ਚਾਰ ਨਵੰਬਰ 2025 ਨੂੰ ਨੋਵਾ ਸਕੋਸ਼ੀਆ ਤੋਂ ਕੰਜ਼ਰਵੇਟਿਵ ਸਾਂਸਦ ਡੀ ਐਂਟਰਮੋਂਟ ਦਲ ਬਦਲੀ ਕਰਦਿਆਂ ਸੱਤਾਧਾਰੀ ਲਿਬਰਲ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ਵਿਚ ਬੈਠਣ ਨਾਲੋਂ ਸਰਕਾਰੀ ਧਿਰ ਵਿਚ ਬੈਠਣਾ ਪਸੰਦ ਕਰਦੇ ਹਨ।

ਸੱਤਾ ਦੇ ਮੋਹ ਖ਼ਾਤਰ ਲੋਕਤੰਤਰੀ ਪ੍ਰਣਾਲੀ ਦੇ ਨਾਲ ਹੀ ਦਲ ਬਦਲੀ ਵਰਗੀ ਅੱਤ ਦੀ ਸ਼ਰਮਨਾਕ ਕੁਰੀਤੀ ਨੇ ਵੀ ਜਨਮ ਲਿਆ। ਇਸ ਤੋਂ ਵਿਸ਼ਵ ਦੇ ਅਨੇਕ ਮੁਲਕ ਪੀੜਤ ਰਹੇ ਹਨ। ਭਾਰਤ ਵਰਗੇ ਗਿਆਨ ਕੁੰਡ ਨਾਲ ਲਬਰੇਜ਼ ਦੇਸ਼ ਅੰਦਰ ਸੱਤਾ ਖ਼ਾਤਰ ਦਲ ਬਦਲੀ ਦੇ ਬਹੁਤ ਹੀ ਸ਼ਰਮਨਾਕ ਪਰ ਦਿਲਚਸਪ ਕਿੱਸੇ ਮਸ਼ਹੂਰ ਹਨ। ਅਮਰੀਕਾ ਵਰਗੇ ਲੋਕਤੰਤਰੀ ਦੇਸ਼ ਅੰਦਰ ਸੱਤਾ ਸ਼ਕਤੀ ਦਾ ਜਾਦੂ ਕਿਵੇਂ ਸਿਰ ਚੜ੍ਹ ਕੇ ਬੋਲਦਾ ਹੈ, ਇਸ ਦੀ ਮਿਸਾਲ ਹੈ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਹਾਰ ਨੂੰ ਜਬਰਦਸਤੀ ਜਿੱਤ ਵਿਚ ਬਦਲਣ ਲਈ 6 ਜਨਵਰੀ 2021 ਨੂੰ ਆਪਣੇ ਹਮਾਇਤੀਆਂ ਦੀ ਭੀੜ ਨੂੰ ਅਮਰੀਕੀ ਕੈਪੀਟਲ (ਪਾਰਲੀਮੈਂਟ) ’ਤੇ ਹਮਲਾ ਕਰਨ ਲਈ ਉਕਸਾਇਆ। ਉੱਥੇ ਬੜੀ ਮੁਸ਼ਕਲ ਨਾਲ ਕਾਂਗਰਸਮੈਨ ਹਿੰਸਾ ਅਤੇ ਭੰਨਤੋੜ ਦੇ ਭਿਆਨਕ ਮਾਹੌਲ ਵਿਚ ਆਪਣੀਆਂ ਜਾਨਾਂ ਬਚਾ ਸਕੇ ਸਨ। ਪੱਛਮੀ ਦੇਸ਼ਾਂ ਫਰਾਂਸ, ਇਟਲੀ, ਹੰਗਰੀ ਅਤੇ ਪੋਲੈਂਡ ਆਦਿ ’ਚ ਸੱਤਾ ਖ਼ਾਤਰ ਦਲ ਬਦਲੀ ਦੀਆਂ ਬਹੁਤ ਘੱਟ ਮਿਸਾਲਾਂ ਮਿਲਦੀਆਂ ਹਨ। ਉੱਥੇ ਲੋਕਤੰਤਰ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਬਹੁਤ ਸਨਮਾਨ ਕੀਤਾ ਜਾਂਦਾ ਹੈ। ਅਕਸਰ ਘੱਟ ਗਿਣਤੀ ਸਰਕਾਰਾਂ ਵਧੀਆ ਸ਼ਾਸਨ ਚਲਾਉਂਦੀਆਂ ਵੇਖੀਆਂ ਜਾਂਦੀਆਂ ਹਨ। ਇਕ ਸੰਸਦ ਮੈਂਬਰ ਦੇ ਬਹੁਮਤ ਨਾਲ ਰਾਸ਼ਟਰੀ ਅਤੇ ਇਵੇਂ ਹੀ ਇਕ ਮੈਂਬਰ ਦੇ ਬਹੁਮਤ ਨਾਲ ਰਾਜ ਸਰਕਾਰਾਂ ਆਪਣਾ ਕਾਰਜਕਾਲ ਜਨਤਕ ਫ਼ਤਵੇ ਦਾ ਸਨਮਾਨ ਕਰਦੇ ਹੋਏ ਪੂਰਾ ਕਰਦੀਆਂ ਵੇਖੀਆਂ ਜਾਂਦੀਆਂ ਹਨ। ਇਹ ਵਿਧਾਨਕਾਰ, ਸਾਂਸਦ ਅਤੇ ਸਰਕਾਰਾਂ ਲੋਕਤੰਤਰ, ਜਨ ਸੇਵਾ, ਜਵਾਬਦੇਹੀ, ਪਾਰਦਰਸ਼ਿਤਾ, ਇਮਾਨਦਾਰੀ ਅਤੇ ਉੱਚ ਮਾਨਵੀ ਕਦਰਾਂ-ਕੀਮਤਾਂ ਨੂੰ ਸਮਰਪਿਤ ਹੁੰਦੀਆਂ ਹਨ। ਇਹ ਪਦਾਰਥਵਾਦ ਦੀ ਚਕਾਚੌਂਧ ਤੋਂ ਬਿਲਕੁਲ ਨਿਰਲੇਪ ਹੁੰਦੀਆਂ ਹਨ।
ਕੈਨੇਡਾ ਉੱਤਰੀ ਅਮਰੀਕਾ ਮਹਾਦੀਪ ਦਾ ਇਕ ਖ਼ੂਬਸੂਰਤ ਲੋਕਤੰਤਰੀ ਦੇਸ਼ ਹੈ। ਨਿਰਸੰਦੇਹ ਇੱਥੇ ਫੈਡਰਲ ਅਤੇ ਪ੍ਰਾਂਤਕ ਪੱਧਰ ’ਤੇ ਲੋਕਤੰਤਰ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ। ਅਕਸਰ ਫੈਡਰਲ ਅਤੇ ਪ੍ਰਾਂਤਕ ਪੱਧਰ ’ਤੇ ਬਿਨਾਂ ਦਲ ਬਦਲੀ ਦੇ ਘੱਟ ਗਿਣਤੀ ਸਰਕਾਰਾਂ ਚੱਲਦੀਆਂ ਵੇਖੀਆਂ ਜਾਂਦੀਆਂ ਹਨ ਪਰ ਕਈ ਵਾਰ ਸੱਤਾ ਭੁੱਖ ਜਾਂ ਸੱਤਾਧਾਰੀ ਪਾਰਟੀ ਨਾਲ ਜੁੜ ਕੇ ਆਪਣੇ ਸੰਸਦੀ ਜਾਂ ਵਿਧਾਨਕਾਰ ਹਲਕੇ ਦੀ ਬਿਹਤਰ ਸੇਵਾ ਲਈ ਦਲ ਬਦਲੀ ਦਾ ਕਾਲਾ ਗ੍ਰਹਿਣ ਲੱਗਣ ਦਾ ਇਤਿਹਾਸ ਬੋਲਦਾ ਹੈ। ਇਹ ਸਿਲਸਿਲਾ ਅਜੋਕੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਦੀ ਸਰਕਾਰ ਵਿਚ ਜਾਰੀ ਹੈ।
ਬੀਤੇ ਸਾਲ 29 ਅਪ੍ਰੈਲ ਨੂੰ ਹੋਈਆਂ ਫੈਡਰਲ ਚੋਣਾਂ ਵਿਚ ਲਿਬਰਲ ਪਾਰਟੀ ਨੇ 343 ਮੈਂਬਰੀ ਹਾਊਸ ਵਿਚ ਬਹੁਮਤ ਤੋਂ ਤਿੰਨ ਘੱਟ ਭਾਵ 169 ਸੀਟਾਂ ਪ੍ਰਾਪਤ ਕੀਤੀਆਂ, ਕੰਜ਼ਰਵੇਟਿਵ ਪਾਰਟੀ ਨੇ 144, ਐੱਨਡੀਪੀ ਨੇ ਸੱਤ, ਬਲਾਕ ਕਿਊਬਿਕ ਨੇ 22 ਤੇ ਗ੍ਰੀਨ ਪਾਰਟੀ ਨੇ ਇਕ ਸੀਟ ਪ੍ਰਾਪਤ ਕੀਤੀ। ਲਿਬਰਲ ਪਾਰਟੀ ਨੇ ਮਾਰਕ ਕਾਰਨੀ ਦੀ ਅਗਵਾਈ ਵਿਚ ਘੱਟ ਗਿਣਤੀ ਸਰਕਾਰ ਗਠਿਤ ਕੀਤੀ। ਇਸ ਸਰਕਾਰ ਨੂੰ ਆਪਣਾ ਬਜਟ 17 ਨਵੰਬਰ 20 25 ਨੂੰ 168 ਦੇ ਮੁਕਾਬਲੇ 170 ਵੋਟਾਂ ਦੇ ਫ਼ਰਕ ਨਾਲ ਪਾਸ ਕਰਾਉਣ ਵੇਲੇ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਕਾਕਸ ਨਹੀਂ ਚਾਹੁੰਦੇ ਕਿ ਦੇਸ਼ ਨੂੰ ਮੁੜ ਮੱਧਕਾਲੀ ਚੋਣਾਂ ਹਵਾਲੇ ਕੀਤਾ ਜਾਵੇ। ਇਸ ਲਈ ਅੰਦਰਖਾਤੇ ਬਹੁਮਤ ਦਲ ਬਦਲੀ ਸਹਾਰੇ ਪ੍ਰਾਪਤ ਕਰਨ ਦੀ ਲੁਕਵੀਂ ਕਵਾਇਦ ਜਾਰੀ ਹੈ। ਗੁਆਂਢੀ ਦੇਸ਼ ਅਮਰੀਕਾ ਦੇ ਸਨਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਰੰਪ ਟੈਰਰ ਅਤੇ ਕੈਨੇਡਾ ਨੂੰ ਮੁਨਰੋ ਨੀਤੀ 1823 ਤਹਿਤ 51ਵਾਂ ਸੂਬਾ ਬਣਾਉਣ ਦੇ ਦਾਅਵੇ ਕਰ ਕੇ ਕੈਨੇਡਾ ਅੰਦਰ ਕਾਰਨੀ ਲਿਬਰਲ ਸਰਕਾਰ ਦਾ ਸਥਿਰ, ਮਜ਼ਬੂਤ ਅਤੇ ਬਹੁਮਤ ਵਿਚ ਹੋਣਾ ਜ਼ਰੂਰੀ ਸਮਝਿਆ ਜਾ ਰਿਹਾ ਹੈ।
ਚਾਰ ਨਵੰਬਰ 2025 ਨੂੰ ਨੋਵਾ ਸਕੋਸ਼ੀਆ ਤੋਂ ਕੰਜ਼ਰਵੇਟਿਵ ਸਾਂਸਦ ਡੀ ਐਂਟਰਮੋਂਟ ਦਲ ਬਦਲੀ ਕਰਦਿਆਂ ਸੱਤਾਧਾਰੀ ਲਿਬਰਲ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ਵਿਚ ਬੈਠਣ ਨਾਲੋਂ ਸਰਕਾਰੀ ਧਿਰ ਵਿਚ ਬੈਠਣਾ ਪਸੰਦ ਕਰਦੇ ਹਨ। ਲਗਪਗ ਪੰਜ ਸਾਲ ਵਿਰੋਧੀ ਧਿਰ ਵਿਚ ਬੈਠਣ ਦੌਰਾਨ ਉਨ੍ਹਾਂ ਨੂੰ ਉਨ੍ਹਾਂ ਦੇ ਹਲਕੇ ਦੇ ਲੋਕ ਪੁੱਛਦੇ ਅਤੇ ਮੁਤਾਲਬਾ ਕਰਦੇ ਹਨ ਕਿ ਉਨ੍ਹਾਂ ਨੇ ਜਨਤਾ ਦੀ ਭਲਾਈ ਲਈ ਕੀ ਕਾਰਜ ਕੀਤੇ ਹਨ?
11 ਦਸੰਬਰ 2020 ਨੂੰ ਓਂਟਾਰੀਓ ਸੂਬੇ ਦੇ ਮਾਈਕਲ ਮਾਅ ਕੰਜ਼ਰਵੇਟਰ ਸਾਂਸਦ ਮਰਖਮ ਯੂਨੀਅਨ ਵਿਲੇ ਨੇ ਸੱਤਾਧਾਰੀ ਲਿਬਰਲ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਹੁਣ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਨੂੰ ਧਿਆਨ ਨਾਲ ਸੁਣ ਸਕੇਗਾ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰ ਸਕੇਗਾ।
ਹਾਊਸ ਆਫ ਕਾਮਨਜ਼ ਵਿਚ ਲਿਬਰਲ ਪਾਰਟੀ ਦੇ ਆਗੂ ਸਟੀਵਨ ਮੈਕਨਾਨ ਜੋ ਮਾਰਕ ਕਾਰਨੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਵੀ ਹਨ, ਨੇ ਦਾਅਵਾ ਕੀਤਾ ਕਿ ਅਜੇ ਹੋਰ ਵੀ ਕੰਜ਼ਰਵੇਟਿਵ ਸਾਂਸਦ ਦਲ ਬਦਲੀ ਕਰਨ ਲਈ ਤਿਆਰ ਬੈਠੇ ਹਨ ਕਿਉਂਕਿ ਉਹ ਕੰਜ਼ਰਵੇਟਿਵ ਪਾਰਟੀ ਆਗੂ ਪੀਅਰ ਪੋਇਲੀਵਰ ਦੀਆਂ ਨੀਤੀਆਂ ਅਤੇ ਵਿਵਹਾਰ ਤੋਂ ਨਾਰਾਜ਼ ਹਨ। ਤਵੱਕੋ ਕੀਤੀ ਜਾ ਰਹੀ ਹੈ ਕਿ ਜਦੋਂ ਮੁੜ ਹਾਊਸ ਆਫ ਕਾਮਨਜ਼ ਜੁੜੇਗਾ ਤਾਂ ਸ਼ਾਇਦ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਦਲ ਬਦਲੀ ਸਹਾਰੇ ਬਹੁਮਤ ਪ੍ਰਾਪਤ ਕਰ ਲਵੇ। ਸਿਰਫ਼ ਇਕ ਸਾਂਸਦ ਵੱਲੋਂ ਦਲ ਬਦਲੀ ਕਰਨ ਨਾਲ ਕੰਮ ਸਰ ਜਾਵੇਗਾ।
ਕੈਨੇਡਾ ਵਿਚ ਬਰੈਂਪਟਨ ਵੈਸਟ ਓਂਟਾਰੀਓ ਤੋਂ ਕੰਜ਼ਰਵੇਟਿਵ ਸੰਸਦ ਅਮਰਜੀਤ ਗਿੱਲ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਦਿਆਂ ਖ਼ੁਲਾਸਾ ਕੀਤਾ ਕਿ ਕੁਝ ਲਿਬਰਲ ਪਾਰਟੀ ਦੇ ਆਗੂ ਉਨ੍ਹਾਂ ਨੂੰ ਟੋਹਣ ਦਾ ਯਤਨ ਕਰਦੇ ਰਹੇ ਕਿ ਕੀ ਉਹ ਦਲ ਬਦਲੀ ਲਈ ਰਾਜ਼ੀ ਹਨ ਪਰ ਉਨ੍ਹਾਂ ਨੇ ਸਪਸ਼ਟ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਗ਼ਦਾਰੀ ਨਹੀਂ ਕਰ ਸਕਦੇ। ਜਿਨ੍ਹਾਂ ਨੇ ਉਸ ਵਿਚ ਭਰੋਸਾ ਕਰਦਿਆਂ ਉਸ ਨੂੰ ਚੁਣਿਆ, ਉਹ ਉਨ੍ਹਾਂ ਤੋਂ ਮੂੰਹ ਨਹੀਂ ਫੇਰਨਗੇ। ਉਹ ਕੰਜ਼ਰਵੇਟਿਵ ਆਗੂ ਨਾਲ ਚੱਟਾਨ ਵਾਂਗ ਖੜ੍ਹੇ ਹਨ। ਇਹ ਵੀ ਇੰਕਸ਼ਾਫ ਹੋਇਆ ਹੈ ਕਿ ਸੱਤਾਧਾਰੀਆਂ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੰਜ਼ਰਵੇਟਿਵ ਸਾਂਸਦ ਸਕਾਟ ਐਂਡਰਸਨ ਜੋ ਵਰਨਨ ਲੇਕ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ, ਉੱਤੇ ਦਲ ਬਦਲੀ ਦਾ ਦਬਾਅ ਬਣਾਉਣਾ ਚਾਹਿਆ ਪਰ ਉਹ ਮੰਤਰੀ ਪਦ ਦੀ ਸ਼ਰਤ ਰੱਖ ਰਹੇ ਸਨ।
ਕੰਜ਼ਰਵੇਟਿਵ ਪਾਰਟੀ ਦੇ ਬੁਲਾਰੇ ਸਾਮ ਲਿਲੀ ਨੇ ਦਲ ਬਦਲੀ ਦੀ ਕਵਾਇਦ ਨੂੰ ਕੈਨੇਡੀਅਨ ਲੋਕਾਂ ਦੀ ਤੌਹੀਨ ਦੱਸਿਆ ਜਿਨ੍ਹਾਂ ਨੇ ਘੱਟ ਗਿਣਤੀ ਸਰਕਾਰ ਦੇ ਹੱਕ ਵਿਚ ਫ਼ਤਵਾ ਦਿੱਤਾ ਸੀ। ਬ੍ਰਿਟਿਸ਼ ਕੋਲੰਬੀਆ ਤੋਂ ਸਾਂਸਦ ਐਰੋਗਨ ਬਾਰੇ ਵੀ ਖ਼ਦਸ਼ਾ ਹੈ ਕਿ ਕਿਤੇ ਨੇੜ ਭਵਿੱਖ ਵਿਚ ਉਹ ਦਲ ਬਦਲੀ ਨਾ ਕਰ ਲਵੇ।
ਕੈਨੇਡਾ ਅੰਦਰ 1867 ਵਿਚ ਲੋਕਤੰਤਰੀ ਰਾਜ ਦੀ ਸਥਾਪਤੀ ਤੋਂ ਲੈ ਕੇ ਹੁਣ ਤੱਕ ਲਗਪਗ 300 ਸੰਸਦ ਮੈਂਬਰ ਦਲ ਬਦਲੀ ਕਰ ਚੁੱਕੇ ਹਨ ਪਰ ਭਾਰਤ ਵਾਂਗ ਇੱਥੇ ਦਲ ਬਦਲੀ ਕਾਨੂੰਨ ਬਣਾਉਣ ਦੀ ਨੌਬਤ ਨਹੀਂ ਆਈ। ਸਭ ਤੋਂ ਪਹਿਲਾਂ 1868 ਵਿਚ ਨੋਵਾ ਸਕੋਸ਼ੀਆ ਨਾਲ ਸਬੰਧਤ ਸਾਂਸਦ ਸਟੀਵਰਡ ਕੈਂਪਬੈਲ ਨੇ ਦਲ ਬਦਲੀ ਕਰ ਕੇ ਸਰ ਜੌਹਨ ਮੈਕਡੋਨਾਲਡ ਦੀ ਲਿਬਰਲ ਕੰਜ਼ਰਵੇਟਿਵ ਵਿਚ ਕਨਫਡਰੇਟਾਂ ਨੂੰ ਛੱਡ ਕੇ ਸ਼ਮੂਲੀਅਤ ਕੀਤੀ। ਇਤਿਹਾਸ ਦੱਸਦਾ ਹੈ ਕਿ ਲੋਕਾਂ ਨੇ ਉਸ ਦੇ ਇਸ ਘਟੀਆ ਕਾਰਨਾਮੇ ਤੋਂ ਨਾਰਾਜ਼ ਹੋ ਕੇ ਉਸ ’ਤੇ ਆਂਡਿਆਂ ਦੀ ਵਰਖਾ ਕਰ ਕੇ ਬੇਇੱਜ਼ਤ ਕੀਤਾ ਸੀ। ਸੰਨ 1917 ਵਿਚ ਪਹਿਲੀ ਵਿਸ਼ਵ ਜੰਗ ਕਰਕੇ ਜਬਰੀ ਭਰਤੀ ਦੇ ਸਵਾਲ ’ਤੇ ਵਿਲਫਰਡ ਲਾਰੀਅਰ ਦੀ ਪੂਰੀ ਲਿਬਰਲ ਪਾਰਟੀ ਨੇ ਦਲ ਬਦਲੀ ਕਰ ਲਈ ਸੀ।
ਸਤੰਬਰ 2000 ਵਿਚ ਕਿਊਬਿਕ ਪ੍ਰਾਂਤ ਦੇ ਦੋ ਸਾਂਸਦ ਡੇਵਿਡ ਪ੍ਰਾਈਸ ਅਤੇ ਡਾਇਨਾ ਜੈਕਸ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਇਵੇਂ ਹੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਾਂਸਦ ਐਂਡਰੇ ਹਾਰਵੇ ਨੇ ਪਾਰਟੀ ਛੱਡ ਕੇ ਕੁਝ ਸਮਾਂ ਆਜ਼ਾਦ ਮੈਂਬਰ ਬਣੇ ਰਹਿਣ ਤੋਂ ਬਾਅਦ ਲਿਬਰਲ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਸੀ।
ਸੰਨ 2003 ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵ ਸਾਂਸਦ ਸਕਾਟ ਬ੍ਰਿਸ਼ਨ ਨੇ ਲਿਬਰਲ ਪਾਰਟੀ ਦਾ ਪੱਲਾ ਫੜ ਲਿਆ। ਬਲਿੰਡਾ ਸਟਰੋਨਚ ਜਿਸ ਨੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਲਈ 2004 ਵਿਚ ਚੋਣ ਲੜੀ ਸੀ, ਉਨ੍ਹਾਂ ਨੇ 2005 ਵਿਚ ਲਿਬਰਲ ਪਾਰਟੀ ਦਾ ਪੱਲਾ ਫੜ ਲਿਆ ਸੀ। ਸੰਨ 2006 ਵਿਚ ਚੋਣ ਜਿੱਤਣ ਦੇ ਦੋ ਹਫ਼ਤਿਆਂ ਬਾਅਦ ਹੀ ਡੇਵਿਡ ਐਮਰਸਨ ਲਿਬਰਲ ਪਾਰਟੀ ਛੱਡ ਕੇ ਕੰਜ਼ਰਵੇਟਿਵ ਪਾਰਟੀ ਵਿਚ ਚਲਾ ਗਿਆ ਜਿਸ ਨੂੰ ਸਟੀਫਨ ਹਾਰਪਰ ਦੀ ਪਹਿਲੀ ਸਰਕਾਰ ਵਿਚ ਇਨਾਮ ਵਜੋਂ ਮੰਤਰੀ ਬਣਾਇਆ ਗਿਆ। ਸੰਨ 2018 ਵਿਚ ਲਿਓਨਾ ਲੈਸਲੇਵ ਨੇ ਲਿਬਰਲ ਪਾਰਟੀ ਛੱਡ ਕੇ ਕੰਜ਼ਰਵੇਟਿਵ ਪਾਰਟੀ ਦਾ ਪੱਲਾ ਫੜ ਲਿਆ। ਸੰਨ 2021 ਵਿਚ ਐਟਲਾਂਟਿਕ ਕੈਨੇਡਾ ਵਿਚ ਪਹਿਲੀ ਵਾਰ ਜਿੱਤੇ ਫਰੈਡਰਿਕਨ ਤੋਂ ਗਰੀਨ ਪਾਰਟੀ ਆਗੂ ਜੈਨਿਕ ਐਟਵਿਨ ਲਿਬਰਲ ਪਾਰਟੀ ’ਚ ਸ਼ਾਮਲ ਹੋ ਗਏ ਸਨ।
ਕੈਨੇਡਾ ’ਚ ਅਜੋਕੇ ਸਮੇਂ ਲੋਕ ਰਾਜਨੀਤਕ ਪਾਰਟੀਆਂ ਨੂੰ ਸਰਕਾਰ ਗਠਿਤ ਕਰਨ ਲਈ ਨਹੀਂ ਬਲਕਿ ਪ੍ਰਧਾਨ ਮੰਤਰੀ ਨੂੰ ਚੁਣਦੇ ਹਨ। ਅੰਦਰੂਨੀ ਲੋਕਤੰਤਰ ਰਾਹੀਂ ਸਥਾਨਕ ਪੱਧਰ ’ਤੇ ਹਲਕਿਆਂ ’ਚ ਸਾਂਸਦ ਜਾਂ ਵਿਧਾਨਕਾਰ ਚੁਣੇ ਜਾਂਦੇ ਹਨ। ਜਦੋਂ ਕੈਨੇਡੀਅਨ ਇਕ ਸਾਂਸਦ ਚੁਣਦੇ ਹਨ ਤਾਂ ਉਸ ਵਿਚ ਪੂਰਾ ਭਰੋਸਾ ਜਤਾਉਂਦੇ ਹੋਏ ਉਸ ਨੂੰ ਅਧਿਕਾਰਤ ਕਰਦੇ ਹਨ ਕਿ ਉਹ ਉਨ੍ਹਾਂ ਦੀ ਬੇਹਤਰੀ ਲਈ ਆਪਣੀ ਅੰਤਰ ਆਤਮਾ ਅਨੁਸਾਰ ਜੋ ਵਧੀਆ ਸਮਝੇ, ਕਰ ਸਕਦਾ ਹੈ। ਜੇ ਕੋਈ ਸੰਸਦ ਮੈਂਬਰ ਜ਼ਰੂਰੀ ਸਮਝੇ ਕਿ ਉਹ ਜਿਸ ਪਾਰਟੀ ਦੀ ਟਿਕਟ ’ਤੇ ਜਿੱਤਦਾ ਹੈ, ਉਸ ਦੀ ਥਾਂ ਦੂਸਰੀ ਪਾਰਟੀ ਵਿਚ ਜਾਣ ਨਾਲ ਆਪਣੇ ਹਲਕੇ ਦੀ ਵਧੀਆ ਪ੍ਰਤੀਨਿਧਤਾ ਕਰ ਸਕਦਾ ਹੈ ਤਾਂ ਪਾਲਾ ਬਦਲ ਸਕਦਾ ਹੈ ਜਾਂ ਆਜ਼ਾਦ ਸਾਂਸਦ ਦੇ ਤੌਰ ’ਤੇ ਸਦਨ ਵਿਚ ਬੈਠ ਸਕਦਾ ਹੈ। ਇਸ ਲਈ ਕੈਨੇਡਾ ਨੂੰ ਦਲ ਬਦਲੀ ਸਬੰਧੀ ਕੋਈ ਕਾਨੂੰਨ ਬਣਾਉਣ ਦੀ ਲੋੜ ਨਹੀਂ ਪਈ।
-ਦਰਬਾਰਾ ਸਿੰਘ ਕਾਹਲੋਂ
-(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।
-ਸੰਪਰਕ : +12898292929