ਨੂੰ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਉਸ ਦੀ ਇਹ ਦੌੜ ਘਰ ਤੋਂ ਆਰੰਭ ਹੁੰਦੀ ਹੈ ਤੇ ਮਨੁੱਖ ਰਿਸ਼ਤਿਆਂ, ਸਭਾ-ਸੁਸਾਇਟੀਆਂ, ਸਮਾਜਿਕ ਬੰਧਨਾਂ ਤੋਂ ਮੁਕਤ ਹੁੰਦਾ ਹੋਇਆ ਖੁੱਲ੍ਹੇ ਆਕਾਸ਼ ਵਿਚ ਉਡਾਰੀ ਲਾਉਣਾ ਚਾਹੁੰਦਾ ਹੈ। ਕਈ ਮਨੁੱਖ ਇਹੋ ਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਆਕਾਸ਼ ਵਿਚ ਉਡਾਰੀ ਲਾਉਣ ਦਾ ਮੌਕਾ ਨਹੀਂ ਮਿਲਦਾ।

ਅੱਜ ਸਾਰੀ ਦੁਨੀਆ ਵਿਚ ਆਪਾ-ਧਾਪੀ ਪਈ ਹੋਈ ਹੈ। ਹਰ ਮਨੁੱਖ ਨੂੰ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਉਸ ਦੀ ਇਹ ਦੌੜ ਘਰ ਤੋਂ ਆਰੰਭ ਹੁੰਦੀ ਹੈ ਤੇ ਮਨੁੱਖ ਰਿਸ਼ਤਿਆਂ, ਸਭਾ-ਸੁਸਾਇਟੀਆਂ, ਸਮਾਜਿਕ ਬੰਧਨਾਂ ਤੋਂ ਮੁਕਤ ਹੁੰਦਾ ਹੋਇਆ ਖੁੱਲ੍ਹੇ ਆਕਾਸ਼ ਵਿਚ ਉਡਾਰੀ ਲਾਉਣਾ ਚਾਹੁੰਦਾ ਹੈ। ਕਈ ਮਨੁੱਖ ਇਹੋ ਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਆਕਾਸ਼ ਵਿਚ ਉਡਾਰੀ ਲਾਉਣ ਦਾ ਮੌਕਾ ਨਹੀਂ ਮਿਲਦਾ। ਅੱਗੇ ਨਿਕਲਣ ਦੀ ਦੌੜ ਸ਼ਹਿਰਾਂ ਤੋਂ ਆਰੰਭ ਹੋਈ ਸੀ ਤੇ ਅੱਜ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਨੇ ਆਪਣੀ ਪਕੜ ਵਿਚ ਲੈ ਲਿਆ ਹੈ। ਇਸ ਦੌੜ ਦਾ ਅੰਤ ਕੀ ਹੈ, ਇਸ ਬਾਰੇ ਕੋਈ ਨਹੀਂ ਸੋਚਦਾ। ਜੇਕਰ ਮੈਂ ਦਿੱਲੀ ਵਰਗੇ ਮਹਾਨਗਰ ਦੀ ਗੱਲ ਕਰਾਂ ਤਾਂ ਇੱਥੇ ਜਿਹੜੀ ਸਭ ਤੋਂ ਵੱਡੀ ਦੌੜ ਨਜ਼ਰ ਆਉਂਦੀ ਹੈ, ਉਹ ਹੈ ਸੜਕਾਂ ’ਤੇ ਇਕ-ਦੂਜੇ ਤੋਂ ਅੱਗੇ ਨਿਕਲਣ ਦੀ। ਅੱਜ ਦਾ ਨੌਜਵਾਨ ਵਰਗ ਸੜਕਾਂ ’ਤੇ ਰਫ਼ਤਾਰ ਘਟਾਉਣ ਨੂੰ ਆਪਣੀ ਸਭ ਤੋਂ ਵੱਡੀ ਤੌਹੀਨ ਸਮਝਦਾ ਹੈ। ਜ਼ਿਕਰਯੋਗ ਹੈ ਕਿ 90ਵੇਂ ਤੋਂ ਬਾਅਦ ਲੋਕਾਂ ਕੋਲ ਪੈਸੇ ਦੀ ਬਹੁਤਾਤ ਹੋਣੀ ਸ਼ੁਰੂ ਹੋ ਗਈ ਸੀ। ਇਕ-ਦੂਜੇ ਦੀ ਰੀਸੋ-ਰੀਸ ਕਰਦਿਆਂ ਹਰ ਕੋਈ ‘ਗੱਡੀ’ ਦੇ ਝੂਟੇ ਲੈਣਾ ਚਾਹੁੰਦਾ ਹੈ। ਰਹਿੰਦੀ-ਖੂੰਹਦੀ ਕਸਰ ਸਾਡੇ ਵਧ ਰਹੇ ਬਾਜ਼ਾਰੂ ਕਲਚਰ ਅਤੇ ਦਿਖਾਵੇ ਦੀ ਜ਼ਿੰਦਗੀ ਨੇ ਪੂਰੀ ਕਰ ਦਿੱਤੀ। ਨਤੀਜਾ ਇਹ ਨਿਕਲਣਾ ਸ਼ੁਰੂ ਹੋਇਆ ਕਿ ਸੜਕਾਂ ’ਤੇ ਆਵਾਜਾਈ ਦੇ ਨੇਮਾਂ ਨੂੰ ਆਪਣੇ ਜੀਵਨ ਵਿਚ ਅੱਗੇ ਵਧਣ ਲਈ ਸਭ ਤੋਂ ਵੱਡੀ ਰੁਕਾਵਟ ਮੰਨਿਆ ਜਾਣ ਲੱਗਾ। ਇਸ ਕਰਕੇ ਸੜਕਾਂ ਉੱਤੇ ਰੋਡਰੇਜ ਵਰਗੀਆਂ ਘਟਨਾਵਾਂ ਆਏ ਦਿਨ ਵਧਣ ਲੱਗੀਆਂ। ਮਨੁੱਖੀ ਜ਼ਿੰਦਗੀ ਨਾਲੋਂ ‘ਆਪਣੀ ਗੱ²ਡੀ’ ਨੂੰ ਪਹਿਲ ਦਿੱਤੀ ਜਾਣ ਲੱਗੀ। ਇਸ ਦੇ ਮਾੜੇ ਸਿੱਟੇ ਇਹ ਨਿਕਲੇ ਕਿ ਕਈ ਲੋਕਾਂ ਨੂੰ ਆਪਣੀ ਜਾਨ ਤੱਕ ਗੁਆਉਣੀ ਪਈ ਤੇ ਕਈਆਂ ਨੂੰ ਸਾਰੀ ਜ਼ਿੰਦਗੀ ਸੀਖਾਂ ਪਿੱਛੇ ਗੁਜ਼ਾਰਨ ਲਈ ਮਜਬੂਰ ਹੋਣਾ ਪਿਆ।
ਦਿੱਲੀ ‘ਟਰੈਫਿਕ ਪੁਲਿਸ ਦੇ ਸਾਬਕਾ ਸਬ-ਇੰਸਪੈਕਟਰ ਦਰਸ਼ਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਟਰੈਫਿਕ ਨਿਯਮਾਂ ਨੂੰ ਤੋੜਨ ਵਿਚ ਸਕੂਲਾਂ ਅਤੇ ਕਾਲਜਾਂ ਦੇ ਮੁੰਡਿਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਨਵੇਂ-ਨਵੇਂ ਜਵਾਨ ਹੋ ਰਹੇ ਮੁੰਡਿਆਂ ਦਾ ਨਾ ਤਾਂ ਆਪਣੀਆਂ ਗੱਡੀਆਂ ’ਤੇ ਕੰਟਰੋਲ ਹੈ ਤੇ ਨਾ ਹੀ ਆਪਣੀ ਬੋਲ-ਬਾਣੀ ਉੱਤੇ। ਕਈ ਵਾਰ ਤਾਂ ਇਹ ਵੇਖਿਆ ਹੈ ਕਿ ਮੰਨੇ-ਪ੍ਰਮੰਨੇ ਪਰਿਵਾਰਾਂ ਤੇ ਨਾਮੀ ਸਕੂਲਾਂ-ਕਾਲਜਾਂ ਦੇ ਬੱਚੇ ਬੜੀ ਸ਼ੇਖੀ ਨਾਲ ਆਪਣੇ ਸਾਥੀਆਂ ਨੂੰ ਇਹ ਦੱਸਦੇ ਹਨ ਕਿ ਅੱਜ ਉਨ੍ਹਾਂ ਨੇ ਇੰਨੀਆਂ ਲਾਲ ਬੱਤੀਆਂ ਟੱਪੀਆਂ। ਪਿਆਰੇ ਬੱਚਿਓ, ਤੁਸੀਂ ਸਾਡੇ ਦੇਸ਼ ਦਾ ਭਵਿੱਖ ਹੋ। ਯਾਦ ਰੱਖੋ, ਸਰਕਾਰ ਵੱਲੋਂ ਟਰੈਫਿਕ ਨਿਯਮ ਤੁਹਾਡੇ ਜੀਵਨ ਦੀ ਸੁਰੱਖਿਆ ਲਈ ਬਣਾਏ ਗਏ ਹਨ। ਜਦੋਂ ਤੁਸੀਂ ਇਨ੍ਹਾਂ ਦੀ ਪਾਲਣਾ ਕਰਦੇ ਹੋ ਤਾਂ ਸਿਰਫ਼ ਆਪਣੀ ਸੁਰੱਖਿਆ ਨਹੀਂ ਕਰਦੇ ਬਲਕਿ ਕਿਸੀ ਦੂਜੇ ਦੀ ਵੀ ਸੁਰੱਖਿਆ ਕਰਦੇ ਹੋ। ਸਕੂਲੀ ਵਿਦਿਆਰਥੀਆਂ ਜਿਨ੍ਹਾਂ ਦੀ ਉਮਰ 18 ਵਰਿ੍ਹਆਂ ਤੋਂ ਹੇਠਾਂ ਹੈ, ਉਨ੍ਹਾਂ ਨੂੰ ਕੋਈ ਵੀ ਵਹੀਕਲ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ‘ਚਾਬੀਆਂ’ ਦੇਣ ਤੋਂ ਪਹਿਲਾਂ ਇਸ ਗੱਲ ਨੂੰ ਭਲੀ ਪ੍ਰਕਾਰ ਜਾਣ ਲੈਣ ਕਿ ਉਨ੍ਹਾਂ ਦਾ ਬੱਚਾ ‘ਵਹੀਕਲ’ ਦੇ ਨਾਲ-ਨਾਲ ਸੜਕੀ ਨਿਯਮਾਂ ਤੋਂ ਜਾਣੂ ਹੈ। ਸਿਰਫ਼ ਦੋਸਤਾਂ ਕੋਲ ਸ਼ੇਖੀ ਮਾਰਨ ਜਾਂ ਝੂਠੀ ਸ਼ੋਹਰਤ ਲਈ ਸੜਕਾਂ ’ਤੇ ਗੱਡੀਆਂ ਨੂੰ ਲਿਜਾਣਾ ਸਮਝਦਾਰੀ ਨਹੀਂ ਹੈ। ਸਰਕਾਰ ਵੱਲੋਂ ਟਰੈਫਿਕ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਾਉਣ ਲਈ ਭਾਵੇਂ ਭਾਰੀ ਜੁਰਮਾਨੇ ਲਾ ਰੱਖੇ ਹਨ, ਥਾਂ-ਥਾਂ ’ਤੇ ਕੈਮਰਿਆਂ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਲੋਕਾਂ ਵੱਲੋਂ ਲਗਾਤਾਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜੀਵਨ ਅਨਮੋਲ ਹੈ। ਇਹ ਸਾਨੂੰ ਦੁਬਾਰਾ ਨਹੀਂ ਮਿਲਣਾ। ਇਸ ਲਈ ਹਮੇਸ਼ਾ ਟਰੈਫਿਕ ਨਿਯਮਾਂ ਦੀ ਪਾਲਣਾ ਕਰੋ। ਦਿੱਲੀ ਟਰੈਫਿਕ ਪੁਲਿਸ ਸਕੂਲਾਂ ਦੇ ਪਿ੍ਰੰਸੀਪਲਾਂ ਦੇ ਸੱਦੇ ਉੱਤੇ ਸਕੂਲਾਂ ਵਿਚ ਆਪਣੀ ‘ਮੋਬਾਈਲ ਵੈਨ’ ਰਾਹੀਂ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਦਾ ਉਪਰਾਲਾ ਕਰਦੀ ਹੈ। ਇਕ ਵਾਰ ਸਾਡੇ ਸਕੂਲ ਵਿਚ ਟਰੈਫਿਕ ਪੁਲਿਸ ਦੀ ਵਰਕਸ਼ਾਪ ਵਿਚ ਅੱਠਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਟਰੈਫਿਕ ਅਧਿਕਾਰੀ ਨੂੰ ਸਵਾਲ ਕੀਤਾ ਸੀ ਕਿ ਅੰਕਲ, ਤੁਸੀਂ ਕਹਿੰਦੇ ਹੋ ਕਿ ਗੱਡੀ ਚਲਾਉਂਦੇ ਸਮੇਂ ਫੋਨ ਉੱਤੇ ਗੱਲ ਨਹੀਂ ਕਰਨੀ ਚਾਹੀਦੀ ਪਰ ਮੇਰੇ ਪਾਪਾ ਤਾਂ ਹਮੇਸ਼ਾ ਗੱਡੀ ਚਲਾਉਂਦੇ ਸਮੇਂ ‘ਫੋਨ’ ਉੱਤੇ ਗੱਲ ਕਰਦੇ ਹਨ। ਤੁਸੀਂ ਉਨ੍ਹਾਂ ਦਾ ਚਾਲਾਨ ਕੱਟੋ। ਇਸ ਲਈ ਮਾਪਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਬੱਚਿਆਂ ਦੇ ਸਾਹਮਣੇ ਕਦੇ ਵੀ ਇਹੋ ਜਿਹੇ ਕੰਮ ਨਾ ਕਰੀਏ ਜਿਨ੍ਹਾਂ ਨਾਲ ਉਨ੍ਹਾਂ ਨੂੰ ਇਹ ਨਾ ਕਹਿਣਾ ਪਵੇ ਕਿ ਉਹ ਟਰੈਫਿਕ ਨੇਮਾਂ ਦੀ ਪਾਲਣਾ ਨਹੀਂ ਕਰਦੇ। ਦਿੱਲੀ ਟਰੈਫਿਕ ਪੁਲਿਸ ਪੋਸਟਰ ਮੇਕਿੰਗ, ਕੁਇਜ਼ ਪ੍ਰੋਗਰਾਮਾਂ, ਲਘੂ ਫਿਲਮਾਂ ਰਾਹੀਂ ਸਮਾਜ ਵਿਚ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਆਪਣਾ ਯੋਗਦਾਨ ਪਾ ਰਹੀ ਹੈ। ਉਸ ਦਾ ਇਹ ਕਹਿਣਾ ਹੈ ਕਿ ਸਾਡਾ ਇਹ ਕਾਰਜ ਤਾਂ ਹੀ ਸਫਲ ਹੋ ਸਕਦਾ ਹੈ ਜਦੋਂ ਬੱਚਿਆਂ ਦੇ ਮਾਪੇ, ਉਨ੍ਹਾਂ ਦੇ ਅਧਿਆਪਕ ਵੀ ਇਸ ਮੁਹਿੰਮ ਵਿਚ ਸ਼ਾਮਲ ਹੋਣ। ਉਹ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਇਹ ਗੱਲ ਸਮਝਾਉਣ ਕਿ ਹਮੇਸ਼ਾ ਟਰੈਫਿਕ ਨਿਯਮਾਂ ਦੀ ਪਾਲਣਾ ਕਰੋ, ਬਿਨਾਂ ਲਾਇਸੈਂਸ, ਇੰਸ਼ੋਰੈਂਸ, ਪ੍ਰਦੂਸ਼ਣ ਸਰਟੀਫਿਕੇਟ ਦੇ ਆਪਣੇ ‘ਵਹੀਕਲ’ ਨੂੰ ਸੜਕ ’ਤੇ ਲੈ ਕੇ ਨਾ ਜਾਓ। ਸੜਕ ’ਤੇ ਚੱਲਦੇ ਸਮੇਂ ‘ਸਪੀਡ’ ਦਾ ਧਿਆਨ ਰੱਖਿਆ ਜਾਵੇ। ਤੈਅਸ਼ੁਦਾ ਗਤੀ ’ਤੇ ਹੀ ਆਪਣੀ ਗੱਡੀ ਨੂੰ ਚਲਾਉਣ। ਜੇਕਰ ਇੰਜ ਕੀਤਾ ਜਾਂਦਾ ਹੈ ਤਾਂ ਮੈਂ ਨਿਸ਼ਚਿਤ ਰੂਪ ਵਿਚ ਕਹਿ ਸਕਦਾ ਹਾਂ ਕਿ ਫਿਰ ਅਸੀਂ ਸਹੀ ਅਰਥਾਂ ਵਿਚ ਆਪਣੇ ਦੇਸ਼ ਦੇ ਸੱਭਿਅਕ ਨਾਗਰਿਕ ਅਖਵਾ ਸਕਦੇ ਹਾਂ ਤੇ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ।
-ਪ੍ਰਕਾਸ਼ ਸਿੰਘ ਗਿੱਲ, ਲੈਕਚਰਾਰ (ਪੰਜਾਬੀ), ਦਿੱਲੀ।
-ਮੋਬਾਈਲ : 92126-32234