ਦੇਸ਼ ਦੀ ਰਾਜਧਾਨੀ ਵਿਚ ਨਵੰਬਰ ਮਹੀਨੇ ਲਾਲ ਕਿਲ੍ਹੇ ਦੇ ਬਾਹਰ ਕਾਰ ਵਿਚ ਮਨੁੱਖੀ ਬੰਬ ਬਣ ਕੇ ਜਦੋਂ ਡਾ. ਉਮਰ ਨੇ ਧਮਾਕਾ ਕੀਤਾ ਸੀ ਤਾਂ ਰਾਜਧਾਨੀ ਹੀ ਨਹੀਂ, ਦੇਸ਼ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ ਸੀ। ਉਸ ਧਮਾਕੇ ਮਗਰੋਂ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਜਾਂਚ ਆਪਣੇ ਹੱਥਾਂ ਵਿਚ ਲਈ ਤੇ ਫਿਰ ਕਈ ਪਹਿਲੂ ਸਾਹਮਣੇ ਆਉਂਦੇ ਗਏ। ਇਸੇ ਸਿਲਸਿਲੇ ਵਿਚ ਵੀਰਵਾਰ ਨੂੰ ਨਵੀਂ ਦਿੱਲੀ ਵਿਚ ਐੱਨਆਈਏ ਨੇ ਜਿਸ ਅੱਤਵਾਦੀ ਯਾਸਿਰ ਅਹਿਮਦ ਡਾਰ ਨੂੰ ਹਿਰਾਸਤ ਵਿਚ ਲਿਆ ਹੈ। ਉਸ ਬਾਰੇ ਪਤਾ ਲੱਗਾ ਹੈ

ਦੇਸ਼ ਦੀ ਰਾਜਧਾਨੀ ਵਿਚ ਨਵੰਬਰ ਮਹੀਨੇ ਲਾਲ ਕਿਲ੍ਹੇ ਦੇ ਬਾਹਰ ਕਾਰ ਵਿਚ ਮਨੁੱਖੀ ਬੰਬ ਬਣ ਕੇ ਜਦੋਂ ਡਾ. ਉਮਰ ਨੇ ਧਮਾਕਾ ਕੀਤਾ ਸੀ ਤਾਂ ਰਾਜਧਾਨੀ ਹੀ ਨਹੀਂ, ਦੇਸ਼ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ ਸੀ। ਉਸ ਧਮਾਕੇ ਮਗਰੋਂ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਜਾਂਚ ਆਪਣੇ ਹੱਥਾਂ ਵਿਚ ਲਈ ਤੇ ਫਿਰ ਕਈ ਪਹਿਲੂ ਸਾਹਮਣੇ ਆਉਂਦੇ ਗਏ। ਇਸੇ ਸਿਲਸਿਲੇ ਵਿਚ ਵੀਰਵਾਰ ਨੂੰ ਨਵੀਂ ਦਿੱਲੀ ਵਿਚ ਐੱਨਆਈਏ ਨੇ ਜਿਸ ਅੱਤਵਾਦੀ ਯਾਸਿਰ ਅਹਿਮਦ ਡਾਰ ਨੂੰ ਹਿਰਾਸਤ ਵਿਚ ਲਿਆ ਹੈ। ਉਸ ਬਾਰੇ ਪਤਾ ਲੱਗਾ ਹੈ ਕਿ ਉਹ ਮੂਲ ਰੂਪ ਵਿਚ ਸ੍ਰੀਨਗਰ ਦੇ ਸ਼ੋਪੀਆਂ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਫ਼ਿਲਹਾਲ ਦਿੱਲੀ ਦੇ ਇਕ ਇਲਾਕੇ ਵਿਚ ਰਹਿੰਦਾ ਸੀ। ਇਹੀ ਨਹੀਂ, ਡਾਰ ਪਾਕਿਸਤਾਨੀ ਦਹਿਸ਼ਤਗਰਦ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਸੀ ਤੇ ਮਨੁੱਖੀ ਬੰਬ ਬਣ ਕੇ ਕਿਸੇ ਵੱਡੇ ਕਾਂਡ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਸੀ। ਗ਼ਨੀਮਤ ਹੈ ਕਿ ਉਹ ਫੜਿਆ ਗਿਆ, ਨਹੀਂ ਤਾਂ ਦਿੱਲੀ ਤੇ ਨੇੜੇ-ਤੇੜੇ ਕੁਝ ਵੀ ਹੋ ਸਕਦਾ ਸੀ। ਦਰਅਸਲ, ਜਦੋਂ ਡਾਕਟਰਾਂ ਤੇ ਪ੍ਰੋਫੈਸਰਾਂ ਦਾ ਸਫ਼ੈਦਪੋਸ਼ ਮਾਡਿਊਲ ਫੜਿਆ ਗਿਆ ਸੀ ਤਾਂ ਸਵਾਲ ਉੱਠਿਆ ਸੀ ਕਿ ਉੱਚ-ਵਿੱਦਿਆ ਪ੍ਰਾਪਤ ਇਹ ਲੋਕ ਕਿਵੇਂ ਤਬਾਹਕੁੰਨ ਸੋਚ ਅਪਣਾ ਲੈਂਦੇ ਹਨ? ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਯਾਸਿਰ ਇਸ ਮਾਮਲੇ ਵਿਚ ਦੂਜੇ ਮੁਲਜ਼ਮਾਂ ਡਾ. ਉਮਰ ਉਨ ਨਬੀ (ਬੰਬ ਧਮਾਕਾ ਕਰਨ ਵਾਲਾ) ਤੇ ਮੁਫ਼ਤੀ ਇਰਫ਼ਾਨ ਦੇ ਸੰਪਰਕ ਵਿਚ ਸੀ। ਡਾਰ ਨੂੰ ਪਟਿਆਲਾ ਕੋਰਟ ਨੇ ਟ੍ਰਾਂਜ਼ਿਟ ਰਿਮਾਂਡ ’ਤੇ ਭੇਜ ਦਿੱਤਾ ਹੋਇਆ ਹੈ। ਐੱਨਆਈਏ ਮੁਤਾਬਕ ਫ਼ਰੀਦਾਬਾਦ ’ਚ ਸਫ਼ੈਦਪੋਸ਼ ਮਾਡਿਊਲ ਬੇਨਕਾਬ ਹੋਣ ਮਗਰੋਂ ਡਾ. ਉਮਰ ਕਾਹਲੀ-ਕਾਹਲੀ ਵਿਚ ਫ਼ਰੀਦਾਬਾਦ ਤੋਂ ਦਿੱਲੀ ਪੁੱਜਾ ਸੀ ਤੇ ਅਖ਼ੀਰ ਉਸ ਨੇ ਲਾਲ ਕਿਲ੍ਹੇ ਦੇ ਬਾਹਰ ਮਨੁੱਖੀ ਬੰਬ ਬਣ ਕੇ ਧਮਾਕਾ ਕਰ ਦਿੱਤਾ ਸੀ। ਸਵਾਲ ਜਾਇਜ਼ ਹੈ ਕਿ ਆਖ਼ਰ ਕੌਣ ਨੇ ਮਨੁੱਖਤਾ ਦੇ ਉਹ ਦੁਸ਼ਮਣ ਜਿਹੜੇ ‘ਖ਼ਾਸ ਸੋਚ’ ਦੇ ਨੌਜਵਾਨਾਂ ਨੂੰ ਲੱਭ ਕੇ ਉਨ੍ਹਾਂ ਦੀ ਮੱਤ ਮਾਰ ਦਿੰਦੇ ਨੇ। ਇਹ ਮਨੁੱਖੀ ਬੰਬ ਸਿਰਫ਼ ਜਨਤਕ ਘਾਣ ਹੀ ਨਹੀਂ ਕਰਦੇ ਸਗੋਂ ਆਪਣੇ ਹਸ਼ਰ ਬਾਰੇ ਵੀ ਭਲੀਭਾਂਤ ਵਾਕਫ਼ ਹੁੰਦੇ ਹਨ। ਜਾਂਚ ਏਜੰਸੀਆਂ ਤੇ ਪੁਲਿਸ ਨੇ ਤਾਂ ਆਪਣੇ ਫ਼ਰਜ਼ ਨਿਭਾਉਣੇ ਨੇ, ਸਮਾਜ ਦੋਖੀ ਅਨਸਰ ਫੜੇ ਜਾਂਦੇ ਰਹਿਣਗੇ। ਸਵਾਲ ਪੈਦਾ ਹੁੰਦਾ ਹੈ ਕਿ ਪੜ੍ਹੇ-ਲਿਖੇ ਨੌਜਵਾਨ ਕਿਉਂ ਕੁਰਾਹੇ ਪੈ ਜਾਂਦੇ ਨੇ? ਧੁਨ ਦੇ ਪੱਕੇ ਹੋਣਾ ਜਾਂ ਜਨੂੰਨੀ ਹੋਣ ਦਾ ਮਤਲਬ ਤਾਂ ਹਾਂ-ਪੱਖੀ ਮਕਸਦ ਨੂੰ ਪ੍ਰਣਾਏ ਹੋਣਾ ਹੁੰਦਾ ਹੈ, ਪਤਾ ਨਹੀਂ ਇਹ ਆਪਾ-ਵਾਰੂ ਬੰਬਾਰ ਏਨੀ ਛੋਟੀ ਗੱਲ ਕਿਉਂ ਨਹੀਂ ਸਮਝਦੇ? ਯਾਸਿਰ ਡਾਰ ਨੇ ਦਸਵੀਂ ਤੋਂ ਪਹਿਲਾਂ ਹੀ ਪੜ੍ਹਾਈ ਛੱਡ ਦਿੱਤੀ ਸੀ ਤੇ ਫਿਰ ਬਾਗ਼ਬਾਨੀ ਦੇ ਕੰਮ ਨਾਲ ਜੁੜਿਆ ਸੀ। ਫਿਰ ਅਨਪੜ੍ਹਤਾ, ਜ਼ਹਾਲਤ ਤੇ ਆਪੇ ਘੜੇ ਵਿਚਾਰਾਂ ਦੇ ਜਾਲ਼ ਵਿਚ ਫਸਦਾ ਗਿਆ ਤੇ ਨਾ-ਸਿਰਫ਼ ਧਾਰਮਿਕ ਕੱਟੜਪੰਥੀ ਬਣਦਾ ਗਿਆ ਸਗੋਂ ਦੇਸ਼ ਦੇ ਹੋਰਨਾਂ ਧਾਰਮਿਕ ਵਰਗਾਂ ਨਾਲ ਨਫ਼ਰਤ ਪਾਲਦਾ ਗਿਆ। ਇਸ ਅੱਤਵਾਦੀ ਨੇ ਰਾਸ਼ਟਰੀ ਜਾਂਚ ਏਜੰਸੀ ਦੇ ਸਨਮੁੱਖ ਕਬੂਲ ਕੀਤਾ ਹੈ ਕਿ ਉਹ ਧਰਮ ਤੇ ਕੌਮ ਲਈ ਸ਼ਹਾਦਤ ਦੇਣੀ ਚਾਹੁੰਦਾ ਸੀ ਤੇ ਕੁਰਬਾਨ ਹੋਣ ਲਈ ਕਸਮਾਂ ਖਾ ਚੁੱਕਾ ਸੀ। ਇਸ ਤੋਂ ਪਹਿਲਾਂ ਬੰਬ ਧਮਾਕਾ ਕਾਂਡ ਦੇ ਮੁੱਖ ਮੁਲਜ਼ਮ ਡਾ. ਮੁਜਮਿੱਲ ਸ਼ਕੀਲ ਗ਼ਨੀ ਤੇ ਡਾ. ਸ਼ਾਹੀਨ ਸਈਦ ਬਾਰੇ ਵੀ ਇਹੋ-ਜਿਹੇ ਇੰਕਸ਼ਾਫ ਹੋਏ ਸਨ ਕਿ ਉਹ ਆਪਣੀ ਕੌਮ ਤੇ ਆਪਣੇ ਲੋਕਾਂ ਲਈ ‘ਸ਼ਹਾਦਤ’ ਦੇਣਾ ਚਾਹੁੰਦੇ ਸਨ। ਇਹ ਨਿਰਾ-ਪੁਰਾ ਕਿਸੇ ਇਕ ਕਾਂਡ, ਦਹਿਸ਼ਤਗਰਦ ਤਨਜ਼ੀਮਾਂ ਦੀ ਸੜੀ-ਬੁਸੀ ਸੋਚ ਦਾ ਮਸਲਾ ਨਹੀਂ, ਸਵਾਲ ਉੱਠਦਾ ਹੈ ਕਿ ਬੇਹੱਦ ਪੜ੍ਹੇ-ਲਿਖੇ ਲੋਕ ਜੋ ਜ਼ਹੀਨ ਮੰਨੇ ਜਾਂਦੇ ਨੇ, ਉਹ ਕਿਉਂ ਕੱਟੜਪੰਥੀ ਤੇ ਨਫ਼ਰਤੀ ਸੋਚਾਂ ਦਾ ਸ਼ਿਕਾਰ ਹੋ ਰਹੇ ਹਨ। ਆਖ਼ਰ ਇਹ ਵਰਤਾਰਾ ਤੇਜ਼ੀ ਕਿਉਂ ਫੜ ਰਿਹਾ ਹੈ ਤੇ ਇਨ੍ਹਾਂ ਦੇ ਪਿੱਛੇ ਕੌਣ ਹਨ?