ਮਿੰਦਰ ਦੀ ਕਵਿਤਾ ਬਣੀਆਂ-ਬਣਾਈਆਂ ਸੋਚਾਂ ਅਤੇ ਰਵਾਇਤਾਂ ਦੀ ਖੜੋਤ ਨੂੰ ਤੋੜਨ ਦੀ ਕਵਿਤਾ ਹੈ। ਉਹ ਲਿਖਦਾ ਹੈ ਕਿ ਬੱਚਾ ਕਦੇ ਨੰਗਾ ਨਹੀਂ ਹੁੰਦਾ ਤੇ ਕੁੱਤੇ ਨੂੰ ਸਿਰ ਪਰਨੇ ਬੈਠਣਾ ਨਹੀਂ ਆਉਂਦਾ। ਉਸ ਦੇ ਸਾਰੇ ਅੰਗ ਸੰਗੀਤ ਦੀਆਂ ਧੁਨੀਆਂ ਤੇ ਚਿੱਤਰਕਾਰਾਂ ਦੀਆਂ ਸ਼ੈਲੀਆਂ ਬਣ ਜਾਂਦੇ ਹਨ।

ਪੰਜਾਬੀ ਬੋਲੀ ਉੱਪਰ ਮਾਂ ਸਰਸਵਤੀ ਦੀ ਹਮੇਸ਼ਾ ਕਿਰਪਾ ਰਹੀ ਹੈ। ਬਾਬਾ ਫਰੀਦ, ਗੁਰੂ ਨਾਨਕ, ਬੁੱਲ੍ਹੇ ਸ਼ਾਹ, ਪੂਰਨ ਸਿੰਘ ਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਮਹਾ-ਕਵੀ ਸਾਡੀ ਵਿਰਾਸਤ ਨੂੰ ਰਹੱਸਮਈ ਰੰਗਾਂ ਨਾਲ ਅਮੀਰ ਕਰਦੇ ਰਹੇ ਹਨ। ਪਿਛਲੇ ਪੰਜਾਹ ਸਾਲਾਂ ਵਿਚ ਪੰਜਾਬੀ ਵਿਚ ਨਵੇਂ ਦੌਰ ਅਤੇ ਨਵੀਂ ਚੇਤਨਾ ਦੀ ਕਵਿਤਾ ਲਿਖੀ ਗਈ। ਇਸ ਕਵਿਤਾ ਦਾ ਮਿਆਰ ਵਿਸ਼ਵ ਪੱਧਰ ਦੀ ਕਵਿਤਾ ਨਾਲ ਮੇਲ ਖਾਂਦਾ ਹੈ। ਬਹੁਤ ਸਾਰੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਨਾਲ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਨਵੇਂ ਯੁੱਗ ਦੇ ਹਾਣ ਦਾ ਕਰਨ ਵਿਚ ਆਪਣਾ ਯੋਗਦਾਨ ਪਾਇਆ। ਇਸੇ ਪਰੰਪਰਾ ਵਿਚ ਕਵੀ ਮਿੰਦਰ ਦਾ ਜ਼ਿਕਰ ਕਰਦਿਆਂ ਮੈਨੂੰ ਮਾਣ ਮਹਿਸੂਸ ਹੁੰਦਾ ਹੈ।
