ਕੰਪਿਊਟਰ ਸਾਖਰਤਾ ਦੀ ਮਹੱਤਤਾ ਦਿਨ-ਬ-ਦਿਨ ਵਧ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਕੰਪਿਊਟਰ ਸਾਖਰ ਬਣਾਉਣਾ ਜ਼ਰੂਰੀ ਹੋ ਗਿਆ ਹੈ। ਇਸ ਲਿਹਾਜ਼ ਨਾਲ ਜੇਕਰ ਅੱਜ ਦੇ ਯੁੱਗ ਨੂੰ ‘ਕੰਪਿਊਟਰ ਦਾ ਯੁੱਗ’ ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਿੱਖਿਆ ਤੋਂ ਲੈ ਕੇ ਸਿਹਤ ਤੱਕ, ਵਪਾਰ ਤੋਂ ਲੈ ਕੇ ਮਨੋਰੰਜਨ ਤੱਕ ਅਤੇ ਆਵਾਜਾਈ ਤੋਂ ਲੈ ਕੇ ਖੋਜ ਵਿਗਿਆਨ ਤੱਕ, ਲਗਪਗ ਹਰ ਖੇਤਰ ਵਿਚ ਕੰਪਿਊਟਰ ਨੇ ਆਪਣੀ ਉਪਯੋਗਤਾ ਸਾਬਿਤ ਕੀਤੀ ਹੈ। ਅੱਜ ਅਸੀਂ ਕੰਪਿਊਟਰ ਤੋਂ ਬਿਨਾਂ ਆਪਣੀ ਤਕਨਾਲੋਜੀ ਦੇ ਵਿਕਾਸ ਦੀ ਕਲਪਨਾ ਵੀ ਨਹੀਂ ਕਰ ਸਕਦੇ।

.jpg)
-ਜਗਜੀਤ ਸਿੰਘ ਗਣੇਸ਼ਪੁਰ
ਕੰਪਿਊਟਰ ਸਾਖਰਤਾ ਦੀ ਮਹੱਤਤਾ ਦਿਨ-ਬ-ਦਿਨ ਵਧ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਕੰਪਿਊਟਰ ਸਾਖਰ ਬਣਾਉਣਾ ਜ਼ਰੂਰੀ ਹੋ ਗਿਆ ਹੈ। ਇਸ ਲਿਹਾਜ਼ ਨਾਲ ਜੇਕਰ ਅੱਜ ਦੇ ਯੁੱਗ ਨੂੰ ‘ਕੰਪਿਊਟਰ ਦਾ ਯੁੱਗ’ ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਿੱਖਿਆ ਤੋਂ ਲੈ ਕੇ ਸਿਹਤ ਤੱਕ, ਵਪਾਰ ਤੋਂ ਲੈ ਕੇ ਮਨੋਰੰਜਨ ਤੱਕ ਅਤੇ ਆਵਾਜਾਈ ਤੋਂ ਲੈ ਕੇ ਖੋਜ ਵਿਗਿਆਨ ਤੱਕ, ਲਗਪਗ ਹਰ ਖੇਤਰ ਵਿਚ ਕੰਪਿਊਟਰ ਨੇ ਆਪਣੀ ਉਪਯੋਗਤਾ ਸਾਬਿਤ ਕੀਤੀ ਹੈ। ਅੱਜ ਅਸੀਂ ਕੰਪਿਊਟਰ ਤੋਂ ਬਿਨਾਂ ਆਪਣੀ ਤਕਨਾਲੋਜੀ ਦੇ ਵਿਕਾਸ ਦੀ ਕਲਪਨਾ ਵੀ ਨਹੀਂ ਕਰ ਸਕਦੇ।
