ਇਹ ਇਕ ਅਜਿਹਾ ਸੰਕਟ ਹੈ ਜੋ ਹਰ ਥਾਂ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਬਾਰੇ ਸੁਪਰੀਮ ਕੋਰਟ ਨੇ ਸਾਰੀਆਂ ਸਰਕਾਰਾਂ ਨੂੰ ਫਿਟਕਾਰਾਂ ਪਾਈਆਂ ਹਨ। ਇਕ ਸਰਵੇਖਣ ਅਨੁਸਾਰ ਸਾਲ 2020 ਵਿਚ ਕੁੱਤਿਆਂ ਦੇ ਵੱਢਣ ਦੇ 21.89 ਲੱਖ ਮਾਮਲੇ ਸਨ ਅਤੇ ਸਾਲ 2024 ਵਿਚ ਇਹ ਅੰਕੜਾ ਵਧ ਕੇ 37.15 ਲੱਖ ’ਤੇ ਪੁੱਜ ਗਿਆ ਸੀ ਅਤੇ ਇਹ ਲਗਾਤਾਰ ਵਧ ਰਿਹਾ ਹੈ।

ਸੁਪਰੀਮ ਕੋਰਟ ਨੇ ਅਵਾਰਾ ਕੁੱਤਿਆਂ ’ਤੇ ਕਾਬੂ ਪਾਉਣ ਲਈ ਦਿੱਤੀਆਂ ਹਦਾਇਤਾਂ ’ਤੇ ਸੂਬਾ ਸਰਕਾਰਾਂ ਵੱਲੋਂ ਵਰਤੀ ਜਾਂਦੀ ਢਿੱਲ ’ਤੇ ਚਿੰਤਾ ਪ੍ਰਗਟ ਕਰਦਿਆਂ ਕੁੱਤਿਆਂ ਦੇ ਵੱਢਣ ’ਤੇ ਹੋਣ ਵਾਲੀ ਹਰ ਮੌਤ ਅਤੇ ਜ਼ਖ਼ਮੀ ਨੂੰ ਮੁਆਵਜ਼ਾ ਦੇਣ ਲਈ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਸੀ। ਇਹ ਇਕ ਅਜਿਹਾ ਸੰਕਟ ਹੈ ਜੋ ਹਰ ਥਾਂ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਬਾਰੇ ਸੁਪਰੀਮ ਕੋਰਟ ਨੇ ਸਾਰੀਆਂ ਸਰਕਾਰਾਂ ਨੂੰ ਫਿਟਕਾਰਾਂ ਪਾਈਆਂ ਹਨ। ਇਕ ਸਰਵੇਖਣ ਅਨੁਸਾਰ ਸਾਲ 2020 ਵਿਚ ਕੁੱਤਿਆਂ ਦੇ ਵੱਢਣ ਦੇ 21.89 ਲੱਖ ਮਾਮਲੇ ਸਨ ਅਤੇ ਸਾਲ 2024 ਵਿਚ ਇਹ ਅੰਕੜਾ ਵਧ ਕੇ 37.15 ਲੱਖ ’ਤੇ ਪੁੱਜ ਗਿਆ ਸੀ ਅਤੇ ਇਹ ਲਗਾਤਾਰ ਵਧ ਰਿਹਾ ਹੈ।
ਇੰਜ ਲੱਗ ਰਿਹਾ ਹੈ ਕਿ ਸੁਪਰੀਮ ਕੋਰਟ ਵੀ ਕੇਂਦਰ ਸ਼ਾਸਿਤ ਰਾਜਾਂ ਅਤੇ ਸੂਬਾ ਸਰਕਾਰਾਂ ਨੂੰ ਅਵਾਰਾ ਕੁੱਤਿਆਂ ’ਤੇ ਕਾਬੂ ਪਾਉਣ ਲਈ ਹਦਾਇਤਾਂ ਦੇ ਕੇ ਅੱਕ ਚੁੱਕੀ ਹੈ। ਇੰਨੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਸੂਬਾ ਸਰਕਾਰਾਂ, ਪ੍ਰਸ਼ਾਸਨਿਕ ਅਧਿਕਾਰੀ, ਨਗਰ ਨਿਗਮਾਂ, ਨਗਰ ਪ੍ਰੀਸ਼ਦਾਂ ਅਤੇ ਪੰਚਾਇਤਾਂ ਅਦਾਲਤ ਦੇ ਆਦੇਸ਼ਾਂ ਨੂੰ ਟਿੱਚ ਸਮਝ ਰਹੀਆਂ ਹਨ ਅਤੇ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ ਜਿਸ ਕਰਕੇ ਅਵਾਰਾ ਕੁੱਤਿਆਂ ਦੀ ਗਿਣਤੀ ਦਿਨੋ-ਦਿਨ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ ਜੋ ਹਰ ਭਾਰਤੀ ਲਈ ਚਿੰਤਾ ਦਾ ਵਿਸ਼ਾ ਹੈ। ਇਕ ਡਾਕਟਰ ਨੇ ਆਪਣੇ ਘਰ ਕੁੱਤੇ ਪਾਲੇ ਹੋਏ ਸਨ ਅਤੇ ਘਰ ਦੇ ਬਾਹਰ ਬਣਾਏ ਸ਼ੈੱਡ ਵਿਚ 5-6 ਅਵਾਰਾ ਕੁੱਤੇ ਰਹਿੰਦੇ ਸਨ ਜਿਨ੍ਹਾਂ ਨੂੰ ਡਾਕਟਰ ਰੋਜ਼ਾਨਾ ਰੋਟੀ ਪਾਉਂਦਾ ਸੀ। ਬੀਤੀ 10 ਅਪ੍ਰੈਲ ਨੂੰ ਆਪਣੇ ਘਰ ਦੇ ਬਾਹਰ ਸੈਰ ਕਰ ਰਹੀ 42 ਸਾਲਾ ਮਹਿਲਾ ’ਤੇ ਇਕ ਦਰਜਨ ਕੁੱਤਿਆਂ ਨੇ ਹਮਲਾ ਕਰ ਕੇ ਉਸ ਨੂੰ ਲਹੂ-ਲੁਹਾਣ ਕਰ ਦਿੱਤਾ। ਇਸ ਤੋਂ 32 ਦਿਨਾਂ ਬਾਅਦ ਪੁਲਿਸ ਨੇ ਕੁੱਤਿਆਂ ਨੂੰ ਪਾਲਣ ਵਾਲੇ ਡਾਕਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਸੁਲਤਾਨਪੁਰ ਲੋਧੀ ਦੇ ਪਿੰਡ ਗਿੱਲਾਂ ਵਿਚ ਅਵਾਰਾ ਕੁੱਤਿਆਂ ਨੇ ਇਕ 8 ਸਾਲਾ ਬੱਚੀ ਨੂੰ ਇੰਨੀ ਬੁਰੀ ਤਰ੍ਹਾਂ ਨੋਚ ਕੇ ਖਾਧਾ ਕਿ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੰਗਰੂਰ ਦੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨਾਲ ਲੱਗਦੀ ਬਸਤੀ ’ਚ ਘਰ ਤੋਂ ਦੁਕਾਨ ਸਾਮਾਨ ਲੈਣ ਜਾ ਰਹੀ 6 ਸਾਲਾ ਬੱਚੀ ’ਤੇ ਅੱਧੀ ਦਰਜਨ ਕੁੱਤਿਆਂ ਨੇ ਹਮਲਾ ਕਰ ਦਿੱਤਾ। ਗੁਰਦਾਸਪੁਰ ਦੇ ਹਲਕਾ ਧਾਲੀਵਾਲ ’ਚ 2 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਇਸੇ ਤਰ੍ਹਾਂ ਖਮਾਣੋਂ ਦੇ ਨੇੜਲੇ ਪਿੰਡ ਲਖਨਪੁਰ ਵਿਚ ਅਵਾਰਾ ਕੁੱਤਿਆਂ ਨੇ ਪਰਵਾਸੀ ਮਜ਼ਦੂਰ ਦੀ 3 