ਉਨ੍ਹਾਂ ਦੇ ਇਸ ਤਰੱਦਦ ਸਦਕਾ ਬਹੁਤ ਸਾਰੇ ਨਾਮਵਰ ਫੁੱਟਬਾਲ ਖਿਡਾਰੀ ਪੈਦਾ ਹੋਏ ਜੋ ਅੱਜ ਵੀ ਦੇਸ਼ ਦੇ ਵੱਖ-ਵੱਖ ਕਲੱਬਾਂ ਅਤੇ ਵਿਭਾਗਾਂ ਦੀਆਂ ਟੀਮਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਮਾਤਾ-ਪਿਤਾ, ਸਕੂਲ ਅਤੇ ਮਾਹਿਲਪੁਰ ਇਲਾਕੇ ਦਾ ਨਾਂ ਰੋਸ਼ਨ ਕਰ ਰਹੇ ਹਨ।

ਲੋਕ ਪੱਖੀ ਸੋਚ ਰੱਖਣ ਵਾਲੇ ਪ੍ਰਿੰਸੀਪਲ ਪਿਆਰਾ ਸਿੰਘ ਦਾ ਤੁਰ ਜਾਣਾ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਪਿੰਡ ਖੈਰੜ-ਅੱਛਰਵਾਲ ਬਲਾਕ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਸਨ ਤੇ ਉਨ੍ਹਾਂ ਨੂੰ ਬੀਤੇ ਦਿਨੀਂ ਨਾਮੁਰਾਦ ਬਿਮਾਰੀ ਕੈਂਸਰ ਨੇ ਨਿਗਲ ਲਿਆ। ਉਨ੍ਹਾਂ ਨੇ 19 ਜਨਵਰੀ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਅੰਤਿਮ ਸਾਹ ਲਿਆ। ਅੱਤ ਦੀ ਗ਼ਰੀਬੀ ਦੇ ਹਾਲਾਤ ਵਿਚ ਉਹ ਬੀਐੱਸਸੀ, ਬੀਐੱਡ ਦੀ ਪੜ੍ਹਾਈ ਕਰਨ ਉਪਰੰਤ ਸਾਲ 1978 ਵਿਚ ਸਰਕਾਰੀ ਨੌਕਰੀ ਦੀ ਪ੍ਰਾਪਤੀ ਲਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਵਿਚ ਸ਼ਾਮਲ ਹੋਏ।
ਉੱਥੇ ਉਨ੍ਹਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਦਿਨ-ਰਾਤ ਮਿਹਨਤ ਕਰ ਕੇ ਸੈਂਕੜੇ ਅਧਿਆਪਕਾਂ ਨੂੰ ਜਥੇਬੰਦੀ ਵਿਚ ਸ਼ਾਮਲ ਕਰ ਕੇ ਸੰਘਰਸ਼ ਨੂੰ ਸਿਖਰ ’ਤੇ ਪਹੁੰਚਾਇਆ। ਇਸੇ ਸੰਘਰਸ਼ ਸਦਕਾ ਉਹ ਸਿੱਖਿਆ ਵਿਭਾਗ ਵਿਚ ਬਤੌਰ ਸਾਇੰਸ ਮਾਸਟਰ ਭਰਤੀ ਹੋਏ। ਹੈੱਡ ਮਾਸਟਰ ਪ੍ਰਮੋਟ ਹੋਣ ਉਪਰੰਤ ਉਹ ਪ੍ਰਿੰਸੀਪਲ ਲੱਗਣ ਲਈ ਮੁਕਾਬਲੇ ਦੀ ਪ੍ਰੀਖਿਆ ਪਾਸ ਕਰ ਕੇ ਮਾਹਿਲਪੁਰ ਵਿਚ ਬਤੌਰ ਪ੍ਰਿੰਸੀਪਲ ਨਿਯੁਕਤ ਹੋਏ। ਪ੍ਰਿੰਸੀਪਲ ਦੇ ਅਹੁਦੇ ’ਤੇ ਹੁੰਦਿਆਂ ਹੋਇਆਂ ਵੀ ਉਹ ਅਧਿਆਪਕਾਂ ਦੀ ਹਰਮਨ ਪਿਆਰੀ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਅਤੇ ਸਟੇਟ ਪ੍ਰਧਾਨ ਰਹੇ।
ਉਨ੍ਹਾਂ ਨੇ ਉਸ ਵੇਲੇ ਚੱਲ ਰਹੇ ਮੁਲਾਜ਼ਮ ਘੋਲਾਂ ਦੀ ਸ਼ਾਨਦਾਰ ਅਤੇ ਬੇਖ਼ੌਫ਼ ਅਗਵਾਈ ਕੀਤੀ ਜਿਸ ਕਰਕੇ ਉਹ ਉਸ ਸਮੇਂ ਦੀਆਂ ਸਰਕਾਰਾਂ ਦੀਆਂ ਅੱਖਾਂ ਵਿਚ ਰੜਕਦੇ ਰਹੇ। ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਅਤੇ ਦ੍ਰਿੜ ਇਰਾਦੇ ਨਾਲ ਮੁਲਾਜ਼ਮ ਹਿੱਤਾਂ ਦੀ ਅਗਵਾਈ ਕਰਦੇ ਰਹੇ ਅਤੇ ਸਾਲ 2005 ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਬਣੇ। ਉਹ ਸਮੇਂ ਦੇ ਪਾਬੰਦ ਅਤੇ ਅਸੂਲਾਂ ਦੇ ਇੰਨੇ ਪੱਕੇ ਸਨ ਕਿ ਉਨ੍ਹਾਂ ਨੇ ਜ਼ਿੰਦਗੀ ਵਿਚ ਕਦੇ ਵੀ ਇਨ੍ਹਾਂ ਨਾਲ ਸਮਝੌਤਾ ਨਹੀਂ ਕੀਤਾ। ਅੰਧਵਿਸ਼ਵਾਸ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਚੱਲਣ ਵਾਲੀ ਹਰੇਕ ਲਹਿਰ ਦੇ ਉਹ ਕੱਟੜ ਸਮਰਥਕ ਸਨ।
