ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੋਕੇਸ਼ਨ ਹਾਲ ਵਿਚ ਕਰਵਾਈ ਗਈ 50ਵੀਂ ਕਨਵੋਕੇਸ਼ਨ ਵਿਚ ਬਤੌਰ ਮੁੱਖ ਮਹਿਮਾਨ ਆਪਣੇ ਇਤਿਹਾਸਕ ਸੰਬੋਧਨ ਦੌਰਾਨ ਖੁੱਲ੍ਹ ਕੇ ਮਨ ਦੇ ਵਲਵਲੇ ਜ਼ਾਹਰ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ ਸਾਰੇ ਦੇਸ਼ ਵਾਂਗ ਪੰਜਾਬ ਵਿਚ ਵੀ ਵਿੱਦਿਅਕ ਪੱਖੋਂ ਔਰਤਾਂ ਦੀਆਂ ਪ੍ਰਾਪਤੀਆਂ ਬੇਮਿਸਾਲ ਹਨ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੋਕੇਸ਼ਨ ਹਾਲ ਵਿਚ ਕਰਵਾਈ ਗਈ 50ਵੀਂ ਕਨਵੋਕੇਸ਼ਨ ਵਿਚ ਬਤੌਰ ਮੁੱਖ ਮਹਿਮਾਨ ਆਪਣੇ ਇਤਿਹਾਸਕ ਸੰਬੋਧਨ ਦੌਰਾਨ ਖੁੱਲ੍ਹ ਕੇ ਮਨ ਦੇ ਵਲਵਲੇ ਜ਼ਾਹਰ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ ਸਾਰੇ ਦੇਸ਼ ਵਾਂਗ ਪੰਜਾਬ ਵਿਚ ਵੀ ਵਿੱਦਿਅਕ ਪੱਖੋਂ ਔਰਤਾਂ ਦੀਆਂ ਪ੍ਰਾਪਤੀਆਂ ਬੇਮਿਸਾਲ ਹਨ। ਵਜ੍ਹਾ ਸਾਫ਼ ਸੀ ਕਿਉਂਕਿ ਰਾਸ਼ਟਰਪਤੀ ਨੇ ਜਿਨ੍ਹਾਂ 463 ਹੋਣਹਾਰਾਂ ਨੂੰ ਡਿਗਰੀਆਂ ਭੇਟ ਕੀਤੀਆਂ, ਉਨ੍ਹਾਂ ਵਿੱਚੋਂ ਜ਼ਿਆਦਾਤਰ ਕੁੜੀਆਂ ਤੇ ਔਰਤਾਂ ਸਨ। ਮੁਰਮੂ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਸ਼ਕਤੀਸ਼ਾਲੀ ਕਬਾਇਲੀ ਮਹਿਲਾ ਆਗੂ ਵਜੋਂ ਵਿਚਰ ਚੁੱਕੇ ਹਨ ਤੇ ਝਾਰਖੰਡ ਵਿਚ ਵਿਧਾਇਕਾ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ ਨਾ-ਸਿਰਫ਼ ਕੁੜੀਆਂ ਤੇ ਔਰਤਾਂ ਦੀਆਂ ਹਕੀਕੀ ਮੁਸ਼ਕਲਾਂ ਤੇ ਉਨ੍ਹਾਂ ਦੇ ਕਾਰਗਰ ਹੱਲ ਬਾਰੇ ਜਾਣਦੇ ਹਨ ਸਗੋਂ ਅਕਾਦਮਿਕ ਪੱਖੋਂ ਵੀ ਸੁਚੇਤ ਹਨ। ਖ਼ੁਦ ਕਈ ਅਕਾਦਮਿਕ ਪ੍ਰਾਪਤੀਆਂ ਉਨ੍ਹਾਂ ਦੇ ਨਾਂ ਦਰਜ ਹਨ। ਇਸ ਲਈ ਉਨ੍ਹਾਂ ਦਾ ਇਹ ਕਹਿਣਾ ਕਿ ਸਾਰੇ ਦੇਸ਼ ਵਿਚ ਖ਼ਾਸਕਰ ਪੰਜਾਬ ਵਿਚ ਔਰਤਾਂ, ਵਿੱਦਿਅਕ ਪੱਖੋਂ ਨਵੀਂ ਪਰਵਾਜ਼ ਭਰ ਰਹੀਆਂ ਹਨ, ਇਹ ਬਿਨਾਂ ਸ਼ੱਕ ਕਾਬਿਲੇਗ਼ੌਰ ਕਥਨ ਹੈ। ਰਾਸ਼ਟਰਪਤੀ ਨੇ ਇਹ ਸੰਦੇਸ਼ ਵੀ ਦਿੱਤਾ ਕਿ ਪੰਜਾਬ ਵਾਂਗ ਮੁਲਕ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਵੀ ਆਪਣੀਆਂ ਧੀਆਂ ਨੂੰ ਵਿੱਦਿਅਕ ਪਿੜ ਵਿਚ ਅੱਗੇ ਵਧਣ ਦੇਣਾ ਚਾਹੀਦਾ ਹੈ। ਉਨ੍ਹਾਂ ਬੜੀ ਨਿਮਰਤਾ ਨਾਲ ਇਹ ਦੱਸਿਆ ਕਿ ਪੰਜਾਬ ਵਿਚ ਨਾਰੀ ਚੇਤਨਾ ਦੀ ਨਵੀਂ ਪਰਵਾਜ਼ ਤੇ ਵਿੱਦਿਅਕ ਜਾਗ੍ਰਿਤੀ ਪਿੱਛੇ ਗੁਰੂ ਨਾਨਕ ਪਾਤਸ਼ਾਹ ਦਾ ਪੈਗ਼ਾਮ ਵੀ ਹੈ। ਗੁਰੂ ਸਾਹਿਬ ਨੇ ਤਿੰਨ ਸਦੀਆਂ ਪਹਿਲਾਂ ਉਦੋਂ ਧੀਆਂ ਨੂੰ ਪੁੱਤਰਾਂ ਵਾਂਗ ਹੱਕ-ਹਕੂਕ ਦੇਣ ਦੀ ਸਿੱਖਿਆ ਦਿੱਤੀ ਸੀ ਜਦੋਂ ਸਮਾਜ ਦਾ ਜ਼ਿਆਦਾਤਰ ਹਿੱਸਾ ਗਰਕ ਚੁੱਕਾ ਹੋਇਆ ਸੀ। ਬਿਨਾਂ ਸ਼ੱਕ ਉਨ੍ਹਾਂ ਵੇਲਿਆਂ ਵਿਚ ਕੁੜੀਆਂ ਨੂੰ ਜੰਮਦੇ ਹੀ ਮਾਰ ਦੇਣਾ ਜਾਂ ਜੰਮਣ ਤੋਂ ਲੈ ਕੇ ਵਿਆਹ ਦੀ ਉਮਰ ਤੱਕ ਘਰ ਦੀਆਂ ਦਹਿਲੀਜ਼ਾਂ ਅੰਦਰ ਰੱਖਿਆ ਜਾਂਦਾ ਸੀ ਤੇ ਵਿਆਹ ਦੀ ਉਮਰ ਵੀ ਉਦੋਂ ਬਾਲਗ ਹੋਣ ਦੀ ਉਮਰ ਤੋਂ ਕਿਤੇ ਘੱਟ ਹੁੰਦੀ ਸੀ। ਅਜਿਹੇ ਸਮੇਂ ਦੌਰਾਨ ਗੁਰੂ ਨਾਨਕ ਦੇਵ ਜੀ ਵੱਲੋਂ ਧੀਆਂ ਦੇ ਹੱਕ ਵਿਚ ਦਿੱਤੀ ਸਿੱਖਿਆ ਦੇ ਦੂਰ-ਰਸੀ ਅਸਰ ਸਾਹਮਣੇ ਆਏ। ਸਮਾਜ ਰਵਾਇਤੀ ਗ਼ਲਤ ਸੋਚਾਂ ਦੇ ਚੱਕਰਵਿਊ ’ਚੋਂ ਬਹੁਤ ਹੱਦ ਤੱਕ ਨਿਕਲ ਚੁੱਕਾ ਹੈ ਤੇ ਨਵੀਂ ਪੀੜ੍ਹੀ ਦੇ ਲੋਕ ਨਵੀਂ ਸੋਚ ਨਾਲ ਆਪਣੀ ਔਲਾਦ ਦੀ ਪਰਵਰਿਸ਼ ਕਰ ਰਹੇ ਹਨ। ਇੱਕਾ-ਦੁੱਕਾ ਮਾਮਲੇ ਛੱਡ ਦੇਈਏ ਤਾਂ ਸਪਸ਼ਟ ਹੈ ਕਿ ਸਮਾਜ ਵਿਚ ਕੁੜੀਆਂ ਜਾਂ ਔਰਤਾਂ ਦੀ ਹਾਲਤ ਹੁਣ ਚਿੰਤਾਜਨਕ ਪੱਧਰ ’ਤੇ ਨਹੀਂ ਹੈ ਸਗੋਂ ਉਹ ਪੜ੍ਹ-ਲਿਖ ਕੇ ਵੱਡੀਆਂ ਪ੍ਰਾਪਤੀਆਂ ਕਰ ਕੇ ਪੁਰਸ਼ਾਂ ਲਈ ਰਾਖਵੇਂ ਸਮਝੇ ਜਾਂਦੇ ਹਰ ਖੇਤਰ ਵਿਚ ਨਾਮਣਾ ਖੱਟ ਰਹੀਆਂ ਹਨ। ਇਹ ਸਿਰਫ਼ ਕਿਸੇ ਇਕ ਜ਼ਿਲ੍ਹੇ ਜਾਂ ਕਿਸੇ ਇਕ ਯੂਨੀਵਰਸਿਟੀ ਨਾਲ ਸਬੰਧਤ ਮਾਮਲਾ ਨਹੀਂ ਹੈ। ਰਾਸ਼ਟਰਪਤੀ ਨੇ ਜਿਹੜੇ ਅੰਦਾਜ਼ ਤੇ ਜਿੰਨੀ ਖ਼ੁਸ਼ੀ ਨਾਲ ਮਨ ਦੀਆਂ ਗੱਲਾਂ ਕੀਤੀਆਂ ਹਨ, ਉਹ ਉਨ੍ਹਾਂ ਮਾਪਿਆਂ ਲਈ ਵੀ ਨਸੀਹਤ ਹਨ ਜਿਹੜੇ ਹਾਲੇ ਵੀ ਥੋਥੀਆਂ ਦਲੀਲਾਂ ਤੇ ਸੋਚਾਂ ਦੇ ਜਾਲ਼ ਵਿਚ ਫਸ ਕੇ ਧੀਆਂ ਦੇ ਰਾਹ ਵਿਚ ਅੜਿੱਕਾ ਬਣੀ ਖੜ੍ਹੇ ਹਨ। ਕੁੜੀਆਂ ਹੁਣ ਸਿਰਫ਼ ਸਾਖ਼ਰ ਪੱਧਰ ਤੱਕ ਤਾਲੀਮਯਾਫ਼ਤਾ ਨਹੀਂ ਹਨ ਸਗੋਂ ਉਹ ਹਰ ਖੇਤਰ ਵਿਚ ਮਾਣਮੱਤੀਆਂ ਮੱਲਾਂ ਮਾਰ ਰਹੀਆਂ ਹਨ। ਰਾਸ਼ਟਰਪਤੀ ਨੇ ਪੰਜਾਬ ਦੇ ਹਵਾਲੇ ਨਾਲ ਗੱਲ ਤੋਰੀ ਹੈ ਪਰ ਨਸੀਹਤ ਸਾਰੇ ਮੁਲਕ ਲਈ ਹੈ। ਬਿਨਾਂ ਸ਼ੱਕ ਉਨ੍ਹਾਂ ਦਾ ਅੰਮ੍ਰਿਤਸਰ ਵਿਚ ਪੁੱਜ ਕੇ ਕਨਵੋਕੇਸ਼ਨ ਦੌਰਾਨ ਡਿਗਰੀਆਂ ਭੇਟ ਕਰਨਾ ਤੇ ਡਿਗਰੀਆਂ ਪ੍ਰਾਪਤ ਕਰਨ ਵਾਲਿਆਂ ਲਈ ਤਾਂ ਇਹ ਮਾਣਮੱਤੇ ਪਲ ਹਨ ਹੀ, ਸਗੋਂ ਸਮੁੱਚੇ ਸਮਾਜ ਲਈ ਇਸ ਪੱਖੋਂ ਮਾਣ ਵਾਲੀ ਗੱਲ ਹੈ ਕਿ ਜ਼ਿਆਦਾਤਰ ਡਿਗਰੀਆਂ ਪ੍ਰਾਪਤ ਕਰਤਾ ਕੁੜੀਆਂ ਸਨ ਜਿਨ੍ਹਾਂ ਨੇ ਦੇਸ਼ ਦੀ ਸਭ ਤੋਂ ਤਾਕਤਵਰ ਆਗੂ ਕੋਲੋਂ ਡਿਗਰੀਆਂ ਪ੍ਰਾਪਤ ਕੀਤੀਆਂ।