ਮੌਜੂਦਾ ਸਿੱਖਿਆ ਪ੍ਰਣਾਲੀ ਅਤੇ ਵਿਸ਼ਵੀਕਰਨ ਦੇ ਇਸ ਦੌਰ ਵਿਚ ਕੰਪਿਊਟਰ ਵਿਸ਼ੇ ਦੀ ਮਹੱਤਤਾ ਨੂੰ ਸਮਝਦੇ ਹੋਏ ਹਰ ਸਾਲ ਕੰਪਿਊਟਰ ਸਾਖਰਤਾ ਦਿਵਸ 2 ਦਸੰਬਰ ਨੂੰ ਪੂਰੀ ਦੁਨੀਆ ਵਿਚ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਭਾਰਤੀ ਕੰਪਿਊਟਰ ਕੰਪਨੀ (ਨਿਟ- ਨੈਸ਼ਨਲ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ) ਵੱਲੋਂ ਸਾਲ 2001 ਵਿਚ ਕੀਤੀ ਗਈ ਸੀ। ‘ਨਿਟ’ ਦਾ ਇਸ ਦਿਨ ਨੂੰ ਮਨਾਉਣ ਦਾ ਮਕਸਦ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਕੰਪਿਊਟਰ ਇਕ ਲਾਤੀਨੀ ਸ਼ਬਦ ਹੈ ਜਿਸ ਦਾ ਅਰਥ ਹੈ ‘ਹਿਸਾਬ ਲਗਾਉਣਾ’, ਗਿਣਨਾ’, ‘ਸੰਖੇਪ ਵਿਚ ਜੋੜਨਾ’ ਜਾਂ ‘ਇਕੱਠੇ ਸੋਚਣਾ’। ਵਧੇਰੇ ਸਪਸ਼ਟ ਤੌਰ ’ਤੇ ਕੰਪਿਊਟਰ ਸ਼ਬਦ ਦਾ ਅਰਥ ਹੈ ਇਕ ‘ਉਪਕਰਨ ਜੋ ਗਣਨਾ ਕਰਦਾ ਹੈ’। ਇਕ ਕੰਪਿਊਟਰ ਸਿਸਟਮ ਇਕ ‘ਪੂਰਾ’ ਕੰਪਿਊਟਰ ਹੁੰਦਾ ਹੈ ਜਿਸ ਵਿਚ ਹਾਰਡਵੇਅਰ, ਆਪਰੇਟਿੰਗ ਸਿਸਟਮ (ਮੁੱਖ ਸਾਫਟਵੇਅਰ) ਅਤੇ ਪੈਰੀਫਿਰਲ ਉਪਕਰਨ (ਮਾਊਸ, ਕੀਬੋਰਡ, ਪਿ੍ਰੰਟਰ ਆਦਿ) ਸ਼ਾਮਲ ਹੁੰਦੇ ਹਨ ਜੋ ਕਿ ਸੰਪੂਰਨ ਸੰਚਾਲਨ ਲਈ ਵਰਤੇ ਜਾਂਦੇ ਹਨ। ਚਾਰਲਸ ਬੈਬੇਜ਼’ ਜਿਸ ਨੂੰ ‘ਕੰਪਿਊਟਰ ਦਾ ਪਿਤਾਮਾ’ ਕਿਹਾ ਜਾਂਦਾ ਹੈ, ਨੇ ਸੰਸਾਰ ਦਾ ਪਹਿਲਾ ਮਕੈਨੀਕਲ ਕੰਪਿਊਟਰ ‘ਡਿਫਿਰਸ ਇੰਜਨ’ ਈਜਾਦ ਕੀਤਾ ਸੀ। ਡਿਫਿਰਸ ਇੰਜਨ ਤੋਂ ਸ਼ੁਰੂ ਹੋਇਆ ਇਹ ਸਫ਼ਰ ਮੌਜੂਦਾ ਸਮੇਂ ਦੇ ਸੁਪਰ ਕੰਪਿਊਟਰ ਤੱਕ ਆ ਪਹੁੰਚਿਆ ਹੈ ਅਤੇ ਭਵਿੱਖ ਵਿਚ ਇਸ ਦੇ ਜਿਹੜੇ ਰੂਪ ਸਾਡੇ ਸਾਹਮਣੇ ਆਉਣਗੇ, ਸ਼ਾਇਦ ਉਹ ਸਾਡੀ ਕਲਪਨਾ ਤੋਂ ਵੀ ਪਰੇ ਹੋਣਗੇ।
ਕੰਪਿਊਟਰ ਸਾਖਰਤਾ ਕੰਪਿਊਟਰ ਨੂੰ ਕੁਸ਼ਲਤਾ ਅਤੇ ਪ੍ਰਭਾਵੀ ਢੰਗ ਨਾਲ ਵਰਤਣ ਦੀ ਯੋਗਤਾ ਜਾਂ ਗਿਆਨ ਹੈ। ਕੰਪਿਊਟਰ ਸਿੱਖਿਆ ਨੂੰ ਦੋ ਮੁੱਖ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ : ਬੇਸਿਕ (ਬੁਨਿਆਦੀ) ਕੰਪਿਊਟਰ ਸਿੱਖਿਆ ਅਤੇ ਐਡਵਾਂਸਡ (ਉੱਨਤ) ਕੰਪਿਊਟਰ ਸਿੱਖਿਆ। ਬੇਸਿਕ ਕੰਪਿਊਟਰ ਐਜੂਕੇਸ਼ਨ : ਬੁਨਿਆਦੀ ਕੰਪਿਊਟਰ ਐਜੂਕੇਸ਼ਨ ਕੰਪਿਊਟਰ ਦੇ ਮੁੱਢਲੇ ਗਿਆਨ ਤੱਕ ਸੀਮਤ ਹੈ ਜਿਵੇਂ ਕਿ ਹਾਰਡਵੇਅਰ, ਸਾਫਟਵੇਅਰ, ਆਪਰੇਟਿੰਗ ਸਿਸਟਮ ਅਤੇ ਇੰਟਰਨੈੱਟ ਦੀ ਵਰਤੋਂ। ਆਮ ਵਰਤੋਂ ਵਾਲੇ ਸਾਫਟਵੇਅਰ ਕਿਵੇਂ ਵਰਤਣੇ ਜਿਵੇਂ ਕਿ ਵਰਡ ਪ੍ਰੋਸੈਸਰ, ਸਪ੍ਰੈਡਸ਼ੀਟ ਅਤੇ ਪੇਸ਼ਕਾਰੀ ਸਾਫਟਵੇਅਰ ਆਦਿ। ਕੰਪਿਊਟਰ ਦੀ ਵਰਤੋਂ ਕਰ ਕੇ ਅਸੀਂ ਦਸਤਾਵੇਜ਼ ਬਣਾ/ਸੋਧ ਸਕਦੇ ਹਾਂ, ਈਮੇਲ ਭੇਜ/ਪ੍ਰਾਪਤ ਕਰ ਸਕਦੇ ਹਾਂ, ਇੰਟਰਨੈੱਟ ’ਤੇ ਜਾਣਕਾਰੀ ਬ੍ਰਾਊਜ਼ ਕਰ ਸਕਦੇ ਹਾਂ। ਵਰਤਮਾਨ ਸਮੇਂ ਮਾਊਸ ਦੇ ਇਕ ਕਲਿੱਕ ਨਾਲ ਵਿਦਿਆਰਥੀ ਗਿਆਨ ਰੂਪੀ ਸਮੁੰਦਰ ਵਿਚ ਚੁੱਭੀ ਲਾ ਸਕਦੇ ਹਨ ਜੋ ਕਿ ਪੁਰਾਤਨ ਸਮਿਆਂ ਅੰਦਰ ਸੰਭਵ ਨਹੀਂ ਸੀ। ਕੰਪਿਊਟਰ ਅਤੇ ਇੰਟਰਨੈੱਟ ਨੇ ਜੋ ਗਿਆਨ ਪਸਾਰ ਦੇ ਰਾਹ ਖੋਲ੍ਹੇ ਹਨ, ਉਸ ਨਾਲ ਵਿਦਿਆਰਥੀ ਵਰਗ ਬਹੁਤ ਉਤਸ਼ਾਹਤ ਹੈ। ਓਧਰ ਐਡਵਾਂਸਡ ਕੰਪਿਊਟਰ ਐਜੂਕੇਸ਼ਨ ਕੰਪਿਊਟਰ ਸਾਇੰਸ ਦੇ ਖ਼ਾਸ ਖੇਤਰਾਂ ਜਿਵੇਂ ਕਿ ਪ੍ਰੋਗਰਾਮਿੰਗ, ਨੈੱਟਵਰਕਿੰਗ ਅਤੇ ਸੁਰੱਖਿਆ ’ਤੇ ਕੇਂਦਰਿਤ ਹੈ। ਇਸ ਤੋਂ ਭਾਵ ਹੈ ਸਾਫਟਵੇਅਰ ਐਪਲੀਕੇਸ਼ਨਾਂ ਨੂੰ ਵਿਕਸਤ ਕਰਨਾ, ਕੰਪਿਊਟਰ ਨੈੱਟਵਰਕਾਂ ਨੂੰ ਡਿਜ਼ਾਈਨ ਕਰਨਾ ਅਤੇ ਲਾਗੂ ਕਰਨਾ ਆਦਿ। ਅੱਜ ਦੇ ਸਮੇਂ ਸ਼ਾਇਦ ਹੀ ਕੋਈ ਅਜਿਹਾ ਪੇਸ਼ਾ ਹੋਵੇਗਾ ਜਿਸ ਵਿਚ ਕੰਪਿਊਟਰ ਦੀ ਵਰਤੋਂ ਨਾ ਹੋ ਰਹੀ ਹੋਵੇ। ਦਾਖ਼ਲਾ, ਪ੍ਰਵੇਸ਼ ਪ੍ਰੀਖਿਆਵਾਂ ਆਨਲਾਈਨ ਹੋ ਰਹੀਆਂ ਹਨ। ਇਸ ਲਈ ਕੰਪਿਊਟਰ ਗਿਆਨ ਤਾਂ ਹਰ ਕਿਸੇ ਲਈ ਲਾਜ਼ਮੀ ਹੁੰਦਾ ਜਾ ਰਿਹਾ ਹੈ। ਵੱਡੀਆਂ-ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਵਿਚ ਇਸ ਸਮੇਂ ਸੂਚਨਾ ਤਕਨੀਕ ਨਾਲ ਸਬੰਧਤ ਕੰਪਨੀਆਂ ਦੀ ਸਰਦਾਰੀ ਹੈ। ਕੰਪਿਊਟਰ ਖੇਤਰ ਵਿਚ ਕੰਪਿਊਟਰ ਪ੍ਰੋਗਰਾਮਰ, ਐਪਲੀਕੇਸ਼ਨ ਡਿਵੈਲਪਰ, ਡਾਟਾ ਵਿਸ਼ਲੇਸ਼ਕ, ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ), ਇੰਜੀਨੀਅਰ, ਸਾਈਬਰ ਸੁਰੱਖਿਆ ਵਿਸ਼ਲੇਸ਼ਕ, ਗੇਮ ਡਿਵੈਲਪਰ, ਮਸ਼ੀਨ ਲਰਨਿੰਗ ਇੰਜੀਨੀਅਰ, ਨੈੱਟਵਰਕ ਇੰਜੀਨੀਅਰ, ਵੈੱਬ ਡਿਜ਼ਾਈਨਰ, ਐਪਲੀਕੇਸ਼ਨ ਡਿਜ਼ਾਈਨਰ, ਡਾਟਾ ਪ੍ਰਬੰਧਕ, ਸਾਫਟਵੇਅਰ ਟੈਸਟਰ, ਨੈੱਟਵਰਕ ਪ੍ਰਬੰਧਕ, ਪ੍ਰਾਜੈਕਟ ਮੈਨੇਜਰ, ਹਾਰਡਵੇਅਰ ਇੰਜੀਨੀਅਰ ਆਦਿ ਮਾਹਿਰ ਵਿਅਕਤੀਆਂ ਦੀ ਹਮੇਸ਼ਾ ਭਾਰੀ ਮੰਗ ਬਣੀ ਰਹਿੰਦੀ ਹੈ।
ਪੰਚਾਇਤ ਦੇ ਕੰਮਕਾਰ ਤੋਂ ਲੈ ਕੇ ਉੱਚ ਪੱਧਰੀ ਦਫ਼ਤਰਾਂ ਅਤੇ ਸਰਕਾਰੀ ਯੋਜਨਾਵਾਂ ਨੂੰ ਈ-ਗਵਰਨੈਂਸ ਰਾਹੀਂ ਆਮ ਲੁਕਾਈ ਤੱਕ ਕੰਪਿਊਟਰ ਗਿਆਨ ਰਾਹੀਂ ਹੀ ਪਹੁੰਚਾਇਆ ਜਾ ਸਕਦਾ ਹੈ। ਕੰਪਿਊਟਰ ਸਾਖਰਤਾ ਵਿਸ਼ਵ ਔਸਤ ਜਿਵੇਂ ਕਿ ‘ਵਰਲਡ ਇਕਨਾਮਿਕ ਫੋਰਮ’ ਦੁਆਰਾ ਨਿਰਧਾਰਤ ਕੀਤਾ ਗਿਆ ਹੈ, ਨੇ ਪਾਇਆ ਕਿ ਸੰਸਾਰ ਦੇ ਮੂਹਰਲੀ ਕਤਾਰ ਦੇ ਦੇਸ਼ਾਂ ਦਾ ਆਰਥਿਕ ਸਹਿਯੋਗ ਅਤੇ ਵਿਕਾਸ ਲਈ ਸੰਗਠਨ ਦੇ ਦੇਸ਼ ਇੰਨੇ ਕੰਪਿਊਟਰ ਸਾਖਰ ਨਹੀਂ ਹਨ ਜਿੰਨਾ ਕਿ ਕੋਈ ਉਮੀਦ ਕਰਦਾ ਹੈ। ਉਨ੍ਹਾਂ ’ਚ ਪੱਚੀ ਫ਼ੀਸਦ ਲੋਕ ਕੰਪਿਊਟਰ ਦੀ ਵਰਤੋਂ ਕਰਨਾ ਨਹੀਂ ਜਾਣਦੇ ਹਨ, ਘੱਟੋ-ਘੱਟ 45 ਫ਼ੀਸਦ ਦੀ ਦਰ ਮਾੜੀ ਹੈ ਅਤੇ ਸਿਰਫ਼ 30 ਪ੍ਰਤੀਸ਼ਤ ਔਸਤਨ ਤੋਂ ਮਜ਼ਬੂਤ ਯੋਗਤਾ ਰੱਖਦੇ ਹਨ। ਉੱਥੇ ਹੀ ਸਾਡੇ ਦੇਸ਼ ’ਚ ਇਕ ਰਿਪੋਰਟ ਅਨੁਸਾਰ 15-29 ਸਾਲ ਦੀ ਉਮਰ ਸਮੂਹ ਵਿਚ ਸਰਵੇਖਣ ਕੀਤੇ ਗਏ 40 ਫ਼ੀਸਦੀ ਤੋਂ ਵੱਧ ਭਾਰਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਪਿਊਟਰ ’ਤੇ ਫਾਈਲਾਂ ਨੂੰ ਸੰਭਾਲਣ ਦਾ ਮੁੱਢਲਾ ਹੁਨਰ ਹੈ। ਹੁਨਰ ਦਾ ਮੁਸ਼ਕਲ ਪੱਧਰ ਵਧਣ ਨਾਲ ਯੋਗਤਾਵਾਂ ਵਿਚ ਗਿਰਾਵਟ ਆਈ। ਇਸ ਸਰਵੇਖਣ ਵਿਚ ਇਹ ਵੀ ਸਾਹਮਣੇ ਆਇਆ ਕਿ ਸਿਰਫ 2.5 ਫ਼ੀਸਦੀ ਤੋਂ ਘੱਟ ਲੋਕਾਂ ਨੇ ਕਿਹਾ ਕਿ ਉਹ ਇਕ ਪ੍ਰੋਗਰਾਮਿੰਗ ਭਾਸ਼ਾ ਦੀ ਵਰਤੋਂ ਕਰ ਸਕਦੇ ਹਨ।