ਮਿੰਦਰ ਦੀ ਕਵਿਤਾ ਬਣੀਆਂ-ਬਣਾਈਆਂ ਸੋਚਾਂ ਅਤੇ ਰਵਾਇਤਾਂ ਦੀ ਖੜੋਤ ਨੂੰ ਤੋੜਨ ਦੀ ਕਵਿਤਾ ਹੈ। ਉਹ ਲਿਖਦਾ ਹੈ ਕਿ ਬੱਚਾ ਕਦੇ ਨੰਗਾ ਨਹੀਂ ਹੁੰਦਾ ਤੇ ਕੁੱਤੇ ਨੂੰ ਸਿਰ ਪਰਨੇ ਬੈਠਣਾ ਨਹੀਂ ਆਉਂਦਾ। ਉਸ ਦੇ ਸਾਰੇ ਅੰਗ ਸੰਗੀਤ ਦੀਆਂ ਧੁਨੀਆਂ ਤੇ ਚਿੱਤਰਕਾਰਾਂ ਦੀਆਂ ਸ਼ੈਲੀਆਂ ਬਣ ਜਾਂਦੇ ਹਨ। ਇਹੋ ਜਿਹੀ ਵਿਲੱਖਣ ਸ਼ੈਲੀ ਵਾਲਾ ਕਵੀ ਮਿੰਦਰ ਆਪਣੀ ਜੀਵਨ ਯਾਤਰਾ ਪੂਰੀ ਕਰ ਗਿਆ ਹੈ। ਕਾਲਜ ਸਮੇਂ ਮਿੰਦਰ ਮੇਰਾ ਅਧਿਆਪਕ ਸੀ ਪਰ ਬਾਅਦ ਵਿਚ ਉਹ ਉਮਰ ਭਰ ਲਈ ਮੇਰਾ ਮਿੱਤਰ ਬਣ ਗਿਆ। ਸਾਡੇ ਲਈ ਕਈ ਵਾਰ ਇੱਕੋ ਮਿੱਤਰ ਹੀ ਸਮੁੱਚੀ ਮਨੁੱਖਤਾ ਦੀ ਮਿੱਤਰਤਾ ਦਾ ਪ੍ਰਤੀਕ ਬਣ ਜਾਂਦਾ ਹੈ।
ਸਾਨੂੰ ਲੱਗਦਾ ਰਹਿੰਦਾ ਹੈ ਕਿ ਹਰ ਮਿੱਤਰ ਹੀ ਉਸ ਖ਼ਾਸ ਮਿੱਤਰ ਦਾ ਅਗਲਾ ਵਿਸਥਾਰ ਹੈ। ਮਿੰਦਰ ਜਾਂ ਪ੍ਰੋਫੈਸਰ ਮਹਿੰਦਰ ਸਿੰਘ ਬਾਗੀ ਰਹਿੰਦਾ ਅਨੰਦਪੁਰ ਸਾਹਿਬ ’ਚ ਸੀ ਪਰ ਸਾਹ ਕਵਿਤਾ ਵਿਚ ਲੈਂਦਾ ਸੀ। ਅੰਮ੍ਰਿਤਾ ਪ੍ਰੀਤਮ ਉਸ ਨੂੰ ਆਪਣੇ ਰਸਾਲੇ ‘ਨਾਗਮਣੀ’ ਦਾ ਖ਼ਾਸ ਸ਼ਾਇਰ ਸਮਝਦੀ ਸੀ। ਉਹ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਵਿਚ ਪੰਜਾਬੀ ਸਾਹਿਤ ਤੇ ਭਾਸ਼ਾ ਦੇ ਅਧਿਆਪਕ ਸਨ। ਹਜ਼ਾਰਾਂ ਵਿਦਿਆਰਥੀਆਂ ਨੇ ਉਨ੍ਹਾਂ ਤੋਂ ਪੰਜਾਬੀ ਸਾਹਿਤ ਦਾ ਗਿਆਨ ਹਾਸਲ ਕੀਤਾ ਅਤੇ ਜੀਵਨ ਵਿਚ ਵੱਡੀਆਂ ਮੱਲਾਂ ਮਾਰੀਆਂ। ਪੰਜਾਬੀ ਦੇ ਨਾਮਵਰ ਲੇਖਕ, ਪੱਤਰਕਾਰ ਅਤੇ ਵਿਦਵਾਨ ਉਨ੍ਹਾਂ ਦੇ ਦੋਸਤ ਸਨ। ਉਨ੍ਹਾਂ ਦੀ ਜ਼ਿੰਦਾਦਿਲੀ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਸੀ। ਉਨ੍ਹਾਂ ਕੋਲ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਦੀਆਂ ਹਜ਼ਾਰਾਂ ਕਿਤਾਬਾਂ ਸਨ ਜਿਨ੍ਹਾਂ ਨੂੰ ਪੜ੍ਹ ਕੇ ਉਹ ਅੱਗੇ ਆਪਣੇ ਦੋਸਤਾਂ ਨੂੰ ਦੇ ਦਿੰਦੇ ਸਨ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿਸ ਕਿਸੇ ਨੇ ਵੀ ਉਨ੍ਹਾਂ ਦੀ ਅਦਬੀ ਸੰਗਤ ਕੀਤੀ ਹੋਵੇਗੀ, ਉਹ ਉਨ੍ਹਾਂ ਨੂੰ ਕਦੇ ਨਹੀਂ ਭੁੱਲਣਗੇ। ਮਿੰਦਰ ਨੂੰ ਪੰਜਾਬੀ ਸਾਹਿਤ ਦੀ ਨਵੀਂ ਪੀੜ੍ਹੀ ਬਿਲਕੁਲ ਨਹੀਂ ਜਾਣਦੀ। ਇਹ ਉਨ੍ਹਾਂ ਪਾਠਕਾਂ ਦੀ ਬਦਕਿਸਮਤੀ ਹੈ, ਹੋਰ ਕੁਝ ਨਹੀਂ। ਕਿਸੇ ਹੱਦ ਤੱਕ ਉਸ ਦੀ ਫੱਕਰ ਤਬੀਅਤ ਵੀ ਇਸ ਦੀ ਜ਼ਿੰਮੇਵਾਰ ਸੀ। ਉਹ ਪਿਛਲੇ ਪੰਜਾਹ ਸਾਲਾਂ ਤੋਂ ਕਵਿਤਾ ਲਿਖ ਰਿਹਾ ਸੀ ਅਤੇ ਕਵਿਤਾ ਵਾਂਗ ਜਿਉਂਦਾ ਵੀ ਸੀ ਪਰ ਛਪਿਆ ਕਦੇ ਘੱਟ ਹੀ ਸੀ। ਪਿਛਲੇ ਦੋ ਕੁ ਸਾਲਾਂ ਵਿਚ ਹੀ ਉਸ ਦੀ ਕਵਿਤਾ ਕਿਤਾਬੀ ਰੂਪ ਵਿਚ ਸਾਹਮਣੇ ਆਈ ਸੀ।
ਉਸ ਦੀ ਕਵਿਤਾ ਵਿਸਮਾਦ ਦੀ ਕਵਿਤਾ ਸੀ। ਪਰ ਉਹ ਪਿਛਲੇ ਪਹਿਰ ਲਿਖੀ ਆਪਣੀ ਹੀ ਕਵਿਤਾ ਨੂੰ ਇਸੇ ਪਹਿਰ ਨਵੀਂ ਕਵਿਤਾ ਲਿਖ ਕੇ ਪੂਰੀ ਤਰ੍ਹਾਂ ਰੱਦ ਕਰ ਸਕਦਾ ਸੀ। ਉਸ ਦੀ ਕਵਿਤਾ ਹਰ ਨਿਸ਼ਚਤ ਪਰਿਭਾਸ਼ਾ ਨੂੰ ਤਹਿਸ-ਨਹਿਸ ਕਰ ਕੇ ਨਵੀਂ ਉਸਰ ਰਹੀ ਇਮਾਰਤ ਵਾਂਗ ਉੱਪਰ ਵੱਲ ਵਧਦੀ ਹੈ।
