ਹਾਦਸੇ ਦੀ ਵਜ੍ਹਾ ਸੀਵਰੇਜ ਵਾਲੀ ਪਾਈਪ ਦਾ ਪਾਣੀ ਲੀਕ ਹੋ ਕੇ ਪੀਣ ਵਾਲੇ ਪਾਣੀ ਵਿਚ ਜਾ ਰਲਣਾ ਦੱਸਿਆ ਜਾਂਦਾ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਤਾਂ ਕੀਤਾ ਹੈ ਪਰ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਨਾਲ ਜਹਾਨੋਂ ਤੁਰ ਗਏ ਜੀਆਂ ਦੀ ਭਰਪਾਈ ਹੋ ਜਾਵੇਗੀ। ਘੱਟ ਤੋਂ ਘੱਟ ਸਰਕਾਰਾਂ ਇਸ ਹਾਦਸੇ ਤੋਂ ਸਬਕ ਸਿੱਖ ਲੈਣ ਤਾਂ ਵੀ ਮਨ ਨੂੰ ਢਾਰਸ ਬੱਝ ਸਕੇਗਾ।

ਵਰਲਡ ਇਕੋਨੋਮਿਕ ਫੋਰਮ ਦੀ ਇਕ ਰਿਪੋਰਟ ਮੁਤਾਬਕ ਭਾਰਤ ਵਿਚ ਧਰਤੀ ਹੇਠਲੇ ਪਾਣੀ ਦਾ ਲਗਪਗ 70 ਫ਼ੀਸਦੀ ਹਿੱਸਾ ਪੀਣ ਦੇ ਲਾਇਕ ਨਹੀਂ ਹੈ। ਸਮੱਸਿਆ ਇੰਨੀ ਗੰਭੀਰ ਹੈ ਕਿ ਇਸ ਦਾ ਅੰਦਾਜ਼ਾ ਕੇਵਲ ਇਨ੍ਹਾਂ ਅੰਕੜਿਆਂ ਤੋਂ ਲਾਇਆ ਜਾ ਸਕਦਾ ਹੈ ਕਿ ਹਰ ਰੋਜ਼ ਚਾਰ ਕਰੋੜ ਲੀਟਰ ਗੰਦਾ ਪਾਣੀ ਨਦੀਆਂ ਅਤੇ ਹੋਰ ਜਲ ਸੋਮਿਆਂ ਵਿਚ ਮਿਲ ਜਾਂਦਾ ਹੈ ਜਦਕਿ ਇਸ ਵਿਚਲੇ ਬਹੁਤ ਛੋਟੇ ਹਿੱਸੇ ਨੂੰ ਹੀ ਸੋਧਿਆ ਜਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦਾ ਵੀ ਕਹਿਣਾ ਹੈ ਕਿ ਭਾਰਤ ਵਿਚ ਬਿਮਾਰੀਆਂ ਦੀ ਵੱਡੀ ਵਜ੍ਹਾ ਦੂਸ਼ਿਤ ਪਾਣੀ ਹੀ ਹੈ। ਸਿਰਫ਼ ਪੇਟ ਰੋਗਾਂ ਦੀ ਵਜ੍ਹਾ ਕਰਕੇ ਹੀ ਭਾਰਤ ਵਿਚ ਘੱਟੋ-ਘੱਟ ਪੰਜ ਲੱਖ ਛੋਟੇ ਬੱਚਿਆਂ ਦੀ ਮੌਤ ਹੋ ਰਹੀ ਹੈ। ਇਸ ਦਾ ਖ਼ਮਿਆਜ਼ਾ ਅਰਥ-ਵਿਵਸਥਾ ਨੂੰ ਵੀ ਭੁਗਤਣਾ ਪੈ ਰਿਹਾ ਹੈ।