ਜਿੱਥੇ ਉਹ ਜਬਰ ਅਤੇ ਜ਼ੁਲਮ ਖ਼ਿਲਾਫ਼ ਡਟ ਕੇ ਖੜ੍ਹਦੇ ਰਹੇ, ਉੱਥੇ ਹੀ ਮਨੁੱਖਤਾ ਪ੍ਰਤੀ ਬਹੁਤ ਨਰਮ ਦਿਲ ਸਨ। ਉਨ੍ਹਾਂ ਦੇ ਬਤੌਰ ਪ੍ਰਿੰਸੀਪਲ ਕਾਰਜਕਾਲ ਦੌਰਾਨ ਮਾਹਿਲਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਟੇਟ ਲੈਵਲ ਦੇ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਹੁੰਦੇ ਰਹੇ ਜਿਨ੍ਹਾਂ ’ਚ ਮਾਹਿਲਪੁਰ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਸ਼ਾਨਦਾਰ ਸੱਭਿਆਚਾਰਕ ਅਤੇ ਇਨਕਲਾਬੀ ਦੇਸ਼ ਭਗਤੀ ਦੀਆਂ ਝਲਕੀਆਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਦਾ ਰਿਹਾ।
ਉਨ੍ਹਾਂ ਦੇ ਇਸ ਤਰੱਦਦ ਸਦਕਾ ਬਹੁਤ ਸਾਰੇ ਨਾਮਵਰ ਫੁੱਟਬਾਲ ਖਿਡਾਰੀ ਪੈਦਾ ਹੋਏ ਜੋ ਅੱਜ ਵੀ ਦੇਸ਼ ਦੇ ਵੱਖ-ਵੱਖ ਕਲੱਬਾਂ ਅਤੇ ਵਿਭਾਗਾਂ ਦੀਆਂ ਟੀਮਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਮਾਤਾ-ਪਿਤਾ, ਸਕੂਲ ਅਤੇ ਮਾਹਿਲਪੁਰ ਇਲਾਕੇ ਦਾ ਨਾਂ ਰੋਸ਼ਨ ਕਰ ਰਹੇ ਹਨ। ਪ੍ਰਿੰਸੀਪਲ ਪਿਆਰਾ ਸਿੰਘ ਦੇ ਅਧਿਆਪਨ ਤੇ ਇਨਕਲਾਬੀ ਜੀਵਨ ਦੇ ਸਫ਼ਰ ਵਿਚ ਉਨ੍ਹਾਂ ਨੂੰ ਜੀਵਨ ਸਾਥਣ ਹਰਬੰਸ ਕੌਰ, ਪੁੱਤਰ, ਧੀਆਂ ਅਤੇ ਪੂਰੇ ਪਰਿਵਾਰ ਦਾ ਪੂਰਾ ਸਮਰਥਨ ਮਿਲਿਆ।
ਉਨ੍ਹਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ’ਚ ਇਨਕਲਾਬੀ ਮਾਰਕਸਵਾਦੀ ਪਾਰਟੀ ਆਫ ਇੰਡੀਆ ਨੂੰ ਖੜ੍ਹਾ ਕਰਨ ’ਚ ਵੱਡਾ ਯੋਗਦਾਨ ਦਿੱਤਾ। ਉਹ ਆਖ਼ਰੀ ਦਮ ਤੱਕ ਪੈਨਸ਼ਨਰ ਯੂਨੀਅਨ ਤਹਿਸੀਲ ਗੜ੍ਹਸ਼ੰਕਰ ਦੇ ਪ੍ਰਧਾਨ ਤੇ ਇਨਕਲਾਬੀ ਮਾਰਕਸਵਾਦੀ ਪਾਰਟੀ ਆਫ ਇੰਡੀਆ ਦੇ ਜ਼ਿਲ੍ਹਾ ਸਕੱਤਰ ਦੇ ਤੌਰ ’ਤੇ ਡਿਊਟੀ ਨਿਭਾਉਂਦੇ ਰਹੇ। ਇਸ ਮਹਾਨ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼ਰਧਾਂਜਲੀ ਸਮਾਗਮ ਤੇ ਅੰਤਿਮ ਅਰਦਾਸ ਅੱਜ ਉਨ੍ਹਾਂ ਦੇ ਪਿੰਡ ਖੈਰੜ ਅੱਛਰਵਾਲ ਦੇ ਗੁਰਦਵਾਰਾ ਸਾਹਿਬ ਵਿਖੇ ਕੀਤੀ ਜਾਵੇਗੀ।
-ਅਵਤਾਰ ‘ਲੰਗੇਰੀ’
-ਵ੍ਹਟਸਐਪ : 94632-60181