ਹਾਲੇ ਤੁਸੀਂ ਉਸ ਦੀ ਸੋਹਜ ਭਰੀ ਇਸ ਕਾਵਿਕ ਉਸਾਰੀ ਦੇ ਤਲਿਸਮ ਦਾ ਆਨੰਦ ਲੈ ਹੀ ਰਹੇ ਹੁੰਦੇ ਹੋ ਕਿ ਉਹ ਆਪ ਹੀ ਆਪਣੀ ਨਵੀਂ ਕਵਿਤਾ ਨੂੰ ਵਿਸਫੋਟ ਵਾਂਗ ਚਲਾ ਦਿੰਦਾ ਹੈ ਅਤੇ ਪਹਿਲੇ ਹਰ ਕਾਸੇ ਨੂੰ ਮੁੜ ਤਹਿਸ-ਨਹਿਸ ਕਰ ਦਿੰਦਾ ਹੈ। ਉਸ ਦੀ ਕਵਿਤਾ ਸ਼ਬਦ ਤੋਂ ਸ਼ਬਦ ਤੱਕ ਤੁਰ ਕੇ ਆਪਣੀ ਗੱਲ ਨਹੀਂ ਕਹਿੰਦੀ, ਉਹ ਤਾਂ ਪ੍ਰਤੀਕ ਤੋਂ ਪ੍ਰਤੀਕ ਤੱਕ ਇੰਜ ਚੱਲਦੀ ਹੈ ਜਿਵੇਂ ਫੁੱਲਝੜੀ ਤੋਂ ਫੁੱਲਝੜੀ ਬਲਦੀ ਹੈ। ਜਦੋਂ ਪੰਜਾਬ ਉੱਪਰ ਕਾਲੇ ਬੱਦਲ ਛਾਏ ਹੋਏ ਸਨ ਤਾਂ ਉਸ ਦੀ ਕਲਮ ਪੰਜਾਬ ਦੀ ਰੂਹ ਨਾਲ ਇਕਮਿਕ ਹੋ ਕੇ ਕਵਿਤਾ ਲਿਖ ਰਹੀ ਸੀ। ਉਹ “ਰੋਂਦਾ ਪੰਜ-ਆਬ” ਕਵਿਤਾ ਵਿਚ ਪੰਜਾਬ ਤੇ ਪੰਜਾਬੀਅਤ ਬਾਰੇ ਇੰਜ ਲਿਖਦਾ ਹੈ : ਆਬ-ਇੱਕ :
‘‘ਮੇਰੇ ਮੋਢਿਆਂ ’ਤੇ ਕੰਬਲੀ ਤੇ ਹੱਥ ਵਿਚ ਵੰਝਲੀ ਸੀ
ਮੈਂ ਸੁੱਤਾ ਵੀ ਨਹੀਂ, ਕਿਤੇ ਗਿਆ ਵੀ ਨਹੀਂ
ਪਰ ਮੇਰੇ ਹੱਥ ਵਿਚ ਬੰਦੂਕ ਤੇ ਮੇਰੇ ਮੋਢੇ ’ਤੇ ਲਾਸ਼ ਕੌਣ ਧਰ ਗਿਆ?’’
ਆਬ-ਦੋ : ‘‘ਮੈਂ ਤਾਂ ਜ਼ਮੀਨ ਦੇ ਧੁਰ ਥੱਲੇ
ਗੁਰੂਆਂ ਦੀ ਬਾਣੀ ਅਤੇ ਕ੍ਰਿਸ਼ਨ ਦੀ ਗੀਤਾ ਬੀਜੀ
ਇਹ ਅੱਗ ਦੇ ਗੀਤ ਤੇ ਨਫ਼ਰਤ ਦੀ ਖੇਤੀ ਕਿਵੇਂ ਉੱਗੀ ਹੈ?’’