ਵਿਸ਼ਵ ਬੈਂਕ ਦੇ ਇਕ ਅਨੁਮਾਨ ਦੇ ਮੁਤਾਬਕ ਕੇਵਲ ਗੰਦੇ ਪਾਣੀ ਨਾਲ ਭਾਰਤੀ ਅਰਥ-ਵਿਵਸਥਾ ਉੱਤੇ 470 ਤੋਂ 610 ਅਰਬ ਤੱਕ ਦਾ ਬੋਝ ਪੈ ਰਿਹਾ ਹੈ। ਅੱਜ ਭਾਰਤ ਘਰ-ਘਰ ਤੱਕ ਪਾਣੀ ਪਹੁੰਚਾਉਣ ਦੇ ਦਾਅਵੇ ਕਰ ਰਿਹਾ ਹੈ। ਸ਼ਹਿਰਾਂ ਵਿਚ ਪਾਈਪਾਂ ਅਤੇ ਪਿੰਡਾਂ ਵਿਚ ਨਲਕਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਅੰਕੜੇ ਦੱਸਦੇ ਹਨ ਕਿ ਪਾਣੀ ਪਹਿਲਾਂ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਰਿਹਾ ਹੈ। ਇਨ੍ਹਾਂ ਦਾਅਵਿਆਂ ਅਤੇ ਪ੍ਰਾਪਤੀਆਂ ਦੇ ਪਿੱਛੇ ਇਕ ਕੌੜੀ ਸੱਚਾਈ ਵੀ ਖੜ੍ਹੀ ਹੈ ਕਿ ਜਿਹੜਾ ਪਾਣੀ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਉਹ ਸੱਚਮੁੱਚ ਸੁਰੱਖਿਅਤ ਤੇ ਪਾਣੀ ਦੇ ਯੋਗ ਹੈ।
ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਕੁਝ ਦਿਨ ਪਹਿਲਾਂ ਹੀ ਦੂਸ਼ਿਤ ਪਾਣੀ ਨਾਲ ਵਾਪਰੀ ਤ੍ਰਾਸਦੀ ਦੱਸਦੀ ਹੈ ਕਿ ਹੁਣ ਪਾਣੀ ਦਾ ਸੰਕਟ ਨਹੀਂ ਸਗੋਂ ਸੰਕਟ ਤਾਂ ਸਾਫ਼ ਪਾਣੀ ਮੁਹੱਈਆ ਕਰਵਾਉਣ ਦਾ ਹੈ। ਸੱਚ ਤਾਂ ਇਹ ਹੈ ਕਿ ਰਾਜਨੀਤਕ ਸੋਚ ਹਾਸ਼ੀਏ ’ਤੇ ਆ ਖੜ੍ਹੀ ਹੈ। ਮਾਮਲਾ ਸਿਰਫ਼ ਇੰਦੌਰ ਦਾ ਹੀ ਨਹੀਂ, ਇਹ ਮਸਲਾ ਸਾਰੇ ਦੇਸ਼ ਨਾਲ ਸਬੰਧਤ ਹੈ। ਜੋ ਕੁਝ ਇੰਦੌਰ ਵਿਚ ਵਾਪਰਿਆ, ਉਹ ਪਹਿਲੀ ਵਾਰ ਵੀ ਨਹੀਂ ਵਾਪਰਿਆ ਹੈ।
ਇਕ ਹੋਰ ਰਿਪੋਰਟ ਅਨੁਸਾਰ ਪੇਂਡੂ ਖੇਤਰ ਦੇ ਲਗਪਗ 25 ਤੋਂ 50 ਫ਼ੀਸਦੀ ਪਾਣੀ ਦੇ ਨਮੂਨਿਆਂ ਵਿਚ ਬੈਕਟੀਰੀਆ ਦੀ ਮੌਜੂਦਗੀ ਪਾਈ ਗਈ ਹੈ। ਇਸ ਦੇ ਉਲਟ ਕੇਵਲ 15 ਫ਼ੀਸਦੀ ਨਮੂਨੇ ਹੀ ਪੂਰੀ ਤਰ੍ਹਾਂ ਸੁਰੱਖਿਅਤ ਪਾਏ ਗਏ ਹਨ। ਪੇਂਡੂ ਖੇਤਰ ਦੇ ਪਾਣੀ ਵਿਚ ਪਾਇਆ ਜਾਣ ਵਾਲਾ ਕੀਕਲਾਈ ਬੈਕਟੀਰੀਆ ਮਨੁੱਖੀ ਮਲ ਵਿਚ ਮਿਲਣ ਵਾਲਾ ਸਭ ਤੋਂ ਘਾਤਕ ਬੈਕਟੀਰੀਆ ਦੱਸਿਆ ਜਾ ਰਿਹਾ ਹੈ। ਪਾਣੀ ਵਿਚ ਫਲੋਰਾਈਡ ਅਤੇ ਅਰਸੈਨਿਕ ਪ੍ਰਦੂਸ਼ਣ ਮਿਲਣਾ ਆਮ ਵਰਤਾਰਾ ਹੈ ਜਿਸ ਨਾਲ ਹੱਡੀਆਂ ਅਤੇ ਦੰਦਾਂ ਦੀਆਂ ਬਿਮਾਰੀਆਂ ਵਧਦੀਆਂ ਹਨ। ਨਹਿਰਾਂ ਦੇ ਪਾਣੀ ’ਚ ਨਾਈਟ੍ਰੇਟ ਮਿਲਿਆ ਹੈ ਜਿਹੜਾ ਗੰਭੀਰ ਸਮੱਸਿਆ ਬਣ ਰਿਹਾ ਹੈ। ਇਸੇ ਤਰ੍ਹਾਂ ਸ਼ਹਿਰੀ ਖੇਤਰ ਦੀ ਗੱਲ ਕਰੀਏ ਤਦ ਉੱਥੋਂ ਦੇ ਲੋਕਾਂ ਨੂੰ ਵੀ ਪੀਣ ਲਈ ਸਾਫ਼ ਪਾਣੀ ਨਹੀਂ ਮਿਲ ਰਿਹਾ ਹੈ। ਸ਼ਹਿਰਾਂ ਵਿਚ ਪਾਣੀ ਦੀ ਸਪਲਾਈ ਲਾਈਨ ਆਧਾਰਤ ਵਾਟਰ ਟਰੀਟਮੈਂਟ ਸਿਸਟਮ ਰਾਹੀ ਕੀਤੀ ਜਾ ਰਹੀ ਹੈ ਪਰ 15 ਫ਼ੀਸਦੀ ਪਾਣੀ ਵਿਚ ਈਕੋਲਾਈ ਬੈਕਟੀਰੀਆ ਪਾਇਆ ਗਿਆ ਹੈ। ਪੁਰਾਣੀਆਂ ਪਾਈਪਾਂ, ਸੀਵਰੇਜ ਦੀ ਲੀਕੇਜ ਆਦਿ ਦੀ ਵਜ੍ਹਾ ਕਰਕੇ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ।
ਕਈ ਥਾਈਂ ਫੈਕਟਰੀਆਂ ਦਾ ਪਾਣੀ ਨਦੀਆਂ ਦੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ। ਪੰਜਾਬ ਦੇ ਲੁਧਿਆਣਾ ਸ਼ਹਿਰ ਦੀਆਂ ਫੈਕਟਰੀਆਂ ਪਾਣੀ ਨੂੰ ਦੂਸ਼ਿਤ ਕਰ ਰਹੀਆਂ ਹਨ। ਜਲੰਧਰ ਦੀ ਸਨਅਤ ਵੀ ਪਾਣੀ ਨੂੰ ਦੂਸ਼ਿਤ ਕਰ ਰਹੀ ਹੈ।
