ਇਕ ਵਾਰ ਉਨ੍ਹਾਂ ਕੋਲ ਇਕ ਛੋਟੀ ਜਿਹੀ ਲੜਕੀ ਦਾ ਇਲਾਜ ਚੱਲ ਰਿਹਾ ਸੀ। ਢੁੱਕਵਾਂ ਇਲਾਜ ਹੋਣ ਦੇ ਬਾਵਜੂਦ ਲੜਕੀ ਦੀ ਮੌਤ ਹੋ ਗਈ। ਡਾ. ਕਾਲੇਪਾਣੀ ਨੂੰ ਇੰਨਾ ਦੁੱਖ ਹੋਇਆ ਕਿ ਉਹ ਲੜਕੀ ਦੀ ਮੌਤ ਵਾਲੀ ਜਗ੍ਹਾ ’ਤੇ ਲਗਾਤਾਰ 6 ਮਹੀਨੇ ਪਾਠ ਕਰਦੇ ਰਹੇ। ਉਹ ਗ਼ਰੀਬ ਤੇ ਬੇਸਹਾਰਾ ਰੋਗੀਆਂ ਦੀ ਦੂਰ-ਦੂਰ ਜਾ ਕੇ ਸੇਵਾ ਕਰਦੇ ਰਹੇ।

ਡਾ. ਦੀਵਾਨ ਸਿੰਘ ਕਾਲੇਪਾਣੀ ਪੰਜਾਬੀ ਦੇ ਕਵੀ ਅਤੇ ਉੱਘੇ ਦੇਸ਼ ਭਗਤ ਸਨ। ਉਨ੍ਹਾਂ ਨੇ 1920ਵਿਆਂ ਵਿਚ ਨਾ-ਮਿਲਵਰਤਨ ਲਹਿਰ ਵਿਚ ਹਿੱਸਾ ਲਿਆ ਸੀ। ਉਨ੍ਹਾਂ ਨੇ ਖੁੱਲ੍ਹੀ ਕਵਿਤਾ ਦੀ ਵਿਧਾ ਨੂੰ ਅਪਣਾਇਆ ਅਤੇ ਦੋ ਕਾਵਿ-ਸੰਗ੍ਰਹਿ ਵਗਦੇ ਪਾਣੀ (1938) ਅਤੇ ਅੰਤਿਮ ਲਹਿਰਾਂ (ਮਰਨ ਉਪਰੰਤ,1962) ਪੰਜਾਬੀ ਸਾਹਿਤ ਜਗਤ ਨੂੰ ਦਿੱਤੇ। ਉਨ੍ਹਾਂ ਦੀ ਕਵਿਤਾ ਦੀ ਸੁਰ ਸਾਮਰਾਜ-ਵਿਰੋਧੀ ਅਤੇ ਸੰਗਠਿਤ ਧਰਮ ਖ਼ਿਲਾਫ਼ ਸੀ।
ਡਗਸਈ (ਹਿਮਾਚਲ ਪ੍ਰਦੇਸ਼) ਵਿਚ ਹੋਏ ਜਲਸੇ ਵਿਚ ਡਾ. ਦੀਵਾਨ ਸਿੰਘ ਨੇ ਲੋਕਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਸਤੇ ਇਕੱਠੇ ਹੋਣ ਦਾ ਸੰਦੇਸ਼ ਦਿੱਤਾ ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਅੰਗਰੇਜ਼ ਹਕੂ¨ਮਤ ਨੇ ਮੁਕੱਦਮਾ ਦਰਜ ਕਰ ਲਿਆ ਪਰ ਉਹ ਉੱਥੋਂ ਦੇ ਲੋਕਾਂ ਦੇ ਦਿਲਾਂ ਵਿਚ ਵਸਦੇ ਸਨ ਜਿਸ ਕਾਰਨ ਗਵਾਹ ਨਾ ਮਿਲਣ ਕਾਰਨ ਉਹ ਬਰੀ ਹੋ ਗਏ ਸਨ। ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਮਹਾਨ ਦੇਸ਼ ਭਗਤ ਅਤੇ ਮਨੁੱਖਤਾ ਦੇ ਸੇਵਾਦਾਰ ਡਾ. ਕਾਲੇਪਾਣੀ ਦਾ ਜਨਮ 22 ਮਈ 1897 ਨੂੰ ਪਿਤਾ ਸੁੰਦਰ ਸਿੰਘ ਦੇ ਘਰ ਪਿੰਡ ਗੁਰੂ ਕੀ ਗਲੋਟੀਆਂ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਖੇ ਹੋਇਆ ਸੀ।
ਮਾਤਾ-ਪਿਤਾ ਦਾ ਸਾਇਆ ਬਚਪਨ ’ਚ ਹੀ ਸਿਰ ਤੋਂ ਉੱਠ ਜਾਣ ਕਾਰਨ ਉਨ੍ਹਾਂ ਦਾ ਪਾਲਣ-ਪੋਸ਼ਣ ਦਾਦੀ ਅਤੇ ਚਾਚਾ ਸੋਹਣ ਸਿੰਘ ਨੇ ਕੀਤਾ। ਮੁੱਢਲੀ ਸਿੱਖਿਆ ਪ੍ਰਾਪਤ ਕਰਨ ਲਈ ਉਹ ਪਿੰਡ ਦੇ ਪ੍ਰਾਇਮਰੀ ਸਕੂਲ ’ਚ ਦਾਖ਼ਲ ਹੋ ਗਏ ਪਰ ਉੱਥੇ ਦਿਲ ਨਾ ਲੱਗਣ ਕਾਰਨ ਉਨ੍ਹਾਂ ਨੇ ਸਕੂਲ ਛੱਡ ਦਿੱਤਾ। ਦੋ ਕੁ ਸਾਲ ਉਨ੍ਹਾਂ ਆਪਣੇ ਚਾਚਾ ਜੀ ਨਾਲ ਖੇਤੀਬਾੜੀ ’ਚ ਹੱਥ ਵਟਾਇਆ। ਪੜ੍ਹਨ-ਲਿਖਣ ਦੇ ਰੁਝਾਨ ਨੂੰ ਦੇਖਦਿਆਂ ਉਨ੍ਹਾਂ ਨੂੰ ਫਿਰ ਸਕੂਲ ’ਚ ਪੜ੍ਹਨ ਲਈ ਦਾਖ਼ਲ ਕਰਵਾਇਆ ਗਿਆ।
ਦਸਵੀਂ 1916 ’ਚ ਖ਼ਾਲਸਾ ਹਾਈ ਸਕੂਲ ਡਸਕੇ ਤੋਂ ਪਾਸ ਕਰਨ ਉਪਰੰਤ ਉਨ੍ਹਾਂ ਨੂੰ ਆਗਰੇ ਦੇ ਮੈਡੀਕਲ ਕਾਲਜ ਦੇ ਫ਼ੌਜੀ ਵਿੰਗ ’ਚ ਦਾਖ਼ਲਾ ਮਿਲ ਗਿਆ ਅਤੇ 1919 ’ਚ ਡਾਕਟਰੀ ਦੀ ਪ੍ਰੀਖਿਆ ਮੈਡੀਕਲ ਕਾਲਜ ’ਚੋਂ ਪਾਸ ਕਰਨ ਉਪਰੰਤ ਉਹ ਫ਼ੌਜ ’ਚ ਨੌਕਰੀ ਕਰਨ ਲੱਗੇ। ਉਨ੍ਹਾਂ ਆਪਣੀਆਂ ਸਿਹਤ ਸੇਵਾਵਾਂ ਲਾਹੌਰ, ਰਾਵਲਪਿੰਡੀ ਅਤੇ ਡਗਸ਼ਈ ਆਦਿ ਵਿਖੇ ਨਿਭਾਈਆਂ। ਫਿਰ 1925 ਨੂੰ ਡਾ. ਕਾਲੇਪਾਣੀ ਦੀ ਬਦਲੀ ਰੰਗੂਨ ਵਿਖੇ ਹੋ ਗਈ।
ਉਨ੍ਹਾਂ ਨੂੰ ਅੰਡੇਮਾਨ ਦੇ ਟਾਪੂਆਂ (ਕਾਲੇਪਾਣੀ) ਵਿਖੇ ਬਦਲ ਦਿੱਤਾ ਗਿਆ। ਤੇਈ ਮਾਰਚ 1942 ਨੂੰ ਕਾਲੇਪਾਣੀ ਦੇ ਟਾਪੂਆਂ ’ਤੇ ਜਾਪਾਨੀਆਂ ਨੇ ਕਬਜ਼ਾ ਕਰ ਲਿਆ। ਉਨ੍ਹਾਂ ਕਾਬਲੀਅਤ ਦੇ ਮੱਦੇਨਜ਼ਰ ਡਾ. ਦੀਵਾਨ ਸਿੰਘ ਨੂੰ ਕਾਲੇਪਾਣੀ ’ਚ ਉੱਚ ਮੈਡੀਕਲ ਅਫ਼ਸਰ ਲਗਾ ਦਿੱਤਾ। ਇੱਥੇ ਬਹੁਤ ਸਾਰੇ ਕੈਦੀ ਕਾਲੇਪਾਣੀ ਦੀ ਸਜ਼ਾ ਭੁਗਤ ਰਹੇ ਸਨ। ਡਾ. ਕਾਲੇਪਾਣੀ ਦੀਆਂ ਰਗਾਂ ਵਿਚ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੋਈ ਸੀ ਤੇ ਉਨ੍ਹਾਂ ਨੇ ਕੈਦੀਆਂ ਦੀ ਸੇਵਾ ਨੂੰ ਹੀ ਆਪਣਾ ਮਨੋਰਥ ਬਣਾ ਲਿਆ। ਉਹ ਜ਼ਰੂਰਤਮੰਦਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੇ ਰਹੇ। ਉਨ੍ਹਾਂ ਨੇ ਕੈਦੀਆਂ ਦੀ ਮਦਦ ਨਾਲ ਇਕ ਪਹਾੜੀ ’ਤੇ ਗੁਰਦੁਆਰਾ ਬਣਾਇਆ। ਡਾ. ਦੀਵਾਨ ਸਿੰਘ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਅੰਡੇਮਾਨ ਦੇ ਲੋਕਾਂ ਲਈ ਚਾਨਣ-ਮੁਨਾਰਾ ਬਣੇ। ਉਨ੍ਹਾਂ ਨੇ ਗ਼ਰੀਬ ਬੱਚਿਆਂ ਨੂੰ ਪੜ੍ਹਾਇਆ। ਉਹ ਉਨ੍ਹਾਂ ਨਾਲ ਬਹੁਤ ਪਿਆਰ ਕਰਦੇ ਸਨ।
ਇਕ ਵਾਰ ਉਨ੍ਹਾਂ ਕੋਲ ਇਕ ਛੋਟੀ ਜਿਹੀ ਲੜਕੀ ਦਾ ਇਲਾਜ ਚੱਲ ਰਿਹਾ ਸੀ। ਢੁੱਕਵਾਂ ਇਲਾਜ ਹੋਣ ਦੇ ਬਾਵਜੂਦ ਲੜਕੀ ਦੀ ਮੌਤ ਹੋ ਗਈ। ਡਾ. ਕਾਲੇਪਾਣੀ ਨੂੰ ਇੰਨਾ ਦੁੱਖ ਹੋਇਆ ਕਿ ਉਹ ਲੜਕੀ ਦੀ ਮੌਤ ਵਾਲੀ ਜਗ੍ਹਾ ’ਤੇ ਲਗਾਤਾਰ 6 ਮਹੀਨੇ ਪਾਠ ਕਰਦੇ ਰਹੇ। ਉਹ ਗ਼ਰੀਬ ਤੇ ਬੇਸਹਾਰਾ ਰੋਗੀਆਂ ਦੀ ਦੂਰ-ਦੂਰ ਜਾ ਕੇ ਸੇਵਾ ਕਰਦੇ ਰਹੇ। ਲੋਕਾਂ ਨੂੰ ਗੁਲਾਮੀ ਤੋਂ ਜਾਣੂ ਕਰਵਾ ਕੇ ਆਜ਼ਾਦੀ ਲਈ ਸੰਘਰਸ਼ ਕਰਨ ਲਈ ਪ੍ਰੇਰਿਆ। ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਸ਼ਖ਼ਸੀਅਤ ਤੋਂ ਕੈਦੀ ਏਨੇ ਪ੍ਰਭਾਵਿਤ ਹੋਏ ਕਿ ਉਹ ਭਲੇ ਪੁਰਸ਼ ਬਣ ਗਏ।
