ਉਮੰਗ ਅਤੇ ਜ਼ਿੰਦਾਦਿਲੀ
ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰ ਜੀਵਨ ਦੀ ਉਮੰਗ ਅਤੇ ਜ਼ਿੰਦਾਦਿਲੀ ਨੂੰ ਪਛਾਣੀਏ, ਇਨ੍ਹਾਂ ਨੂੰ ਪੋਸ਼ਿਤ ਕਰੀਏ, ਸੰਭਾਲੀਏ ਅਤੇ ਇਨ੍ਹਾਂ ਦਾ ਇਸਤੇਮਾਲ ਆਤਮ-ਉੱਨਤੀ ਲਈ ਕਰੀਏ ਕਿਉਂਕਿ ਜ਼ਿੰਦਾਦਿਲੀ ਹੀ ਜੀਵਨ ’ਚੋਂ ਨੀਰਸਤਾ ਖ਼ਤਮ ਕਰ ਕੇ ਉਸ ਨੂੰ ਉਦੇਸ਼ਪੂਰਨ ਬਣਾਉਣ ਵਿਚ ਕਾਰਗਰ ਸਿੱਧ ਹੁੰਦੀ ਹੈ।-ਪ੍ਰੇਰਨਾ ਅਵਸਥੀ।
Publish Date: Thu, 18 Dec 2025 11:26 PM (IST)
Updated Date: Fri, 19 Dec 2025 07:42 AM (IST)
ਜੀਵਨ ਵਿਚ ਉਮੰਗ ਅਤੇ ਜ਼ਿੰਦਾਦਿਲੀ ਉਹ ਦਿੱਵਿਆ ਊਰਜਾ ਹਨ ਜੋ ਉਲਟ ਹਾਲਾਤ ਵਿਚ ਵੀ ਮਨੁੱਖ ਨੂੰ ਟੁੱਟਣ ਨਹੀਂ ਦਿੰਦੀਆਂ। ਇਹ ਹਨੇਰੇ ਵਿਚ ਵੀ ਪ੍ਰਕਾਸ਼ ਵੱਲ ਵਧਣ ਲਈ ਪ੍ਰੇਰਿਤ ਕਰਦੀਆਂ ਹਨ ਅਤੇ ਅਸਫਲਤਾ ਦੇ ਪਲਾਂ ਵਿਚ ਵੀ ਅੱਗੇ ਵਧਣ ਦਾ ਹੌਸਲਾ ਪ੍ਰਦਾਨ ਕਰਦੀਆਂ ਹਨ। ਇਹ ਸਿਰਫ਼ ਜੀਵਨ ਦੀ ਇੱਛਾ ਨਹੀਂ ਸਗੋਂ ਇਕ ਅਰਥਪੂਰਨ, ਆਦਰਸ਼ ਅਤੇ ਉਦੇਸ਼ਪੂਰਨ ਜੀਵਨ ਜਿਉਣ ਦਾ ਦ੍ਰਿੜ੍ਹ ਨਿਸ਼ਚਾ ਹਨ। ਉਮੰਗ ਮਨੁੱਖ ਨੂੰ ਸਿਖਾਉਂਦੀ ਹੈ ਕਿ ਜੀਵਨ ਸਮੱਸਿਆਵਾਂ ਦਾ ਸੰਗ੍ਰਹਿ ਨਹੀਂ, ਬਲਕਿ ਸੰਭਾਵਨਾਵਾਂ ਦਾ ਸਮੁੰਦਰ ਹੈ। ਅਸਫਲਤਾ ਅਸਲ ਵਿਚ ਭਾਵੀ ਸਫਲਤਾ ਦੀ ਬੁਨਿਆਦ ਹੁੰਦੀ ਹੈ। ਇਹ ਗੂੜ੍ਹ ਸੱਚਾਈ ਉਹੀ ਵਿਅਕਤੀ ਸਮਝ ਸਕਦਾ ਹੈ ਜਿਸ ਦੀ ਉਮੰਗ ਦਾ ਪੱਧਰ ਮਜ਼ਬੂਤ ਹੁੰਦਾ ਹੈ। ਅਜਿਹਾ ਵਿਅਕਤੀ ਹਾਰ ਨੂੰ ਆਖ਼ਰੀ ਸੱਚਾਈ ਨਹੀਂ ਮੰਨਦਾ ਬਲਕਿ ਇਸ ਨੂੰ ਇਕ ਸਿੱਖਿਆ ਦੇ ਤੌਰ ’ਤੇ ਸਵੀਕਾਰ ਕਰਦਾ ਹੈ। ਇਹੀ ਨਜ਼ਰੀਆ ਵਿਅਕਤੀ ਨੂੰ ਆਮ ਤੋਂ ਅਸਾਧਾਰਨ ਬਣਾ ਦਿੰਦਾ ਹੈ।
