ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਾਡਾ 'ਅਖੌਤੀ ਮਾਡਰਨ ਸਮਾਜ' ਆਪਣੇ ਪੁਰਾਤਨ ਰਸਮੋ-ਰਿਵਾਜ਼ ਭੁੱਲ ਕੇ ਜੜ੍ਹਾਂ ਤੋਂ ਟੁੱਟ ਰਿਹਾ ਹੈ। ਨੌਜਵਾਨ ਵਰਗ ਦੀ ਹਾਲਤ ਤਾਂ ਹੋਰ ਵੀ ਚਿੰਤਾਜਨਕ ਹੈ। ਉਹ ਫੈਸ਼ਨਪ੍ਰਸਤੀ, ਹਿੰਸਾ, ਨਸ਼ਿਆਂ ਅਤੇ ਨਿਰਾਸ਼ਾ ਦੀ ਦਲਦਲ ਵਿਚ ਧਸਦਾ ਜਾ ਰਿਹਾ ਹੈ। ਕੀ ਕਾਰਨ ਹੈ ਕਿ ਸਾਡੇ 'ਰੰਗਲੇ ਪੰਜਾਬ' ਵਿਚ ਨਸ਼ਿਆਂ, ਲੁੱਟਮਾਰ, ਕਤਲਾਂ, ਖ਼ੁਦਕੁਸ਼ੀਆਂ ਅਤੇ ਗੈਂਗਸਟਰਾਂ ਦਾ ਦੌਰ ਚੱਲ ਪਿਆ ਹੈ? ਪੜ੍ਹਾਈ-ਲਿਖਾਈ ਅਤੇ ਸੂਚਨਾ ਕ੍ਰਾਂਤੀ ਦੇ ਯੁੱਗ ਵਿਚ ਨੌਜਵਾਨ ਪੀੜ੍ਹੀ ਰਸਤੇ ਤੋਂ ਭਟਕ ਕੇ ਆਪਣੇ ਭਵਿੱਖ ਨੂੰ ਡਾਵਾਂਡੋਲ ਕਰ ਰਹੀ ਹੈ। ਸਾਡੀਆਂ 'ਅਗਾਂਹਵਧੂ ਸਰਕਾਰਾਂ' ਅਤੇ 'ਦੂਰ-ਅੰਦੇਸ਼ੀ ਰਾਜਨੀਤਕ ਪਾਰਟੀਆਂ' ਨੂੰ ਤਾਂ ਮੰਦਰਾਂ-ਮਸਜਿਦਾਂ ਦੇ ਝਗੜਿਆਂ, ਗੁਆਂਢੀ ਮੁਲਕਾਂ ਨਾਲ ਲੁੱਕਣਮੀਚੀ ਖੇਡਣਾ ਅਤੇ ਆਪਸੀ ਰੰਜਿਸ਼ਾਂ ਤੋਂ ਹੀ ਵਿਹਲ ਨਹੀ ਮਿਲਦੀ।

ਨੌਜਵਾਨ ਪੀੜ੍ਹੀ ਦੇ ਭਵਿੱਖ ਬਾਰੇ ਸੋਚਣ ਅਤੇ ਉਨ੍ਹਾਂ ਦਾ ਭਲਾ ਕਰਨ ਦਾ ਸਮਾਂ ਭਲਾ ਉਨ੍ਹਾਂ ਕੋਲ ਕਿੱਥੇ ਹੈ। ਸਾਡੇ ਮਾਰਗਦਰਸ਼ਕ ਲੀਡਰਾਂ ਨੂੰ ਤਾਂ ਆਪਣੇ ਧੀਆਂ-ਪੁੱਤਾਂ ਅਤੇ ਨਜ਼ਦੀਕੀਆਂ ਨੂੰ ਪ੍ਰਸ਼ਾਸਨ ਅਤੇ ਪਾਰਟੀਆਂ ਵਿਚ ਚੰਗੇ ਅਹੁਦੇ ਦਿਵਾਉਣ ਦੀ ਦੌੜ ਲੱਗੀ ਰਹਿੰਦੀ ਹੈ। ਕੀ ਕਦੇ ਕਿਸੇ ਸਰਕਾਰ, ਸੰਸਥਾ ਨੇ ਇਹ ਅਧਿਐਨ ਕਰਵਾਇਆ ਹੈ ਕਿ ਸਾਡੇ ਨੌਜਵਾਨ ਵਰਗ ਵਿਚ 'ਸੋਨੇ ਦੀ ਚਿੜੀ' ਅਤੇ 'ਸਾਰੇ ਜਹਾਂ ਸੇ ਅੱਛਾ' ਵਿਸ਼ੇਸ਼ਣਾਂ ਨਾਲ ਜਾਣੇ ਜਾਂਦੇ ਭਾਰਤ ਅਤੇ 'ਰੰਗਲੇ ਪੰਜਾਬ' ਨੂੰ ਛੇਤੀ ਤੋਂ ਛੇਤੀ ਤਿਲਾਂਜਲੀ ਦੇ ਕੇ ਵਿਦੇਸ਼ ਜਾਣ ਦੀ ਦੌੜ ਕਿਉਂ ਲੱਗੀ ਹੋਈ ਹੈ? ਅਜਿਹਾ ਸਰਵੇ ਹੋਵੇ ਵੀ ਕਿਵੇਂ ਕਿਉਂਕਿ ਅਜਿਹਾ ਕਰਨ ਨਾਲ ਆਪਣਾ ਢਿੱਡ ਹੀ ਨੰਗਾ ਜੋ ਹੋਵੇਗਾ।