ਕਈ ਕੈਦੀਆਂ ਨੇ ਤਾਂ ਕੈਦ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਮੁੜਨ ਦੀ ਬਜਾਏ ਅੰਡੇਮਾਨ ਦੇ ਟਾਪੂਆਂ ਨੂੰ ਹੀ ਆਪਣਾ ਘਰ ਬਣਾ ਲਿਆ। ਉਹ ਇਕ ਸਾਹਿਤਕਾਰ ਵੀ ਸਨ। ਉਨ੍ਹਾਂ ਦਾ ਸੋਚ ਖੇਤਰ ਵਧੇਰੇ ਵਿਸ਼ਾਲ ਸੀ। ‘ਵਗਦੇ ਪਾਣੀ’ ਕਵਿਤਾ ਵਿਚ ਡਾ. ਦੀਵਾਨ ਸਿੰਘ ਕਾਲੇਪਾਣੀ ਜ਼ਿੰਦਗੀ ਵਿਚ ਪਾਣੀ ਵਾਂਗ ਨਿਰੰਤਰ ਚੱਲਦੇ ਰਹਿਣ ਦੀ ਕਾਮਨਾ ਕਰਦਾ ਹੈ ਕਿਉਂਕਿ ਇਸ ਦੀ ਨਿਰੰਤਰਤਾ ਵਿਚ ਹੀ ਇਸ ਦੀ ਤਾਜ਼ਗੀ ਅਤੇ ਵਿਕਾਸ ਦੇਖਦਾ ਹੈ। ਜਾਪਾਨੀ ਜਰਵਾਣਿਆਂ ਨੇ ਇਨ੍ਹਾਂ ਟਾਪੂਆਂ ’ਚ ਲੁੱਟ-ਖਸੁੱਟ ਕਰਨੀ ਸ਼ੁਰੂ ਕਰ ਦਿੱਤੀ।
ਜਾਪਾਨੀਆਂ ਨੇ ਹਿੰਦੁਸਤਾਨੀਆਂ ’ਤੇ ਬਹੁਤ ਜ਼ੁਲਮ ਕੀਤੇ। ਲੋਕ ਡਾ. ਕਾਲੇਪਾਣੀ ਕੋਲ ਆਪਣੀਆਂ ਦੁੱਖ-ਤਕਲੀਫ਼ਾਂ ਲੈ ਕੇ ਆਉਂਦੇ। ਉਹ ਲੋਕਾਂ ਨੂੰ ਸੁਚੇਤ ਹੋਣ ਅਤੇ ਪਰਮਾਤਮਾ ’ਤੇ ਭਰੋਸਾ ਰੱਖਣ ਲਈ ਕਹਿੰਦੇ। ਜਾਪਾਨੀਆਂ ਨੂੰ ਸ਼ੱਕ ਹੋ ਗਿਆ ਕਿ ਡਾ. ਕਾਲੇਪਾਣੀ ਲੋਕਾਂ ਨੂੰ ਭੜਕਾਉਂਦਾ ਹੈ। ਖ਼ੁਦਗਰਜ਼ ਅਫ਼ਸਰਾਂ ਨੇ ਡਾ. ਕਾਲੇਪਾਣੀ ਨੂੰ ਆਪਣਾ ਨਿਸ਼ਨਾ ਬਣਾਇਆ। ਉਨ੍ਹਾਂ ਅੰਗਰੇਜ਼ਾਂ ਦੀ ਜਾਸੂਸੀ ਕਰਨ ਦਾ ਡਾਕਟਰ ਸਾਹਿਬ ਉੱਤੇ ਝੂਠਾ ਕੇਸ ਬਣਾ ਦਿੱਤਾ।
ਡਾ. ਕਾਲੇਪਾਣੀ ਨਾਲ 25 ਹੋਰ ਭਾਰਤੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ’ਤੇ ਬਹੁਤ ਜ਼ੁਲਮ ਕੀਤੇ। ਆਖ਼ਰ 14 ਜਨਵਰੀ 1944 ਨੂੰ ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦੀ ਅਦੁੱਤੀ ਸ਼ਹਾਦਤ ਸਾਰਿਆਂ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ। ਅੱਜ ਸਮੁੱਚਾ ਰਾਸ਼ਟਰ ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਹੈ।
-ਜਸਵਿੰਦਰ ਸਿੰਘ ਸਹੋਤਾ।
-ਮੋਬਾਈਲ : 94631-62825