ਸਵਾਲ ਇਹ ਹੈ ਕਿ ਜ਼ਿੰਦਾਦਿਲੀ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ? ਸਕਾਰਾਤਮਕ ਸੋਚ, ਆਤਮ-ਵਿਸ਼ਵਾਸ, ਉਦੇਸ਼-ਬੋਧ ਅਤੇ ਸੰਵੇਦਨਸ਼ੀਲਤਾ, ਇਹ ਸਾਰੇ ਜ਼ਿੰਦਾਦਿਲੀ ਦੇ ਪੋਸ਼ਕ ਪਦਾਰਥ ਹਨ। ਆਧੁਨਿਕ ਜੀਵਨ ਦੀ ਭੱਜਦੌੜ ਵਿਚ ਆਤਮ-ਸੰਵਾਦ ਦੀ ਘਾਟ ਜ਼ਿੰਦਾਦਿਲੀ ਦੀ ਭਾਵਨਾ ਨੂੰ ਕਮਜ਼ੋਰ ਕਰਦੀ ਹੈ। ਆਪਣੇ-ਆਪ ਨਾਲ ਸਬੰਧ ਟੁੱਟਣ ’ਤੇ ਜੀਵਨ ਅਰਥਹੀਣਤਾ ਵੱਲ ਵਧਣ ਲੱਗਦਾ ਹੈ। ਧਿਆਨ, ਯੋਗ, ਸਾਹਿਤ ਅਤੇ ਕੁਦਰਤ ਨਾਲ ਜੁੜਨਾ, ਇਹ ਸਾਰੇ ਸਾਧਨ ਉਮੰਗ ਤੇ ਜ਼ਿੰਦਾਦਿਲੀ ਨੂੰ ਦੁਬਾਰਾ ਜੀਵਿਤ ਕਰ ਸਕਦੇ ਹਨ। ਅੰਤ ਵਿਚ, ਜ਼ਿੰਦਾਦਿਲੀ ਜੀਵਨ ਦਾ ਉਹ ਦੀਵਾ ਹੈ ਜੋ ਤੂਫ਼ਾਨਾਂ ਵਿਚ ਵੀ ਜਗਦਾ ਰਹਿੰਦਾ ਹੈ। ਜ਼ਿੰਦਾਦਿਲੀ ਸਾਨੂੰ ਸਿਖਾਉਂਦੀ ਹੈ ਕਿ ਹਨੇਰਾ ਕਦੇ ਵੀ ਸਥਾਈ ਨਹੀਂ ਹੁੰਦਾ ਅਤੇ ਹਰ ਰਾਤ ਤੋਂ ਬਾਅਦ ਪ੍ਰਕਾਸ਼ ਜ਼ਰੂਰ ਪ੍ਰਗਟ ਹੁੰਦਾ ਹੈ। ਜ਼ਿੰਦਾਦਿਲੀ ਦੇ ਬਿਨਾਂ ਜੀਵਨ ਸਿਰਫ਼ ਇਕ ਮਕੈਨੀਕਲ ਪ੍ਰਕਿਰਿਆ ਬਣ ਜਾਂਦਾ ਹੈ ਜਦਕਿ ਜ਼ਿੰਦਾਦਿਲੀ ਵਾਲਾ ਜੀਵਨ ਸਾਰਥਕ, ਮਾਣ-ਸਤਿਕਾਰ ਵਾਲਾ ਅਤੇ ਦਿਸ਼ਾ-ਨਿਰਦੇਸ਼ਿਤ ਹੁੰਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰ ਜੀਵਨ ਦੀ ਉਮੰਗ ਅਤੇ ਜ਼ਿੰਦਾਦਿਲੀ ਨੂੰ ਪਛਾਣੀਏ, ਇਨ੍ਹਾਂ ਨੂੰ ਪੋਸ਼ਿਤ ਕਰੀਏ, ਸੰਭਾਲੀਏ ਅਤੇ ਇਨ੍ਹਾਂ ਦਾ ਇਸਤੇਮਾਲ ਆਤਮ-ਉੱਨਤੀ ਲਈ ਕਰੀਏ ਕਿਉਂਕਿ ਜ਼ਿੰਦਾਦਿਲੀ ਹੀ ਜੀਵਨ ’ਚੋਂ ਨੀਰਸਤਾ ਖ਼ਤਮ ਕਰ ਕੇ ਉਸ ਨੂੰ ਉਦੇਸ਼ਪੂਰਨ ਬਣਾਉਣ ਵਿਚ ਕਾਰਗਰ ਸਿੱਧ ਹੁੰਦੀ ਹੈ।-ਪ੍ਰੇਰਨਾ ਅਵਸਥੀ।