ਕੀ ਸਿਰਫ਼ ਨਸ਼ਿਆਂ 'ਤੇ ਪਾਬੰਦੀ ਲਗਾਉਣ, ਸਵੈ-ਰੁਜ਼ਗਾਰ ਦਾ ਢਿੰਡੋਰਾ ਪਿੱਟਣ, ਮੀਡੀਆ ਰਾਹੀਂ ਸਭ ਅੱਛਾ ਦਿਖਾਉਣ, ਪੰਜਾਬੀ ਅਤੇ ਪੰਜਾਬੀਅਤ ਦੀਆਂ ਧੱਜੀਆਂ ਉਡਾ ਕੇ ਲੱਚਰਤਾ ਅਤੇ ਹਿੰਸਾ ਨੂੰ ਵਡਿਆਉਣ ਵਾਲੇ ਚੈਨਲਾਂ ਨੂੰ ਹੱਲਾਸ਼ੇਰੀ ਦੇਣ ਨਾਲ ਨੌਜਵਾਨ ਪੀੜ੍ਹੀ ਦਾ ਸੁਧਾਰ ਹੋ ਜਾਵੇਗਾ? ਨਹੀਂ, ਬਿਲਕੁਲ ਨਹੀਂ। ਜਦੋਂ ਭਵਿੱਖ ਵਿਚ ਕਿਸੇ ਚਾਨਣ ਦੀ ਉਮੀਦ ਨਾ ਹੋਵੇ, ਭਵਿੱਖ ਬਾਰੇ ਸੋਚਣ ਤੋਂ ਵੀ ਡਰ ਲੱਗਦਾ ਹੋਵੇ, ਸਮੁੱਚੇ ਸਿਸਟਮ ਤੋਂ ਹੀ ਮਨ ਉਕਤਾ ਗਿਆ ਹੋਵੇ ਤਾਂ ਕੀ ਨੌਜਵਾਨ ਪੀੜ੍ਹੀ ਮਾਨਸਿਕ ਤੌਰ 'ਤੇ ਬਿਮਾਰ ਨਹੀਂ ਹੋਵੇਗੀ? ਕੀ ਨੌਜਵਾਨ ਆਪਣੇ ਸੁਪਨੇ ਇੱਥੇ ਹੀ ਪੂਰੇ ਕਰਨ ਦਾ ਹੀਆ ਕਰ ਸਕਦੇ ਹਨ? 'ਸੌ ਹੱਥ ਰੱਸਾ ਸਿਰੇ 'ਤੇ ਗੰਢ' ਕਹਿਣ ਦਾ ਭਾਵ ਹੈ ਕਿ ਨੌਜਵਾਨ ਵਰਗ ਦੇ ਦਿਸ਼ਾਹੀਣ ਹੋਣ ਅਤੇ ਨੈਤਿਕ, ਸਮਾਜਿਕ, ਸਰੀਰਕ ਅਤੇ ਮਾਨਸਿਕ ਗਿਰਾਵਟਾਂ ਲਈ ਸਾਡਾ ਮੌਜੂਦਾ ਨਿਜ਼ਾਮ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਸੋ ਦੁੱਧ-ਮੱਖਣਾਂ ਨਾਲ ਪਾਲੀ ਹੋਈ ਸਾਡੀ ਨੌਜਵਾਨ ਪੀੜ੍ਹੀ ਦੇ ਚਿਹਰੇ 'ਤੇ ਛਾਈ 'ਪਲੱਤਣ' ਦੀ ਜਗ੍ਹਾ ਖ਼ੁਸ਼ੀਆਂ-ਖੇੜਿਆਂ ਨੂੰ ਵਾਪਸ ਲਿਆਉਣ ਲਈ ਤੁਰੰਤ ਸਾਂਝੇ ਸੰਜੀਦਾ ਉਪਰਾਲੇ ਦੀ ਲੋੜ ਹੈ। ਨਹੀਂ ਤਾਂ ਫਿਰ ਮੁਲਕ ਅਤੇ ਪੰਜਾਬ ਦੇ ਭਵਿੱਖ ਦਾ ਤਾਂ ਰੱਬ ਹੀ ਰਾਖਾ ਹੋਵੇਗਾ।

-ਬਲਰਾਜ ਸਿੰਘ ਸਰਾਂ, ਗੋਨਿਆਣਾ ਮੰਡੀ। (95014-30559)

Posted By: Sukhdev Singh