ਰਾਜ ਸਭਾ ਦੇ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਬੇਈਂ ਦੇ ਪਾਣੀ ਨੂੰ ਸਾਫ਼ ਕਰਨ ਲਈ ਦਹਾਕਿਆਂ ਤੋਂ ਅਣਥੱਕ ਯਤਨ ਕਰ ਰਹੇ ਹਨ। ਲੁਧਿਆਣਾ ਦਾ ਬੁੱਢਾ ਨਾਲਾ ਇਸੇ ਕਰਕੇ ਅਕਸਰ ਚਰਚਾ ਵਿਚ ਰਹਿੰਦਾ ਹੈ। ੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜ਼ਿਆਦਾਤਰ ਸ਼ਹਿਰੀ ਖੇਤਰਾਂ ਵਿਚ ਨਦੀਆਂ ਦੇ ਪਾਣੀ ਨੂੰ ਟਰੀਟਮੈਂਟ ਕਰਕੇ ਸਪਲਾਈ ਕੀਤਾ ਜਾਂਦਾ ਹੈ। ਅਸਲ ਵਿਚ ਪਾਣੀ ਦਾ ਪ੍ਰਦੂਸ਼ਣ ਇਕ ਗੰਭੀਰ ਸਮੱਸਿਆ ਹੈ। ਭਾਰਤ ਵਿਚ ਜਲ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਅਣਸੋਧਿਆ ਪਾਣੀ ਹੈ। ਇੱਥੇ 40 ਹਜ਼ਾਰ ਬਿਲੀਅਨ ਮੀਟਰ ਬਾਰਿਸ਼ ਹੁੰਦੀ ਹੈ ਪਰ ਬੁਨਿਆਦੀ ਢਾਂਚੇ ਦੀ ਘਾਟ ਕਰਕੇ ਸਿਰਫ਼ 112 ਬਿਲੀਅਨ ਘਣ ਮੀਟਰ ਜਲ ਸਰੋਤ ਵਰਤੋਂ ਲਈ ਉਪਲਬਧ ਹੈ। ਸੋਧਿਆ ਪਾਣੀ ਜਿੱਥੇ ਅਸੁਰੱਖਿਅਤ ਹੈ, ਉੱਥੇ ਹੀ ਇਸ ਦੀ ਗੁਣਵੱਤਾ ਨੂੰ ਵੀ ਘੱਟ ਕਰਦਾ ਹੈ। ਭਾਰਤ ਦੀਆਂ ਜ਼ਿਆਦਾਤਰ ਨਦੀਆਂ ਅਤੇ ਦਰਿਆ ਪਾਣੀ ਨੂੰ ਦੂਸ਼ਿਤ ਕਰ ਰਹੇ ਹਨ। ਇਕ ਜਾਣਕਾਰੀ ਅਨੁਸਾਰ ਉਦਯੋਗ ਹਰ ਰੋਜ਼ 45 ਹਜ਼ਾਰ ਮਿਲੀਅਨ ਲੀਟਰ ਪਾਣੀ ਨੂੰ ਦੂਸ਼ਿਤ ਕਰ ਰਹੇ ਹਨ।
ਇਸ ਵਿਚ ਕੱਪੜਾ ਉਦਯੋਗ ਦਾ 5000 ਲੀਟਰ ਹਿੱਸਾ ਹੈ। ਭਾਰਤ ਵਿਚ 300 ਸ਼ਰਾਬ ਉਦਯੋਗ ਹਨ ਅਤੇ ਸ਼ਰਾਬ ਖੇਤਰ ਦਾ ਉਦਯੋਗ 3000 ਮਿਲੀਅਨ ਲੀਟਰ ਪਾਣੀ ਦੂਸ਼ਿਤ ਕਰ ਰਿਹਾ ਹੈ। ਕਾਗਜ਼ ਉਦਯੋਗ ਦਾ 4500 ਮਿਲੀਅਨ ਲੀਟਰ ਦਾ ਹਿੱਸਾ ਵੱਖਰਾ ਹੈ। ਕਾਗਜ਼, ਚਮੜਾ ਅਤੇ ਹੋਰ ਕਈ ਸਨਅਤਾਂ ਵੀ ਪਾਣੀ ਨੂੰ ਦੂਸ਼ਿਤ ਕਰ ਰਹੀਆਂ ਹਨ। ਇੰਦੌਰ ਵਿਚ ਵਾਪਰੀ ਮੰਦਭਾਗੀ ਘਟਨਾ ਤੋਂ ਸਬਕ ਸਿੱਖਣ ਦੀ ਲੋੜ ਹੈ ਜਿੱਥੇ ਪੀਣ ਵਾਲਾ ਪਾਣੀ ਦੂਸ਼ਿਤ ਹੋਣ ਕਾਰਨ ਨਾ ਸਿਰਫ਼ ਅਨੇਕ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਸਗੋਂ 200 ਤੋਂ ਵੱਧ ਬਿਮਾਰ ਪੈ ਗਏ ਸਨ।