ਸੰਸਾਰੀਕਰਨ ਦੇ ਇਸ ਦੌਰ ਵਿਚ ਸਿੱਖਿਆ ਦੇ ਹਾਣੀ ਬਣਨਾ ਕੰਪਿਊਟਰ ਸਿੱਖਿਆ ਤੋਂ ਬਗੈਰ ਸੰਭਵ ਹੀ ਨਹੀਂ। ਪੰਜਾਬ ਸਰਕਾਰ ਨੇ ਇਸ ਹੀ ਲੋੜ ਨੂੰ ਵਾਜਿਬ ਸਮਝਦਿਆਂ ਸਾਲ 2005 ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਕੰਪਿਊਟਰ ਸਿੱਖਿਆ ਆਰੰਭ ਕਰਵਾਈ ਸੀ ਜਿਸ ਦੀ ਹਰ ਪਾਸਿਓਂ ਸ਼ਲਾਘਾ ਹੋਈ ਸੀ ਪਰ ਸਮਾਂ ਗੁਜ਼ਰਨ ਦੇ ਨਾਲ ਇਸ ਵਿਚ ਹੋਰ ਸੁਧਾਰ ਦੀ ਲੋੜ ਹੈ। ਕੰਪਿਊਟਰ ਮਸ਼ੀਨ ਵਿਚ ਕੋਈ ਵੀ ਨੁਕਸ ਪੈਣ ’ਤੇ ਉਸ ਨੂੰ ਠੀਕ ਕਰਨ ਵਾਲੀਆਂ ਕੰਪਨੀਆਂ ਨਾਲ ਸਰਕਾਰ ਦਾ ਇਕਰਾਰ ਖ਼ਤਮ ਹੋ ਚੁੱਕਾ ਹੈ ਅਤੇ ਸਕੂਲਾਂ ਕੋਲ ਸੀਮਤ ਫੰਡ ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਵਿਚ ਮੁਸ਼ਕਲ ਆ ਰਹੀ ਹੈ। ਕੰਪਿਊਟਰ ਸਿੱਖਿਆ ਕਾਰਨ ਹੀ ਕੋਵਿਡ ਮਹਾਮਾਰੀ ਦੇ ਔਖੇ ਸਮੇਂ ਵਿਚ ਘਰ ਬੈਠੇ ਵਿਦਿਆਰਥੀਆਂ ਨਾਲ ਆਨਲਾਈਨ ਜਮਾਤਾਂ ਲਗਵਾਉਣਾ ਤੇ ਆਨਲਾਈਨ ਟੈਸਟ ਲੈਣਾ ਸੰਭਵ ਹੋਇਆ ਸੀ। ਕੰਪਿਊਟਰ ਸਿੱਖਿਆ ਦੇਣ ਵਾਲੇ ਕੰਪਿਊਟਰ ਅਧਿਆਪਕ ਵੀ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ। ਪਰੰਤੂ ਹਰ ਸਰਕਾਰ ਨੇ ਉਨ੍ਹਾਂ ਲਈ ਲਾਰੇ-ਲੱਪਿਆਂ ਵਾਲੀ ਨੀਤੀ ਹੀ ਅਪਣਾਈ ਹੋਈ ਹੈ। ਮੌਜੂਦਾ ਸਰਕਾਰ ਵੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਹੀ ਕਰ ਰਹੀ ਹੈ। ਪਿਛਲੇ ਸਾਲ ਦੀਵਾਲੀ ’ਤੇ ਐਲਾਨ ਕੀਤਾ ਤੋਹਫ਼ਾ ਜਿਸ ਵਿਚ ਛੇਵਾਂ ਪੇਅ ਕਮਿਸ਼ਨ ਅਤੇ ਪੰਜਾਬ ਸਿਵਲ ਸਰਵਿਸ ਰੂਲਜ਼ ਲਾਗੂ ਕਰਨਾ ਸ਼ਾਮਲ ਸੀ, ਉਹ ਵੀ ਇਨ੍ਹਾਂ ਨੂੰ ਅੱਜ ਤੱਕ ਨਸੀਬ ਨਹੀਂ ਹੋਇਆ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕਰੇ ਤਾਂ ਜੋ ਉਹ ਵੀ ਸਵੈਮਾਣ ਨਾਲ ਆਪਣੀਆਂ ਸੇਵਾਵਾਂ ਨਿਭਾ ਸਕਣ।
ਕੰਪਿਊਟਰ ਸਿੱਖਿਆ ਰਾਹੀਂ ਹੀ ਵਿਦਿਆਰਥੀ ਹੋਰ ਵਿਸ਼ੇ ਵਿਚ ਵੀ ਪਰਪੱਕ ਹੋ ਸਕਦੇ ਹਨ। ਉਦਾਹਰਨ ਦੇ ਤੌਰ ’ਤੇ ਆਨਲਾਈਨ ਲਾਇਬ੍ਰੇਰੀ, ਵਰਚੂਅਲ ਲੈਬ, ਯੂਟਿਊਬ ਚੈਨਲ, ਆਨਲਾਈਨ ਟਿਊਟਰ ਆਦਿ ਜਿਹੀਆਂ ਸੁਵਿਧਾਵਾਂ ਸੂਚਨਾ ਤਕਨੀਕ ਦੀ ਜਾਣਕਾਰੀ ਰੱਖਣ ਵਾਲਾ ਵਿਦਿਆਰਥੀ ਹੀ ਪ੍ਰਾਪਤ ਕਰ ਸਕਦਾ ਹੈ। ਸੂਚਨਾ ਤਕਨੀਕ ਦੇ ਖੇਤਰ ਵਿਚ ਨਿਪੁੰਨ ਇੰਜੀਨੀਅਰਾਂ ਦੀ ਮੰਗ ਪੂਰੀ ਦੁਨੀਆ ਵਿਚ ਵਧ ਰਹੀ ਹੈ। ਕੰਪਿਊਟਰ ਕੋਡਿੰਗ ਬੱਚੇ ਦੇ ਦਿਮਾਗ ਦੀ ਹਰ ਇਕਾਈ ਨੂੰ ਪ੍ਰਫੁੱਲਤ ਕਰਨ ਵਿਚ ਮਦਦ ਕਰਦੀ ਹੈ। ਇਹ ਬੱਚਿਆਂ ਨੂੰ ਪ੍ਰੋਗਰਾਮ, ਐਪਲੀਕੇਸ਼ਨ ਵਿਕਸਤ ਕਰਨ, ਰੋਬੋਟਿਕਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਕੰਮ ਕਰਨ ਦੇ ਮੌਕੇ ਦੇ ਕੇ ਨਵੀਂ ਤਕਨਾਲੋਜੀ ਦੀ ਦੁਨੀਆ ਵਿਚ ਦਾਖ਼ਲ ਹੋਣ ਦੇ ਯੋਗ ਬਣਾਉਂਦੀ ਹੈ। ਕੰਪਿਊਟਰ, ਇੰਟਰਨੈੱਟ ਅਤੇ ਮਸਨੂਈ ਬੁੱਧੀ ਦਾ ਤਿ੍ਰਵੇਣੀ ਗਿਆਨ ਮੌਜੂਦਾ ਯੁੱਗ ’ਚ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ ਲਈ ਬੇਹੱਦ ਜ਼ਰੂਰੀ ਹੈ।
-ਮੋਬਾਈਲ : 94655-76022