ਸਾਲਾ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬੱਸੀ ਪਠਾਣਾਂ ਦੇ ਸ਼ਹੀਦਗੜ੍ਹ ਨੇੜੇ ਅਵਾਰਾ ਕੁੱਤੇ ਦੇ ਅੱਗੇ ਆ ਜਾਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਗਈ ਤੇ ਹਸਪਤਾਲ ਲਿਜਾਂਦੇ ਸਮੇਂ ਦੋ ਵਿਅਕਤੀਆਂ ਦੀ ਮੌਤ ਹੋ ਗਈ। ਫਿਰੋਜ਼ਪੁਰ ਦੇ ਪਿੰਡ ਸਾਬੂਆਣਾ ਦੇ ਇਕ 22 ਸਾਲਾ ਨੌਜਵਾਨ ਮਹਿਕਦੀਪ ਸਿੰਘ ਦੀ ਆਪਣੇ ਹੀ ਪਾਲਤੂ ਕੁੱਤੇ ਦੇ ਕੱਟਣ ਨਾਲ ਹਲਕਾਅ ਹੋ ਜਾਣ ਕਾਰਨ ਮੌਤ ਹੋ ਗਈ। ਹਲਕਾ ਘਨੌਰ ਦੇ ਪਿੰਡ ਸੋਨੋਮਾਜਰਾ ਵਿਚ ਅਵਾਰਾ ਕੁੱਤਿਆਂ ਨੇ ਹਮਲਾ ਕਰ ਕੇ 6 ਮਾਸੂਮ ਬੱਚਿਆਂ ਅਤੇ 1 ਔਰਤ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪੀੜਤ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਹਸਪਤਾਲ ਵਿਚ ਕੁੱਤੇ ਦੇ ਵੱਢਣ ਤੋਂ ਬਚਾਅ ਵਾਲਾ ਟੀਕਾ ਉਪਲਬਧ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਲਗਪਗ 2700/- ਰੁਪਏ ਪ੍ਰਤੀ ਟੀਕਾ ਬਾਹਰੋਂ ਮੰਗਵਾਉਣ ਲਈ ਕਿਹਾ ਗਿਆ। ਇੰਨੀ ਮੋਟੀ ਕੀਮਤ ਵਾਲਾ ਟੀਕਾ ਮੁੱਲ ਲੈ ਕੇ ਲਗਵਾਇਆ। ਹਲਕਾ ਉੜਮੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਖਰਲ ਖੁਰਦ ’ਚ ਇਕ 8 ਸਾਲਾ ਬੱਚੀ ਸਲੋਨੀ ਪੁੱਤਰੀ ਪਿਆਰੇ ਲਾਲ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਜਿਸ ਕਾਰਨ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਠਾਰਾਂ ਮਈ ਨੂੰ ਇਕ ਬਹੁਤ ਹੀ ਦਿਲ ਕੰਬਾਊ ਘਟਨਾ ਸਮਰਾਲਾ ਸ਼ਹਿਰ ਦੇ ਬੌਂਦਲ ਰੋਡ ਉੱਤੇ ਵਾਪਰੀ ਜਿਸ ਵਿਚ ਅਵਾਰਾ ਕੁੱਤਿਆਂ ਨੇ ਇਕ 5 ਸਾਲਾ ਬੱਚੇ ’ਤੇ ਹਮਲਾ ਕਰ ਦਿੱਤਾ। ਬੱਚੇ ਦੇ ਪਿਤਾ ਪਰਵਾਸੀ ਮਜ਼ਦੂਰ ਸ਼ਿਵਾ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਖੇਤਾਂ ਵਿਚ ਪਾਣੀ ਪੀਣ ਗਿਆ ਸੀ ਤਾਂ ਅਵਾਰਾ ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਲੁਧਿਆਣਾ ਨਾਲ ਸਬੰਧਤ ਰਿਆਸ਼ਦੀਪ ਸਿੰਘ ਉਮਰ 6 ਸਾਲ ਆਪਣੇ ਛੋਟੀ ਭੈਣ, ਮਾਤਾ ਪਿਤਾ ਅਤੇ ਦਾਦੀ ਨਾਲ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਮੋਰਿੰਡਾ ਦੇ ਨਾਲ ਲੱਗਦੇ ਪਿੰਡ ਗਿਆ ਸੀ। ਜਦੋਂ ਰਿਆਸ਼ਦੀਪ ਸਿੰਘ ਗੱਡੀ ਤੋਂ ਬਾਹਰ ਨਿਕਲਿਆ ਤਾਂ ਘਰ ਵਿਚ ਰੱਖੇ ਪਾਲਤੂ ਕੁੱਤੇ ਨੇ ਉਸ ’ਤੇ ਇਕਦਮ ਹਮਲਾ ਕਰ ਦਿੱਤਾ। ਕੁੱਤੇ ਨੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਫੜਿਆ ਹੋਇਆ ਸੀ ਕਿ ਪਰਿਵਾਰ ਨੂੰ ਉਸ ਤੋਂ ਰਿਆਸ਼ਦੀਪ ਨੂੰ ਛੁਡਵਾਉਣਾ ਵੀ ਬਹੁਤ ਮੁਸ਼ਕਲ ਹੋ ਗਿਆ ਸੀ। ਸਿੱਟਾ ਇਹੀ ਨਿਕਲਦਾ ਹੈ ਕਿ ਸੁਪਰੀਮ ਕੋਰਟ ਵੱਲੋਂ ਦਿੱਤੀਆਂ ਹਦਾਇਤਾਂ ਦੇ ਬਾਵਜੂਦ ਉਨ੍ਹਾਂ ’ਤੇ ਸਰਕਾਰਾਂ ਤੇ ਸਰਕਾਰੀ ਅਧਿਕਾਰੀ ਅਮਲ ਨਹੀਂ ਕਰਦੇ। ਸੁਪਰੀਮ ਕੋਰਟ ਨੂੰ ਸਰਕਾਰਾਂ ਅਤੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ’ਤੇ ਸਖ਼ਤੀ ਵਰਤਣੀ ਚਾਹੀਦੀ ਹੈ ਤੇ ਜਿਸ ਇਲਾਕੇ ’ਚ ਜ਼ਿਆਦਾ ਵਾਰਦਾਤਾਂ ਹੁੰਦੀਆਂ ਹਨ, ਉਸ ਸ਼ਹਿਰ ਵਿਚ ਸਬੰਧਤ ਅਧਿਕਾਰੀਆਂ ਅਤੇ ਪਿੰਡਾਂ ਵਿਚ ਪੰਚਾਇਤਾਂ ਨੂੰ ਤੁਰੰਤ ਸਜ਼ਾ ਦੇ ਕੇ ਜੁਰਮਾਨੇ ਕਰਨੇ ਚਾਹੀਦੇ ਹਨ ਅਤੇ ਉਹ ਰਕਮ ਅਵਾਰਾ ਕੁੱਤਿਆਂ ਦੇ ਪੀੜਤਾਂ/ ਜ਼ਖ਼ਮੀਆਂ ’ਤੇ ਖ਼ਰਚਣੀ ਚਾਹੀਦੀ ਹੈ।
-ਜਤਿੰਦਰ ਸਿੰਘ ‘ਸੂਫੀ’ ਪਮਾਲ।
-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ)।
-ਮੋਬਾਈਲ : 98156-73477