ਮਨੋਵਿਗਿਆਨਕਾਂ ਨੂੰ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਸੋਚਣਾ-ਵਿਚਾਰਨਾ ਚਾਹੀਦਾ ਹੈ। ਮੋਬਾਈਲ ਦੀਆਂ ਜ਼ਿਆਦਾਤਰ ਗੁਮਰਾਹ ਕਰਨ ਵਾਲੀਆਂ ਐਪਸ ਬੰਦ ਹੋਣੀਆਂ ਚਾਹੀਦੀਆਂ ਹਨ ਜਾਂ ਫਿਰ ਪੇਡ। ਹਰ ਵਿਅਕਤੀ ਦੀ ਕੋਈ ਆਈਡੀ ਪਰੂਫ ਵਜੋਂ ਭਰੀ ਜਾਣੀ ਚਾਹੀਦੀ ਹੈ। ਜਦੋਂ ਐਪਸ ਪੇਡ ਹੋਣਗੀਆਂ ਤਾਂ ਆਪੇ ਜਿਸ ਨੂੰ ਜਿਸ ਦੀ ਚੀਜ਼ ਸਿੱਖਣ ਜਾਂ ਵੇਖਣ ਦੀ ਤਲਬ ਹੋਵੇਗੀ, ਉਹੀ ਵੇਖੇਗਾ ਜਾਂ ਸਿੱਖੇਗਾ।

ਨੈਤਿਕ ਕਦਰਾਂ-ਕੀਮਤਾਂ ਸਾਡੇ ਵਿਵਹਾਰ ਨੂੰ ਖ਼ਸ਼ਹਾਲ ਕਰਦੀਆਂ ਹਨ। ਇਨ੍ਹਾਂ ਨਾਲ ਅਸੀਂ ਇਮਾਨਦਾਰ ਜੀਵਨ ਜਿਉਂਦੇ ਹਾਂ। ਇਹ ਸਾਨੂੰ ਰੂਹਾਨੀ ਖ਼ੁਸ਼ੀ ਦਿੰਦੀਆਂ ਹਨ ਅਤੇ ਅਸੀਂ ਆਲੇ-ਦੁਆਲੇ ਦਾ ਮਾਹੌਲ ਵੀ ਖ਼ੁਸ਼ਨੁਮਾ ਬਣਾ ਕੇ ਰੱਖਦੇ ਹਾਂ। ਇਸ ਵਿਚ ਵੱਡਿਆਂ ਦਾ ਕਹਿਣਾ ਮੰਨਣਾ, ਉਨ੍ਹਾਂ ਦਾ ਸਤਿਕਾਰ ਕਰਨਾ, ਹਮ-ਉਮਰਾਂ ਨਾਲ ਨਿੱਘ ਅਤੇ ਪਿਆਰ ਨਾਲ ਰਹਿਣਾ, ਚੰਗੀ-ਪ੍ਰਾਹੁਣਚਾਰੀ ਕਰਨਾ, ਮਿੱਠਾ-ਬੋਲਣਾ, ਨਿਰਾ-ਪੁਰਾ ਨਿੱਜ ਨੂੰ ਤਰਜੀਹ ਨਾ ਦੇਣਾ ਆਦਿ ਬਹੁਤ ਕੁਝ ਸ਼ਾਮਲ ਹੈ। ਇਹ ਸਭ ਕੁਝ ਸਾਡੇ ਅਮੀਰ ਵਿਰਸੇ ਦੇ ਪ੍ਰਤੀਕ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਅਜੋਕੇ ਸਮੇਂ ਵਿਚ ਇਨ੍ਹਾਂ ਵਿਚ ਬੁਰੀ ਤਰ੍ਹਾਂ ਗਿਰਾਵਟ ਆ ਗਈ ਹੈ। ਹਰ ਕੋਈ ਆਪਣੇ-ਆਪ ਵਿਚ ਨਾਢੂ ਖਾਂ ਬਣਿਆ ਫਿਰਦਾ ਹੈ।