ਆਬ-ਤਿੰਨ : ‘‘ਮੈਂ ਇੱਕ ਇੱਕ ਕਰਕੇ ਆਪਣੇ ਸਾਰੇ ਝਰੋਖੇ
ਬੰਦ ਕਰ ਰਿਹਾ ਹਾਂ
ਮੈਂ ਰੋ ਰਿਹਾ ਹਾਂ-ਮੈਂ ਇਕੱਲਾ ਹਾਂ-ਬੁੱਢਾ ਹਾਂ
ਤੁਸੀਂ ਮੇਰਾ ਜਿਸਮ ਵੇਚ ਲਓ
ਮੇਰੇ ਪਹਾੜ-ਦਰਿਆ-ਕਣਕਾਂ-ਸ਼ਹਿਰ ਸਭ ਕੁਝ
ਪਰ ਮੇਰੀ ਰੂਹ ਨੂੰ ਨੇਜਿਆਂ ਨਾਲ ਨਾ ਵਿੰਨੋ,ਮੇਰੇ ਬੱਚਿਓ।’’
ਆਬ ਚਾਰ : ‘‘ਤੁਸੀਂ ਮੈਨੂੰ ਪਾਗਲ ਨਾ ਕਰੋ-ਮੇਰੀ ਗੱਲ ਸੁਣੋ ਵੇਖੋ, ਨਾਨਕ, ਬੁੱਲ੍ਹਾ, ਫਰੀਦ, ਕਬੀਰ, ਵਾਰਿਸ ਮਾਤਮ ’ਤੇ ਬੈਠੇ ਹਨ, ਭਾਈ ਘਨ੍ਹੱਈਆ ਹੱਥ ਜੋੜ ਕੇ ਦਰਬਾਰ ਵਿਚ ਖੜ੍ਹਾ ਹੈ : ਮੈਂ ਮੱਲ੍ਹਮ ਕਿਸ ਦੇ ਲਾਵਾਂ? ਤੇ ਮੇਰਾ ਗੁਰੂ ਉਨ੍ਹਾਂ ਸਿਰਾਂ ਵੱਲ ਵੇਖਦਾ ਹੈ ਜੋ ਉਸ ਨੇ ਭਰੇ ਹੋਏ ਦਰਬਾਰ ਵਿਚ ਮੰਗੇ ਸਨ ਤੇ ਜਿਨ੍ਹਾਂ ਨੂੰ ਉਹ ਮੋੜ ਨਹੀਂ ਸਕਦਾ।’’
ਆਬ ਪੰਜ : ‘‘ਧਰਤੀ ਦਾ ਕੋਈ ਧਰਮ ਨਹੀਂ ਹੁੰਦਾ
ਮੇਰਾ ਵੀ ਨਹੀਂ ਹੈ
ਤੁਸੀਂ ਕਿਸ ਰੱਬ ਲਈ ਮੇਰਾ ਗਲਾ ਕੱਟ ਰਹੇ ਹੋ?
ਕਿਸ ਖ਼ੁਸ਼ਬੂ ਲਈ ਫੁੱਲਾਂ ਨੂੰ ਸੜਦੇ ਤਵੇ ’ਤੇ ਭੁੰਨ ਰਹੇ ਹੋ?
ਮੈਂ ਜੋ ਅੱਗ ਅੱਲਾ ਦੇ ਦਰਬਾਰ ’ਚੋਂ ਤੁਹਾਡੇ ਲਈ ਚੁਰਾਈ ਸੀ ਤੁਸੀਂ ਉਸੇ ਨਾਲ ਅੱਜ ਮੈਨੂੰ ਸਾੜ ਰਹੇ ਹੋ
ਮੈਂ ਮਰ ਜਾਵਾਂ, ਮੈਨੂੰ ਕੋਈ ਗਮ ਨਹੀਂ ਹੈ
ਪਰ ਅੰਨ ਖਾਣ ਵਾਲਿਓ! ਤੁਹਾਡੇ ਬੱਚਿਆਂ ’ਤੇ ਇਹ ਇਲਜ਼ਾਮ ਲੱਗੇ ਕਿ ਉਹ ਰੱਬ ਦੇ ਕਾਤਲ ਨੇ
ਮੈਥੋਂ ਜਰਿਆ ਨਹੀਂ ਜਾਣਾ!’’
ਪੰਜਾਬ ਅਤੇ ਪੰਜਾਬੀਅਤ ਦੀ ਰੂਹ ਨੂੰ ਪਿਆਰ ਕਰਨ ਵਾਲੇ ਇਸ ਮਹਾਨ ਕਵੀ ਨੂੰ ਅਸੀਂ ਆਪਣੀ ਅਕੀਦਤ ਪੇਸ਼ ਕਰਦੇ ਹਾਂ।
-ਪਰਮਿੰਦਰ ਸੋਢੀ
-(ਲੇਖਕ ਜਾਪਾਨ ਆਧਾਰਤ ਪੰਜਾਬੀ ਸਾਹਿਤਕਾਰ ਹੈ)।
-ਸੰਪਰਕ : +81 90-5966-8670