ਇੰਨੀ ਮਾਰੋ-ਮਾਰ ਹੈ ਕਿ ਕੁਦਰਤੀ ਖ਼ਜ਼ਾਨਿਆਂ ਨੂੰ ਲੁੱਟਿਆ ਜਾ ਰਿਹਾ ਹੈ। ਸੂਬੇ ਅੰਦਰ ਬਹੁਤੀ ਸਨਅਤ ਨਾ ਹੋਣ ਕਰਕੇ ਰੁਜ਼ਗਾਰ ਦੇ ਮੌਕੇ ਘਟਦੇ ਜਾ ਰਹੇ ਹਨ। ਵਿਦੇਸ਼ਾਂ ਵਿਚ ਵੀ ਰੁਜ਼ਗਾਰ ਦੀ ਸੰਭਾਵਨਾਵਾਂ ਸੁੰਗੜਦੀਆਂ ਜਾ ਰਹੀਆਂ ਹਨ। ਬੀਤੇ ਸਾਲ ਅਗਸਤ-ਸਤੰਬਰ ਮਹੀਨੇ ਆਏ ਹੜ੍ਹਾਂ ਕਾਰਨ 4 ਲੱਖ ਏਕੜ ਤੋਂ ਵੱਧ ਫ਼ਸਲ ਬਰਬਾਦ ਹੋਈ ਸੀ। ਹਜ਼ਾਰਾਂ ਦੀ ਗਿਣਤੀ ਵਿਚ ਘਰਾਂ ਨੂੰ ਨੁਕਸਾਨ ਪਹੁੰਚਿਆ।

ਹਰ ਕੋਈ ਪੰਜਾਬੀਆਂ ਦੀ ਮਿਹਨਤ, ਸਿਦਕ, ਦਲੇਰੀ ਤੇ ਕੁਰਬਾਨੀਆਂ ਤੋਂ ਭਲੀਭਾਂਤ ਜਾਣੂ ਹੈ। ਕਿਸੇ ਵੇਲੇ ਪੰਜਾਬ ਸਭ ਤੋਂ ਖ਼ੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ ਪਰ ਅੱਜ ਇਹ ਅਨੇਕ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ ਜਿਵੇਂ ਗੈਂਗਸਟਰਵਾਦ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਮਨ-ਕਾਨੂੰਨ ਦੀ ਖ਼ਰਾਬ ਸਥਿਤੀ, ਗੰਭੀਰ ਖੇਤੀ ਸੰਕਟ ਅਤੇ ਨਾਜਾਇਜ਼ ਮਾਈਨਿੰਗ ਆਦਿ। ਸੂਬੇ ਅੰਦਰ ਚੰਗੇ ਰਸੂਖ਼ ਵਾਲੇ ਲੋਕਾਂ ਤੋਂ ਫਿਰੌਤੀਆਂ ਮੰਗਣ ਦੀਆਂ ਘਟਨਾਵਾਂ ਆਮ ਹੀ ਹੋ ਗਈਆਂ ਹਨ। ਅਸੀਂ ਆਪਣੇ ਅਮੀਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਾਂ।
ਹੱਥੀਂ ਕਿਰਤ ਨੂੰ ਤਰਜੀਹ ਦੇਣ ਵਾਲੇ ਨੌਜਵਾਨ ਕੰਮ ਕਰਨ ਤੋਂ ਪਾਸਾ ਵੱਟ ਰਹੇ ਹਨ। ਕਿਰਤ ਕਰਨ ਪ੍ਰਤੀ ਰੁਝਾਨ ਘਟਦਾ ਜਾ ਰਿਹਾ ਹੈ। ਹਰ ਖੇਤਰ ਵਿਚ ਪਰਵਾਸੀ ਕਾਮੇ ਪੰਜਾਬੀਆਂ ਨੂੰ ਵੱਡੇ ਪੱਧਰ ’ਤੇ ਪਛਾੜ ਰਹੇ ਹਨ। ਪੰਜਾਬ ਦੇ ਜ਼ਿਆਦਾਤਰ ਨੌਜਵਾਨਾਂ ਦੀ ਅਜਿਹੀ ਮਾਨਸਿਕਤਾ ਬਣ ਚੁੱਕੀ ਹੈ ਕਿ ਇੱਥੇ ਤਾਂ ਕੁਝ ਖ਼ਾਸ ਨਹੀਂ ਹੈ। ਇਸੇ ਕਾਰਨ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਖ਼ਾਤਰ ਹਰ ਹੀਲਾ-ਵਸੀਲਾ ਵਰਤ ਕੇ ਵਿਦੇਸ਼ ਜਾਣ ਲਈ ਉਤਾਵਲੇ ਹਨ। ਸਰੂਆਂ ਵਰਗੇ ਪੁੱਤ ਨਸ਼ਿਆਂ ਦੀ ਅੱਗ ਵਿਚ ਝੁਲਸ ਰਹੇ ਹਨ। ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।