ਹਰ ਕੋਈ ਸੋਚਦਾ ਹੈ ਕਿ ਮੈਂ ਕਿਸੇ ਤੋਂ ਲੈਣਾ ਕੀ ਹੈ?ਕਿਸੇ ਨੂੰ ਕਿਸੇ ਦੀ ਪਰਵਾਹ ਨਹੀਂ। ਜ਼ਿਆਦਾਤਰ ਲੋਕ ਅੰਤਰਮੁਖੀ ਬਣੇ ਹੋਏ ਹਨ। ਇਸ ’ਚ ਜ਼ਿਆਦਾ ਕਸੂਰਵਾਰ ਸਾਡੀਆਂ ਅਜੋਕੀਆਂ ਸਿੱਖਿਆ- ਨੀਤੀਆਂ ਹਨ ਜਿਨ੍ਹਾਂ ਵਿਚ ਵਿਦਿਆਰਥੀਆਂ ’ਤੇ ਬੇਲੋੜਾ ਬੋਝ ਪਾਇਆ ਜਾ ਰਿਹਾ ਹੈ। ਸਿੱਖਿਆ ਸਿਰਫ਼ ਤੇ ਸਿਰਫ਼ ਅੰਕੜਿਆਂ ਦੀ ਖੇਡ ਬਣ ਕੇ ਰਹਿ ਗਈ ਹੈ। ਹਰ ਰੋਜ਼ ਨਵੇਂ-ਨਵੇਂ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਕਹਾਣੀ ਸਮਝੋਂ ਬਾਹਰ ਹੀ ਹੋਈ ਪਈ ਹੈ।
ਅਧਿਆਪਕ ਅਤੇ ਵਿਦਿਆਰਥੀ, ਦੋਵੇਂ ਹੀ ਪੂਰੀ ਤਰ੍ਹਾਂ ਉਲਝੇ ਹੋਏ ਮਹਿਸੂਸ ਕਰ ਰਹੇ ਹਨ। ਸਮਝ ਨਹੀਂ ਆ ਰਹੀ ਕਿ ਕੀ ਸਮਝਿਆ ਅਤੇ ਸਮਝਾਇਆ ਜਾਵੇ? ਸਿੱਖਿਆ ਮਾਹਿਰਾਂ ਵੱਲੋਂ ਵਿਦਿਆਰਥੀਆਂ ਦਾ ਪੱਧਰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੇ ਹੀਲੇ-ਵਸੀਲੇ ਕੀਤੇ ਜਾ ਰਹੇ ਹਨ ਪਰ ਸਭ ਵਿਅਰਥ ਹੀ ਪ੍ਰਤੀਤ ਹੋ ਰਹੇ ਹਨ। ਵਿਦਿਆਰਥੀਆਂ ਦਾ ਸਿੱਖਣ-ਪੱਧਰ ਨਿੱਤ ਨਿਵਾਣ ਵੱਲ ਹੀ ਜਾ ਰਿਹਾ ਹੈ।
ਵਿੱਦਿਅਕ ਬੋਝ ਹੀ ਐਨਾ ਪਾਇਆ ਜਾ ਰਿਹਾ ਜਿਸ ਵਿਚ ਨੈਤਿਕਤਾ ਸਿੱਖਣ-ਸਿਖਾਉਣ ਦਾ ਵਕਤ ਹੀ ਨਹੀਂ ਮਿਲਦਾ। ਅਨੇਕ ਸਕੂਲ ਸਰੀਰਕ ਸਿੱਖਿਆ ਦੇ ਅਧਿਆਪਕਾਂ ਤੋਂ ਸੱਖਣੇ ਹਨ। ਇਨ੍ਹਾਂ ਅਧਿਆਪਕਾਂ ਬਗੈਰ ਵਿਦਿਆਰਥੀਆਂ ਨੇ ਗਰਾਊਂਡਾਂ ਵਿਚ ਜਾਣਾ ਬੰਦ ਹੀ ਕਰ ਦਿੱਤਾ ਹੈ। ਸਰੀਰਕ ਤੇ ਮਾਨਸਿਕ ਵਿਕਾਸ ਵੀ ਰੁਕਿਆ ਹੋਇਆ ਪ੍ਰਤੀਤ ਹੁੰਦਾ। ਸਿਹਤਮੰਦ ਸਰੀਰ ਵਿਚ ਹੀ ਤੰਦਰੁਸਤ ਮਨ ਹੁੰਦਾ ਹੈ (A sound mind lives in a sound body) ਨੂੰ ਪੂਰੀ ਤਰ੍ਹਾਂ ਅੱਖੋਂ-ਓਹਲੇ ਕੀਤਾ ਹੋਇਆ ਹੈ। ਜੇਕਰ ਇਹੀ ਵਰਤਾਰਾ ਰਿਹਾ ਤਾਂ ਸਮਾਜਿਕ ਨਿਘਾਰ ਪੂਰੀ ਤਰ੍ਹਾਂ ਸੰਭਵ ਹੈ। ਅੱਜ ਹਰ ਕੋਈ ‘ਪਾਮ ਕੰਪਿਊਟਰ’ ਭਾਵ ਤਲੀ ’ਤੇ ਕੰਪਿਊਟਰ ਚੁੱਕੀ ਫਿਰਦਾ ਹੈ ਜਿਸ ਨੂੰ ਮੋਬਾਈਲ ਫੋਨ ਦਾ ਨਾਂ ਦਿੱਤਾ ਗਿਆ ਹੈ।
ਕੀ ਬੱਚਾ, ਕੀ ਜਵਾਨ, ਕੀ ਬਜ਼ੁਰਗ, ਹਰ ਕੋਈ ਇਸ ਦੇ ਚੱਕਰਵਿਊ ’ਚ ਹੀ ਫਸਿਆ ਹੋਇਆ ਹੈ। ਅੱਜ ਅਸੀਂ ਇਸ ਨੂੰ ਨਹੀਂ ਵਰਤ ਰਹੇ, ਸਗੋਂ ਇਹ ਸਾਨੂੰ ਸਭ ਨੂੰ ਵਰਤ ਰਿਹਾ ਹੈ। ਸਾਡਾ ਖਾਣਾ-ਪੀਣਾ, ਸੌਣਾ ਸਭ ਕੁਝ ਇਹੀ ਤੈਅ ਕਰਦਾ ਹੈ। ਸਾਰਾ ਜੀਵਨ ਚੱਕਰ ਹੀ ਅਸਤ-ਵਿਅਸਤ ਹੋ ਗਿਆ ਹੈ।
ਵਿਦਿਆਰਥੀ ਜੋ ਕਿ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਉਹ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਉਹ ਵੀ ਮੋਬਾਈਲ ਰੂਪੀ ਡੱਬੀ ਤੋਂ ਹੀ ਹਰ ਤਰ੍ਹਾਂ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਕਈ ਵਾਰ ਇਹ ਸਿੱਖਿਆ ਉਨ੍ਹਾਂ ਲਈ ਉਮਰੋਂ ਵਡੇਰੀ ਵੀ ਹੁੰਦੀ ਹੈ। ਉਹ ਹੁਣ ਨਾ ਤਾਂ ਮਾਪਿਆਂ ਦਾ ਸਤਿਕਾਰ ਕਰਦੇ ਹਨ ਤੇ ਨਾ ਹੀ ਅਧਿਆਪਕਾਂ ਦਾ। ਆਪਹੁਦਰੇ ਹੋਏ ਮਨਮਾਨੀਆਂ ਕਰ ਰਹੇ ਹਨ। ਉਹ ਹੋਸ਼ ਗੁਆ ਕੇ ਕੇਵਲ ਜੋਸ਼ ਤੋਂ ਹੀ ਕੰਮ ਲੈ ਰਹੇ ਹਨ ਜੋ ਕਿ ਗ਼ਲਤ ਵਰਤਾਰਾ ਹੈ।
