ਇਸ ਜਾਨਲੇਵਾ ਡੋਰ ਦੀ ਤਾਜ਼ਾ ਮਾਰ ਹੇਠ ਬਠਿੰਡਾ ਦਾ ਰਹਿਣ ਵਾਲਾ ਭਾਸਕਰ ਕੁਮਾਰ ਆਇਆ ਹੈ। ਉਹ ਜਦੋਂ ਆਪਣੇ ਮੋਟਰਸਾਈਕਲ ’ਤੇ ਕੰਮ ’ਤੇ ਜਾ ਰਿਹਾ ਸੀ ਤਾਂ ਸੜਕ ’ਤੇ ਹਵਾ ਵਿਚ ਲਟਕਦੀ ਇਕ ਪਲਾਸਟਿਕ ਦੀ ਡੋਰ ਅਚਾਨਕ ਉਸ ਦੀ ਗਰਦਨ ਦੁਆਲੇ ਫਸ ਗਈ।

ਪਤੰਗਬਾਜ਼ੀ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਰਹੀ ਹੈ ਪਰ ਕੁਝ ਸਮੇਂ ਤੋਂ ‘ਚਾਈਨਾ ਡੋਰ’ ਦੇ ਰੂਪ ਵਿਚ ਇਸ ਮਨੋਰੰਜਨ ਵਿਚ ਇਕ ਖ਼ੂਨੀ ਮੋੜ ਆ ਗਿਆ ਹੈ। ਇਹ ਡੋਰ ਹੁਣ ਸਿਰਫ਼ ਪਤੰਗਾਂ ਨੂੰ ਉਡਾਉਣ ਦਾ ਸਾਧਨ ਨਹੀਂ ਰਹੀ ਸਗੋਂ ਸੜਕਾਂ ’ਤੇ ਚੱਲਦੇ ਰਾਹਗੀਰਾਂ ਅਤੇ ਮਾਸੂਮ ਬੱਚਿਆਂ ਲਈ ਇਕ ਅਣਪਛਾਤਾ ‘ਫੰਦਾ’ ਬਣ ਚੁੱਕੀ ਹੈ। ਨਾਈਲੋਨ ਅਤੇ ਪਲਾਸਟਿਕ ਦੇ ਮਿਸ਼ਰਣ ਨਾਲ ਬਣੀ ਇਸ ਡੋਰ ’ਤੇ ਕੱਚ ਅਤੇ ਲੋਹੇ ਦੇ ਬੁਰਾਦੇ ਦੀ ਪਰਤ ਚੜ੍ਹੀ ਹੁੰਦੀ ਹੈ ਜਿਸ ਕਾਰਨ ਇਹ ਇੰਨੀ ਮਜ਼ਬੂਤ ਹੋ ਜਾਂਦੀ ਹੈ ਕਿ ਖਿੱਚਣ ’ਤੇ ਟੁੱਟਦੀ ਨਹੀਂ ਸਗੋਂ ਸਾਹਮਣੇ ਆਉਣ ਵਾਲੀ ਹਰ ਚੀਜ਼ ਨੂੰ ਬੁਰੀ ਤਰ੍ਹਾਂ ਚੀਰ ਦਿੰਦੀ ਹੈ।
ਇਸ ਜਾਨਲੇਵਾ ਡੋਰ ਦੀ ਤਾਜ਼ਾ ਮਾਰ ਹੇਠ ਬਠਿੰਡਾ ਦਾ ਰਹਿਣ ਵਾਲਾ ਭਾਸਕਰ ਕੁਮਾਰ ਆਇਆ ਹੈ। ਉਹ ਜਦੋਂ ਆਪਣੇ ਮੋਟਰਸਾਈਕਲ ’ਤੇ ਕੰਮ ’ਤੇ ਜਾ ਰਿਹਾ ਸੀ ਤਾਂ ਸੜਕ ’ਤੇ ਹਵਾ ਵਿਚ ਲਟਕਦੀ ਇਕ ਪਲਾਸਟਿਕ ਦੀ ਡੋਰ ਅਚਾਨਕ ਉਸ ਦੀ ਗਰਦਨ ਦੁਆਲੇ ਫਸ ਗਈ। ਇਹ ਡੋਰ ਇੰਨੀ ਤਿੱਖੀ ਸੀ ਕਿ ਉਸ ਦੀ ਗਰਦਨ ਬੁਰੀ ਤਰ੍ਹਾਂ ਕੱਟੀ ਗਈ ਅਤੇ ਸੰਤੁਲਨ ਵਿਗੜਨ ਕਾਰਨ ਉਹ ਸੜਕ ’ਤੇ ਡਿੱਗ ਪਿਆ।
ਇਸ ਹਾਦਸੇ ਵਿਚ ਉਸ ਦੀ ਗਰਦਨ ’ਤੇ ਡੂੰਘੇ ਜ਼ਖ਼ਮ ਹੋ ਗਏ ਜਿਸ ਕਾਰਨ ਉਸ ਨੂੰ ਛੇ ਟਾਂਕੇ ਲੱਗੇ। ਇਹ ਘਟਨਾ ਸਾਬਿਤ ਕਰਦੀ ਹੈ ਕਿ ਸੜਕ ’ਤੇ ਚੱਲਦਾ ਹਰ ਵਿਅਕਤੀ ਅੱਜ ਇਸ ਅਣਪਛਾਤੀ ਮੌਤ ਦੇ ਸਾਏ ਹੇਠ ਹੈ। ਇਸੇ ਤਰ੍ਹਾਂ ਦੀ ਇਕ ਦਰਦਨਾਕ ਘਟਨਾ ਸੰਗਰੂਰ ਦੇ ਪਿੰਡ ਤੁੰਗਾਂ ਵਿਚ ਵਾਪਰੀ, ਜਿੱਥੇ ਛੇਵੀਂ ਜਮਾਤ ਦਾ ਮਾਸੂਮ ਬੱਚਾ ਹਰਜੋਤ ਸਿੰਘ ਪਤੰਗਬਾਜ਼ੀ ਦੌਰਾਨ ਜਾਨ ਗੁਆ ਬੈਠਾ। ਹਰਜੋਤ ਆਪਣੇ ਘਰ ਦੀ ਤੀਜੀ ਮੰਜ਼ਿਲ ’ਤੇ ਪਤੰਗ ਉਡਾ ਰਿਹਾ ਸੀ ਕਿ ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਹੇਠਾਂ ਜਾ ਡਿੱਗਿਆ।
ਉੱਥੇ ਹੀ ਗੁਰਦਾਸਪੁਰ ਦੇ ਪਿੰਡ ਪੰਧੇਰ ਦਾ ਨੌਜਵਾਨ ਜਤਿੰਦਰ ਸਿੰਘ ਵੀ ਇਸ ਖ਼ੂਨੀ ਡੋਰ ਦਾ ਸ਼ਿਕਾਰ ਹੋਇਆ ਜਿਸ ਦਾ ਮੱਥਾ, ਨੱਕ ਅਤੇ ਅੱਖ ਦਾ ਹਿੱਸਾ ਬੁਰੀ ਤਰ੍ਹਾਂ ਕੱਟਿਆ ਗਿਆ। ਇਹ ਸਾਰੀਆਂ ਘਟਨਾਵਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਇੱਕੋ ਹੀ ਚੇਤਾਵਨੀ ਦੇ ਰਹੀਆਂ ਹਨ ਕਿ ਪਤੰਗਬਾਜ਼ੀ ਦਾ ਇਹ ਖ਼ਤਰਨਾਕ ਰੂਪ ਹੁਣ ਜਾਨਲੇਵਾ ਬਣ ਚੁੱਕਾ ਹੈ। ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਸਰਕਾਰੀ ਪਾਬੰਦੀ ਦੇ ਬਾਵਜੂਦ ਇਹ ਡੋਰ ਚੋਰੀ-ਛਿਪੇ ਵਿਕ ਰਹੀ ਹੈ।
ਪ੍ਰਸ਼ਾਸਨ ਦੇ ਦਾਅਵੇ ਜ਼ਮੀਨੀ ਪੱਧਰ ’ਤੇ ਉਦੋਂ ਝੂਠੇ ਸਿੱਧ ਹੁੰਦੇ ਹਨ ਜਦੋਂ ਭਾਸਕਰ ਵਰਗੇ ਨੌਜਵਾਨ ਹਸਪਤਾਲ ਪਹੁੰਚਦੇ ਹਨ ਜਾਂ ਹਰਜੋਤ ਵਰਗੇ ਮਾਸੂਮਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਆਉਂਦੀਆਂ ਹਨ। ਬੇਜ਼ੁਬਾਨ ਪੰਛੀਆਂ ਦੀ ਹਾਲਤ ਤਾਂ ਹੋਰ ਵੀ ਤਰਸਯੋਗ ਹੈ ਜਿਨ੍ਹਾਂ ਦੇ ਖੰਭ ਕੱਟੇ ਜਾਣ ਕਾਰਨ ਉਹ ਦਰਖ਼ਤਾਂ ’ਤੇ ਟੰਗੇ ਹੀ ਦਮ ਤੋੜ ਦਿੰਦੇ ਹਨ।
ਇਕ ਸੱਭਿਅਕ ਸਮਾਜ ਵਿਚ ਅਜਿਹੀ ਖ਼ੂਨੀ ਖੇਡ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਸਿਰਫ਼ ਕਾਨੂੰਨ ਦੇ ਭਰੋਸੇ ਬੈਠਣ ਦੀ ਬਜਾਏ ਹੁਣ ਮਾਪਿਆਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਅੱਗੇ ਆਉਣਾ ਪਵੇਗਾ ਤਾਂ ਜੋ ਬੱਚਿਆਂ ਨੂੰ ਇਸ ਜਾਨਲੇਵਾ ਸ਼ੌਕ ਤੋਂ ਵਰਜਿਆ ਜਾ ਸਕੇ।
-ਜਤਿੰਦਰ ਸ਼ਰਮਾ
, ਭੁੱਚੋ ਖੁਰਦ(ਬਠਿੰਡਾ)।-ਮੋਬਾਈਲ : 95014-75400