ਇੰਨੀ ਮਾਰੋ-ਮਾਰ ਹੈ ਕਿ ਕੁਦਰਤੀ ਖ਼ਜ਼ਾਨਿਆਂ ਨੂੰ ਲੁੱਟਿਆ ਜਾ ਰਿਹਾ ਹੈ। ਸੂਬੇ ਅੰਦਰ ਬਹੁਤੀ ਸਨਅਤ ਨਾ ਹੋਣ ਕਰਕੇ ਰੁਜ਼ਗਾਰ ਦੇ ਮੌਕੇ ਘਟਦੇ ਜਾ ਰਹੇ ਹਨ। ਵਿਦੇਸ਼ਾਂ ਵਿਚ ਵੀ ਰੁਜ਼ਗਾਰ ਦੀ ਸੰਭਾਵਨਾਵਾਂ ਸੁੰਗੜਦੀਆਂ ਜਾ ਰਹੀਆਂ ਹਨ। ਬੀਤੇ ਸਾਲ ਅਗਸਤ-ਸਤੰਬਰ ਮਹੀਨੇ ਆਏ ਹੜ੍ਹਾਂ ਕਾਰਨ 4 ਲੱਖ ਏਕੜ ਤੋਂ ਵੱਧ ਫ਼ਸਲ ਬਰਬਾਦ ਹੋਈ ਸੀ। ਹਜ਼ਾਰਾਂ ਦੀ ਗਿਣਤੀ ਵਿਚ ਘਰਾਂ ਨੂੰ ਨੁਕਸਾਨ ਪਹੁੰਚਿਆ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਦਾ ਦੌਰਾ ਕੀਤਾ ਗਿਆ ਤੇ 1600 ਕਰੋੜ ਦਾ ਰਾਹਤ ਪੈਕੇਜ ਪੰਜਾਬ ਨੂੰ ਦੇਣ ਦਾ ਐਲਾਨ ਕੀਤਾ ਪਰ ਰਾਹਤ ਦੇ ਕੰਮ ਅਜੇ ਵੀ ਅਧੂਰੇ ਹਨ। ਹੜ੍ਹਾਂ ਨੂੰ ਰੋਕਣ ਲਈ ਸਰਕਾਰ ਨੂੰ ਠੋਸ ਨੀਤੀ ਬਣਾਉਣ ਦੀ ਲੋੜ ਹੈ। ਪੰਜਾਬ ’ਚ ਖੁਰਾਕੀ ਪਦਾਰਥਾਂ ਦੇ ਵੱਡੀ ਮਾਤਰਾ ਵਿਚ ਨਮੂਨੇ ਫੇਲ੍ਹ ਪਾਏ ਗਏ। ਹਾਲ ਹੀ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਖੁਰਾਕ ਸੁਰੱਖਿਆ ਸਬੰਧੀ ਮਿਆਰਾਂ ਦੀ ਘਾਟ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਸੀ।
ਖਾਣ-ਪੀਣ ਵਾਲੇ ਪਦਾਰਥਾਂ ਵਿਚ ਮਿਲਾਵਟ ਤੇ ਇਨ੍ਹਾਂ ਦਾ ਨਕਲੀ ਪਾਇਆ ਜਾਣਾ ਬਹੁਤ ਜ਼ਿਆਦਾ ਚਿੰਤਾਜਨਕ ਵਰਤਾਰਾ ਹੈ। ਦੂਜੇ ਸੂਬਿਆਂ ਤੋਂ ਨਕਲੀ ਤੇ ਮਿਲਾਵਟ ਵਾਲਾ ਸਾਮਾਨ ਪੰਜਾਬ ਵਿਚ ਬੇਰੋਕ-ਟੋਕ ਆਉਂਦਾ ਹੈ। ਕੀਟਨਾਸ਼ਕਾਂ ਤੇ ਨਦੀਨਾਂ ਦੀ ਧੜਾਧੜ ਵਰਤੋਂ ਕਾਰਨ ਕੈਂਸਰ ਦਾ ਖ਼ਤਰਾ ਵਧ ਗਿਆ ਹੈ। ਹਾਲਾਂਕਿ ਸੂਬੇ ਅੰਦਰ ਕਈ ਦਵਾਈਆਂ ’ਤੇ ਪਾਬੰਦੀ ਵੀ ਹੈ। ਫਲਾਂ-ਸਬਜ਼ੀਆਂ ਨੂੰ ਰਸਾਇਣਾਂ ਨਾਲ ਪਕਾ ਕੇ ਵੇਚਿਆ ਜਾ ਰਿਹਾ ਹੈ। ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਕਾਰਨ ਪੰਜਾਬ ਰੇਗਿਸਤਾਨ ਬਣਨ ਵੱਲ ਵਧ ਰਿਹਾ ਹੈ। ਪੰਜਾਬ ਦੂਜਾ ਸਭ ਤੋਂ ਵੱਧ ਕਰਜ਼ਾਈ ਰਾਜ ਬਣ ਕੇ ਰਹਿ ਗਿਆ ਹੈ।
-ਸੰਜੀਵ ਸਿੰਘ ਸੈਣੀ
ਮੋਬਾਈਲ : 78889-66168