ਦੇਸ਼ ਦੀ ਰਾਜਧਾਨੀ ਸਮੇਤ ਹੋਰ ਮਹਾਨਗਰਾਂ ਕੋਲ ਕੂੜੇ ਨੂੰ ਸਟੋਰ ਕਰਨ ਲਈ ਵਾਜਬ ਜਗ੍ਹਾ ਹੀ ਨਹੀਂ ਹੈ। ਨਤੀਜਾ ਇਹ ਹੈ ਕਿ ਮਹਾਨਗਰਾਂ ’ਚ ਕੂੜੇ ਦੇ ਪਹਾੜ ਖੜ੍ਹੇ ਹੋ ਰਹੇ ਹਨ। ਇਹ ਸਮਝਣਾ ਚਾਹੀਦਾ ਹੈ ਕਿ ਕੂੜੇ ਦਾ ਨਿਬੇੜਾ ਉਦੋਂ ਤੱਕ ਚੁਣੌਤੀ ਬਣਿਆ ਰਹੇਗਾ, ਜਦੋਂ ਤੱਕ ਉਸ ਦੇ ਨਿਬੇੜੇ ਦਾ ਪ੍ਰਬੰਧ ਨਹੀਂ ਕਰ ਦਿੱਤਾ ਜਾਂਦਾ।
ਇਹ ਤਸੱਲੀਬਖ਼ਸ਼ ਗੱਲ ਹੈ ਕਿ ਸ਼ਹਿਰਾਂ ’ਚ ਕੂੜਾ-ਕਰਕਟ ਦੇ ਨਿਬੇੜੇ ਪੱਖੋਂ ਉਪਯੋਗੀ ਮੰਨੀ ਜਾਣ ਵਾਲੀ ਗੋਬਰਧਨ ਯੋਜਨਾ ਪ੍ਰਤੀ ਸੂਬਿਆਂ ਨੇ ਉਤਸ਼ਾਹ ਵਿਖਾਇਆ। ਇਸ ਯੋਜਨਾ ਅਧੀਨ ਵੱਖੋ-ਵੱਖਰੇ ਸੂਬਿਆਂ ’ਚ ਬਾਇਓ-ਗੈਸ ਪਲਾਂਟ ਦੇ 79 ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪਰ ਕੋਈ ਵੀ ਸਮਝ ਸਕਦਾ ਹੈ ਕਿ ਅਜਿਹੇ ਪਲਾਂਟ ਵੱਡੀ ਗਿਣਤੀ ’ਚ ਲਾਉਣ ਦੀ ਜ਼ਰੂਰਤ ਹੈ। ਇਸ ਜ਼ਰੂਰਤ ਨੂੰ ਇਸ ਵਰ੍ਹੇ ਦੇ ਬਜਟ ’ਚ ਵੀ ਉਜਾਗਰ ਕੀਤਾ ਗਿਆ ਸੀ।
ਬਜਟ ’ਚ ਗੋਬਰਧਨ ਯੋਜਨਾ ਤਹਿਤ ਦੇਸ਼ ’ਚ ਪੰਜ ਸੌ ਬਾਇਓ-ਗੈਸ ਪਲਾਂਟ ਲਾਉਣ ਦਾ ਐਲਾਨ ਕੀਤਾ ਗਿਆ ਸੀ। ਸਪੱਸ਼ਟ ਹੈ ਕਿ ਇਸ ਯੋਜਨਾ ਨੂੰ ਰਫ਼ਤਾਰ ਦੇਣ ਦੀ ਜ਼ਰੂਰਤ ਹੈ ਤਾਂ ਜੋ ਹਰ ਸੰਭਵ ਹੱਦ ਤੱਕ ਵੱਧ ਤੋਂ ਵੱਧ ਗਿੱਲੇ ਕੂੜੇ ਨੂੰ ਬਾਇਓ-ਗੈਸ ’ਚ ਤਬਦੀਲ ਕੀਤਾ ਜਾ ਸਕਦੇ। ਇਸ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾਣਾ ਚਾਹੀਦਾ, ਹਾਲੇ ਬਹੁਤ ਘੱਟ ਮਾਤਰਾ ’ਚ ਗਿੱਲੇ ਕੂੜੇ ਭਾਵ ਫਲ਼ਾਂ, ਸਬਜ਼ੀਆਂ, ਅਨਾਜ ਆਦਿ ਦੀ ਰਹਿੰਦ-ਖੂੰਹਦ ਦਾ ਸਹੀ ਤਰੀਕੇ ਨਾਲ ਨਿਬੇੜਾ ਹੁੰਦਾ ਹੈ। ਇਸ ਦਾ ਵੱਡਾ ਕਾਰਨ ਇਹੋ ਹੈ ਕਿ ਨਗਰ ਕੌਂਸਲਾਂ ਤੇ ਨਿਗਮਾਂ ਕੋਲ ਇਸ ਤਰ੍ਹਾਂ ਦੇ ਕੂੜੇ ਦੇ ਨਿਬੇੜੇ ਲਈ ਵਾਜਬ ਇੰਤਜ਼ਾਮ ਹੀ ਨਹੀਂ ਹਨ।
ਹਾਲਾਤ ਇਹ ਹਨ ਕਿ ਉਹ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖੋ-ਵੱਖਰਾ ਇਕੱਠਾ ਕਰਨ ਦਾ ਇੰਤਜ਼ਾਮ ਵੀ ਨਹੀਂ ਕਰ ਰਹੇ ਹਨ। ਲਗਪਗ ਸਾਰੇ ਹੀ ਪੱਛਮੀ ਦੇਸ਼ਾਂ ’ਚ ਆਮ ਲੋਕ ਆਪੇ ਹੀ ਸੁੱਕੇ ਤੇ ਗਿੱਲੇ ਕੂੜੇ ਦਾ ਨਿਬੇੜਾ ਕਰ ਕੇ ਉਨ੍ਹਾਂ ਨੂੰ ਵੱਖੋ-ਵੱਖਰੇ ਰੰਗ ਦੇ ਲਿਫ਼ਾਫ਼ਿਆਂ ’ਚ ਘਰ ਦੇ ਬਾਹਰ ਰੱਖ ਦਿੰਦੇ ਹਨ, ਜਿੱਥੋਂ ਨਿਗਮ ਮੁਲਾਜ਼ਮ ਉਨ੍ਹਾਂ ਨੂੰ ਚੁੱਕ ਕੇ ਲੈ ਜਾਂਦੇ ਹਨ। ਬਿਲਕੁਲ ਇੰਝ ਹੀ ਭਾਰਤ ’ਚ ਜਦੋਂ ਇਹ ਬੁਨਿਆਦੀ ਕੰਮ ਹੋ ਸਕੇਗਾ, ਉਦੋਂ ਹੀ ਬਾਇਓ-ਗੈਸ ਪਲਾਂਟ ਉਪਯੋਗੀ ਸਿੱਧ ਹੋ ਸਕਣਗੇ।
‘ਸਵੱਛ ਭਾਰਤ’ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਜਿੰਨਾ ਜ਼ਰੂਰੀ ਇਹ ਹੈ ਕਿ ਨਗਰ ਨਿਗਮ ਤੇ ਕੌਂਸਲਾਂ ਗਿੱਲਾ ਕੂੜਾ ਸਹੀ ਤਰ੍ਹਾਂ ਇਕੱਠਾ ਕਰ ਕੇ ਬਾਇਓ-ਗੈਸ ਪਲਾਂਟ ’ਚ ਉਸ ਦਾ ਉਪਯੋਗ ਕਰਨ, ਓਨਾ ਹੀ ਇਹ ਵੀ ਜ਼ਰੂਰੀ ਹੈ ਕਿ ਉਹ ਸੁੱਕੇ ਕੂੜੇ ਦੇ ਨਿਬੇੜੇ ਲਈ ਵੀ ਕੋਈ ਵਾਜਬ ਇੰਤਜ਼ਾਮ ਕਰਨ। ਇਹ ਇਕ ਤੱਥ ਹੈ ਕਿ ‘ਸਵੱਛ ਭਾਰਤ’ ਮੁਹਿੰਮ ਉੱਤੇ ਇੰਨਾ ਜ਼ੋਰ ਦਿੱਤੇ ਜਾਣ ਦੇ ਬਾਵਜੂਦ ਕੂੜੇ ਦਾ ਨਿਬੇੜਾ ਇਕ ਚੁਣੌਤੀ ਬਣਿਆ ਹੋਇਆ ਹੈ।
ਦੇਸ਼ ਦੀ ਰਾਜਧਾਨੀ ਸਮੇਤ ਹੋਰ ਮਹਾਨਗਰਾਂ ਕੋਲ ਕੂੜੇ ਨੂੰ ਸਟੋਰ ਕਰਨ ਲਈ ਵਾਜਬ ਜਗ੍ਹਾ ਹੀ ਨਹੀਂ ਹੈ। ਨਤੀਜਾ ਇਹ ਹੈ ਕਿ ਮਹਾਨਗਰਾਂ ’ਚ ਕੂੜੇ ਦੇ ਪਹਾੜ ਖੜ੍ਹੇ ਹੋ ਰਹੇ ਹਨ। ਇਹ ਸਮਝਣਾ ਚਾਹੀਦਾ ਹੈ ਕਿ ਕੂੜੇ ਦਾ ਨਿਬੇੜਾ ਉਦੋਂ ਤੱਕ ਚੁਣੌਤੀ ਬਣਿਆ ਰਹੇਗਾ, ਜਦੋਂ ਤੱਕ ਉਸ ਦੇ ਨਿਬੇੜੇ ਦਾ ਪ੍ਰਬੰਧ ਨਹੀਂ ਕਰ ਦਿੱਤਾ ਜਾਂਦਾ। ਇਸ ਚੁਣੌਤੀ ਦਾ ਸਾਹਮਣਾ ਨਾ ਕੀਤਾ ਜਾ ਸਕਿਆ ਤਾਂ ਫਿਰ ਦੇਸ਼ ਨੂੰ ਤੰਦਰੁਸਤ ਬਣਾਉਣ ਦੀ ਮੁਹਿੰਮ ਆਪਣੀ ਮੰਜ਼ਿਲ ਤੱਕ ਨਹੀਂ ਪੁੱਜ ਸਕੇਗੀ। ਸ਼ਹਿਰਾਂ ’ਚ ਪ੍ਰਦੂਸ਼ਣ ਦਾ ਪੱਧਰ ਵਧਣ ਦਾ ਇਕ ਕਾਰਨ ਕੂੜੇ ਦਾ ਸਹੀ ਤਰ੍ਹਾਂ ਪ੍ਰਬੰਧ ਨਾ ਹੋ ਸਕਣਾ ਵੀ ਹੈ। ਕੂੜਾ ਪ੍ਰਬੰਧ ਦੇ ਮਾਮਲੇ ’ਚ ਸਰਕਾਰਾਂ ਨੂੰ ਜਿਹੋ ਜਿਹੀ ਇੱਛਾ-ਸ਼ਕਤੀ ਵਿਖਾਉਣੀ ਚਾਹੀਦੀ ਹੈ, ਉਸ ਦੀ ਘਾਟ ਵੇਖਣ ਨੂੰ ਮਿਲ ਰਹੀ ਹੈ।
ਸਾਰੇ ਇਸ ਤੱਥ ਤੋਂ ਜਾਣੂ ਹਨ ਕਿ ਮੋਮੀ ਲਿਫ਼ਾਫ਼ਿਆਂ ਤੇ ਪਲਾਸਟਿਕ ਦਾ ਕੂੜਾ ਵਾਤਾਵਰਨ ਲਈ ਬੇਹੱਦ ਨੁਕਸਾਨਦੇਹ ਹੈ ਪਰ ਕੋਈ ਨਹੀਂ ਜਾਣਦਾ ਕਿ ਪੌਲੀਥੀਨ ਤੇ ਪਲਾਸਟਿਕ ਦੇ ਉਹ ਉਤਪਾਦ ਬਣ ਤੇ ਵਿਕ ਕਿਉਂ ਰਹੇ ਹਨ, ਜਿਨ੍ਹਾਂ ’ਤੇ ਰੋਕ ਲਾਉਣ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਇਸ ਸਵਾਲ ਦਾ ਜਵਾਬ ਦੇਣ ਦੇ ਨਾਲ ਹੀ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਹੁਣ ਈ-ਕੂੜੇ ਦੇ ਨਿਬੇੜੇ ਦੀਆਂ ਵੀ ਠੋਸ ਯੋਜਨਾਵਾਂ ਉਲੀਕਣ ਦਾ ਵੇਲਾ ਆ ਗਿਆ ਹੈ।