ਜ਼ਿਆਦਾ ਰੁਝੇਵੇਂ ਅਤੇ ਵਿਹਲ, ਦੋਵੇਂ ਹੀ ਮਾੜੇ ਹੁੰਦੇ ਹਨ। ਪਹਿਲਾਂ-ਪਹਿਲ ਰਾਜੇ ਕਿਸੇ ਵਿਅਕਤੀ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਾਉਣ ਲਈ ਇਹ ਸਜ਼ਾ ਦਿੰਦੇ ਸਨ ਕਿ ਜਾਓ, ਇਸ ਨੂੰ ਸਾਰਾ ਦਿਨ ਵਿਹਲਾ ਬਿਠਾ ਦਿਉ। ਹੁਣ ਇਹ ਸਜ਼ਾ ਵਿਅਕਤੀ ਨੇ ਆਪਣੇ-ਆਪ ਸਹੇੜੀ ਹੋਈ ਹੈ। ਹੁਣ ਮੁੰਡੇ ਅਤੇ ਕੁੜੀਆਂ ਦੋਵਾਂ ਨੂੰ ਕਿਸੇ ਖ਼ਾਸ ਪ੍ਰਾਪਤੀ ਦਾ ਸ਼ੌਕ ਨਹੀਂ। ਤ੍ਰਿੰਝਣਾਂ ਖ਼ਤਮ ਹੋ ਗਈਆਂ ਹਨ। ਤੰਦ ਕੱਢਣਾ- ਕੱਤਣਾ ਸਾਰਾ ਕੁਝ ਭੁੱਲ-ਭੁਲਾ ਕੇ ਵਿਰਸੇ ਦੀ ਖੇਹ ਪੁੱਟੀ ਜਾ ਰਹੀ ਹੈ। ਛੋਟੀ-ਛੋਟੀ ਉਮਰੇ ਬੱਚੇ ਕੀ-ਕੀ ਕਾਰੇ ਕਰ ਰਹੇ ਹਨ, ਸੰਵੇਦਨਸ਼ੀਲ ਵਿਅਕਤੀ ਦੇ ਤਾਂ ਸੁਣ ਕੇ ਹੋਸ਼ ਹੀ ਉੱਡ ਜਾਂਦੇ ਹਨ। ਸਕੂਲਾਂ-ਕਾਲਜਾਂ ਦਾ ਮਾਹੌਲ ਦਿਨ-ਬ-ਦਿਨ ਵਿਗੜਦਾ ਹੀ ਜਾ ਰਿਹਾ ਹੈ ਜੋ ਕਿ ਅਤਿਅੰਤ ਚਿੰਤਾ ਦਾ ਵਿਸ਼ਾ ਹੈ।
ਮਨੋਵਿਗਿਆਨਕਾਂ ਨੂੰ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਸੋਚਣਾ-ਵਿਚਾਰਨਾ ਚਾਹੀਦਾ ਹੈ। ਮੋਬਾਈਲ ਦੀਆਂ ਜ਼ਿਆਦਾਤਰ ਗੁਮਰਾਹ ਕਰਨ ਵਾਲੀਆਂ ਐਪਸ ਬੰਦ ਹੋਣੀਆਂ ਚਾਹੀਦੀਆਂ ਹਨ ਜਾਂ ਫਿਰ ਪੇਡ। ਹਰ ਵਿਅਕਤੀ ਦੀ ਕੋਈ ਆਈਡੀ ਪਰੂਫ ਵਜੋਂ ਭਰੀ ਜਾਣੀ ਚਾਹੀਦੀ ਹੈ। ਜਦੋਂ ਐਪਸ ਪੇਡ ਹੋਣਗੀਆਂ ਤਾਂ ਆਪੇ ਜਿਸ ਨੂੰ ਜਿਸ ਦੀ ਚੀਜ਼ ਸਿੱਖਣ ਜਾਂ ਵੇਖਣ ਦੀ ਤਲਬ ਹੋਵੇਗੀ, ਉਹੀ ਵੇਖੇਗਾ ਜਾਂ ਸਿੱਖੇਗਾ। ਹਰ ਸਮੇਂ ਹਰੇਕ ਲਈ ਸਾਰਾ ਕੁਝ ਪਰੋਸਿਆ ਜਾਣਾ ਸਹੀ ਨਹੀਂ ਹੈ।
ਇਸ ਨਾਲ ਦਿਆਨਤਦਾਰੀ ਖ਼ਤਮ ਹੋ ਰਹੀ ਹੈ। ਬਹੁਤ ਸਾਰੇ ਅਧਿਆਪਕ ਜੋ ਸਮਾਜ ’ਚ ਸਤਿਕਾਰਤ ਮੰਨੇ ਜਾਂਦੇ ਹਨ, ਆਪਣੇ ਹੀ ਵਿਭਾਗ ਵਿਚ ਵਿਭਾਗੀ ਤਰੱਕੀ ਨਹੀਂ ਲੈ ਰਹੇ। ਕਾਰਨ ਇਹ ਦੱਸਿਆ ਜਾਂਦਾ ਹੈ ਕਿ ਗਿਆਰਵੀਂ, ਬਾਰ੍ਹਵੀਂ ਦੇ ਵਿਦਿਆਰਥੀ ਅਨੁਸ਼ਾਸਨ ਵਿਚ ਨਹੀਂ ਹਨ।
ਅੱਜ-ਕੱਲ੍ਹ ਮਾਹੌਲ ਬਹੁਤ ਖ਼ਰਾਬ ਹੈ। ਵਿਦਿਆਰਥੀਆਂ ਨੂੰ ਕੁਝ ਕਹਿਣ-ਝਿੜਕਣ ਦਾ ਵੇਲਾ ਨਹੀਂ। ਜੇਕਰ ਅਧਿਆਪਕ ਕਿਸੇ ਵੀ ਵਿਦਿਆਰਥੀ ਨੂੰ ਉਸ ਦੁਆਰਾ ਕੋਈ ਗਲ਼ਤ ਕੰਮ ਕਰਨ ਤੇ ਉਸ ਨੂੰ ਸਮਝਾਉਣ ਲਈ ਝਿੜਕਦਾ ਹੈ, ਉਹ ਕਈ ਵਾਰ ਆਤਮਹੱਤਿਆ ਵਰਗਾ ਕਦਮ ਚੁੱਕ ਲੈਂਦਾ ਹੈ ਜਿਸ ਦਾ ਖ਼ਮਿਆਜ਼ਾ ਅਧਿਆਪਕ ਅਤੇ ਉਸ ਵਿਦਿਆਰਥੀ ਦੇ ਮਾਪੇ, ਦੋਵੇਂ ਹੀ ਭੁਗਤਦੇ ਹਨ। ਇਸ ਵਿਚ ਦੋਵੇਂ ਹੀ ਕਸੂਰਵਾਰ ਨਹੀਂ ਹੁੰਦੇ। ਅਧਿਆਪਕ ਕਦੇ ਵੀ ਆਪਣੇ ਵਿਦਿਆਰਥੀਆਂ ਦਾ ਬੁਰਾ ਨਹੀਂ ਚਾਹੁੰਦੇ, ਸਗੋਂ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਖ਼ੁਦ ਨਾਲੋਂ ਵੀ ਅੱਗੇ ਵਧਿਆ ਅਤੇ ਉਸ ਦੀ ਕਾਮਯਾਬੀ ਵੇਖਣ ਦੇ ਖ਼ਾਹਿਸ਼ਮੰਦ ਹੁੰਦੇ ਹਨ।
ਕਾਸ਼! ਸਿੱਖਿਆ ਦਾ ਪਹਿਲਾਂ ਵਰਗਾ ਮਾਹੌਲ ਪੈਦਾ ਹੋ ਜਾਵੇ। ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਨੈਤਿਕਤਾ ਦਾ ਸਬਕ ਸਿਖਾਇਆ ਜਾਵੇ ਜੋ ਉਨ੍ਹਾਂ ਦੇ ‘ਜੀਵਨ ਦਾ ਧੁਰਾ’ ਬਣੇ। ਸਰੀਰਕ ਸਿੱਖਿਆ ਦੇ ਅਧਿਆਪਕ ਭਰਤੀ ਕੀਤੇ ਜਾਣ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਵਿਦਿਆਰਥੀ ਗਰਾਊਂਡਾਂ ਵਿਚ ਜਾ ਕੇ ਸਰੀਰਕ ਅਤੇ ਮਾਨਸਿਕ ਤੌਰ ’ਤੇ ਤਾਕਤਵਰ ਬਣਨ। ਆਪਣੇ ਖ਼ੁਸ਼ਹਾਲ ਜੀਵਨ ਦੀ ਨੀਂਹ ਰੱਖਣ।