ਹਾਦਸੇ ਦੀ ਵਜ੍ਹਾ ਸੀਵਰੇਜ ਵਾਲੀ ਪਾਈਪ ਦਾ ਪਾਣੀ ਲੀਕ ਹੋ ਕੇ ਪੀਣ ਵਾਲੇ ਪਾਣੀ ਵਿਚ ਜਾ ਰਲਣਾ ਦੱਸਿਆ ਜਾਂਦਾ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਤਾਂ ਕੀਤਾ ਹੈ ਪਰ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਨਾਲ ਜਹਾਨੋਂ ਤੁਰ ਗਏ ਜੀਆਂ ਦੀ ਭਰਪਾਈ ਹੋ ਜਾਵੇਗੀ। ਘੱਟ ਤੋਂ ਘੱਟ ਸਰਕਾਰਾਂ ਇਸ ਹਾਦਸੇ ਤੋਂ ਸਬਕ ਸਿੱਖ ਲੈਣ ਤਾਂ ਵੀ ਮਨ ਨੂੰ ਢਾਰਸ ਬੱਝ ਸਕੇਗਾ।
ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋ ਰਹੀਆਂ ਹਨ ਅਤੇ ਸਮੇਂ ਦੀਆਂ ਸਰਕਾਰਾਂ ਮੁਆਵਜ਼ਾ ਦੇਣ ਤੋਂ ਬਾਅਦ ਅੱਖਾਂ ਤੇ ਕੰਨ ਬੰਦ ਕਰ ਕੇ ਬੈਠ ਜਾਂਦੀਆਂ ਹਨ। ਦੂਸ਼ਿਤ ਪਾਣੀ ਨੂੰ ਸਾਫ਼ ਕਰਨ ਦੀ ਬਜਾਏ ਸ਼ਰਾਬ ਫੈਕਟਰੀਆਂ ਉਸ ਨੂੰ ਦੂਸ਼ਿਤ ਕਰੀ ਜਾ ਰਹੀਆਂ ਹਨ। ਇਸ ਸਮੱਸਿਆ ’ਤੇ ਕਾਬੂ ਪਾਉਣਾ ਬਹੁਤ ਛੋਟੀ ਜਿਹੀ ਗੱਲ ਹੈ ਪਰ ਇਹ ਤਾਂ ਹੀ ਸੰਭਵ ਹੈ ਜੇ ਸਰਕਾਰਾਂ ਆਪਣੀ ਡਿਊਟੀ ਸਮਝਣ। ਰਕਾਰਾਂ ਦੇ ਦਿਲਾਂ ਵਿਚ ਲੋਕਾਂ ਲਈ ਦਰਦ ਹੋਵੇ। ਲੋਕਾਂ ਦੇ ਜਾਨ-ਮਾਲ ਦੀ ਫ਼ਿਕਰਮੰਦੀ ਹੋਵੇ। ਸਾਡੀਆਂ ਸਰਕਾਰਾਂ ਨੇ ਤਾਂ ਲੋਕਾਂ ਨੂੰ ਰੱਬ ਭਰੋਸੇ ਹੀ ਛੱਡ ਰੱਖਿਆ ਹੈ। ਭਾਰਤ ਦਾ ਤਾਂ ਰੱਬ ਹੀ ਬੇਲੀ ਹੈ।
-ਕਮਲਜੀਤ ਸਿੰਘ ਬਨਵੈਤ
-ਮੋਬਾਈਲ : 98147-34035