ਐੱਮ.ਫ਼ਿਲ ਕਰ ਕੇ ਆਈ ਨੂੰ ਥੋੜ੍ਹੇ ਦਿਨ ਹੀ ਲੰਘੇ ਸਨ ਕਿ ਇਕ ਦਿਨ ਅਖ਼ਬਾਰ ’ਚ ਕਮਾਲਪੁਰਾ ਕਾਲਜ ਦਾ ਇਸ਼ਤਿਹਾਰ ਪੜ੍ਹਿਆ। ਮੈਂ ਇੰਟਰਵਿਊ ਦੇਣ ਦਾ ਮਨ ਬਣਾ ਲਿਆ। ਇਸ਼ਤਿਹਾਰ ਵਿਚ ਲੈਕਚਰਾਰ ਦੀ ਮੰਗ ਕੀਤੀ ਗਈ ਸੀ। ਇੱਛਾਵਾਂ ਦੀ ਉਡਾਣ ਨੂੰ ਪਰ ਲੱਗਦੇ ਦਿਖਾਈ ਦਿੱਤੇ। ਮੈਂ ਸੋਚਾਂ ’ਚ ਗੁਆਚੀ ਨੇ ਇਹ ਸੁਪਨਾ ਸੱਚ ਕਰਨ ਦੀ ਠਾਣ ਲਈ। ਵੈਸੇ ਵੀ ਲੈਕਚਰਾਰ ਤੇ ਪ੍ਰੋਫੈਸਰ ਬਣਨਾ ਮੇਰਾ ਸੁਪਨਾ ਹੀ ਸੀ।

ਲਖਵਿੰਦਰ ਕੌਰ ਸੰਧੂ
ਐੱਮ.ਫ਼ਿਲ ਕਰ ਕੇ ਆਈ ਨੂੰ ਥੋੜ੍ਹੇ ਦਿਨ ਹੀ ਲੰਘੇ ਸਨ ਕਿ ਇਕ ਦਿਨ ਅਖ਼ਬਾਰ ’ਚ ਕਮਾਲਪੁਰਾ ਕਾਲਜ ਦਾ ਇਸ਼ਤਿਹਾਰ ਪੜ੍ਹਿਆ। ਮੈਂ ਇੰਟਰਵਿਊ ਦੇਣ ਦਾ ਮਨ ਬਣਾ ਲਿਆ। ਇਸ਼ਤਿਹਾਰ ਵਿਚ ਲੈਕਚਰਾਰ ਦੀ ਮੰਗ ਕੀਤੀ ਗਈ ਸੀ। ਇੱਛਾਵਾਂ ਦੀ ਉਡਾਣ ਨੂੰ ਪਰ ਲੱਗਦੇ ਦਿਖਾਈ ਦਿੱਤੇ। ਮੈਂ ਸੋਚਾਂ ’ਚ ਗੁਆਚੀ ਨੇ ਇਹ ਸੁਪਨਾ ਸੱਚ ਕਰਨ ਦੀ ਠਾਣ ਲਈ। ਵੈਸੇ ਵੀ ਲੈਕਚਰਾਰ ਤੇ ਪ੍ਰੋਫੈਸਰ ਬਣਨਾ ਮੇਰਾ ਸੁਪਨਾ ਹੀ ਸੀ। ਬਸ ਫਿਰ ਇੰਟਰਵਿਊ ਦੇਣ ਦਾ ਦਿਨ ਆ ਗਿਆ। ਮੈਂ ਡੈਡੀ ਨੂੰ ਨਾਲ ਲੈ ਕੇ ਕਾਲਜ ਚਲੀ ਗਈ। ਅਸੀਂ ਦੋਵੇਂ ਪਿਓ-ਧੀ ਕਾਲਜ ਦੇ ਵੱਡੇ ਗੇਟ ਤੋਂ ਅੱਗੇ ਜਾ ਕੇ ਮੁੱਖ ਇਮਾਰਤ ਕੋਲ ਦਫ਼ਤਰ ਤੋਂ ਬਾਹਰ ਰੱਖੇ ਬੈਂਚ ’ਤੇ ਬੈਠ ਗਏ। ਉੱਥੇ ਪਹਿਲਾਂ ਹੀ ਤਿੰਨ-ਚਾਰ ਕੁੜੀਆਂ ਖੜ੍ਹੀਆਂ ਗੱਲਾਂ ਕਰ ਰਹੀਆਂ ਸਨ। ਉਨ੍ਹਾਂ ਦੀਆਂ ਗੱਲਾਂ ਤੋਂ ਅੰਦਾਜ਼ਾ ਲਾਇਆ ਕਿ ਉਹ ਬੀਏ ਫਾਈਨਲ ਦੀਆਂ ਵਿਦਿਆਰਥਣਾਂ ਸਨ। ਉਨ੍ਹਾਂ ਨੇ ਵੀ ਮੇਰੇ ਵੱਲ ਮੁਸਕਰਾ ਕੇ ਦਰਸ਼ਨੀ ਮੁਸਕਰਾਹਟ ਬਿਖ਼ੇਰੀ। ਸ਼ਾਇਦ ਉਹ ਅੰਦਾਜ਼ੇ ਲਾ ਰਹੀਆਂ ਸਨ ਕਿ ਮੈਂ ਉਨ੍ਹਾਂ ਦੀ ਸਹਿਪਾਠਣ ਬਣਨ ਆਈ ਹਾਂ। ਕਾਲਜ ਦੇ ਵਿਦਿਆਰਥੀਆਂ ਦੀ ਮੁਸਕਾਨ ਭਰੇ ਸਵਾਗਤ ਨੇ ਰੂਹ ਨਸ਼ਿਆ ਦਿੱਤੀ। ਮਨ ਬਾਗੋ-ਬਾਗ ਹੋ ਰਿਹਾ ਸੀ। ਨੌਕਰੀ ਮਿਲਣ ਤੋਂ ਪਹਿਲਾਂ ਹੀ ਖ਼ਿਆਲੀ ਬੁਣਤੀਆਂ ਬੁਣੀਆਂ ਜਾ ਰਹੀਆਂ ਸਨ। ਪਹਿਲੀ ਨੌਕਰੀ ਦਾ ਵਿਆਹ ਤੋਂ ਵਧੇਰੇ ਚਾਅ ਸੀ। ਉੱਪਰੋਂ ਆਪਣੇ ਤੋਂ ਥੋੜ੍ਹਾ ਚਿਰ ਛੋਟੀਆਂ ਕੁੜੀਆਂ ਨੂੰ ਪੜ੍ਹਾਉਣ ਦਾ ਚਾਅ...। ਆਵਾਜ਼ ਪਈ। ਸਰਟੀਫਿਕੇਟ, ਥੀਸਿਸ ਚੁੱਕ ਕੇ ਅੰਦਰ ਚਲੀ ਗਈ। ਜਾਂਦਿਆ ਹੀ ਸਤਿ ਸ੍ਰੀ ਅਕਾਲ ਬੁਲਾਈ। ਮਿੱਠੀ, ਕੋਮਲ ਜਿਹੀ ਆਵਾਜ਼ ’ਚ ਉਨ੍ਹਾਂ ਕਿਹਾ, ‘‘ਲਖਵਿੰਦਰ, ਬੈਠੋ ਜੀ!’’ ਮਨ ਆਦਰ, ਮਾਣ-ਸਤਿਕਾਰ ਨਾਲ ਗਦ-ਗਦ ਹੋ ਗਿਆ। ਬੌਸ ਦੀ ਕੁਰਸੀ ਦੇ ਨਾਲ ਵਾਲੀ ਕੁਰਸੀ ’ਤੇ ਬੈਠੇ ਲਿਆਕਤੀ ਚਿਹਰੇ ਦੀ ਮਹਿਮਾਨ-ਨਿਵਾਜ਼ੀ ਨੇ ਮੈਨੂੰ ਕੀਲ ਲਿਆ। ਦੋ-ਤਿੰਨ ਕੁਰਸੀਆਂ ’ਤੇ ਕਾਲਜ ਦੇ ਸੀਨੀਅਰ ਲੈਕਚਰਾਰ, ਨਾਲ ਹੀ ਸੋਫ਼ੇ ’ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ’ਤੇ ਹੋਰ ਸਰਪ੍ਰਸਤ ਬੈਠੇ ਸਨ। ਉਸ ਨੇ ਫਾਈਲ ਦੇ ਵਰਕੇ ਫਰੋਲਦਿਆਂ ਰਸਮੀ ਜਿਹੀਆਂ ਗੱਲਾਂ ਪੁੱਛੀਆਂ ਤੇ ਮੈਨੂੰ ਨਿਯੁਕਤ ਕਰ ਲਿਆ ਗਿਆ। ਕਿਸੇ ਦੀ ਆਵਾਜ਼ ਆਈ, ‘‘ਮੈਡਮ, ਲਖਵਿੰਦਰ ਨੂੰ ਅੱਜ ਹੀ ਕਲਾਸਾਂ ਦੇ ਦਿਉ।’’ ਮਨ ਸੋਚਣ ਲੱਗਾ ਹਾਏ! ਅੱਜ ਹੀ? ਮੈਂ ਬਾਹਰ ਆ ਕੇ ਡੈਡੀ ਨੂੰ ਦੱਸਿਆ। ਮੈਨੂੰ ਫਿਰ ਅੰਦਰ ਬੁਲਾ ਲਿਆ ਗਿਆ। ਅੰਦਰ ਵੜਦਿਆਂ ਹੀ ਅਰਜੁਨ ਦੀ ਮੱਛੀ ਵਾਲੀ ਅੱਖ ’ਚ ਨਿਸ਼ਾਨਾ ਲਾਉਣ ਵਾਂਗੂੰ ਮੇਰੀ ਨਜ਼ਰ ਸਿੱਧੀ ਉਸ ’ਤੇ ਹੀ ਜਾ ਟਿਕੀ। ਉਹ ਪਤਲੀ, ਲੰਮ-ਸਲੰਮੀ, ਸੋਹਣੀ-ਸੁਨੱਖੀ ਪੱਚੀ-ਛੱਬੀ ਸਾਲਾਂ ਦੀ ਮੁਟਿਆਰ ਮੇਰੇ ਵੱਲ ਆਈ ਤੇ ਕਿਹਾ, ‘‘ਆਜੋ ਲਖਵਿੰਦਰ, ਤੁਹਾਨੂੰ ਕਲਾਸਾਂ ਨਾਲ ਮਿਲਾਉਨੀ ਆਂ। ਤੁਸੀਂ ਅੱਜ ਦੋ ਪੀਰੀਅਡ ਲੈ ਲਵੋ, ਕੱਲ੍ਹ ਤੋਂ ਬਾਕਾਇਦਾ ਟਾਈਮ-ਟੇਬਲ ਸੈੱਟ ਕਰ ਦਿੱਤਾ ਜਾਵੇਗਾ।’’ ਉਹ ਬੋਲਦੀ ਗਈ ਤੇ ਮੈਂ ਬਸ ਇਕ ਟੱਕ ਉਹਨੂੰ ਵੇਖਦੀ-ਸੁਣਦੀ ਰਹੀ। ਉਹ ਸ਼ਾਇਦ ਪੰਜਾਬੀ ਦੇ ਸੀਨੀਅਰ ਲੈਕਚਰਾਰ ਸਨ, ਮੇਰਾ ਅੰਦਾਜ਼ਾ ਸੀ।
ਖ਼ੈਰ! ਅਗਲੇ ਦਿਨ ਪੂਰੀ ਤਿਆਰੀ ਨਾਲ ਬਣ-ਠਣ ਕੇ ਟੌਹਰ ਜਿਹੀ ਨਾਲ ਕਾਲਜ ਆਈ। ਕਲਰਕ ਕੋਲ ਦਸਤਖ਼ਤ ਕਰ ਕੇ ਆਫਿਸ ਜਾਣ ਦੀ ਤਾਕੀਦ ਹੋਈ, ‘‘ਪ੍ਰਿੰਸੀਪਲ ਮੈਡਮ ਬੁਲਾ ਰਹੇ ਨੇ।’’ ‘‘ਹੈਂ ਕੱਲ੍ਹ ਤਾਂ ਸਰ ਸੀ ਕੋਈ ਉੱਥੇ, ਅੱਜ ਮੈਡਮ?’’ ਇਹੀ ਸੋਚਦੀ ਮੈਂ ਅੰਦਰ ਗਈ। ਵੇਖਿਆ ਉਹ ਕੁੜੀ ਪ੍ਰਿੰਸੀਪਲ ਵਾਲੀ ਕੁਰਸੀ ’ਤੇ ਬੈਠੀ ਸੀ। ਉਨ੍ਹਾਂ ਨੇ ਮੇਰੇ ਮਨ ਦੀ ਗੱਲ ਪੜ੍ਹ ਲਈ। ਉਹ ਮੇਰੇ ਵੱਲ ਵੇਖ ਕੇ ਮੁਸਕਰਾ ਕੇ ਤੱਕਣ ਲੱਗੇ। ਇਹ ਸਾਡੀ ਮਿੱਠੀ ਤੇ ਰਸਮੀ ਜਿਹੀ ਮੁਲਾਕਾਤ ਸੀ। ਮੁਸਕਰਾਹਟ ਤੇ ਪਹਿਲੀ ਮਿਲਣੀ ਨੇ ਆਂਦਰਾਂ ਤੱਕ ਦੀ ਸਾਂਝ ਪਾ ਦਿੱਤੀ। ਆਫਿਸ ਦੇ ਬਾਹਰ ਲੱਗੀ ਨੇਮ ਪਲੇਟ ’ਤੇ ਕਮਲਜੀਤ ਕੌਰ ਨਾਂ ਪੜ੍ਹਿਆ। ਉਸ ਤੋਂ ਬਾਅਦ ਮੈਡਮ ਕਮਲਜੀਤ ਕੌਰ ਨਾਲ ਢੇਰ ਸਾਰੀਆਂ ਸਾਂਝਾਂ ਬਣ ਗਈਆਂ। ਤਿੰਨ ਸਾਲ ਉੱਥੇ ਨੌਕਰੀ ਕੀਤੀ। ਇਨ੍ਹਾਂ ਤਿੰਨਾਂ ਸਾਲਾਂ ਦੌਰਾਨ ਮੈਡਮ ਕਮਲਜੀਤ ਕੌਰ ਨੂੰ ਲਗਾਤਾਰ ਕਾਲਜ ਲਈ ਕੰਮ ਕਰਦੇ ਵੇਖਿਆ। ਏਨੀ ਛੋਟੀ ਉਮਰ ’ਚ ਉਨ੍ਹਾਂ ਅੰਦਰ ਪ੍ਰਬੰਧਕੀ ਕਮੇਟੀ, ਸਟਾਫ ਤੇ ਸਰਪ੍ਰਸਤਾਂ ਵਿਚਾਲੇ ਤਾਲਮੇਲ ਬਣਾਈ ਰੱਖਣਾ ਸ਼ਾਇਦ ਉਨ੍ਹਾਂ ਦੇ ਹਿੱਸੇ ਹੀ ਆਇਆ ਹੈ। ਹਰ ਕੰਮ ’ਤੇ ਤਿਰਛੀ ਨਜ਼ਰ ਰੱਖਣੀ, ਯੁਵਕ ਮੇਲਿਆਂ ਅਤੇ ਹੋਰਨਾਂ ਈਵੈਂਟਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣਾ ਉਨ੍ਹਾਂ ਦੀ ਅਹਿਮ ਪ੍ਰਾਪਤੀ ਸੀ। ਪੜ੍ਹਾਈ ਦੇ ਨਾਲ-ਨਾਲ ਇਹ ਕੰਮ ਤੋਰਨੇ ਬੜੇ ਔਖੇ, ਸਿਲੇਬਸ ਵੀ ਪੂਰੇ ਕਰਨੇ ਤੇ ਕਲਾ-ਸੱਭਿਆਚਾਰਕ ਮੁਕਾਬਲਿਆਂ, ਖੇਡਾਂ ਵਿਚ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣੀ ਖਾਲਾ ਜੀ ਦਾ ਵਾੜਾ ਨਹੀ ਸੀ। ਇਕ ਵਾਰ ਦਸੂਹੇ ਯੂਥ ਫੈਸਟੀਵਲ ਸੀ। ਟੀਮਾਂ ਲੈ ਕੇ ਜਾਣ ਦੀ ਡਿਊਟੀ ਮੇਰੀ ਲੱਗ ਗਈ। ਪਹਿਲਾ ਹੀ ਦਿਨ ਸੀ। ਗੁਰਮਤਿ ਸ਼ਬਦ ਗਾਇਨ ਮੁਕਾਬਲੇ ਦਾ ਦਿਨ ਤੈਅ ਸੀ। ਫ਼ੈਸਲਾ ਕੀਤਾ ਗਿਆ ਕਿ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਪਰਿਵਾਰ ਤੋਂ ਆਗਿਆ ਲੈ ਕੇ ਰਾਤ ਨੂੰ ਕਾਲਜ ਹੀ ਠਹਿਰਾਇਆ ਜਾਵੇ ਤਾਂ ਕਿਤੇ ਸਹੀ ਸਮੇਂ ਪਹੁੰਚਿਆ ਜਾ ਸਕਦਾ ਹੈ ਕਿਉਂਕਿ ਦਸੂਹਾ ਦੂਰ ਬੜੀ ਸੀ। ਮਹੀਨਾ ਵੀ ਨਵੰਬਰ ਦੇ ਅਖ਼ੀਰਲੇ ਦਿਨਾਂ ਦਾ ਸੀ। ਮੈਂ ਅਤੇ ਮੈਡਮ, ਅਸੀਂ ਦੋਵਾਂ ਨੇ ਹੀ ਨਾਲ ਜਾਣਾ ਸੀ। ਵਿਦਿਆਰਥਣਾਂ ਸਭ ਤਿਆਰੀਆਂ ਕਰ ਕੇ ਸੌਂ ਗਈਆਂ। ਮੈਡਮ ਕਮਲਜੀਤ ਜਾਗ ਰਹੇ ਸਨ। ਮੈਂ ਚੁੱਪ-ਚਪੀਤੇ ਮੈਡਮ ਕੋਲ ਚਲੀ ਗਈ। ਉਨ੍ਹਾਂ ਦੇ ਹੱਥਾਂ ’ਚ ਥੱਬਾ ਵਿਦਿਆਰਥੀਆਂ ਦੇ ਫਾਰਮਾਂ ਦਾ ਫੜਿਆ ਹੋਇਆ ਸੀ। ਉਹ ਫਾਰਮਾਂ ’ਤੇ ਦਸਤਖ਼ਤ ਕਰੀ ਜਾ ਰਹੇ ਸਨ। ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਇਹ ਫਾਰਮ ਕੱਲ੍ਹ ਭੇਜਣੇ ਨੇ। ਆਪਾਂ ਜਾਂਦੇ ਹੋਏ ਕਾਲਜ ਬੱਸ ’ਚ ਵੀ ਸੌਂ ਸਕਦੇ ਹਾਂ...। ਮੈਂ ਉਨ੍ਹਾਂ ਦੇ ਜ਼ਿੰਮੇਵਾਰਾਨਾ ਸੁਭਾਅ ਤੋਂ ਹੋਰ ਪ੍ਰਭਾਵਿਤ ਹੋਈ। ਖ਼ੈਰ! ਅਗਲੀ ਸਵੇਰ ਅਸੀਂ ਤਿਆਰ ਹੋ ਕੇ ਦਸੂਹੇ ਵੱਲ ਚਾਲੇ ਪਾ ਦਿੱਤੇ। ਬੱਸ ਵਿਚ ਬੈਠੀ ਮੈਂ ਊਂਘ ਰਹੀ ਸੀ ਪਰ ਜਦ ਮੈਂ ਮੈਡਮ ਵੱਲ ਵੇਖਿਆ, ਉਨ੍ਹਾਂ ਦੇ ਹੱਥ ’ਚ ਫਿਰ ਕੋਈ ਫਾਈਲ ਸੀ। ਦਸੂਹੇ ਕਾਲਜ ’ਚ ਚਾਹ-ਪਾਣੀ ਛਕ ਕੇ ਪੰਡਾਲ ਵੱਲ ਗਏ। ਪਹਿਲੀ ਹੀ ਪਰਫਾਰਮੈਂਸ ਸਾਡੇ ਕਾਲਜ ਦੀ ਸੀ। ਮੇਰੀ ਡਿਊਟੀ ਸਟੇਜ ਤੋਂ ਜਾਣ-ਪਛਾਣ ਕਰਵਾਉਣ ’ਤੇ ਲਾ ਦਿੱਤੀ। ਮੇਰੇ ਮੂੰਹ ਤੋਂ ਅਵਾਰਤ ਪੜ੍ਹ ਕੇ ਮੈਨੂੰ ਨੀਂਦ ’ਚੋਂ ਜਗਾਇਆ, ‘‘ਤੁਸੀਂ ਹੁਣ ਲੈਕਚਰਾਰ ਓ, ਵਿਦਿਆਰਥੀ ਨੀ।’’ ਮੈਂ ਫਿਰ ਬੜੇ ਆਤਮ-ਵਿਸ਼ਵਾਸ ਨਾਲ ਸਟੇਜ ’ਤੇ ਗਈ ਤੇ ਸ਼ਬਦ ਗਾਇਨ ਵਾਲੇ ਵਿਦਿਆਰਥੀਆਂ ਦਾ ਤੁਆਰਫ਼ ਕਰਵਾਇਆ ਤੇ ਮੈਡਮ ਦੇ ਨੇੜੇ ਆ ਕੇ ਪ੍ਰਿੰਸੀਪਲਾਂ ਦੀ ਪਿਛਲੀ ਕਤਾਰ ’ਚ ਬੈਠ ਗਈ, ਮੈਡਮ ਮੇਰੇ ਵੱਲ ਪਿੱਛੇ ਮੂੰਹ ਕਰ ਕੇ ਕਹਿੰਦੇ, ‘ਪਤਾ ਕੀ ਗੱਲ ਚੱਲ ਰਹੀ ਪੰਡਾਲ ’ਚ?’’ ਮੈਂ ਡਰ ਗਈ। ਕਹਿੰਦੇ ਕਿ ਇਹ ਲੈਕਚਰਾਰ ਨਹੀਂ ਲੱਗਦੀ। ਇਹ ਕੁੜੀ ਕਾਲਜ ਦੀ ਕਿਸੇ ਹੋਰ ਟੀਮ ਦੀ ਕਲਾਕਾਰ ਹੋਣੀ। ਮੈਡਮ ਨੇ ਮੇਰੇ ਮੋਢੇ ’ਤੇ ਹੱਥ ਰੱਖ ਥਾਪੜਾ ਦਿੱਤਾ, ਨਾਲੇ ਮੁਸਕਰਾਏ। ਇਕ ਵਾਰ ਉਹ ਵਿਦੇਸ਼ੋਂ ਪੰਜਾਬ ਆਏ ਤੇ ਕਾਲਜ ਵਿਚ ਵੀ ਫੇਰਾ ਪਾਇਆ। ਪ੍ਰਬੰਧਕੀ ਕਮੇਟੀ ਨੇ ਆਓ ਭਗਤ ਕੀਤੀ। ਬਜ਼ੁਰਗ ਸਰਪ੍ਰਸਤ ਭਾਵੁਕ ਹੋ ਕੇ ਆਖਣ ਲੱਗੇ ‘ਕੁੜੀਏ! ਜਦੋਂ ਦੀ ਤੂੰ ਬਾਹਰ ਗਈ ਏਂ, ਕਾਲਜ ਦਾ ਰਿਜ਼ਕ ਵੀ ਨਾਲ ਹੀ ਲੈ ਗਈਂ ਏਂ। ਤੇਰੇ ਵਰਗੀਆਂ ਧੀਆਂ ਦੀ ਸਾਡੇ ਪੰਜਾਬ ਨੂੰ ਬੇਹੱਦ ਲੋੜ ਹੈ। ਵਿਦਿਆਰਥੀ ਜੀਵਨ ਤੇ ਲੈਕਚਰਾਰ ਲੱਗਣ ਵੇਲੇ ਦੇ ਉਹ ਦਿਨ ਚੇਤਿਆਂ ਵਿਚ ਵਸੇ ਹੋਏ ਹਨ। ਬਜ਼ੁਰਗ ਸਰਪ੍ਰਸਤ ਦੇ ਬੋਲ ਸੋਚਣ ਲਈ ਮਜਬੂਰ ਕਰ ਦਿੰਦੇ ਹਨ। ਮੈਡਮ ਕਮਲਜੀਤ ਕੌਰ ਤੇ ਕਮਾਲਪੁਰਾ ਕਾਲਜ ਵੀ ਇਕ-ਦੂਜੇ ਦੇ ਪੂਰਕ ਸਨ। ਸਮਕਾਲੀ ਪ੍ਰਿੰਸੀਪਲ, ਪ੍ਰੇਰਨਾ ਸਰੋਤ ਰਹੀ ਕਮਲਜੀਤ ਕੌਰ ਤੇ ਕਮਾਲਪੁਰਾ ਕਾਲਜ ਦੇ ਉਹ ਦਿਨ ਸੱਚੀਂ ਤੀਆਂ ਵਰਗੇ ਸਨ।
-(ਲੇਖਿਕਾ ਐਬਟਸਫੋਰਡ, ਕੈਨੇਡਾ ਦੀ ਵਸਨੀਕ ਹੈ)।
-ਈਮੇਲ: lakhisandhu181@yahoo.ca