ਨਾ ਕਿ ਸਾਰਾ ਦਿਨ ਮੋਬਾਈਲ ਵਿਚ ਗ੍ਰਸੇ ਆਪਣੇ ਹੀ ਜੀਵਨ ਦੀਆਂ ਜੜ੍ਹਾਂ ਆਪਣੇ ਹੱਥੀਂ ਪੁੱਟੀ ਜਾਣ।
ਸਿੱਖਿਆ ਮਾਹਿਰਾਂ ਨੂੰ ਸਿੱਖਿਆ ਨੀਤੀਆਂ ਬਣਾਉਂਦੇ ਸਮੇਂ ਇਸ ਗੱਲ ਨੂੰ ਜ਼ਰੂਰ ਅਹਿਮੀਅਤ ਦੇਣੀ ਚਾਹੀਦੀ ਹੈ ਕਿ ਵਿਸ਼ਾ ਚੰਗੀ ਤਰ੍ਹਾਂ ਪੜ੍ਹਾਉਣ-ਸਮਝਾਉਣ ਦਾ ਸਮਾਂ ਮਿਲਣ ਉਪਰੰਤ ਅਭਿਆਸ ਜ਼ਰੂਰ ਕਰਾਇਆ ਜਾ ਸਕੇ ਕਿਉਂਕਿ practice makes a man perfect. ਬਿਨਾਂ ਅਭਿਆਸ ਦੇ ਨਿਪੁੰਨਤਾ ਆਉਣਾ ਅਸੰਭਵ ਹੈ।
ਜ਼ਮੀਨੀ ਪੱਧਰ ਦਾ ਧਿਆਨ ਰੱਖਦੇ ਹੋਏ ਨੀਤੀਆਂ ਘੜੀਆਂ ਜਾਣ, ਨਾ ਕਿ ਸਿਰਫ਼ ਅੰਕੜਿਆਂ ਦੀ ਆੜ ’ਚ ਪੰਜਾਬ ਨੂੰ ਸਿੱਖਿਆ ’ਚ ਮੋਹਰੀ ਸੂਬਾ ਦਿਖਾਇਆ ਜਾਵੇ। ਨੈਤਿਕਤਾ ਦੀ ਘਾਟ ਹਰ ਪਾਸੇ ਵਿਖਾਈ ਦੇ ਰਹੀ ਹੈ। ਅੱਜ ਪਿਉ ਪੁੱਤ ਨੂੰ ਮਾਰ ਰਿਹਾ ਹੈ, ਮਾਂ ਧੀ ਦਾ ਕਤਲ ਕਰ ਰਹੀ ਹੈ, ਪੁੱਤ ਪਿਉ ਨੂੰ ਮਿੰਟਾਂ ਵਿਚ ਮਾਰ ਮੁਕਾਉਂਦਾ ਹੈ ਤੇ ਭਰਾ-ਭਰਾ ਦਾ ਵੈਰੀ ਹੈ। ਰਿਸ਼ਤਿਆਂ ਦੀ ਮਿਠਾਸ, ਅਪਣੱਤ, ਮੁਹੱਬਤ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਹੁਣ ਵੀ ਵੇਲਾ ਹੈ ਸੰਭਲਣ ਦਾ। ਕਿਤੇ ਅਸੀਂ ਇਕੱਲੇਪਣ ਦਾ ਸ਼ਿਕਾਰ ਹੋ ਕੇ ਬਿਮਾਰੀਆਂ ਗ੍ਰਸਤ ਹੀ ਨਾ ਹੋ ਕੇ ਰਹਿ ਜਾਈਏ।
-ਸਿਮਰਜੀਤ ਸਿੰਮੀ
-ਮੋਬਾਈਲ : 94176-71091